ਮਾਲਾ ਨੇ ਸ਼ਾਸਤਰ-ਚਰਚਾ 'ਚ ਸ਼ੰਕਰਾਚਾਰੀਆ ਨੂੰ ਦਿਵਾਈ ਸੀ ਜਿੱਤ

11/19/2017 11:05:48 AM

ਆਦਿ ਸ਼ੰਕਰਾਚਾਰੀਆ ਤੇ ਮੰਡਨ ਮਿਸ਼ਰ ਦਰਮਿਆਨ 16 ਦਿਨ ਲਗਾਤਾਰ ਸ਼ਾਸਤਰ-ਚਰਚਾ ਚੱਲੀ। ਇਸ ਚਰਚਾ ਵਿਚ ਮੰਡਨ ਮਿਸ਼ਰ ਦੀ ਧਰਮ ਪਤਨੀ ਦੇਵੀ ਭਾਰਤੀ ਨੂੰ ਜੱਜ ਬਣਾਇਆ ਗਿਆ ਸੀ। ਹਾਰ-ਜਿੱਤ ਦਾ ਫੈਸਲਾ ਹੋਣਾ ਬਾਕੀ ਸੀ। ਇਸ ਦਰਮਿਆਨ ਦੇਵੀ ਭਾਰਤੀ ਨੂੰ ਕਿਸੇ ਜ਼ਰੂਰੀ ਕੰਮ ਤੋਂ ਕੁਝ ਸਮੇਂ ਲਈ ਉਥੋਂ ਬਾਹਰ ਜਾਣਾ ਪੈ ਗਿਆ। ਜਾਣ ਤੋਂ ਪਹਿਲਾਂ ਦੇਵੀ ਭਾਰਤੀ ਨੇ ਦੋਵਾਂ ਵਿਦਵਾਨਾਂ ਦੇ ਗਲੇ ਵਿਚ ਇਕ-ਇਕ ਫੁੱਲ ਮਾਲਾ ਪਾਉਂਦਿਆਂ ਕਿਹਾ,''ਇਹ ਦੋਵੇਂ ਮਾਲਾਵਾਂ ਮੇਰੀ ਗੈਰ-ਮੌਜੂਦਗੀ 'ਚ ਤੁਹਾਡੀ ਜਿੱਤ-ਹਾਰ ਦਾ ਫੈਸਲਾ ਕਰਨਗੀਆਂ।''
ਇਹ ਕਹਿ ਕੇ ਦੇਵੀ ਭਾਰਤੀ ਉਥੋਂ ਚਲੀ ਗਈ। ਸ਼ਾਸਤਰ-ਚਰਚਾ ਦੀ ਪ੍ਰਕਿਰਿਆ ਅੱਗੇ ਚੱਲਦੀ ਰਹੀ। ਕੁਝ ਦੇਰ ਬਾਅਦ ਦੇਵੀ ਭਾਰਤੀ ਆਪਣਾ ਕੰਮ ਕਰ ਕੇ ਮੁੜੀ। ਉਸ ਨੇ ਸ਼ੰਕਰਾਚਾਰੀਆ ਤੇ ਮੰਡਨ ਮਿਸ਼ਰ ਨੂੰ ਵਾਰੀ-ਵਾਰੀ ਦੇਖਿਆ ਅਤੇ ਆਪਣਾ ਫੈਸਲਾ ਸੁਣਾ ਦਿੱਤਾ। ਉਸ ਦੇ ਫੈਸਲੇ ਅਨੁਸਾਰ ਆਦਿ ਸ਼ੰਕਰਾਚਾਰੀਆ ਨੂੰ ਜੇਤੂ ਐਲਾਨਿਆ ਗਿਆ ਅਤੇ ਉਸ ਦੇ ਪਤੀ ਮੰਡਨ ਮਿਸ਼ਰ ਦੀ ਹਾਰ ਹੋਈ। ਸਾਰੇ ਦਰਸ਼ਕ ਹੈਰਾਨ ਰਹਿ ਗਏ ਕਿ ਬਿਨਾਂ ਕਿਸੇ ਆਧਾਰ ਦੇ ਦੇਵੀ ਭਾਰਤੀ ਨੇ ਕਿਵੇਂ ਆਪਣੇ ਪਤੀ ਨੂੰ ਹਾਰਿਆ ਕਰਾਰ ਦੇ ਦਿੱਤਾ?
ਇਕ ਵਿਦਵਾਨ ਨੇ ਦੇਵੀ ਭਾਰਤੀ ਨੂੰ ਨਿਮਰਤਾ ਨਾਲ ਕਿਹਾ,''ਹੇ ਦੇਵੀ, ਤੂੰ ਤਾਂ ਸ਼ਾਸਤਰ-ਚਰਚਾ ਨੂੰ ਅੱਧ-ਵਿਚਕਾਰ ਹੀ ਛੱਡ ਕੇ ਕਿਤੇ ਚਲੀ ਗਈ ਸੀ, ਫਿਰ ਮੁੜਨ 'ਤੇ ਤੂੰ ਅਜਿਹਾ ਫੈਸਲਾ ਕਿਵੇਂ ਦੇ ਦਿੱਤਾ?''
ਦੇਵੀ ਭਾਰਤੀ ਨੇ ਮੁਸਕਰਾ ਕੇ ਜਵਾਬ ਦਿੱਤਾ,''ਜਦੋਂ ਵੀ ਕੋਈ ਵਿਦਵਾਨ ਸ਼ਾਸਤਰ-ਚਰਚਾ 'ਚ ਹਾਰਨ ਲਗਦਾ ਹੈ, ਜਦੋਂ ਉਸ ਨੂੰ ਹਾਰ ਦੀ ਝਲਕ ਨਜ਼ਰ ਆਉਣ ਲਗਦੀ ਹੈ ਤਾਂ ਸੁਭਾਵਿਕ ਤੌਰ 'ਤੇ ਉਹ ਗੁੱਸੇ ਵਿਚ ਆ ਜਾਂਦਾ  ਹੈ। ਤੁਸੀਂ ਧਿਆਨ ਦਿਓ ਕਿ ਮੇਰੇ ਪਤੀ ਦੇ ਗਲੇ ਦੀ ਮਾਲਾ ਉਨ੍ਹਾਂ ਦੇ ਗੁੱਸੇ ਦੇ ਤਾਪ ਨਾਲ ਸੁੱਕ ਚੁੱਕੀ ਸੀ, ਜਦੋਂਕਿ ਸ਼ੰਕਰਾਚਾਰੀਆ ਜੀ ਦੀ ਮਾਲਾ ਦੇ ਫੁੱਲ ਅਜੇ ਵੀ ਪਹਿਲਾਂ ਵਾਂਗ ਤਾਜ਼ਾ ਹਨ। ਇਸ ਤੋਂ ਪਤਾ ਲਗਦਾ ਹੈ ਕਿ ਇਸ ਸ਼ਾਸਤਰ-ਚਰਚਾ ਵਿਚ ਆਦਿ ਸ਼ੰਕਰਾਚਾਰੀਆ ਦੀ ਹੀ ਜਿੱਤ ਹੋਈ ਹੈ।''
ਦੇਵੀ ਭਾਰਤੀ ਦੀ ਇਹ ਗੱਲ ਸੁਣ ਕੇ ਉਸ ਦੇ ਫੈਸਲੇ 'ਤੇ ਸਵਾਲ ਕਰਨ ਵਾਲਿਆਂ ਦਾ ਮੂੰਹ ਬੰਦ ਹੋ ਗਿਆ।