ਮਾਂ, ਮੈਨੂੰ ਬੇਹਾ ਭੋਜਨ ਕਿਉਂ?
11/18/2017 11:52:51 AM
ਵਿਨੋਬਾ ਭਾਵੇ ਦੇ ਬਚਪਨ ਦੀ ਘਟਨਾ ਹੈ। ਉਨ੍ਹਾਂ ਦਾ ਦੋਸਤ ਵੀ ਉਨ੍ਹਾਂ ਨਾਲ ਘਰ ਵਿਚ ਰਿਹਾ ਕਰਦਾ ਸੀ। ਕਦੇ-ਕਦੇ ਘਰ ਵਿਚ ਬੇਹਾ ਭੋਜਨ ਬਚ ਜਾਣਾ ਸੁਭਾਵਿਕ ਹੈ। ਉਨ੍ਹਾਂ ਦੀ ਮਾਂ ਭੋਜਨ ਸੁੱਟਣ ਦੇ ਵਿਰੁੱਧ ਸੀ, ਇਸ ਲਈ ਬਚਿਆ ਭੋਜਨ ਰਲ-ਮਿਲ ਕੇ ਥੋੜ੍ਹਾ-ਥੋੜ੍ਹਾ ਖਾ ਲਿਆ ਜਾਂਦਾ ਸੀ। ਅਜਿਹੇ ਵੇਲੇ ਮਾਂ ਵਿਨੋਬਾ ਨੂੰ ਬੇਹਾ ਭੋਜਨ ਦੇ ਕੇ ਉਨ੍ਹਾਂ ਦੇ ਦੋਸਤ ਨੂੰ ਤਾਜ਼ਾ ਖੁਆਉਣ ਦੀ ਕੋਸ਼ਿਸ਼ ਕਰਦੀ ਸੀ। ਵਿਨੋਬਾ ਨੂੰ ਇਸ 'ਤੇ ਕੋਈ ਇਤਰਾਜ਼ ਨਹੀਂ ਸੀ।
ਪਰ ਉਨ੍ਹਾਂ ਮਾਂ ਨੂੰ ਵਿਅੰਗ ਦੇ ਅੰਦਾਜ਼ ਵਿਚ ਕਿਹਾ,''ਮਾਂ, ਤੁਹਾਡੇ ਮਨ ਵਿਚ ਅਜੇ ਵਿਤਕਰਾ ਹੈ।''
ਮਾਂ ਸੁਆਲੀਆ ਨਜ਼ਰੀਏ ਨਾਲ ਉਨ੍ਹਾਂ ਵੱਲ ਦੇਖਣ ਲੱਗੀ। ਵਿਨੋਬਾ ਹੱਸਦੇ ਹੋਏ ਬੋਲੇ,''ਮਾਂ, ਦੇਖ ਨਾ। ਤੂੰ ਮੈਨੂੰ ਬੇਹਾ ਭੋਜਨ ਦਿੰਦੀ ਏਂ ਅਤੇ ਮੇਰੇ ਦੋਸਤ ਨੂੰ ਤਾਜ਼ਾ।''
ਮਾਂ ਦੀ ਉਦਾਰਤਾ ਨੂੰ ਵਿਤਕਰੇ ਦਾ ਨਾਂ ਦੇ ਕੇ ਵਿਨੋਬਾ ਨੇ ਵਿਅੰਗ ਕੀਤਾ ਸੀ ਪਰ ਮਾਂ ਨੇ ਉਸ ਨੂੰ ਦੂਜੇ ਢੰਗ ਨਾਲ ਲਿਆ। ਕਹਿਣ ਲੱਗੀ,''ਬੇਟਾ, ਤੂੰ ਠੀਕ ਕਹਿੰਦਾ ਏਂ। ਮਨੁੱਖੀ ਕਮਜ਼ੋਰੀਆਂ ਮੇਰੇ ਵਿਚ ਵੀ ਹਨ। ਤੇਰੇ ਵਿਚ ਮੈਨੂੰ ਆਪਣਾ ਬੇਟਾ ਦਿਸਦਾ ਹੈ ਅਤੇ ਬੇਗਾਨੇ ਵਿਚ ਮਹਿਮਾਨ। ਇਸ ਨੂੰ ਰੱਬੀ ਰੂਪ ਮਹਿਮਾਨ ਮੰਨ ਕੇ ਆਪਣੇ-ਆਪ ਮੇਰੇ ਵਲੋਂ ਇਹ ਵਿਤਕਰਾ ਹੋ ਜਾਂਦਾ ਹੈ। ਤੈਨੂੰ ਬੇਟਾ ਮੰਨਣ ਕਾਰਨ ਤੇਰੇ ਪ੍ਰਤੀ ਕਈ ਤਰ੍ਹਾਂ ਦਾ ਸਨੇਹ ਮਨ ਵਿਚ ਪੈਦਾ ਹੁੰਦਾ ਹੈ। ਜਦੋਂ ਤੈਨੂੰ ਵੀ ਆਮ ਨਜ਼ਰ ਨਾਲ ਦੇਖ ਸਕਾਂਗੀ ਤਾਂ ਵਿਤਕਰੇ ਦੀ ਲੋੜ ਨਹੀਂ ਰਹੇਗੀ।''
ਗੱਲ ਕਿਤੋਂ ਦੀ ਕਿਤੇ ਪਹੁੰਚ ਗਈ ਸੀ ਪਰ ਵਿਨੋਬਾ ਨੂੰ ਪ੍ਰਸੰਨਤਾ ਹੋਈ। ਮਾਂ ਦਾ ਇਕ ਹੋਰ ਸੁਨਹਿਰੀ ਪੱਖ ਉਨ੍ਹਾਂ ਸਾਹਮਣੇ ਆਇਆ। ਸਮਾਜ ਦੇ ਅਸੰਤੁਲਨ ਤੇ ਅਧਿਆਤਮਿਕਤਾ ਦੀ ਪਕੜ ਦਾ ਅਹਿਮ ਸੂਤਰ ਉਨ੍ਹਾਂ ਨੂੰ ਮਿਲ ਗਿਆ। ਵਿਤਕਰਾ ਮਨੁੱਖ ਤੋਂ ਸਹਿਣ ਨਹੀਂ ਹੁੰਦਾ। ਉਹ ਕਮੀ ਸਵੀਕਾਰ ਕਰ ਲੈਂਦਾ ਹੈ, ਵਿਤਕਰਾ ਨਹੀਂ। ਖੁਦ ਨੂੰ ਵਿਤਕਰੇ ਤੋਂ ਮੁਕਤ ਮਹਿਸੂਸ ਕਰਨ ਵਾਲਾ ਸੰਤੁਸ਼ਟੀ ਮਹਿਸੂਸ ਕਰਦਾ ਹੈ। ਬਾਲਕ ਵਿਨੋਬਾ ਨੇ ਮਾਂ ਦੀ ਸਿੱਖਿਆ ਗੰਢ ਬੰਨ੍ਹ ਲਈ। ਸੰਤ ਵਿਨੋਬਾ ਜੀ ਦਾ ਇਹੋ ਗੁਣ ਵਿਕਸਿਤ ਹੋ ਕੇ ਸਮਾਜ ਵਿਚ ਅੱਜ ਵੀ ਵੱਡੇ ਪੱਧਰ 'ਤੇ ਅਸਰ ਪਾ ਰਿਹਾ ਹੈ।