ਜਨਮ ਅਸਥਾਨ ਮਾਤਾ ਸੁੰਦਰੀ ਜੀ ਬਜਵਾੜਾ ਕਲਾਂ

5/22/2017 7:23:01 AM

ਪਿਆਰੇ ਪਾਠਕੋ! ਇਸ ਵਾਰ ਅਸੀਂ ਆਪ ਜੀ ਨੂੰ ਉਸ ਮਹਾਨ ਅਸਥਾਨ ਬਾਰੇ ਜਾਣਕਾਰੀ ਦਿਆਂਗੇ, ਜਿਸ ਤੋਂ ਆਮ ਤੌਰ ''ਤੇ ਬਹੁਤ ਹੀ ਘੱਟ ਲੋਕ ਜਾਣੂ ਹਨ। ਇਹ ਅਸਥਾਨ ਹੈ ਦਸਮੇਸ਼ ਪਿਤਾ ਜੀ ਦੇ ਦੂਜੇ ਮਹਿਲ ਅਤੇ ਸਾਹਿਬਜ਼ਾਦਾ ਬਾਬਾ ਅਜੀਤ ਸਿੰਘ ਜੀ ਦੇ ਮਾਤਾ ਸੁੰਦਰ ਕੌਰ ਜੀ ਦਾ ਜਨਮ ਅਸਥਾਨ। ਇਹ ਪਵਿੱਤਰ ਜਗ੍ਹਾ ਜ਼ਿਲਾ ਹੁਸ਼ਿਆਰਪੁਰ ਦੇ ਪਿੰਡ ਬਜਵਾੜਾ ਕਲਾਂ ''ਚ ਸਥਿਤ ਹੈ। ਸੱਤਵੇਂ ਪਾਤਸ਼ਾਹ ਸ੍ਰੀ ਗੁਰੂ ਹਰਿ ਰਾਇ ਸਾਹਿਬ ਜੀ ਦੇ ਵਰੋਸਾਏ ਅਸਥਾਨ ਹਰੀਆਂ ਵੇਲਾਂ ਤੋਂ ਥੋੜ੍ਹੀ ਹੀ ਦੂਰੀ ''ਤੇ ਸਥਿਤ ਹੈ ਪਿੰਡ ਬਜਵਾੜਾ ਕਲਾਂ। ਜਦੋਂ ਅਸੀਂ ਗੜ੍ਹਸ਼ੰਕਰ ਤੋਂ ਹੁਸ਼ਿਆਰਪੁਰ ਵੱਲ ਜਾਂਦੇ ਹਾਂ ਤਾਂ ਰਸਤੇ ''ਚ ਪਿੰਡ ਚੱਬੇਵਾਲ ਪੈਂਦਾ ਹੈ ਤੇ ਉਸ ਤੋਂ ਅੱਗੇ ਪਿੰਡ ਬਜਰੌਰ ਆਦਿ। ਇਨ੍ਹਾਂ ਪਿੰਡਾਂ ਤੋਂ ਹੁਸ਼ਿਆਰਪੁਰ ਵੱਲ ਅੱਗੇ ਜਾਂਦਿਆਂ ਮੁੱਖ ਸੜਕ ਤੋਂ ਲੱਗਭਗ ਡੇਢ ਕੁ ਕਿਲੋਮੀਟਰ ਪਿੱਛੇ ਹਟ ਕੇ ਸੱਜੇ ਪਾਸੇ ਆਉਂਦਾ ਹੈ ਪਿੰਡ ਬਜਵਾੜਾ ਕਲਾਂ, ਜੋ ਹੁਸ਼ਿਆਰਪੁਰ ਤੋਂ ਤਿੰਨ ਕੁ ਕਿਲੋਮੀਟਰ ਦੀ ਦੂਰੀ ''ਤੇ ਸਥਿਤ ਹੈ। ਅੱਜਕਲ ਇਹ ਪਿੰਡ ਹੁਸ਼ਿਆਰਪੁਰ ਦਾ ਹੀ ਇਕ ਹਿੱਸਾ ਬਣ ਗਿਆ ਹੈ।
ਭਾਵੇਂ ਪਿੰਡ ਬਜਵਾੜਾ ਕਲਾਂ ਕਾਫੀ ਛੋਟਾ ਜਿਹਾ ਪਿੰਡ ਹੈ ਪਰ ਕਿਸੇ ਵੇਲੇ ਇਹ ਵਪਾਰ ਦਾ ਮੁੱਖ ਕੇਂਦਰ ਹੁੰਦਾ ਸੀ। ਸਥਾਨਕ ਰਵਾਇਤ ਹੈ ਕਿ ਪਿੰਡ ਜੇਜੋਂ ਅਤੇ ਬਜਵਾੜਾ ਕਲਾਂ ਆਪਸ ''ਚ ਪਹਾੜੀ ਰਾਹੀਂ ਜੁੜੇ ਹੋਏ ਹੁੰਦੇ ਸਨ। ਕਿਹਾ ਜਾਂਦਾ ਹੈ ਕਿ ਪਿੰਡ ਬਜਵਾੜਾ ਕਲਾਂ ਤੋਂ ਬੱਕਰੀ ਪਹਾੜੀ ''ਤੇ ਚੜ੍ਹ ਕੇ ਜਦੋਂ ਚਰਨ ਲਈ ਜਾਂਦੀ ਸੀ ਤਾਂ ਜੇਜੋਂ ਜਾ ਕੇ ਉਤਰਦੀ ਸੀ। ਜੇਜੋਂ ਅਤੇ ਬਜਵਾੜਾ ਕਲਾਂ ਕਿਸੇ ਵੇਲੇ ਮੁੰਬਈ ਵਾਂਗ ਵਪਾਰ ਲਈ ਬਹੁਤ ਹੀ ਵਿਕਸਿਤ ਸ਼ਹਿਰ ਰਹੇ ਹਨ। ਇਸੇ ਬਜਵਾੜਾ ਕਲਾਂ ਪਿੰਡ ਵਿਚ ਪਿਤਾ ਰਾਮ ਸ਼ਰਨ ਜੀ ਕੁਮਰਾਵ ਖੱਤਰੀ ਅਤੇ ਮਾਤਾ ਸ਼ਿਵਦੇਈ ਜੀ ਦੀ ਕੁੱਖੋਂ 23 ਦਸੰਬਰ 1667 ਈਸਵੀ (ਡਾ. ਰਤਨ ਸਿੰਘ ਜੱਗੀ ਅਨੁਸਾਰ 1671 ਈ.) ਨੂੰ ਮਾਤਾ ਸੁੰਦਰੀ ਜੀ ਦਾ ਜਨਮ ਹੋਇਆ। ਮਾਤਾ ਜੀ ਦੀ ਖੂਬਸੂਰਤੀ ਕਾਰਨ ਹੀ ਆਪ ਜੀ ਦਾ ਨਾਂ ਸੁੰਦਰੀ ਜੀ ਰੱਖਿਆ ਗਿਆ। ਪਿਤਾ ਰਾਮ ਸ਼ਰਨ ਜੀ ਬਹੁਤ ਵੱਡੇ ਵਪਾਰੀ ਸਨ ਤੇ ਵਪਾਰ ਦੇ ਸਿਲਸਿਲੇ ''ਚ ਅਕਸਰ ਹੀ ਲਾਹੌਰ ਤੇ ਹੋਰ ਵੱਡੇ ਸ਼ਹਿਰਾਂ ''ਚ ਜਾਂਦੇ ਰਹਿੰਦੇ ਸਨ। ਲਾਹੌਰ ਵੀ ਸ਼ਰਨ ਦੇਵ ਜੀ ਨੇ ਰਿਹਾਇਸ਼ ਕੀਤੀ ਹੋਈ ਸੀ ਕਿਉਂਕਿ ਅਕਸਰ ਹੀ ਉਨ੍ਹਾਂ ਨੂੰ ਵਪਾਰ ਦੇ ਸਿਲਸਿਲੇ ਵਿਚ ਕਈ-ਕਈ ਦਿਨ ਲਾਹੌਰ ਆਦਿ ਥਾਵਾਂ ''ਤੇ ਰਹਿਣਾ ਪੈਂਦਾ ਸੀ। ਇਥੇ ਇਹ ਗੱਲ ਦੱਸਣੀ ਹੋਰ ਵੀ ਦਿਲਚਸਪ ਹੋਵੇਗੀ ਕਿ ਅਸੀਂ ਇਹ ਸੁਣਦੇ ਆਏ ਹਾਂ ਕਿ ਮਾਤਾ ਸੁੰਦਰੀ ਜੀ ਦਾ ਜਨਮ ਲਾਹੌਰ ਦਾ ਹੈ, ਜਦਕਿ ਉਨ੍ਹਾਂ ਦਾ ਜਨਮ ਪਿੰਡ ਬਜਵਾੜਾ ਕਲਾਂ ਦਾ ਹੈ।
ਮਾਤਾ ਸੁੰਦਰੀ ਜੀ ਦਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨਾਲ ਵਿਆਹ ਬਹੁਤੇ ਇਤਿਹਾਸਕਾਰਾਂ ਅਨੁਸਾਰ ਸੰਮਤ 1730 ਨੂੰ ਹੋਇਆ ਸੀ। ਕੁਝ ਇਤਿਹਾਸਕਾਰ ਦੱਸਦੇ ਹਨ ਕਿ ਗੁਰੂ ਜੀ ਦਾ ਪਹਿਲਾ ਵਿਆਹ ਮਾਤਾ ਜੀਤੋ ਜੀ ਦੇ ਨਾਲ ਹੋਇਆ ਅਤੇ ਕੁਝ ਦਾ ਕਥਨ ਹੈ ਕਿ ਪਹਿਲਾ ਵਿਆਹ ਮਾਤਾ ਸੁੰਦਰੀ ਜੀ ਦੇ ਨਾਲ ਹੋਇਆ। ਇਹ ਖੋਜ ਦਾ ਵਿਸ਼ਾ ਹੈ। ਖੈਰ, ਅਸੀਂ ਬਿਨਾਂ ਕਿਸੇ ਵਿਵਾਦ ਵਿਚ ਪਿਆਂ ਇਤਿਹਾਸਕਾਰਾਂ ਦੇ ਪੱਖ ਆਪ ਅੱਗੇ ਰੱਖ ਰਹੇ ਹਾਂ। ਭੱਟ ਵਹੀਆਂ ਵਿਚ ਸ੍ਵਰੂਪ ਸਿੰਘ ਕੌਸ਼ਿਸ਼ ਲਿਖਦੇ ਹਨ, ''ਸੰਮਤ ਸਤਰਾਂ ਸੈ ਤੀਸ ਜੇਠ ਮਾਸ ਕੀ ਸੰਕਰਾਂਤ ਕੇ ਦਿਹੁੰ ਲਵਪੁਰ ਕੀ ਸੰਗਤ ਮੇਂ ਹਰਿਜਸ ਰਾਇ ਸੁਭਿਖੀ ਆਪਨੀ ਇਸਤਰੀ ਤੇ ਬੇਟੀ ਜੀਤਾਂ ਕੋ ਗੈਲ ਲੇਕੇ ਦਰਸ਼ਨ ਪਾਨੇ ਆਇਆ। .....ਜੇਠ ਮਾਸ ਕੀ ਪੰਦਰਸ ਕੋ ਚੱਕ ਨਾਨਕੀ ਮੇਂ ਏਕ ਪਹਾੜੀ ਦੀ ਠੇਰੀ ਨੈਨਾ ਦੇਵੀ ਜੀ ਕੇ ਮੰਦਰ ਸੇ ਆਗੇ ਹੈ ਤੇ ਏਸ ਠੇਰੀ ਕਾ ਨਾਮ, ਯਹਾਂ ਸ੍ਰੀ ਗੋਬਿੰਦ ਦਾਸ ਜੀ ਕਾ ਬਿਆਹ ਹੂਆ ਥਾ, ਗੁਰੂ ਕਾ ਲਾਹੌਰ ਰਾਖਾ।'' ਕੇਸਰ ਸਿੰਘ ਛਿੱਬਰ ਗੁਰੂ ਜੀ ਦਾ ਪਹਿਲਾ ਵਿਆਹ ਮਾਤਾ ਸੁੰਦਰੀ ਜੀ ਦੇ ਨਾਲ ਹੋਇਆ ਦੱਸਦਾ ਹੈ।
''ਸੰਮਤ ਸਤਾਰਾਂ ਸੈ ਤੀਸ ਜਬ ਗਏ।
ਤਬ ਮਾਤਾ ਸੁੰਦਰੀ ਜੀ ਬਿਆਹ ਕਰਿ ਲਏ।
ਪਿਤਾ ਅਪਨੇ ਕਰਿ ਸੇਹਰੇ ਦਿਤੇ।
ਦੁਆਦਸ ਸਾਲ ਉਮਰ ਗਨ ਲਿਤੇ।''

ਅਤੇ ਦੂਜਾ ਵਿਆਹ ਮਾਤਾ ਜੀਤੋ ਜੀ ਦੇ ਨਾਲ ਗੁਰੂ ਕੀ ਲਾਹੌਰ ਵਿਖੇ ਸੰਮਤ 1742 ਵਿਖੇ ਹੋਣਾ ਮੰਨਿਆ ਹੈ। ਪ੍ਰੋ. ਹਰਬੰਸ ਸਿੰਘ ਜੀ ਅਨੁਸਾਰ ਵੀ ਗੁਰੂ ਜੀ ਦਾ ਮਾਤਾ ਜੀਤੋ ਜੀ ਨਾਲ ਦੂਜਾ ਵਿਆਹ ਹੋਇਆ। ਖੈਰ, ਹੋਰ ਵੀ ਕਈ ਇਤਿਹਾਸਕ ਸੋਮੇ ਇਸ ਬਾਰੇ ਜਾਣਕਾਰੀ ਦਿੰਦੇ ਹਨ ਤੇ ਕਈ ਮੱਤਭੇਦ ਹਨ। ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਡਿਪਾਰਟਮੈਂਟ ਆਫ ਇਨਸਾਈਕਲੋਪੀਡੀਆ ਆਫ ਸਿੱਖਇਜ਼ਮ ਦੇ ਡਾ. ਪਰਮਵੀਰ ਸਿੰਘ ਅਨੁਸਾਰ ਮਾਤਾ ਜੀਤੋ ਜੀ ਦੇ ਨਾਲ ਗੁਰੂ ਜੀ ਦਾ ਰਿਸ਼ਤਾ 1673 ਈਸਵੀ ਨੂੰ ਹੋਇਆ ਅਤੇ ਵਿਆਹ 1677 ਈ. ਨੂੰ ਹੋਇਆ।
ਵੱਖ-ਵੱਖ ਇਤਿਹਾਸਕਾਰਾਂ ਨੇ ਮਾਤਾ ਸੁੰਦਰੀ ਜੀ ਦੇ ਨਾਲ ਗੁਰੂ ਜੀ ਦੇ ਵਿਆਹ ਦੇ ਵੱਖ-ਵੱਖ ਸੰਮਤ ਦੱਸੇ ਹਨ। ਗੁਰੂ ਜੀ ਦੇ ਵਿਆਹ ਦੇ ਸਥਾਨ ਬਾਰੇ ਵੀ ਮੱਤਭੇਦ ਹਨ। ਹੁਸ਼ਿਆਰਪੁਰ ਇਲਾਕੇ ਦੇ ਲੋਕਾਂ ਦਾ ਮੰਨਣਾ ਹੈ ਕਿ ਗੁਰੂ ਜੀ ਦਾ ਮਾਤਾ ਸੁੰਦਰੀ ਜੀ ਨਾਲ ਵਿਆਹ ਪਿੰਡ ਬਜਵਾੜਾ ਕਲਾਂ ਵਿਖੇ ਹੀ ਹੋਇਆ। ਬਜਵਾੜਾ ਕਲਾਂ ਪਿੰਡ ਦੇ ਅੰਦਰ ਅਜੇ ਵੀ ਉਹ ਮਕਾਨ ਮੌਜੂਦ ਹੈ, ਜਿਥੇ ਮਾਤਾ ਸੁੰਦਰੀ ਜੀ ਦਾ ਜਨਮ ਸੋਨੀ ਖੱਤਰੀ ਬਾਬਾ ਰਾਮ ਸ਼ਰਨ ਜੀ ਦੇ ਘਰ ਹੋਇਆ ਸੀ। ਇਥੇ ਇਕ ਥੜ੍ਹਾ ਬਣਿਆ ਹੋਇਆ ਹੈ, ਜੋ ਅਜੇ ਵੀ ਸੁਰੱਖਿਅਤ ਹੈ। ਵਿਸ਼ਵਾਸ ਕੀਤਾ ਜਾਂਦਾ ਹੈ ਕਿ ਇਸ ਥੜ੍ਹੇ ਵਾਲੀ ਥਾਂ ''ਤੇ ਮਾਤਾ ਸੁੰਦਰੀ ਜੀ ਦੇ ਆਨੰਦ ਕਾਰਜ ਗੁਰੂ ਜੀ ਦੇ ਨਾਲ ਹੋਏ ਸਨ।
—ਗੁਰਪ੍ਰੀਤ ਸਿੰਘ ਨਿਆਮੀਆਂ
ਮੋ. 9781925125