ਨਵਰਾਤਰੇ

3/27/2017 7:28:07 AM

ਨਵਰਾਤਰੇ ਸਾਲ ਵਿਚ 2 ਵਾਰ ਚੇਤ ਅਤੇ ਅੱਸੂ ਦੇ ਮਹੀਨਿਆਂ ਵਿਚ ਆਉਂਦੇ ਹਨ। ਚੇਤ ਮਹੀਨੇ ਦੇ ਨਵਰਾਤਰਿਆਂ ਨੂੰ ਬਸੰਤੀ ਨਵਰਾਤਰੇ ਕਿਹਾ ਜਾਂਦਾ ਹੈ। ਇਹ ਚੇਤ ਮਹੀਨੇ ਦੇ ਸ਼ੁਕਲ ਪੱਖ ਦੀ ਏਕਮ ਤੋਂ ਲੈ ਕੇ 9ਵੀਂ ਤਕ 9 ਦੇਵੀਆਂ ਦੇ ਰੂਪ ਵਿਚ ਮਾਤਾ ਦੁਰਗਾ ਦੀ ਪੂਜਾ ਉਪਾਸਨਾ ਕਰਕੇ ਮਨਾਏ ਜਾਂਦੇ ਹਨ। ਇਸ ਦੌਰਾਨ ਸ਼ਰਧਾ ਅਨੁਸਾਰ ਵਰਤ ਵੀ ਕੀਤੇ ਜਾਂਦੇ ਹਨ ਅਤੇ ਦੁਰਗਾ ਮਾਤਾ ਤੋਂ ਪਰਿਵਾਰ ਦੀ ਸੁੱਖ-ਸ਼ਾਂਤੀ ਦੀ ਕਾਮਨਾ ਕੀਤੀ ਜਾਂਦੀ ਹੈ। ਇਨ੍ਹਾਂ ਨਵਰਾਤਰਿਆਂ ਦੌਰਾਨ ਅਨੇਕਾਂ ਹੀ ਸ਼ੁੱਭ ਕੰਮ ਕੀਤੇ ਜਾਂਦੇ ਹਨ। ਮੰਨਿਆ ਜਾਂਦਾ ਹੈ ਕਿ ਨਵਰਾਤਰਿਆਂ ਵਿਚ ਕੀਤੀ ਜਾਂਦੀ ਪੂਜਾ, ਤਪ, ਸਾਧਨਾ ਯੰਤਰ ਸਿੱਧੀਆਂ ਅਤੇ ਤਾਂਤਰਿਕ ਪੂਜਾ-ਪਾਠ ਪੂਰਨ ਤੌਰ ''ਤੇ ਪ੍ਰਭਾਵਸ਼ਾਲੀ ਹੁੰਦੇ ਹਨ। ਮਾਨਤਾ ਇਹ ਵੀ ਹੈ ਕਿ ਇਨ੍ਹਾਂ ਦਿਨਾਂ ਵਿਚ ਆਦਿ ਸ਼ਕਤੀ ਜਗਦੰਬਾ ਜੀ ਖ਼ੁਦ ਮੂਰਤੀਮਾਨ ਹੋ ਕੇ ਬਿਰਾਜਦੇ ਹਨ ਅਤੇ ਸ਼ਰਧਾਲੂਆਂ ਵਲੋਂ ਕੀਤੀ ਜਾਂਦੀ ਪੂਜਾ ਉਪਾਸਨਾ ਦਾ ਫਲ ਪ੍ਰਦਾਨ ਕਰਦੇ ਹਨ।
ਧਰਮ-ਸ਼ਾਸਤਰਾਂ ਅਨੁਸਾਰ ਕਿਹਾ ਜਾਂਦਾ ਹੈ ਕਿ ਮਹਾ-ਸ਼ਕਤੀ ਮਾਂ ਦੁਰਗਾ ਦੀ ਉਤਪਤੀ ਧਰਮ, ਅਰਥ, ਮੋਕਸ਼ ਅਤੇ ਬੁਰਾਈ ਉਪਰ ਜਿੱਤ ਲਈ ਹੋਈ ਸੀ ਅਤੇ ਦੁਰਗਾ ਉਤਪਤੀ ਕਥਾ ਅਨੁਸਾਰ ਪੁਰਾਣੇ ਸਮਿਆਂ ਵਿਚ ਦੇਵਤਿਆਂ ਅਤੇ ਰਾਖਸ਼ਸਾਂ ਵਿਚ ਸੌ ਸਾਲ ਤਕ ਮਹਾ-ਯੁੱਧ ਹੋਇਆ ਸੀ। ਇਸ ਯੁੱਧ ਵਿਚ ਦੇਵਤਿਆਂ ਦਾ ਰਾਜਾ ਇੰਦਰ ਅਤੇ ਰਾਖਸ਼ਸਾਂ ਦਾ ਰਾਜਾ ਮਹਿਸ਼ਾਸੁਰ ਸੀ। ਯੁੱਧ ਵਿਚ ਮਹਿਸ਼ਾਸੁਰ ਨੇ ਅਗਨੀ, ਵਾਯੂ, ਚੰਦਰ, ਇੰਦਰ ਅਤੇ ਯੱਗ ਸਭਨਾਂ ਦੇ ਅਧਿਕਾਰ ਖੋਹ ਲਏ ਅਤੇ ਉਨ੍ਹਾਂ ਦਾ ਕੰਮ ਰਾਖਸ਼ਸ ਖ਼ੁਦ ਹੀ ਚਲਾਉਣ ਲੱਗ ਪਏ। ਨਿਰਾਸ਼-ਹਾਰੇ ਹੋਏ ਦੇਵਤਾ ਬ੍ਰਹਮਾ ਜੀ ਨੂੰ ਨਾਲ ਲੈ ਕੇ ਉਥੇ ਪੁੱਜੇ, ਜਿਥੇ ਭਗਵਾਨ ਵਿਸ਼ਨੂੰ ਅਤੇ ਸ਼ੰਕਰ ਜੀ ਬਿਰਾਜਮਾਨ ਸਨ। ਉਨ੍ਹਾਂ ਮਹਿਸ਼ਾਸੁਰ ਦੁਆਰਾ ਸ੍ਰਿਸ਼ਟੀ ਨੂੰ ਖੇਰੂੰ-ਖੇਰੂੰ ਕਰਨ ਦੀ ਸਾਰੀ ਕਹਾਣੀ ਜਦੋਂ ਸੁਣਾਈ ਤਾਂ ਭਗਵਾਨ ਵਿਸ਼ਨੂੰ ਅਤੇ ਸ਼ੰਕਰ ਦਾ ਪ੍ਰਕੋਪ ਜਾਗ ਉੱਠਿਆ, ਜਿਸ ਤੋਂ ਮਾਂ ਦੁਰਗਾ ਦੀ ਉਤਪਤੀ ਹੋਈ ਅਤੇ ਸਭ ਦੇਵਤਿਆਂ ਨੇ ਸ਼ਕਤੀ ਮਾਤਾ ਦੁਰਗਾ ਨੂੰ ਮਹਿਸ਼ਾਸੁਰ ਦਾ ਖਾਤਮਾ ਕਰਨ ਦੀ ਬੇਨਤੀ ਕੀਤੀ ਅਤੇ ਇਸ ਤੋਂ ਬਾਅਦ ਦੁਰਗਾ ਮਾਤਾ ਦਾ ਲਗਾਤਾਰ 9 ਦਿਨ ਰਾਖਸ਼ਸਾਂ ਨਾਲ ਘੋਰ ਯੁੱਧ ਹੋਇਆ ਅਤੇ ਦਸਵੇਂ ਦਿਨ ਮਾਤਾ ਦੁਰਗਾ ਨੇ ਮਹਿਸ਼ਾਸੁਰ ਦਾ ਸਿਰ ਕੱਟ ਦਿੱਤਾ ਅਤੇ ਰਾਖਸ਼ਸ ਸੈਨਾ ''ਤੇ ਜਿੱਤ ਪ੍ਰਾਪਤ ਕੀਤੀ।
ਇਨ੍ਹਾਂ 9 ਦਿਨਾਂ ਵਿਚ ਦੁਰਗਾ ਮਾਤਾ ਦੀ ਸਤੁਤੀ ਕੀਤੀ ਗਈ ਅਤੇ ਇਨ੍ਹਾਂ 9 ਦਿਨਾਂ ਨੂੰ ਹੀ ਨਵਰਾਤਰੇ, ਯਾਨੀ ਦੁਰਗਾ ਮਾਤਾ ਦੇ 9 ਰੂਪ ਸ਼ੈਲਪੁੱਤਰੀ, ਬ੍ਰਹਮਚਾਰਿਨੀ, ਚੰਦਰਘੰਟਾ, ਕੁਸ਼ਮਾਂਡਾ, ਸਕੰਧਮਾਤਾ, ਕਾਤਾਯਨੀ, ਕਾਲਰਾਤਰੀ, ਮਹਾਗੌਰੀ ਤੇ ਸਿੱਧੀਦਾਤਰੀ ਆਦਿ ਨੌਂ ਨਾਵਾਂ ਨਾਲ ਪ੍ਰਤਿਸ਼ਠਤ ਕੀਤਾ ਗਿਆ ਹੈ। ਕਿਹਾ ਜਾਂਦਾ ਹੈ ਕਿ ਭਗਤੀ ਦਾ ਜਿਹੜਾ ਫਲ ਸਤਯੁੱਗ, ਤ੍ਰੇਤਾ ਜਾਂ ਦੁਆਪਰ ਯੁੱਗ ਵਿਚ ਹਜ਼ਾਰਾਂ ਸਾਲਾਂ ਤਕ ਯੱਗ-ਤਪ ਆਦਿ ਕਰਨ ਮਗਰੋਂ ਮਿਲਦਾ ਸੀ, ਕਲਯੁੱਗ ਵਿਚ ਉਹ ਫਲ ਮਾਂ ਦੁਰਗਾ ਦਾ ਨਾਂ ਜਪਣ ਨਾਲ ਹੀ ਮਿਲਦਾ ਹੈ। ਇਕ ਜਾਣਕਾਰੀ ਅਨੁਸਾਰ ਰੁਦਰ ਅਵਤਾਰ ਭਗਵਾਨ ਸ਼ੰਕਰ ਜੀ ਦੇ ਤੇਜ ਨਾਲ ਦੇਵੀ ਦੇ ਮੁੱਖ ਦੀ ਸੰਰਚਨਾ ਹੋਈ। ਯਮਰਾਜ ਦੇ ਤੇਜ ਨਾਲ ਦੇਵੀ ਦੇ ਕੇਸ, ਹਰੀ ਵਿਸ਼ਨੂੰ ਦੇ ਤੇਜ ਨਾਲ ਸ਼ਕਤੀਸ਼ਾਲੀ ਬਾਹਾਂ, ਚੰਦਰਮਾ ਦੇ ਤੇਜ ਨਾਲ ਛਾਤੀਆਂ, ਇੰਦਰ ਦੇ ਤੇਜ ਨਾਲ ਕਮਰ, ਵਰੁਣ ਦੇ ਤੇਜ ਨਾਲ ਜੰਘਾਵਾਂ, ਧਰਤੀ ਤੋਂ ਨਿਤੰਭ, ਬ੍ਰਹਮਾ ਜੀ ਦੇ ਤੇਜ ਨਾਲ ਪੈਰਾਂ ਦੀਆਂ ਉਂਗਲੀਆਂ, ਅਗਨੀ ਦੇ ਤੇਜ ਨਾਲ ਦੋਵੇਂ ਅੱਖਾਂ ਬਣੀਆਂ। ਇਸ ਤਰ੍ਹਾਂ ਸਭ ਦੇਵਤਿਆਂ ਦੇ ਤੇਜ ਨਾਲ ਸਾਰੇ ਅੰਗ ਬਣਨ ਮਗਰੋਂ ਦੇਵਤਿਆਂ ਨੇ ਦੁਰਗਾ ਮਾਤਾ ਨੂੰ ਆਪਣੇ ਸ਼ਸਤਰ ਪ੍ਰਦਾਨ ਕੀਤੇ, ਜਿਸ ਮੁਤਾਬਿਕ ਭਗਵਾਨ ਸ਼ਿਵ ਨੇ ਤ੍ਰਿਸ਼ੂਲ, ਲਕਸ਼ਮੀ ਜੀ ਨੇ ਕਮਲ ਪੁਸ਼ਪ, ਵਿਸ਼ਨੂੰ ਨੇ ਚੱਕਰ, ਵਰੁਣ ਨੇ ਸ਼ੰਖ, ਇੰਦਰ ਨੇ ਬੱਜਰ, ਭਗਵਾਨ ਰਾਮ ਨੇ ਧਨੁਸ਼, ਹਨੂੰਮਾਨ ਜੀ ਨੇ ਗਦਾ, ਬ੍ਰਹਮਾ ਜੀ ਨੇ ਵੇਦ, ਪਰਬਤ ਰਾਜ ਹਿਮਾਲਾ ਨੇ ਸਵਾਰੀ ਲਈ ਸ਼ੇਰ ਪ੍ਰਦਾਨ ਕੀਤਾ।
- ਸੱਤ ਪ੍ਰਕਾਸ਼ ਸਿੰਗਲਾ