ਨਵਰਾਤਰੇ : ਕਲਸ਼ ਸਥਾਪਿਤ ਕਰਨ ਦਾ ਸ਼ੁੱਭ ਸਮਾਂ, ਦੇਵੀ ਦੇ 9 ਰੂਪ ਅਤੇ ਪੂਜਨ ਵਿਧੀ

9/21/2017 2:49:22 AM

ਅਸ਼ਵਿਨ ਸ਼ੁਕਲ ਪੱਖ ਅੱਸੂ ਦੇ ਨਵਰਾਤਰਿਆਂ ਦਾ ਅੱਜ ਤੋਂ ਸ਼ੁੱਭ ਆਰਭ ਹੋ ਰਿਹਾ ਹੈ। ਇਨ੍ਹਾਂ ਦੀ ਸਮਾਪਤੀ 29 ਸਤੰਬਰ ਦਿਨ ਸ਼ੁੱਕਰਵਾਰ ਨੂੰ 9ਵੇਂ ਦਿਨ ਹੋਵੇਗੀ। ਇਸ ਵਾਰ ਮਾਂ ਦੇਵੀ ਦੁਰਗਾ ਦਾ ਆਗਮਨ ਪਾਲਕੀ 'ਤੇ ਹੋ ਰਿਹਾ ਹੈ ਅਤੇ ਉਨ੍ਹਾਂ ਦਾ ਪ੍ਰਸਥਾਨ ਚਰਣਾਯੁਧ 'ਤੇ ਹੋਵੇਗਾ। ਇਸ ਤਰ੍ਹਾਂ 9 ਦਿਨਾਂ ਤਕ ਮਾਂ ਦੁਰਗਾ ਜੀ ਦੇ ਵੱਖ-ਵੱਖ ਸਵਰੂਪਾਂ ਦੀ ਪੂਜਾ ਹੋਵੇਗੀ। ਨਵਰਾਤਰੇ ਦੇ ਪਹਿਲੇ ਦਿਨ ਘਰ 'ਚ ਸਭ ਤੋਂ ਪਹਿਲਾਂ ਕਲਸ਼ ਦੀ ਸਥਾਪਨਾ ਕੀਤੀ ਜਾਵੇਗੀ। ਜੋਤੀਸ਼ਾਂ ਮੁਤਾਬਕ ਕਲਸ਼ ਸਥਾਪਿਤ ਕਰਨ ਦਾ ਸ਼ੁੱਭ ਸਮਾਂ ਸਵੇਰੇ 6:03ਮਿੰਟ ਤੋਂ 8:22 ਮਿੰਟ ਤਕ ਭਾਵ 2 ਘੰਟੇ 19 ਮਿੰਟ ਰਹੇਗਾ।
ਇਸ ਤਰ੍ਹਾਂ ਕਰੋ ਕਲਸ਼ ਸਥਾਪਨਾ
ਕਲਸ਼ ਸਥਾਪਨਾ ਲਈ ਸਭ ਤੋਂ ਪਹਿਲਾਂ ਇਕ ਪਾਟੇ 'ਤੇ ਲਾਲ ਕਪੜਾ ਵਿਛਾ ਕੇ ਥੋੜ੍ਹੇ ਚੌਲ ਰੱਖੋ। ਇਹ ਚੌਲ ਗਣੇਸ਼ ਜੀ ਦੇ ਸਵਰੂਪ ਹੁੰਦੇ ਹਨ। ਇਸ ਤੋਂ ਬਾਅਦ ਮਿੱਟੀ, ਤਾਂਬਾ, ਪਿੱਤਲ, ਸੋਨਾ ਜਾਂ ਚਾਂਦੀ ਜਿਸ ਦਾ ਵੀ ਸੰਭਵ ਹੋ ਸਕੇ ਉਸ ਦਾ ਕਲਸ਼ ਰੱਖੋ। ਉਸ ਕਲਸ਼ 'ਚ ਮਿੱਟੀ ਭਰੋਂ ਅਤੇ ਨਾਲ ਹੀ ਉਸ 'ਚ ਥੋੜੇ ਜਿਹੇ ਜੌ ਵੀ ਪਾ ਦਿਓ। ਇਸ ਤੋਂ ਬਾਅਦ ਕਲਸ਼ 'ਤੇ ਰੋਲੀ ਅਤੇ ਸਵਾਸਿਤਕ ਬਣਾ ਕੇ ਮੌਲੀ ਭਾਵ ਇਕ ਸੁਰੱਖਿਆ ਸੂਤਰ ਬੰਨ ਦਿਓ। ਫਿਰ ਨਾਰੀਅਲ ਅਤੇ ਅੰਬ ਦੇ ਪੱਤੇ ਰੱਖਦੇ ਹੋਏ ਕਲਸ਼ ਦੇ ਢੱਕਣ ਨੂੰ ਚੌਲ ਨਾਲ ਭਰ ਦਿਓ। ਇਸ ਤੋਂ ਬਾਅਦ ਉਸ 'ਤੇ ਫੱਲ, ਮਿਠਾਈ ਪਾਨ, ਸੁਪਾਰੀ, ਪੈਸੇ ਆਦਿ ਚੜਾ ਕੇ ਦੀਪ ਜਗਾਓ।
ਇਸ ਤਰ੍ਹਾਂ ਕਰੋ ਮਾਂ ਦੀ ਅਰਾਧਨਾ
ਨੌ ਦਿਨ ਚੱਲਣ ਵਾਲੇ ਇਨ੍ਹਾਂ ਅੱਸੂ ਦੇ ਨਵਰਾਤਰਿਆਂ 'ਚ ਹਰ ਦਿਨ ਵਿਧੀ ਪੂਰਵਕ ਮਾਂ ਦੁਰਗਾ ਜੀ ਦੀ ਪੂਜਾ ਕਰਨੀ ਚਾਹੀਦੀ ਹੈ। ਹਰ ਦਿਨ ਮਾਂ ਦਾ ਹਾਰ-ਸ਼ਿੰਗਾਰ ਕਰਕੇ ਉਨ੍ਹਾਂ ਦੀ ਸੱਚੇ ਮਨ ਨਾਲ ਅਰਾਧਨਾ ਕਰਨੀ ਚਾਹੀਦੀ ਹੈ। ਮਾਂ ਦੀ ਪੂਜਾ 'ਚ ਲਾਲ ਫੁੱਲ ਜ਼ਰੂਰ ਸ਼ਾਮਲ ਕਰਨੇ ਚਾਹੀਦੇ ਹਨ। ਇਸ ਤੋਂ ਇਲਾਵਾ ਸਵੇਰੇ-ਸ਼ਾਮ ਆਰਤੀ ਕਰਨੀ ਚਾਹੀਦੀ ਹੈ ਅਤੇ ਮਾਂ ਨੂੰ ਭੋਗ ਲਗਾ ਕੇ ਪ੍ਰਸ਼ਾਦ ਵੰਡਣਾ ਚਾਹੀਦਾ ਹੈ। 9 ਦਿਨਾਂ ਤਕ ਦੁਰਗਾ ਸਪਤਸਤੀ, ਕੁੰਜੀਕਾ, ਸਰੋਤ, ਦੁਰਗਾ ਕਵਚ, ਅਰਗਲਾ ਸਰੋਤ, ਕੀਲਕ ਆਦਿ ਦਾ ਪਾਠ ਕਰਨਾ ਚਾਹੀਦਾ ਹੈ। ਮੰਨਿਆ ਜਾਂਦਾ ਹੈ ਕਿ ਇਹ ਪਾਠ ਕਰਨ ਨਾਲ ਮਾਂ ਦੁਰਗਾ ਖੁਸ਼ ਹੁੰਦੀ ਹੈ ਅਤੇ ਜੀਵਨ 'ਚ ਖੁਸ਼ੀਆਂ ਦਾ ਆਗਮਨ ਹੁੰਦਾ ਹੈ।
ਮਾਂ ਦੇ 9 ਰੂਪਾਂ ਦੀ ਪੂਜਾ
ਨਵਰਾਤਰਿਆਂ 'ਚ ਮਾਂ ਇਨ੍ਹਾਂ ਸਵਰੂਪਾਂ ਦੀ ਪੂਜਾ ਹੁੰਦੀ ਹੈ। ਪਹਿਲੇ ਦਿਨ ਮਾਂ ਸ਼ੈਲਪੁੱਤਰੀ ਦੀ ਅਰਾਧਨਾ, ਦੂਜੇ ਦਿਨ ਦੇਵੀ ਬ੍ਰਹਮਚਾਰਿਣੀ, ਤੀਜੇ ਦਿਨ ਦੇਵੀ ਚੰਦਰਘੰਟਾ, ਚੌਥੇ ਦਿਨ ਮਾਂ ਦੁਰਗਾ ਦੇ ਚੌਥੇ ਰੂਪ ਦੇਵੀ ਕ੍ਰਿਸ਼ਣਮਾਂਡਾ ਦੀ ਪੂਜਾ ਹੁੰਦੀ ਹੈ। ਪੰਜਵੇ ਦਿਨ ਸਕੰਦਮਾਤਾ, ਛੇਵੇ ਦਿਨ ਮਾਂ ਦੇ ਕਤਿਆ ਸਵਰੂਪ, ਸੱਤਵੇ ਦਿਨ ਮਾਂ ਕਾਲਰਾਤਰੀ, 8ਵੇਂ ਦਿਨ ਮਾਂ ਮਹਾਗੌਰੀ ਅਤੇ ਨੌਵੇ ਦਿਨ ਮਾਂ ਦੇ ਸਿੱਧੀਦਾਤਰੀ ਸਵਰੂਪ ਦੀ ਪੂਜਾ ਕੀਤੀ ਜਾਂਦੀ ਹੈ। ਮਾਨਤਾ ਹੈ ਕਿ ਨਵਰਾਤਰਿਆਂ 'ਚ ਮਾਂ ਦੁਰਗਾ ਦਾ ਪ੍ਰਿਥਵੀ 'ਤੇ ਨਿਵਾਸ ਹੁੰਦਾ ਹੈ। ਇਸ ਦੌਰਾਨ ਮਾਤਾ ਰਾਣੀ ਭਗਤਾ ਵਲੋਂ ਕੀਤੇ ਜਾਣ ਵਾਲੀ ਪੂਜਾ ਹਰ ਰੂਪ 'ਚ ਸਵੀਕਾਰ ਕਰ ਕੇ ਵਿਸ਼ੇਸ਼ ਕਿਰਪਾ ਬਰਸਾਉਂਦੀ ਹੈ।