ਵੱਡੀਆਂ-ਵੱਡੀਆਂ ਚੱਟਾਨਾਂ ਵਿਚਕਾਰ ਸਿਰਫ ਇਕੋ ਹੀਰਾ

11/16/2017 10:42:27 AM

ਅਮਰੀਕੀ ਇਲਾਜ ਮਾਹਿਰ ਤੇ ਕਵੀ ਓਲੀਵਰ ਵੈਂਡੇਲ ਹੋਮਸ ਕੱਦ ਤੋਂ ਥੋੜ੍ਹੇ ਛੋਟੇ ਸਨ, ਜਿਸ ਕਾਰਨ ਲੋਕ ਅਕਸਰ ਉਨ੍ਹਾਂ 'ਤੇ ਵਿਅੰਗ ਕਰਿਆ ਕਰਦੇ ਸਨ। ਹਾਲਾਂਕਿ ਉਹ ਬਹੁਤ ਹਾਜ਼ਰ-ਜਵਾਬੀ ਤੇ ਸਿਆਣੇ ਸਨ। ਉਨ੍ਹਾਂ ਦੇ ਵਿਰੋਧੀ ਉਨ੍ਹਾਂ ਦੀ ਸਫਲਤਾ ਤੇ ਪ੍ਰਸਿੱਧੀ ਤੋਂ ਈਰਖਾ ਕਰਦੇ ਸਨ। 
ਇਕ ਵਾਰ ਓਲੀਵਰ ਇਕ ਜ਼ਰੂਰੀ ਮੀਟਿੰਗ ਵਿਚ ਗਏ। ਹਾਲ ਪੂਰੀ ਤਰ੍ਹਾਂ ਭਰਿਆ ਹੋਇਆ ਸੀ। ਉਥੇ ਆਏ ਲਗਭਗ ਸਾਰੇ ਵਿਅਕਤੀ ਉਨ੍ਹਾਂ ਤੋਂ ਕੱਦ ਵਿਚ ਲੰਮੇ ਸਨ। ਇਹ ਦੇਖ ਕੇ ਉਨ੍ਹਾਂ ਦੇ 2 ਵਿਰੋਧੀ ਉਨ੍ਹਾਂ ਕੋਲ ਆਏ।
ਪਹਿਲਾ ਬੋਲਿਆ,''ਸਰ, ਤੁਹਾਡਾ ਕੰਮ ਹਮੇਸ਼ਾ ਸਰਬਉੱਤਮ ਹੁੰਦਾ ਹੈ। ਅੱਜ ਵੀ ਤੁਸੀਂ ਮੀਟਿੰਗ ਵਿਚ ਵਧੀਆ ਵਿਚਾਰ ਲਿਖ ਕੇ ਲਿਆਏ ਹੋਵੋਗੇ?''
ਓਲੀਵਰ ਮੁਸਕਰਾਏ ਅਤੇ ਬੋਲੇ,''ਜੀ ਹਾਂ, ਬਿਲਕੁਲ ਸਹੀ ਕਿਹਾ ਤੁਸੀਂ। ਮੈਂ ਹਮੇਸ਼ਾ ਆਪਣਾ ਕੰਮ ਤਨਦੇਹੀ ਤੇ ਵਫਾਦਾਰੀ ਨਾਲ ਕਰਦਾ ਹਾਂ।''
ਦੂਜਾ ਬੋਲਿਆ,''ਇਹ ਤਾਂ ਬਹੁਤ ਚੰਗੀ ਗੱਲ ਹੈ। ਸ਼ਾਇਦ ਇਹੋ ਕਾਰਨ ਹੈ ਕਿ ਅੱਜ ਤਕ ਤੁਹਾਨੂੰ ਕੋਈ ਮਾਤ ਨਹੀਂ ਦੇ ਸਕਿਆ।'' ਉਸ ਦੀ ਗੱਲ ਸੁਣ ਕੇ ਓਲੀਵਰ ਸਹਿਜ ਰੂਪ 'ਚ ਮੁਸਕਰਾਅ ਪਏ। ਉਨ੍ਹਾਂ ਦੀ ਮੁਸਕਰਾਹਟ ਦੇਖ ਕੇ ਪਹਿਲਾ ਬੋਲਿਆ,''ਸਰ, ਤੁਸੀਂ ਬਹੁਤ ਮਿਹਨਤੀ, ਇਕਾਗਰ ਤੇ ਕਲਪਨਾਸ਼ੀਲ ਹੋ। ਤੁਸੀਂ ਸਰਵਗੁਣ ਸੰਪੰਨ ਹੋ, ਸਿਵਾਏ ਇਕ ਗੱਲ ਦੇ।'' ਉਸੇ ਵੇਲੇ ਦੂਜਾ ਵਿਰੋਧੀ ਬੋਲਿਆ,''ਬਿਲਕੁਲ ਸਰ ਹੁਣ ਦੇਖੋ ਨਾ, ਇਸ ਮੀਟਿੰਗ ਵਿਚ ਅਸੀਂ ਸਾਰੇ ਕੱਦ ਵਿਚ ਲੰਮੇ ਹਾਂ ਅਤੇ ਤੁਸੀਂ ਸਾਡੇ ਵਿਚ ਸਭ ਤੋਂ ਛੋਟੇ ਹੋ। ਅਜਿਹੀ ਹਾਲਤ ਵਿਚ ਲੰਮੇ ਕੱਦ ਦੇ ਲੋਕਾਂ ਵਿਚਕਾਰ ਖੁਦ ਨੂੰ ਦੇਖ ਕੇ ਤੁਹਾਨੂੰ ਛੋਟਾਪਨ ਮਹਿਸੂਸ ਹੋ ਰਿਹਾ ਹੋਵੇਗਾ।'' ਇਸ 'ਤੇ ਪਹਿਲਾ ਵਿਰੋਧੀ ਦੂਜੇ ਨੂੰ ਬੋਲਿਆ,''ਓ, ਇਸ ਬਾਰੇ ਤੂੰ ਆਪਣੀ ਰਾਏ ਨਾ ਦੇ। ਸਰ ਤੋਂ ਹੀ ਪੁੱਛਦੇ ਹਾਂ ਕਿ ਸਰ ਨੂੰ ਇਸ ਵੇਲੇ ਕਿਹੋ ਜਿਹਾ ਮਹਿਸੂਸ ਹੋ ਰਿਹਾ ਹੈ।'' ਦੋਵਾਂ ਵਿਰੋਧੀਆਂ ਦੀ ਆਪਸੀ ਗੱਲਬਾਤ ਸੁਣ ਕੇ  ਓਲੀਵਰ ਮੁਸਕਰਾਅ  ਕੇ ਬੋਲੇ,''ਮੈਨੂੰ ਇਸ ਵੇਲੇ ਅਜਿਹਾ ਮਹਿਸੂਸ ਹੋ ਰਿਹਾ ਹੈ ਕਿ ਵੱਡੀਆਂ-ਵੱਡੀਆਂ ਚੱਟਾਨਾਂ ਵਿਚਕਾਰ ਸਿਰਫ ਇਕੋ ਹੀਰਾ ਹੈ।'' ਇਹ ਸੁਣ ਕੇ ਦੋਵੇਂ ਵਿਰੋਧੀ ਖਿਝ ਗਏ ਅਤੇ ਚੁੱਪਚਾਪ ਖਿਸਕ ਗਏ।