ਆਨੰਦ ਨਾਲ ਭਰਪੂਰ ਵਿਅਕਤੀ ''ਤੇ ਕਦੇ ਡਿਪ੍ਰੈਸ਼ਨ ਹਾਵੀ ਨਹੀਂ ਹੁੰਦਾ

1/17/2017 10:10:20 AM

ਜਦੋਂ ਚੀਜ਼ਾਂ ਤੁਹਾਡੀ ਸੋਚ ਅਨੁਸਾਰ ਨਹੀਂ ਹੁੰਦੀਆਂ, ਲੋਕਾਂ ਦਾ ਵਰਤਾਅ ਤੁਹਾਡੇ ਮਨ ਮੁਤਾਬਿਕ ਨਹੀਂ ਹੁੰਦਾ ਅਤੇ ਨਾਲ ਹੀ ਇਨ੍ਹਾਂ ''ਤੇ ਤੁਹਾਡਾ ਕੋਈ ਵੱਸ ਨਹੀਂ ਹੁੰਦਾ ਤਾਂ ਤੁਸੀਂ ਉਦਾਸ ਹੋ ਜਾਂਦੇ ਹੋ। ਜਦੋਂ ਉਦਾਸੀ ਲੰਮੇ ਸਮੇਂ ਤਕ ਬਣੀ ਰਹਿੰਦੀ ਹੈ ਤਾਂ ਤੁਸੀਂ ਡਿਪ੍ਰੈਸ਼ਨ ਵਿਚ ਚਲੇ ਜਾਂਦੇ ਹੋ। ਤੁਸੀਂ ਆਸ ਕਰਦੇ ਹੋ ਕਿ ਦੁਨੀਆ ਜਾਂ ਤੁਹਾਡੀ ਕਿਸਮਤ ਤੁਹਾਡੇ ਸੋਚਣ ਅਨੁਸਾਰ ਚੱਲੇ ਪਰ ਅਜਿਹਾ ਨਹੀਂ ਹੁੰਦਾ। ਹੋ ਸਕਦਾ ਹੈ ਕਿ ਤੁਸੀਂ ਕਿਸੇ ਇਨਸਾਨ ਦੇ ਵਿਰੁੱਧ ਹੋਵੋ ਜਾਂ ਤੁਸੀਂ ਕੁਝ ਖਾਸ ਹਾਲਾਤ ਦੇ ਵਿਰੁੱਧ ਹੋਵੋ ਜਾਂ ਫਿਰ ਤੁਸੀਂ ਜ਼ਿੰਦਗੀ ਦੇ ਹੀ ਵਿਰੁੱਧ ਹੋਵੋ।

ਇਸ ਦਾ ਸਿੱਧਾ ਜਿਹਾ ਮਤਲਬ ਤਾਂ ਇਹ ਹੋਇਆ ਕਿ ਜਾਂ ਤਾਂ ਤੁਹਾਨੂੰ ਸ੍ਰਿਸ਼ਟੀ ਦੇ ਰਚਣਹਾਰ ''ਤੇ ਭਰੋਸਾ ਨਹੀਂ ਜਾਂ ਫਿਰ ਤੁਹਾਡੇ ਵਿਚ ਸਵੀਕਾਰ ਕਰਨ ਦੀ ਭਾਵਨਾ ਨਹੀਂ ਹੈ ਜਾਂ ਫਿਰ ਦੋਵੇਂ ਗੱਲਾਂ ਸਹੀ ਹਨ। ਤੁਹਾਡੇ ਅੰਦਰ ਉਹ ਕਿਹੜੀ ਚੀਜ਼ ਹੈ, ਜਿਸ ਨੂੰ ਤਕਲੀਫ ਪਹੁੰਚਦੀ ਹੈ। ਇਹ ਸਿਰਫ ਹਊਮੈ ਹੀ ਹੈ, ਜਿਸ ਨੂੰ ਠੇਸ ਪਹੁੰਚਾਈ ਜਾ ਸਕਦੀ ਹੈ। ਅਸਲ ਵਿਚ ਤੁਹਾਡੀ ਹਊਮੈ ਬਹੁਤ ਸੰਵੇਦਨਸ਼ੀਲ ਹੈ। ਆਮ ਤੌਰ ''ਤੇ ਡਿਪ੍ਰੈਸ਼ਨ ਨਾਲ ਘਿਰੇ ਲੋਕ ਕਿਸੇ ਦੂਜੇ ਨੂੰ ਨਹੀਂ ਮਾਰਦੇ ਸਗੋਂ ਖੁਦ ਨੂੰ ਹੀ ਜ਼ਿਆਦਾ ਨੁਕਸਾਨ ਪਹੁੰਚਾਉਣ ਦੀ ਕੋਸ਼ਿਸ਼ ਕਰਦੇ ਹਨ। ਡਿਪ੍ਰੈਸ਼ਨ ਅਜਿਹਾ ਹਥਿਆਰ ਨਹੀਂ ਜੋ ਬਾਹਰ ਨਿਕਲ ਕੇ ਕਿਸੇ ਨੂੰ ਵੱਢ ਸੁੱਟੇ।
ਡਿਪ੍ਰੈਸ਼ਨ ਤੋਂ ਪੀੜਤ ਵਿਅਕਤੀ ਆਪਣੀ ਪੀੜਾ ਨੂੰ ਉਮਰ ਭਰ ਆਪਣੇ ਨਾਲ ਰੱਖਦੇ ਹਨ। ਲਗਾਤਾਰ ਆਪਣੀ ਤਲਵਾਰ ਦੀ ਧਾਰ ਤੇਜ਼ ਕਰਦੇ ਰਹਿੰਦੇ ਹਨ ਅਤੇ ਆਪਣੇ ਹੀ ਦਿਲ ਨੂੰ ਜ਼ਖਮੀ ਕਰਦੇ ਹਨ। ਜੇ ਤੁਹਾਡੀ ਉਦਾਸੀ ਤੁਹਾਨੂੰ ਯਾਦ ਦਿਵਾ ਰਹੀ ਹੈ ਕਿ ਤੁਸੀਂ ਅਧੂਰੇ ਹੋ ਤਾਂ ਇਸ ਦੀ ਵਰਤੋਂ ਆਪਣੇ ਵਿਕਾਸ ਲਈ ਕਰੋ ਪਰ ਜਦੋਂ ਤੁਸੀਂ ਦੁਖੀ ਹੁੰਦੇ ਹੋ ਤਾਂ ਖਿਝੂੰ-ਖਿਝੂੰ ਕਰਨਾ ਸ਼ੁਰੂ ਕਰ ਦਿੰਦੇ ਹੋ। ਕੀ ਤੁਸੀਂ ਇਸ ਉਦਾਸੀ ਨੂੰ ਗੁੱਸੇ ਵਿਚ ਬਦਲਣਾ ਚਾਹੋਗੇ ਜਾਂ ਇਸ ਨੂੰ ਪਿਆਰ ਤੇ ਤਰਸ ਵਿਚ ਬਦਲਣਾ ਚਾਹੋਗੇ?
ਜਦੋਂ ਤੁਸੀਂ ਦੁਖੀ ਹੁੰਦੇ ਹੋ ਤਾਂ ਉਸ ਨੂੰ ਤਰਸ ਵਿਚ ਬਦਲਣਾ ਬਹੁਤ ਸੌਖਾ ਹੈ। ਇਹ ਇਕ ਤਰ੍ਹਾਂ ਦਾ ਰਲੇਵਾਂ ਕਰਨ ਵਾਲੀ ਊਰਜਾ ਹੈ, ਜਿਸ ਦੀ ਵਰਤੋਂ ਕਰ ਕੇ ਤੁਸੀਂ ਆਪਣੇ ਪਰਮ ਕਲਿਆਣ ਵੱਲ ਵਧ ਸਕਦੇ ਹੋ। ਬਿਨਾਂ ਦਰਦ ਨੂੰ ਜਾਣੇ ਕਦੇ ਵੀ ਤੁਹਾਨੂੰ ਤਰਸ ਦਾ ਅਹਿਸਾਸ ਨਹੀਂ ਹੋਵੇਗਾ। ਆਪਣੀਆਂ ਸਾਰੀਆਂ ਭਾਵਨਾਵਾਂ ਨੂੰ ਰਚਨਾਤਮਕ ਢੰਗ ਨਾਲ ਵਰਤੋਂ ਵਿਚ ਲਿਆਉਣਾ ਸਿੱਖਣਾ ਵੀ ਜ਼ਰੂਰੀ ਹੈ। ਜ਼ਿੰਦਗੀ ਵਿਚ ਸਿਰਫ ਸੁੱਖ ਦਾ ਹੋਣਾ ਹੀ ਅਹਿਮ ਨਹੀਂ ਹੁੰਦਾ।
ਯੋਗਾ ਵਿਚ ਡਿਪ੍ਰੈਸ਼ਨ ਨੂੰ ਸਰੀਰ, ਮਨ ਤੇ ਊਰਜਾ ਦੇ ਪੱਧਰ ''ਤੇ ਸੰਭਾਲਿਆ ਤੇ ਸੰਚਾਲਿਤ ਕੀਤਾ ਜਾਂਦਾ ਹੈ। ਜਦੋਂ ਲੋੜ ਅਨੁਸਾਰ ਤਨ, ਮਨ ਤੇ ਊਰਜਾ ਦਰਮਿਆਨ ਸੰਤੁਲਨ ਬਣ ਜਾਂਦਾ ਹੈ ਤਾਂ ਜ਼ਿੰਦਗੀ ਆਨੰਦ ਨਾਲ ਭਰਪੂਰ ਹੋਣੀ ਬਹੁਤ ਸੁਭਾਵਿਕ ਹੈ। ਆਨੰਦ ਨਾਲ ਭਰਪੂਰ ਵਿਅਕਤੀ ''ਤੇ ਡਿਪ੍ਰੈਸ਼ਨ ਕਦੇ ਹਾਵੀ ਨਹੀਂ ਹੋ ਸਕਦਾ।