ਸੱਚੀ ਸੇਵਾ ਨਾਲ ਮਿਲਦੈ ਮੋਕਸ਼

6/27/2017 11:14:33 AM

ਮਨੁੱਖ ਦਾ ਇਕੋ ਸਾਥੀ ਹੈ—ਧਰਮ। ਧਰਮ ਕੀ ਹੈ? ਦੂਜਿਆਂ ਨੂੰ ਰੱਬੀ ਅੰਸ਼ ਮੰਨਦਿਆਂ ਉਨ੍ਹਾਂ ਦੀ ਭਲਾਈ ਲਈ ਕੰਮ ਕਰਨਾ ਹੀ ਧਰਮ ਹੈ। ਜੇ ਕੋਈ ਵਿਅਕਤੀ ਸੇਵਕ ਬਣ ਕੇ ਕਿਸੇ ਦੀ ਸੇਵਾ ਕਰਦਾ ਹੈ ਤਾਂ ਉਸ ਨੂੰ ਪੂਰਨ ਸੰਤੁਸ਼ਟੀ ਤੇ ਵਿਸ਼ੇਸ਼ ਸ਼ਾਂਤੀ ਮਿਲਦੀ ਹੈ।
ਸੇਵਾ ਲਈ ਮਨੁੱਖ ਦੇ ਮਨ ਵਿਚ ਇਹੋ ਵਿਚਾਰ ਆਉਣਾ ਚਾਹੀਦਾ ਹੈ ਕਿ ਦੁਖੀ ਵਿਅਕਤੀ ਵੀ ਆਪਣਾ ਹੈ ਅਤੇ ਜੇ ਇਹ ਦੁਖੀ ਰਹੇਗਾ ਤਾਂ ਮੈਂ ਵੀ ਦੁਖੀ ਰਹਾਂਗਾ ਭਾਵ ਜਦੋਂ ਸਾਡੇ ਦਿਲ ਵਿਚ ਤਰਸ ਤੇ ਆਪਣੇਪਣ ਦੀ ਭਾਵਨਾ ਹੋਵੇਗੀ ਤਾਂ ਹੀ ਸੇਵਾ ਲਈ ਤੱਤਪਰ ਹੋ ਸਕਾਂਗੇ। ਉਦਾਹਰਣ ਵਜੋਂ ਕਿਸੇ ਨੂੰ ਠੰਡ ਵਿਚ ਕੰਬਦਾ ਦੇਖ ਕੇ ਸਾਡਾ ਸਰੀਰ ਵੀ ਉਸ ਠੰਡ ਨੂੰ ਮਹਿਸੂਸ ਕਰੇ ਤਾਂ ਹੀ ਉਸ ਵਿਅਕਤੀ ਲਈ ਕੰਬਲ ਦਾ ਪ੍ਰਬੰਧ ਕਰਨ ਦੀ ਸੇਵਾ ਭਾਵਨਾ ਸਾਡੇ ਮਨ ਵਿਚ ਪੈਦਾ ਹੋਵੇਗੀ।
ਮਨੁੱਖ ਇਕ ਸਮਾਜਿਕ ਪ੍ਰਾਣੀ ਹੈ। ਉਸ ਦੇ ਚਾਰੇ ਪਾਸੇ ਉਸ ਦੇ ਦੋਸਤ-ਰਿਸ਼ਤੇਦਾਰਾਂ, ਪਸ਼ੂ-ਪੰਛੀਆਂ ਆਦਿ ਦਾ ਭਾਈਚਾਰਾ ਨਜ਼ਰ ਆਉਂਦਾ ਹੈ ਅਤੇ ਉਹ ਇਨ੍ਹਾਂ ਤੋਂ ਬਿਨਾਂ ਆਪਣੇ ਜੀਵਨ ਦੀ ਕਲਪਨਾ ਵੀ ਨਹੀਂ ਕਰ ਸਕਦਾ। ਅਜਿਹੀ ਸਥਿਤੀ ਵਿਚ ਇਕ-ਦੂਜੇ ਦੀ ਮਦਦ ਕਰਨੀ ਹੀ ਉਸ ਦੀ ਜ਼ਿੰਮੇਵਾਰੀ ਤੇ ਧਰਮ ਹੈ। ਖਾਸ ਗੱਲ ਇਹ ਹੈ ਕਿ ਸੇਵਾ ਨਾਲ ਹੰਕਾਰ ਖਤਮ ਹੁੰਦਾ ਹੈ, ਜੋ ਰੱਬੀ ਪ੍ਰਾਪਤੀ ਵਿਚ ਸਭ ਤੋਂ ਵੱਡਾ ਅੜਿੱਕਾ ਹੈ। ਅਸਲ ਵਿਚ ਸੇਵਾ ਤੋਂ ਭਾਵ ਸਮਰਪਣ ਹੈ, ਵਿਸ਼ਵਾਸ ਹੈ।
ਸਮਰਪਣ ਕੀ ਹੈ? ਇਕ ਬੋਹੜ ਨੇ ਸਾਰੀ ਉਮਰ ਲੋਕਾਂ ਦੀ ਸੇਵਾ ਕੀਤੀ। ਧੁੱਪ ਹੋਣ 'ਤੇ ਲੋਕ ਉਸ ਦੀ ਛਾਂ ਵਿਚ ਬੈਠਦੇ, ਤਿਉਹਾਰਾਂ 'ਤੇ ਔਰਤਾਂ ਉਸ ਦੀ ਪੂਜਾ ਕਰਦੀਆਂ। ਜਦੋਂ ਬੋਹੜ ਬੁੱਢਾ ਹੋ ਗਿਆ ਤਾਂ ਸੁੱਕਣ ਲੱਗਾ। ਉਸ ਦੀਆਂ ਜੜ੍ਹਾਂ ਵੀ
ਕਮਜ਼ੋਰ ਹੋ ਗਈਆਂ। ਲੋਕ ਉਸ ਨੂੰ ਕੱਟਣ ਲਈ ਕੁਹਾੜੀ ਲੈ ਆਏ।
ਇਹ ਦੇਖ ਕੇ ਇਕ ਨਿੱਕਾ ਦਰੱਖਤ ਬੋਲਿਆ, ''ਦਾਦਾ, ਇਹ ਕਿਹੋ ਜਿਹੇ ਸਵਾਰਥੀ ਲੋਕ ਹਨ, ਜਿਨ੍ਹਾਂ ਤੁਹਾਡੀ ਛਾਂ ਹੇਠ ਆਸਰਾ ਲਿਆ, ਉਹੋ ਅੱਜ ਤੁਹਾਨੂੰ ਕੱਟਣ ਆ ਰਹੇ ਹਨ। ਕੀ ਤੁਹਾਨੂੰ ਗੁੱਸਾ ਨਹੀਂ ਆ ਰਿਹਾ?''
ਬੋਹੜ ਬੋਲਿਆ, ''ਗੁੱਸਾ ਕਿਸ ਗੱਲ ਦਾ? ਮੈਂ ਇਹ ਸੋਚ ਕੇ ਖੁਸ਼ ਹਾਂ ਕਿ ਮਰਨ ਤੋਂ ਬਾਅਦ ਵੀ ਇਨ੍ਹਾਂ ਦੇ ਕੰਮ ਆ ਰਿਹਾ ਹਾਂ।''
ਇਹੋ ਸਮਰਪਣ ਹੈ ਕਿ ਹਰ ਹਾਲਤ ਵਿਚ ਆਪਣੇ ਦਿਲ ਵਿਚ ਪਰਉਪਕਾਰ ਦੀ ਭਾਵਨਾ ਰੱਖੋ। ਹੁਣ ਸੇਵਾ ਵਿਚ ਵਿਸ਼ਵਾਸ ਕੀ ਹੈ, ਉਸ ਨੂੰ ਸਮਝਦੇ ਹਾਂ। ਅਸਲ ਵਿਚ ਸੇਵਾ ਕਈ ਤਰ੍ਹਾਂ ਦੀ ਹੁੰਦੀ ਹੈ। ਕਈ ਵਾਰ ਵਿਅਕਤੀ ਕਿਸੇ ਉਦੇਸ਼ ਨਾਲ ਸੇਵਾ ਕਰਦਾ ਹੈ। ਜੋ ਸੇਵਾ ਦੂਜੇ ਤੋਂ ਫਾਇਦਾ ਲੈਣ ਜਾਂ ਨੁਕਸਾਨ ਪਹੁੰਚਾਉਣ ਲਈ ਕੀਤੀ ਜਾਂਦੀ ਹੈ, ਉਹ ਸਵਾਰਥ ਭਰੀ ਸੇਵਾ ਕਹਾਉਂਦੀ ਹੈ ਪਰ ਜਿਹੜੀ ਸੇਵਾ ਬਿਨਾਂ ਸਵਾਰਥ ਦੀ ਭਾਵਨਾ ਦੇ ਕੀਤੀ ਜਾਂਦੀ ਹੈ, ਉਹ ਪਵਿੱਤਰ ਹੁੰਦੀ ਹੈ, ਜਿਸ ਨਾਲ ਮੋਕਸ਼ ਪ੍ਰਾਪਤ ਹੁੰਦਾ ਹੈ।