ਪਾਲਾਗਾਮੀ ਲਕਸ਼ਲਿੰਗ

9/19/2016 7:01:17 AM

ਛੱਤੀਸਗੜ੍ਹ ਦੀ ਰਾਜਧਾਨੀ ਰਾਏਪੁਰ ਤੋਂ 120 ਕਿਲੋਮੀਟਰ ਮਸ਼ਹੂਰ ਖਰੌਦ ਨਗਰ ''ਚ ਸਥਿਤ ਲਕਸ਼ਮਣੇਸ਼ਵਰ ਮਹਾਦੇਵ ਮੰਦਰ ਆਪਣੇ ਆਪ ''ਚ ਅਦਭੁੱਤ ਹੈ। ਖਰੌਦ ਪੁਰਾਣੇ ਛੱਤੀਸਗੜ੍ਹ ਦੇ ਪੰਜ ਲਲਿਤ ਕਲਾ ਕੇਂਦਰਾਂ ''ਚੋਂ ਇਕ ਹੈ ਅਤੇ ਮੋਕਸ਼ਦਾਇਕ ਨਗਰ ਮੰਨੇ ਜਾਣ ਕਾਰਨ ਇਸ ਨੂੰ ਛੱਤੀਸਗੜ੍ਹ ਦੀ ਕਾਸ਼ੀ ਵੀ ਕਿਹਾ ਜਾਂਦਾ ਹੈ। ਮੰਨਿਆ ਜਾਂਦਾ ਹੈ ਕਿ ਇਥੇ ਰਾਮਾਇਣਕਾਲੀ ਸ਼ਬਰੀ ਉਦਾਰ ਤੇ ਲੰਕਾ ਜੇਤੂ ਦੇ ਭਰਾ ਲਕਸ਼ਮਣ ਦੀ ਬੇਨਤੀ ''ਤੇ ਭਗਵਾਨ ਸ਼੍ਰੀ ਰਾਮ ਨੇ ਲਕਸ਼ਮਣ ਦੇ ਨਾਲ ਖਰ ਅਤੇ ਦੂਸ਼ਣ ਦੀ ਮੁਕਤੀ ਤੋਂ ਬਾਅਦ ''ਲਕਸ਼ਮਣੇਸ਼ਵਰ ਮਹਾਦੇਵ'' ਦੀ ਸਥਾਪਨਾ ਕੀਤੀ ਸੀ।
ਮਾਨਤਾ ਹੈ ਕਿ ਮੰਦਰ ਦੇ ਅੰਦਰ ਸ਼੍ਰੀ ਰਾਮ ਦੇ ਭਰਾ ਲਕਸ਼ਮਣ ਵਲੋਂ ਸਥਾਪਤ ਲਕਸ਼ਯਲਿੰਗ ਸਥਿਤ ਹੈ। ਇਸ ਨੂੰ ਲਖੇਸ਼ਵਰ ਮੰਦਰ ਵੀ ਕਿਹਾ ਜਾਂਦਾ ਹੈ ਕਿਉਂਕਿ ਇਸ ''ਚ ਇਕ ਲੱਖ ਲਿੰਗ ਹਨ।
ਇਤਿਹਾਸਕਾਰਾਂ ਅਨੁਸਾਰ ਇਸ ਮੰਦਰ ਦਾ ਨਿਰਮਾਣ ਛੇਵੀਂ ਸ਼ਤਾਬਦੀ ''ਚ ਹੋਇਆ ਸੀ। ਇਹ ਨਗਰ ਦੇ ਮੁੱਖ ਦੇਵ ਦੇ ਰੂਪ ''ਚ ਪੱਛਮ ਦਿਸ਼ਾ ''ਚ ਸਥਿਤ ਹੈ। ਮੰਦਰ ''ਚ ਚਾਰੋਂ ਪਾਸੇ ਪੱਥਰ ਦੀ ਮਜ਼ਬੂਤ ਦੀਵਾਰ ਦੇ ਅੰਦਰ 110 ਫੁੱਟ ਲੰਬਾ ਅਤੇ 87 ਫੁੱਟ ਚੌੜਾ ਚੌਬਾਰਾ ਹੈ, ਜਿਸ ਦੇ ਉਪਰ 87 ਫੁੱਟ ਉੱਚਾ ਅਤੇ 30 ਫੁੱਟ ਗੋਲਾਈ ਲਈ ਮੰਦਰ ਸਥਿਤ ਹੈ। ਮੰਦਰ ਦੇ ਮੁੱਖ ਦਰਵਾਜ਼ੇ ''ਚ ਦਾਖਲ ਹੁੰਦੇ ਹੀ ਸਭਾ ਮੰਡਪ ਮਿਲਦਾ ਹੈ। ਇਸ ਦੇ ਦੱਖਣ ਅਤੇ ਖੱਬੇ ਹਿੱਸੇ ''ਚ ਇਕ-ਇਕ ਸ਼ਿਲਾਲੇਖ ਦੀਵਾਰ ''ਚ ਲੱਗਾ ਹੈ। ਇਸ ''ਚ ਅੱਠਵੀਂ ਸ਼ਤਾਬਦੀ ਦੇ ਇੰਦਰਬਲ ਅਤੇ ਈਸ਼ਾਨਦੇਵ ਨਾਂ ਦੇ ਸ਼ਾਸਕਾਂ ਦਾ ਜ਼ਿਕਰ ਹੈ। ਮੰਦਰ ਦੇ ਖੱਬੇ ਹਿੱਸੇ ਦਾ ਸ਼ਿਲਾਲੇਖ ਸੰਸਕ੍ਰਿਤ ਭਾਸ਼ਾ ''ਚ ਹੈ। ਇਸ ''ਚ 44 ਸਲੋਕ ਹਨ।
ਚੰਦਰਵੰਸ਼ੀ ਹੈਹਯਵੰਸ਼ ''ਚ ਰਤਨਪੁਰ ਦੇ ਰਾਜਿਆਂ ਦਾ ਜਨਮ ਹੋਇਆ ਸੀ। ਉਨ੍ਹਾਂ ਵਲੋਂ ਕਈ ਮੰਦਰ, ਮੱਠ ਤੇ ਤਾਲਾਬ ਆਦਿ ਬਣਾਉਣ ਦਾ ਜ਼ਿਕਰ ਇਸ ਸ਼ਿਲਾਲੇਖ ''ਚ ਹੈ। ਰਤਨਦੇਵ ਤੀਜੇ ਦੀ ਰਾਲਹਾ ਅਤੇ ਪਦਯ ਨਾਂ ਦੀਆਂ ਦੋ ਰਾਣੀਆਂ ਸਨ। ਰਾਲਹਾ ਤੋਂ ਸੰਪ੍ਰਦ ਅਤੇ ਜੀਜਾਕ ਨਾਂ ਦੇ ਪੁੱਤਰ ਹੋਏ। ਪਦਯਾ ਤੋਂ ਸ਼ੇਰ ਸਮਾਨ ਤਾਕਤਵਰ ਪੁੱਤਰ ਖਡਗਦੇਵ ਹੋਏ ਜੋ ਰਤਨਪੁਰ ਦੇ ਰਾਜਾ ਵੀ ਹੋਏ। ਉਨ੍ਹਾਂ ਨੇ ਲਕਸ਼ਮਣੇਸ਼ਵਰ ਮੰਦਰ ਦੀ ਮੁਰੰਮਤ ਕਰਵਾਈ। ਮੰਦਰ ਦੇ ਬਾਹਰ ਪਰਿਕਰਮਾ ''ਚ ਰਾਜਾ ਖਡਗਦੇਵ ਅਤੇ ਉਸ ਦੀ ਰਾਣੀ ਹੱਥ ਜੋੜੇ ਸਥਿਤ ਹੈ। ਪ੍ਰਵੇਸ਼ ਦਰਵਾਜ਼ੇ ਦੇ ਪੱਛਮੀ ਹਿੱਸੇ ''ਚ ਕਲਾਕ੍ਰਿਤੀਆਂ ਨਾਲ ਸਜੇ ਦੋ ਸਤੰਭ ਹਨ। ਇਨ੍ਹਾਂ ''ਚੋਂ ਇਕ ਸਤੰਭ ''ਚ ਰਾਵਣ ਵਲੋਂ ਕੈਲਾਸੋਤਾਲਣ ਅਤੇ ਅਰਧਨਾਰੀਸ਼ਵਰ ਦੇ ਦ੍ਰਿਸ਼ ਉਕਰੇ ਹੋਏ ਹਨ।
ਇਸੇ ਤਰ੍ਹਾਂ ਦੂਜੇ ਸਤੰਭ ''ਚ ਰਾਮਚਰਿਤ ਨਾਲ ਸੰਬੰਧਤ ਦ੍ਰਿਸ਼ ਜਿਵੇਂ ਰਾਮ-ਸੁਗਰੀਵ ਮਿੱਤਰਤਾ, ਬਾਲੀ ਦਾ ਵਧ, ਸ਼ਿਵ ਤਾਂਡਵ ਅਤੇ ਸਾਧਾਰਨ ਜੀਵਨ ਨਾਲ ਸੰਬੰਧਤ ਇਕ ਬੱਚੇ ਨਾਲ ਇਸਤਰੀ-ਪੁਰਸ਼ ਅਤੇ ਦੰਡਧਾਰੀ ਪੁਰਸ਼ ਉਕਰੇ ਹਨ। ਪ੍ਰਵੇਸ਼ ਦਰਵਾਜ਼ੇ ''ਤੇ ਗੰਗਾ-ਜਮੁਨਾ ਦੀਆਂ ਮੂਰਤੀਆਂ ਹਨ। ਮੰਦਰ ਦੇ ਸ਼ਿਵਲਿੰਗ ''ਚ ਇਕ ਲੱਖ ਛੇਕ ਹਨ। ਇਸ ਲਈ ਇਸ ਨੂੰ ''ਲਕਸ਼ਲਿੰਗ'' ਕਿਹਾ ਜਾਂਦਾ ਹੈ। ਇਨ੍ਹਾਂ ਲੱਖਾਂ ਛੇਕਾਂ ''ਚੋਂ ਇਕ ਛੇਕ ਅਜਿਹਾ ਹੈ ਜੋ ਪਾਤਾਲਗਾਮੀ ਹੈ ਕਿਉਂਕਿ ਉਸ ''ਚ ਕਿੰਨਾ ਵੀ ਪਾਣੀ ਪਾਓ ਉਹ ਉਸ ''ਚ ਸਮਾ ਜਾਂਦਾ ਹੈ, ਉਥੇ ਲਿੰਗ ''ਚੋਂ ਇਕ ਹੋਰ ਛੇਕ ਬਾਰੇ ਮਾਨਤਾ ਹੈ ਕਿ ਇਹ ਅਕਸ਼ੈ ਛੇਕ ਹੈ। ਉਸ ''ਚ ਹਮੇਸ਼ਾ ਜਲ ਭਰਿਆ ਰਹਿੰਦਾ ਹੈ ਜੋ ਕਦੇ ਸੁੱਕਦਾ ਹੀ ਨਹੀਂ ਹੈ। ਲਕਸ਼ਲਿੰਗ ''ਤੇ ਚੜ੍ਹਾਇਆ ਜਲ ਮੰਦਰ ਦੇ ਪਿੱਛੇ ਸਥਿਤ ਕੁੰਡ ''ਚ ਚਲੇ ਜਾਣ ਦੀ ਵੀ ਮਾਨਤਾ ਹੈ। ਲਕਸ਼ਲਿੰਗ ਜ਼ਮੀਨ ਤੋਂ ਲਗਭਗ 30 ਫੁੱਟ ਉਪਰ ਹੈ ਅਤੇ ਇਸ ਨੂੰ ਸਵੈਯੰਭੂ ਲਿੰਗ ਵੀ ਮੰਨਿਆ ਜਾਂਦਾ ਹੈ। ਲਕਸ਼ਲਿੰਗ ਦੇ ਪਿੱਛੇ ਰਾਮਾਇਣ ਦੀ ਇਕ ਰੌਚਕ ਕਹਾਣੀ ਹੈ। ਰਾਵਣ ਬ੍ਰਾਹਮਣ ਸੀ। ਇਸ ਲਈ ਉਸ ਦਾ ਵਧ ਕਰਨ ਤੋਂ ਬਾਅਦ ਭਗਵਾਨ ਰਾਮ ਨੂੰ ਬ੍ਰਹਮ ਹੱਤਿਆ ਦਾ ਪਾਪ ਲੱਗਾ। ਇਸ ਤੋਂ ਮੁਕਤੀ ਪਾਉਣ ਲਈ ਰਾਮ-ਲਕਸ਼ਮਣ ਨੇ ਸ਼ਿਵ ਦੇ ਜਲ ਅਭਿਸ਼ੇਕ ਦਾ ਪ੍ਰਣ ਲਿਆ। ਲਕਸ਼ਮਣ ਸਾਰੇ ਮੁੱਖ ਤੀਰਥ ਸਥਾਨਾਂ ਤੋਂ ਜਲ ਇਕੱਠਾ ਕਰਨ ਨਿਕਲੇ।
ਇਸ ਦੌਰਾਨ ਗੁਪਤ ਤੀਰਥ ਸ਼ਿਵਰੀਨਾਰਾਇਣ ਤੋਂ ਜਲ ਲੈ ਕੇ ਅਯੁੱਧਿਆ ਲਈ ਨਿਕਲਦੇ ਸਮੇਂ ਉਹ ਰੋਗਗ੍ਰਸਤ ਹੋ ਗਏ। ਰੋਗ ਤੋਂ ਛੁਟਕਾਰਾ ਪਾਉਣ ਲਈ ਲਕਸ਼ਮਣ ਨੇ ਸ਼ਿਵ ਪੂਜਾ ਕੀਤੀ। ਖੁਸ਼ ਹੋ ਕੇ ਸ਼ਿਵ ਨੇ ਲਕਸ਼ਮਣ ਨੂੰ ਦਰਸ਼ਨ ਦਿੱਤੇ ਅਤੇ ਲਕਸ਼ਲਿੰਗ ਰੂਪ ''ਚ ਬਿਰਾਜਮਾਨ ਹੋ ਗਏ। ਲਕਸ਼ਮਣ ਨੇ ਲਕਸ਼ਲਿੰਗ ਦੀ ਪੂਜਾ ਕੀਤੀ ਅਤੇ ਰੋਗ ਮੁਕਤ ਹੋ ਗਏ। ਇਸ ਲਈ ਇਹ ਮੰਦਰ ਲਕਸ਼ਮਣੇਸ਼ਵਰ ਮਹਾਦੇਵ ਦੇ ਨਾਂ ਨਾਲ ਮਸ਼ਹੂਰ ਹੋਇਆ। ਉਦੋਂ ਤੋਂ ਇਸ ਨੂੰ ਲੋਕ ਲਕਸ਼ਮਣੇਸ਼ਵਰ ਮਹਾਦੇਵ ਦੇ ਨਾਂ ਨਾਲ ਹੀ ਜਾਣਦੇ ਹਨ। ਨੇੜੇ ਸਥਿਤ ਹੋਰ ਮੁੱਖ ਮੰਦਰਾਂ ''ਚੋਂ ਅੰਦਲਦੇਯੋ ਅਤੇ ਸ਼ਬਰੀ ਮੰਦਰ ਵੀ ਸ਼ਾਮਲ ਹੈ।
- ਮੋਹਨ ਤਿਵਾਰੀ