ਸੂਫੀ ਸੰਤਾਂ ਦਾ ਸਥਾਨ-ਮਨੇਰ ਸ਼ਰੀਫ

4/17/2017 5:57:22 AM

ਮਨੇਰ ਸ਼ਰੀਫ ਪਟਨਾ ਤੋਂ ਲਗਭਗ 30 ਕਿਲੋਮੀਟਰ ਦੱਖਣ-ਪੱਛਮ ਵੱਲ ਹੈ। ਕਿਸੇ ਸਮੇਂ ਇਹ ਸੋਨ ਅਤੇ ਗੰਗਾ ਨਦੀ ਦੇ ਸੰਗਮ ''ਤੇ ਵਸਿਆ ਹੋਇਆ ਸੀ। ਅੱਜ ਦਾ ਮਨੇਰ ਲਗਭਗ ਦੋ ਹਜ਼ਾਰ ਘਰਾਂ ਦਾ ਇਕ ਛੋਟਾ ਜਿਹਾ ਕਸਬਾ ਹੈ ਅਤੇ ਸੜਕ ਦੇ ਕਿਨਾਰੇ ਕੁਝ ਦੁਕਾਨਾਂ ਹਨ, ਜਿਨ੍ਹਾਂ ''ਚ ਰੋਜ਼ਾਨਾ ਜੀਵਨ ''ਚ ਕੰਮ ਆਉਣ ਵਾਲੀਆਂ ਚੀਜ਼ਾਂ ਮਿਲ ਜਾਂਦੀਆਂ ਹਨ। ਇਥੋਂ ਦਾ ''ਨੁਕਦੀ ਦਾ ਲੱਡੂ'' ਬਹੁਤ ਮਸ਼ਹੂਰ ਹੈ। ਮਨੇਰ ਕਿਸੇ ਸਮੇਂ ਮੁਸਲਿਮ ਸੰਸਕ੍ਰਿਤੀ ਦਾ ਬਿਹਾਰ ''ਚ ਸਭ ਤੋਂ ਪੁਰਾਣਾ ਕੇਂਦਰ ਸੀ। ਗਿਆਰਵੀਂ ਸ਼ਤਾਬਦੀ ''ਚ ਅਤੇ ਉਸ ਤੋਂ ਬਾਅਦ ਵੀ ਇਹ ਸੂਫੀ ਫਕੀਰਾਂ ਦਾ ਅਧਿਆਤਮਕ ਕੇਂਦਰ ਬਣਿਆ ਰਿਹਾ।
ਇਥੇ ਸਮੁੱਚੇ ਹਿੰਦੁਸਤਾਨ ''ਚੋਂ ਸੂਫੀ ਸੰਤ ਆਇਆ ਕਰਦੇ ਸਨ ਅਤੇ ਸੂਫੀ ਮਤ ਦੇ ਪ੍ਰਸਾਰ ਲਈ ਉਪਾਅ ਸੋਚਿਆ ਕਰਦੇ ਸਨ। ਮਨੇਰ ਦੇ ਪਾਕ ਫਕੀਰਾਂ ਦੀ ਸੰਗਤ ''ਚ ਆਉਣ ਲਈ ਸੂਬੇਦਾਰਾਂ, ਰਈਸਾਂ, ਮੁਗਲਾਂ ਅਤੇ ਪਠਾਨ ਸਾਮੰਤਾਂ ''ਚ ਦੌੜ ਲੱਗੀ ਰਹਿੰਦੀ ਸੀ। ਮੱਧ ਯੁੱਗ ਦੇ ਮੁਸਲਿਮ ਇਤਿਹਾਸ ''ਚ ਮਨੇਰ ਦਾ ਨਾਂ ਬੜੀ ਇੱਜ਼ਤ ਨਾਲ ਲਿਆ ਗਿਆ ਹੈ। ਅੱਜ ਵੀ ਮੁਸਲਮਾਨਾਂ ਦੇ ਦਿਲ ''ਚ ਇਸ ਪ੍ਰਤੀ ਬਹੁਤ ਆਦਰ ਹੈ। ਸਾਲ ''ਚ ਇਥੇ ਦੋ ਫਕੀਰਾਂ ਦੀ ਬਰਸੀ ਮਨਾਈ ਜਾਂਦੀ ਹੈ। ਉਸ ਸਮੇਂ ਧਰਮ ਪ੍ਰਾਣ ਮੁਸਲਮਾਨਾਂ ਦਾ ਵੱਡਾ ਮੇਲਾ ਲੱਗਦਾ ਹੈ।
ਮਨੇਰ ''ਚ ਇਸ ਸਮੇਂ ਦੋ ਦਰਗਾਹਾਂ ਹਨ ਵੱਡੀ ਤੇ ਛੋਟੀ। ਵੱਡੀ ਦਰਗਾਹ ਬਿਹਾਰ ਦੇ ਮੁਸਲਮਾਨੀ ਧਰਮ ਸਥਾਨਾਂ ''ਚ ਸਭ ਤੋਂ ਜ਼ਿਆਦਾ ਪਵਿੱਤਰ ਗਿਣੀ ਜਾਂਦੀ ਹੈ। ਇਸ ''ਚ ਮਹਾਨ ਸੂਫੀ ਸੰਤ ਹਜ਼ਰਤ ਮਖਦੂਮ ਯਹੀਆ ਮਨੇਰੀ ਦੀ ਕਬਰ ਹੈ। ਮਖਦੂਮ ਸਾਹਬ ਸੰਨ 1291 ਈ. ''ਚ ਮਰੇ ਸਨ। ਉਹ ਹਜ਼ਰਤ ਤਾਜ ਫਕੀਹ ਦੇ ਪੋਤੇ ਸਨ। ਬਿਹਾਰ ਦੇ ਮੁਸਲਮਾਨ ਸੰਤਾਂ ਦੇ ਉਹ ਮੁਖੀ ਸਨ। ਦੇਸ਼ ਦੇ ਮੁਸਲਮਾਨ ਫਕੀਰਾਂ ''ਚ ਉਨ੍ਹਾਂ ਦਾ ਨਾਂ ਅੱਜ ਵੀ ਬੜੇ ਮਾਣ ਨਾਲ ਲਿਆ ਜਾਂਦਾ ਹੈ।
ਵੱਡੀ ਦਰਗਾਹ ਦੇ ਦੱਖਣ ''ਚ ਤਾਜੂਦੀਨ ਖੰਡਗਾਹ ਸਾਹਬ ਦੀ ਮਜ਼ਾਰ ਹੈ। ਉਹ ਮਹਿਮੂਦ ਗਜਨੀ ਦੇ ਭਤੀਜੇ ਸਨ। ਦਰਗਾਹ ਦੇ ਉੱਤਰੀ ਫਾਟਕ ''ਤੇ ਸਿੰਙ ਸ਼ਾਰਦੂਲ ਹੈ। ਇਕ ਸ਼ੇਰ ਨੇ ਇਕ ਹਾਥੀ ਨੂੰ ਆਪਣੇ ਚਾਰ ਪੰਜਿਆਂ ''ਚ ਫੜਿਆ ਹੋਇਆ ਹੈ। ਇਹ ਮੱਧ ਯੁੱਗ ਦੀ ਮੂਰਤੀ ਹੈ। ਕਿਹਾ ਜਾਂਦਾ ਹੈ ਕਿ ਸੁਲਤਾਨ ਸਿਕੰਦਰ ਲੋਧੀ ਵੀ ਕਿਸੇ ਸਮੇਂ ਇਸ ਦਰਗਾਹ ਦੇ ਦਰਸ਼ਨ ਕਰਨ ਆਏ ਸਨ। ਇਹ ਜਗ੍ਹਾ ਇੰਨੀ ਪਵਿੱਤਰ ਮੰਨੀ ਜਾਂਦੀ ਸੀ। ਛੋਟੀ ਦਰਗਾਹ ''ਚ ਸ਼ਾਹ ਦੌਲਤ ਦਾ ਮਕਬਰਾ ਹੈ। ਸ਼ਾਹ ਦੌਲਤ ਹਜ਼ਰਤ ਸ਼ਾਹ ਯਹੀਆ ਦੇ ਖਾਨਦਾਨ ਵਿਚੋਂ ਸਨ। ਇਹ ਬੜੀ ਖੂਬਸੂਰਤ ਇਮਾਰਤ ਹੈ। ਸਮੁੱਚੀ ਦਰਗਾਹ ਚੁਨਾਰ ਦੇ ਸੁੰਦਰ ਪੱਥਰ ਨਾਲ ਬਣੀ ਹੈ। ਇਹ ਬਿਹਾਰ ਦੇ ਮਕਬਰਿਆਂ ''ਚ ਸਭ ਤੋਂ ਵਧ-ਚੜ੍ਹ ਕੇ ਹੈ। ਦਰਗਾਹ ਇਕ ਚੌਰਸ ਉੱਚੇ ਚਬੂਤਰੇ ''ਤੇ ਬਣੀ ਹੈ। ਇਸ ਦਾ ਕਮਰਾ ਗੋਲ ਹੈ ਅਤੇ ਚਾਰੇ ਪਾਸੇ ਵਿਹੜਾ ਹੈ। ਵਿਹੜੇ ਦੀ ਉੱਚੀ ਛੱਤ ''ਤੇ ਬੜੀ ਕਾਰੀਗਰੀ ਨਾਲ ਫੁੱਲ-ਪੱਤੀ ਅਤੇ ਰੇਖਾ ਗਣਿਤ ਦੇ ਚਿੱਤਰ ਬਣੇ ਹੋਏ ਹਨ। ਪੱਥਰ ਦੀਆਂ ਇਨ੍ਹਾਂ ਨੱਕਾਸ਼ੀਆਂ ਦੀ ਤੁਲਨਾ ਮਸ਼ਹੂਰ ਫਤਿਹਪੁਰ ਸੀਕਰੀ ਦੀਆਂ ਉੱਤਮ ਤੋਂ ਉੱਤਮ ਨੱਕਾਸ਼ੀਆਂ ਨਾਲ ਕੀਤੀ ਜਾ ਸਕਦੀ ਹੈ। ਦਰਗਾਹ ਦੇ ਅੰਦਰ ਦੋਵੇਂ ਪਾਸੇ ਪੱਥਰ ਦੇ ਉੱਚੇ-ਉੱਚੇ ਖੰਭੇ ਹਨ। ਉਨ੍ਹਾਂ ਵਿਚਕਾਰ ਇਕ ਪਤਲੀ ਦੀਵਾਰ ਹੈ ਅਤੇ ਉਸ ''ਤੇ ਬੜੀ ਸ਼ਾਨਦਾਰ ਖੜ੍ਹੀ ਕਾਰਨਿਸ ਬਣੀ ਹੋਈ ਹੈ। ਬਾਦਸ਼ਾਹ ਜਹਾਂਗੀਰ ਦੇ ਸਮੇਂ ਇਬਰਾਹਿਮ ਖਾਂ ਫਤਿਹਜੰਗ ਬਿਹਾਰ ਅਤੇ ਬੰਗਾਲ ਦਾ ਸੂਬੇਦਾਰ ਸੀ। ਉਸ ਨੇ ਇਸ ਦਰਗਾਹ ਨੂੰ ਬਣਵਾਇਆ ਸੀ। ਮਖਦੂਮ ਸ਼ਾਹ ਦੀ ਕਬਰ ਦੇ ਪੈਰ ਦੇ ਹੇਠਾਂ ਵੱਲ ਉਸ ਦੀ ਕਬਰ ਹੈ।
ਦਰਗਾਹ ਦੇ ਅਹਾਤੇ ''ਚ ਹੀ ਪੱਛਮ ਵੱਲ ਇਕ ਮਸਜਿਦ ਹੈ, ਜਿਸ ''ਚ ਗੁੰਬਦ ਨਹੀਂ ਹੈ ਪਰ ਉਸ ''ਤੇ ਇਕ ਲੰਬੀ ਮਹਿਰਾਬਦਾਰ ਛੱਤ ਹੈ, ਜੋ ਸੰਨ 1619 ''ਚ ਬਣੀ ਸੀ। ਦੱਖਣੀ ਕੋਨੇ ''ਤੇ ਜ਼ਮੀਨ ਦੇ ਅੰਦਰ ਕੋਠੜੀ ਹੈ। ਕਿਹਾ ਜਾਂਦਾ ਹੈ ਕਿ ਹਜ਼ਰਤ ਮਖਦੂਮ ਸ਼ਾਹ ਦੌਲਤ ਇਸ ''ਚ ਬੈਠ ਕੇ ਖੁਦਾ ਦਾ ਧਿਆਨ ਕਰਦੇ ਸਨ। ਦਰਗਾਹ ਦੇ ਉੱਤਰ ''ਚ ਜੋ ਦਰਵਾਜ਼ਾ ਹੈ, ਉਸ ਦੀ ਛੱਤ ਗੁੰਬਦਨੁਮਾ ਹੈ ਅਤੇ ਉਸ ਦੇ ਕਿਨਾਰੇ ''ਤੇ ਉੱਚੀਆਂ ਮੀਨਾਰਾਂ ਹਨ। ਦਰਵਾਜ਼ੇ ਦੇ ਦੋਵੇਂ ਪਾਸੇ ਮੋਟੀਆਂ ਮੀਨਾਰਾਂ ਹਨ, ਜਿਨ੍ਹਾਂ ''ਚ ਛੱਤ ''ਤੇ ਜਾਣ ਲਈ ਪੌੜੀਆਂ ਬਣੀਆਂ ਹੋਈਆਂ ਹਨ। ਦਰਵਾਜ਼ੇ ਤੇ ਮੀਨਾਰਾਂ ਦੇ ਅੱਗੇ ਵੱਲ ਜਾਲੀਦਾਰ ਖਿੜਕੀਆਂ ਅਤੇ ਸੋਫੇ ਬਣੇ ਹੋਏ ਹਨ, ਜਿਨ੍ਹਾਂ ਨਾਲ ਇਸ ਦੀ ਸ਼ੋਭਾ ਬਹੁਤ ਵਧ ਜਾਂਦੀ ਹੈ। ਦਰਗਾਹ ਦੇ ਦੱਖਣ ''ਚ ਇਕ ਤਾਲਾਬ ਹੈ, ਜਿਸ ਦਾ ਰਕਬਾ ਪੰਜ ਏਕੜ ਹੈ। ਇਸ ''ਚ ਪਾਣੀ ਉੱਤਰ-ਪੱਛਮ ਦੇ ਕੋਨੇ ''ਚ ਸੁਰੰਗ ਰਾਹੀਂ ਆਉਂਦਾ ਸੀ ਪਰ ਹੁਣ ਸੋਨ ਨਦੀ ਦੂਰ ਹਟ ਗਈ ਹੈ, ਇਸ ਲਈ ਸੁਰੰਗ ਰਾਹੀਂ ਪਾਣੀ ਹੁਣ ਮੀਂਹ ਪੈਣ ਸਮੇਂ ਹੀ ਆ ਸਕਦਾ ਹੈ।
ਇਬਰਾਹਿਮ ਖਾਂ ਫਤਿਹਜੰਗ ਜਿਸ ਨੇ ਦਰਗਾਹ ਬਣਵਾਈ ਸੀ ਮਿਰਜ਼ਾ ਗਿਆਸ ਬੇਗ ਦਾ ਬੇਟਾ ਸੀ। ਉਹ ਪਹਿਲੇ ਗੁਜਰਾਤ ''ਚ ਬਖਸ਼ੀ ਬਹਾਲ ਹੋਇਆ ਸੀ। ਜਦੋਂ ਉਹ ਨੌਜਵਾਨ ਸੀ, ਉਦੋਂ ਮਖਦੂਮ ਸਾਹਿਬ ਦਾ ਚੇਲਾ ਬਣ ਗਿਆ ਸੀ। ਉਹ ਬਿਹਾਰ ਅਤੇ ਬੰਗਾਲ ਦਾ ਸੂਬੇਦਾਰ ਬਣਿਆ ਅਤੇ ਸੰਨ 1622 ਤਕ ਰਿਹਾ। ਸ਼ਹਿਜ਼ਾਦਾ ਖੁੱਰਮ ਨਾਲ ਲੜਦੇ-ਲੜਦੇ ਉਹ ਮਾਰਿਆ ਗਿਆ। ਦਰਗਾਹ ''ਚ ਫਾਰਸੀ ਅੱਖਰਾਂ ''ਚ ਜੋ ਸ਼ਿਲਾਲੇਖ ਹਨ, ਉਸ ਅਨੁਸਾਰ ਉਸ ਸੰਤ ਦਾ ਦਿਹਾਂਤ ਸੰਨ 1600 ਈ. ''ਚ ਹੋਇਆ ਸੀ।
ਮਨੇਰ ਸ਼ਰੀਫ ਧਰਮ ਦੇ ਨੇਤਾਵਾਂ ਦੀਆਂ ਕਬਰਾਂ ਨਾਲ ਭਰਿਆ ਪਿਆ ਹੈ। ਛੋਟੀ ਦਰਗਾਹ ਨਾਲ ਪੱਛਮ ਮਖਦੂਮ ਸ਼ਾਹ ਬਾਰਨ ਮਲਿਕੁਲ ਉਲਮਾ ਦੀ ਕਬਰ ਹੈ। ਇਹ ਹਜ਼ਰਤ ਸ਼ੇਰਸ਼ਾਹ ਸੂਰੀ ਦੇ ਪੀਰ ਸਨ। ਢਾਈ ਕੰਗੂਰੇ ਦੀ ਮਸਜਿਦ ਕੋਲ ਹਜ਼ਰਤ ਮੋਮਿਨ ਆਰਿਫ ਦੀ ਕਬਰ ਹੈ ਅਤੇ ਵਦਖਨ ਦੇ ਤੰਗੂਰ ਕਿਲੋ ਖਾਂ ਦੀ ਕਬਰ ਵੀ ਕੋਲ ਹੀ ਹੈ। ਰਾਜਾ ਨੂੰ ਹਰਾਉਣ ਤੋਂ ਬਾਅਦ ਹਜ਼ਰਤ ਤਾਜ ਫਕੀਹ ਸਾਹਬ ਨੇ ਉਥੇ ਆਰਾਮ ਕੀਤਾ ਸੀ। ਕਿਹਾ ਜਾਂਦਾ ਹੈ ਕਿ ਰਾਜਾ ਦੇ ਰਾਜਮਹੱਲ ਦੇ ਇਕ ਦਾਲਾਨ ''ਚ ਹਜ਼ਰਤ ਮਖਦੂਮ ਯਹੀਆ ਪੈਦਾ ਹੋਏ ਸਨ। ਇਥੇ ਇਕ ਅਨੋਖੀ ਚੌਕੀ ਸੀ ਜੋ ਲੱਕੜ ਦੇ ਇਕ ਹੀ ਟੁਕੜੇ ਨਾਲ ਬਣੀ ਸੀ। ਇਸੇ ਚੌਕੀ ''ਤੇ ਬੈਠ ਕੇ ਹਜ਼ਰਤ ਮਖਦੂਮ ਸ਼ਰਫੂਦੀਨ ਦੀ ਮਾਂ ਇਬਾਦਤ ਕਰਦੀ ਸੀ। ਹਜ਼ਰਤ ਰੁਕਨੂਦੀਨ ਮਰਘਿਲਾਨੀ ਚਿਸ਼ਤੀਆ ਸੰਪ੍ਰਦਾਇ ਦੇ ਸੂਫੀ ਸਨ, ਜੋ ਹਜ਼ਰਤ ਮਖਦੂਮ ਯਹੀਆ ਦੇ ਗੁਰੂ ਸਨ, ਉਨ੍ਹਾਂ ਦੀ ਸਮਾਧੀ ਵੀ ਉਥੇ ਹੈ।
- ਰਾਧਾਕਾਂਤ ਭਾਰਤੀ