ਸਾਡੇ ਮਾਤਾ-ਪਿਤਾ

9/25/2016 8:48:54 AM

ਇਕ ਵਾਰ ਦੀ ਗੱਲ ਹੈ। ਇਕ ਜੰਗਲ ਵਿਚ ਸੇਬਾਂ ਦਾ ਵੱਡਾ ਦਰੱਖਤ ਸੀ। ਇਕ ਬੱਚਾ ਰੋਜ਼ ਉਸ ਦਰੱਖਤ ਨੇੜੇ ਖੇਡਣ ਆਇਆ ਕਰਦਾ ਸੀ। ਉਹ ਕਦੇ ਦਰੱਖਤ ਦੀ ਟਾਹਣੀ ਨਾਲ ਲਟਕਦਾ, ਕਦੇ ਫਲ ਤੋੜਦਾ। ਸੇਬਾਂ ਦਾ ਦਰੱਖਤ ਵੀ ਉਸ ਬੱਚੇ ਨਾਲ ਕਾਫੀ ਖੁਸ਼ ਰਹਿੰਦਾ ਸੀ। ਕਈ ਸਾਲ ਇਸੇ ਤਰ੍ਹਾਂ ਬੀਤ ਗਏ।
ਅਚਾਨਕ ਇਕ ਦਿਨ ਬੱਚਾ ਕਿਤੇ ਚਲਾ ਗਿਆ ਅਤੇ ਫਿਰ ਨਾ ਮੁੜਿਆ। ਦਰੱਖਤ ਨੇ ਉਸ ਦੀ ਬਹੁਤ ਉਡੀਕ ਕੀਤੀ ਪਰ ਉਹ ਨਹੀਂ ਆਇਆ, ਜਿਸ ਕਾਰਨ ਦਰੱਖਤ ਉਦਾਸ ਹੋ ਗਿਆ।
ਕਾਫੀ ਸਾਲਾਂ ਬਾਅਦ ਉਹ ਬੱਚਾ ਮੁੜ ਦਰੱਖਤ ਕੋਲ ਆਇਆ ਪਰ ਉਹ ਹੁਣ ਕੁਝ ਵੱਡਾ ਹੋ ਗਿਆ ਸੀ। ਦਰੱਖਤ ਉਸ ਨੂੰ ਦੇਖ ਕੇ ਕਾਫੀ ਖੁਸ਼ ਹੋਇਆ ਅਤੇ ਉਸ ਨੂੰ ਆਪਣੇ ਨਾਲ ਖੇਡਣ ਲਈ ਕਿਹਾ ਪਰ ਬੱਚਾ ਉਦਾਸ ਹੁੰਦਾ ਹੋਇਆ ਬੋਲਿਆ,''''ਹੁਣ ਮੈਂ ਵੱਡਾ ਹੋ ਗਿਆ ਹਾਂ। ਹੁਣ ਮੈਂ ਤੇਰੇ ਨਾਲ ਨਹੀਂ ਖੇਡ ਸਕਦਾ। ਹੁਣ ਮੈਨੂੰ ਖਿਡੌਣਿਆਂ ਨਾਲ ਖੇਡਣਾ ਚੰਗਾ ਲਗਦਾ ਹੈ ਪਰ ਮੇਰੇ ਕੋਲ ਖਿਡੌਣੇ ਖਰੀਦਣ ਲਈ ਪੈਸੇ ਨਹੀਂ ਹਨ।''''
ਦਰੱਖਤ ਬੋਲਿਆ,''''ਉਦਾਸ ਨਾ ਹੋ, ਮੇਰੇ ਫਲ ਤੋੜ ਲੈ ਅਤੇ ਉਨ੍ਹਾਂ ਨੂੰ ਵੇਚ ਕੇ ਖਿਡੌਣੇ ਖਰੀਦ ਲੈ।''''
ਬੱਚਾ ਖੁਸ਼ੀ-ਖੁਸ਼ੀ ਫਲ ਤੋੜ ਕੇ ਲੈ ਗਿਆ ਪਰ ਉਹ ਫਿਰ ਬਹੁਤ ਦਿਨਾਂ ਤਕ ਨਾ ਮੁੜਿਆ। ਦਰੱਖਤ ਬਹੁਤ ਦੁਖੀ ਹੋਇਆ।
ਅਚਾਨਕ ਬਹੁਤ ਦਿਨਾਂ ਬਾਅਦ ਬੱਚਾ ਜੋ ਹੁਣ ਜਵਾਨ ਹੋ ਗਿਆ ਸੀ, ਵਾਪਸ ਆਇਆ। ਦਰੱਖਤ ਬਹੁਤ ਖੁਸ਼ ਹੋਇਆ ਅਤੇ ਉਸ ਨੂੰ ਆਪਣੇ ਨਾਲ ਖੇਡਣ ਲਈ ਕਿਹਾ ਪਰ ਮੁੰਡੇ ਨੇ ਕਿਹਾ,''''ਮੈਂ ਤੇਰੇ ਨਾਲ ਨਹੀਂ ਖੇਡ ਸਕਦਾ। ਹੁਣ ਮੈਨੂੰ ਕੁਝ ਪੈਸੇ ਚਾਹੀਦੇ ਹਨ ਕਿਉਂਕਿ ਮੈਂ ਆਪਣੇ ਬੱਚਿਆਂ ਲਈ ਘਰ ਬਣਾਉਣਾ ਹੈ।''''
ਦਰੱਖਤ ਬੋਲਿਆ,''''ਮੇਰੀਆਂ ਟਾਹਣੀਆਂ ਬਹੁਤ ਮਜ਼ਬੂਤ ਹਨ। ਤੂੰ ਇਨ੍ਹਾਂ ਨੂੰ ਕੱਟ ਕੇ ਲੈ ਜਾ ਅਤੇ ਆਪਣਾ ਘਰ ਬਣਾ ਲੈ।''''
ਹੁਣ ਮੁੰਡੇ ਨੇ ਖੁਸ਼ੀ-ਖੁਸ਼ੀ ਸਾਰੀਆਂ ਟਾਹਣੀਆਂ ਕੱਟ ਸੁੱਟੀਆਂ ਅਤੇ ਲੈ ਕੇ ਚਲਾ ਗਿਆ। ਉਹ ਫਿਰ ਕਦੇ ਨਾ ਵਾਪਸ ਆਇਆ।
ਬਹੁਤ ਸਾਲਾਂ ਬਾਅਦ ਜਦੋਂ ਉਹ ਵਾਪਸ ਆਇਆ ਤਾਂ ਬੁੱਢਾ ਹੋ ਚੁੱਕਾ ਸੀ। ਦਰੱਖਤ ਬੋਲਿਆ,''''ਮੇਰੇ ਨਾਲ ਖੇਡ।''''
ਪਰ ਉਹ ਬੋਲਿਆ,''''ਹੁਣ ਮੈਂ ਬੁੱਢਾ ਹੋ ਗਿਆ ਹਾਂ। ਹੁਣ ਨਹੀਂ ਖੇਡ ਸਕਦਾ।''''
ਦਰੱਖਤ ਉਦਾਸ ਹੁੰਦਾ ਹੋਇਆ ਬੋਲਿਆ,''''ਹੁਣ ਮੇਰੇ ਕੋਲ ਨਾ ਫਲ ਹਨ ਅਤੇ ਨਾ ਹੀ ਲੱਕੜ। ਹੁਣ ਮੈਂ ਤੇਰੀ ਮਦਦ ਵੀ ਨਹੀਂ ਕਰ ਸਕਦਾ।''''
ਬੁੱਢਾ ਬੋਲਿਆ,''''ਹੁਣ ਮੈਨੂੰ ਕੋਈ ਮਦਦ ਨਹੀਂ ਚਾਹੀਦੀ। ਬਸ ਇਕ ਜਗ੍ਹਾ ਚਾਹੀਦੀ ਹੈ ਜਿਥੇ ਬਾਕੀ ਜ਼ਿੰਦਗੀ ਆਰਾਮ ਨਾਲ ਬੀਤ ਸਕੇ।''''
ਦਰੱਖਤ ਨੇ ਉਸ ਨੂੰ ਆਪਣੀ ਜੜ੍ਹ ਵਿਚ ਪਨਾਹ ਦਿੱਤੀ ਅਤੇ ਬੁੱਢਾ ਹਮੇਸ਼ਾ ਲਈ ਉਥੇ ਰਹਿਣ ਲੱਗਾ। ਇਸੇ ਦਰੱਖਤ ਵਾਂਗ ਸਾਡੇ ਮਾਤਾ-ਪਿਤਾ ਵੀ ਹੁੰਦੇ ਹਨ। ਸਾਨੂੰ ਦਰੱਖਤ ਰੂਪੀ ਮਾਤਾ-ਪਿਤਾ ਦੀ ਸੇਵਾ ਕਰਨੀ ਚਾਹੀਦੀ ਹੈ, ਨਾ ਕਿ ਉਨ੍ਹਾਂ ਤੋਂ ਸਿਰਫ ਫਾਇਦਾ ਲੈਣਾ ਚਾਹੀਦਾ ਹੈ।