ਸਾਡਾ ਸਰੀਰ ਨਿਯਮਾਂ ਦੀ ਕਿਤਾਬ ਹੈ

8/17/2017 1:52:29 PM

ਸਾਡਾ ਸਰੀਰ ਆਪਣੇ-ਆਪ 'ਚ ਇਕ ਅਜਿਹੀ ਕਿਤਾਬ ਹੈ, ਜੋ ਹੈ ਤਾਂ ਸਾਰਿਆਂ ਕੋਲ ਪਰ ਇਸ ਨੂੰ ਘੱਟ ਹੀ ਲੋਕ ਪੜ੍ਹ ਸਕਦੇ ਹਨ। ਜਿਹੜੇ ਪੜ੍ਹ ਲੈਂਦੇ ਹਨ, ਉਹ ਜ਼ਿੰਦਗੀ ਵਿਚ ਤਬਦੀਲੀ ਲੈ ਆਉਂਦੇ ਹਨ।
ਸਰੀਰ ਦੇ ਹਰ ਅੰਗ 'ਚੋਂ ਜੀਵਨ ਦੇ ਨਿਯਮ ਨਿਕਲਦੇ ਹਨ। ਹੱਡੀਆਂ ਸਾਨੂੰ ਅਨੁਸ਼ਾਸਨ ਸਿਖਾਉਂਦੀਆਂ ਹੋਈਆਂ ਦੱਸਦੀਆਂ ਹਨ ਕਿ ਅਸੀਂ ਕਿਸ ਪਾਸੇ ਕਿੰਨਾ ਝੁਕਣਾ ਹੈ, ਉਸ ਤੋਂ ਉਲਟ ਝੁਕਣ ਨਾਲ ਉਹ ਟੁੱਟ ਸਕਦੀਆਂ ਹਨ। ਉਂਗਲ ਤੋਂ ਲੈ ਕੇ ਪੈਰ ਤਕ ਹੱਡੀਆਂ ਦੀ ਇਕ ਚਾਲ ਨਿਸ਼ਚਿਤ ਹੈ, ਉਸ ਤੋਂ ਉਲਟ ਚੱਲਣ ਨਾਲ ਸਰੀਰ ਟੁੱਟ ਜਾਵੇਗਾ।
ਸਰੀਰ ਦੇ ਸਭ ਤੋਂ ਉੱਪਰ ਮੌਜੂਦ ਚਮੜੀ ਨੂੰ ਧਿਆਨ ਨਾਲ ਦੇਖੋ। ਇਹ ਤੁਹਾਨੂੰ ਸਹਿਣਾ ਸਿਖਾਏਗੀ, ਧੀਰਜ ਅਤੇ ਹੋਰ ਵਿਚਾਰਾਂ ਨੂੰ ਸਮੇਟਣਾ ਤੇ ਫੈਲਾਉਣਾ ਸਿਖਾਏਗੀ। ਨਾਜ਼ੁਕ ਲੱਗਣ ਵਾਲੀ ਚਮੜੀ ਨੂੰ ਖਿੱਚਣਾ, ਉਧੜਨਾ ਤੇ ਮੁੜ ਬਣਨਾ ਆਉਂਦਾ ਹੈ। ਚਮੜੀ ਸਾਨੂੰ ਸਮਾਜ ਵਿਚ ਜਿਊਣ ਦੀ ਕਲਾ ਸਿਖਾਉਂਦੀ ਹੈ। ਬਹੁਤ ਵਾਰ ਸਾਨੂੰ ਨੁਕਸਾਨ ਪਹੁੰਚਾਇਆ ਜਾਵੇਗਾ ਪਰ ਸਾਨੂੰ ਖੱਲ ਵਾਂਗ ਉਸ ਨੂੰ ਤੁਰੰਤ ਭਰਨਾ ਆਉਣਾ ਚਾਹੀਦਾ ਹੈ। ਔਖੇ ਵੇਲੇ ਸੁੰਗੜ ਕੇ ਖੁਦ ਨੂੰ ਬਚਾਉਣਾ ਵੀ ਆਉਣਾ ਚਾਹੀਦਾ ਹੈ।
ਇਕ ਵਾਰ ਪੂਰੇ ਸਰੀਰ ਨੂੰ ਸ਼ੀਸ਼ੇ ਸਾਹਮਣੇ ਖੜ੍ਹੇ ਹੋ ਕੇ ਦੇਖੋ। ਉਸ ਤਰ੍ਹਾਂ ਨਹੀਂ, ਜਿਸ ਤਰ੍ਹਾਂ ਕਿ ਇਹ ਅੰਗ ਦਿਸਦੇ ਹਨ, ਸਗੋਂ ਉਸ ਤਰ੍ਹਾਂ ਜਿਵੇਂ ਇਨ੍ਹਾਂ ਨੂੰ ਦੇਖਣਾ ਚਾਹੀਦਾ ਹੈ। ਦਿਮਾਗ ਨਾਲ ਪੈਰ ਦੀਆਂ ਉਂਗਲਾਂ ਤਕ ਖਿੱਲਰੀਆਂ ਉਨ੍ਹਾਂ ਬੁਝਾਰਤਾਂ ਨੂੰ ਹੱਲ ਕਰੋ, ਜੋ ਕੁਦਰਤ ਨੇ ਸਾਡੇ ਵਿਚ ਪਾ ਦਿੱਤੀਆਂ ਹਨ। ਉਨ੍ਹਾਂ ਤੋਂ ਬਹੁਤ ਸਾਰੇ ਸਵਾਲਾਂ ਦੇ ਜਵਾਬ ਮਿਲ ਜਾਣਗੇ।
32 ਦੰਦਾਂ ਦੇ ਵਿਚਕਾਰ ਫਸੀ ਜ਼ੁਬਾਨ ਵੀ ਕੁਝ ਇਸ਼ਾਰੇ ਕਰਦੀ ਹੈ। ਅੱਥਰੂ ਕੱਢਦੀਆਂ ਅੱਖਾਂ ਵੀ ਕੁਝ ਕਹਿੰਦੀਆਂ ਹਨ। ਸਰੀਰ ਦਾ ਹਰ ਅੰਗ ਕੁਦਰਤ ਦੀ ਰਚਨਾ ਦੇ ਸੁਨੇਹੇ ਨੂੰ ਪ੍ਰਗਟ ਕਰ ਰਿਹਾ ਹੁੰਦਾ ਹੈ, ਬਸ ਸਮਝਣ ਦੀ ਦੇਰ ਹੈ। ਚਮੜੀ ਕਹਿੰਦੀ ਹੈ ਕਿ ਮੁਲਾਇਮ ਰਹਿ ਕੇ ਵੀ ਸਰੀਰ ਦੀ ਰਾਖੀ ਹੁੰਦੀ ਹੈ। ਫਿਰ ਉਸ ਚਮੜੀ ਵਿਚ ਲੁਕਿਆ ਮਾਸ ਕਹਿੰਦਾ ਹੈ ਕਿ ਜਦੋਂ ਬਹੁਤ ਮੁਲਾਇਮ ਰਹਿਣ ਨਾਲ ਕੰਮ ਨਾ ਬਣੇ ਤਾਂ ਥੋੜ੍ਹਾ ਸਖਤ ਹੋ ਜਾਓ ਪਰ ਥੋੜ੍ਹਾ ਦੱਬ ਕੇ ਵੀ ਚੱਲਣ ਦਾ ਰਸਤਾ ਖੁੱਲ੍ਹਾ ਰੱਖੋ। ਹੱਡੀ ਕਹਿੰਦੀ ਹੈ ਕਿ ਇਕ ਵੇਲੇ ਉਹ ਵੀ ਆਏਗਾ, ਜਦੋਂ ਤੁਸੀਂ ਨਾ ਮੁਲਾਇਮ ਹੋਣਾ ਹੈ ਅਤੇ ਨਾ ਹੀ ਦੱਬਣਾ ਹੈ।
ਸਰੀਰ ਦੀ ਰਚਨਾ ਵਿਚ ਹੀ ਕੁਦਰਤ ਨੇ ਅਧਿਆਤਮ ਨੂੰ ਗੁੰਨ੍ਹ ਦਿੱਤਾ ਹੈ। ਜਿਸ ਦਿਨ ਆਪਣੇ ਸਰੀਰ ਨੂੰ ਸਮਝ ਕੇ ਉਸ 'ਤੇ ਜਿੱਤ ਹਾਸਿਲ ਕਰ ਲਈ, ਉਹ ਸਿਖਰ ਦਾ ਸਮਾਂ ਹੋਵੇਗਾ। ਇਹ ਸਰੀਰ ਹੀ ਤਾਂ ਸਮਾਜ ਹੈ। ਇਸ ਵਿਚ ਮੌਜੂਦ ਗੁਣ-ਔਗੁਣ ਸਮਾਜ ਦੇ ਹੀ ਤਾਂ ਲੱਛਣ ਹਨ। ਸਮਾਂ ਰਹਿੰਦਿਆਂ ਇਨ੍ਹਾਂ ਨੂੰ ਜਾਣ ਕੇ ਸਮਾਜ ਦਾ ਇਲਾਜ ਕਰੋ। ਇਹ ਸਮਾਜ ਸਾਡੇ-ਤੁਹਾਡੇ ਸਰੀਰ ਨਾਲ ਹੀ ਸਿਹਤਮੰਦ ਹੋਵੇਗਾ।