ਭਗਵਾਨ ਵਿਸ਼ਨੂੰ ਜੀ ਦੇ 6ਵੇਂ ਅੰਸ਼ਾਵਤਾਰ ਭਗਵਾਨ ਸ਼੍ਰੀ ਪਰਸ਼ੂਰਾਮ

4/24/2017 7:10:15 AM

''''ਜਦੋਂ-ਜਦੋਂ ਵੀ ਧਰਤ ''ਤੇ ਪਾਪ ਅਤੇ ਅੱਤਿਆਚਾਰ ਵਧ ਜਾਂਦੇ ਹਨ, ਧਰਮ ਦੀ ਹਾਨੀ ਹੁੰਦੀ ਹੈ, ਉਦੋਂ-ਉਦੋਂ ਹੀ ਪਾਪ ਤੇ ਪਾਪੀਆਂ ਦਾ ਨਾਸ਼ ਕਰਨ, ਰਿਸ਼ੀਆਂ-ਮੁਨੀਆਂ ਦੀ ਰੱਖਿਆ ਅਤੇ ਕਲਿਆਣ ਕਰਨ, ਫਿਰ ਤੋਂ ਧਰਮ ਦੀ ਸਥਾਪਨਾ ਲਈ ਈਸ਼ਵਰ ਆਪ ਮਨੁੱਖ ਰੂਪ ਵਿਚ ਅਵਤਾਰ ਧਾਰਨ ਕਰਦੇ ਹਨ।'''' ਇਹ ਰੱਬੀ ਬੋਲ ਸ਼੍ਰੀਮਦ ਭਾਗਵਤ ਗੀਤਾ ਵਿਚ ਭਗਵਾਨ ਸ਼੍ਰੀ ਕ੍ਰਿਸ਼ਨ ਜੀ ਵਲੋਂ ਲੋਕਾਈ ਨੂੰ ਕਲਿਆਣ ਪ੍ਰਦਾਨ ਕਰਨ ਦੇ ਉਦੇਸ਼ ਨਾਲ ਉਚਾਰੇ ਗਏ ਹਨ। ਅਜਿਹਾ ਹਰ ਯੁੱਗ ਅੰਦਰ ਪ੍ਰਤੱਖ ਹੁੰਦਾ ਆਇਆ ਹੈ ਅਤੇ ਹੁੰਦਾ ਰਹੇਗਾ। ਅਜਿਹੀ ਵੇਦ-ਉਦਘੋਸ਼ਣਾ/ਧਾਰਨਾ ਨੂੰ ਸੱਚਾ ਸਿੱਧ ਕਰਦਿਆਂ ਭਗਵਾਨ ਸ਼੍ਰੀ ਪਰਸ਼ੂਰਾਮ ਜੀ ਨੇ ਅਵਤਾਰ ਰੂਪ ਧਾਰਨ ਕਰਕੇ, ਚੰਡਾਲ ਲੋਕਾਂ ਵਲੋਂ ਕੀਤੇ ਜਾ ਰਹੇ ਜ਼ੁਲਮਾਂ ਤੋਂ ਬਚਾਉਣ ਲਈ ਪਰਮੇਸ਼ਵਰ ਅੱਗੇ ''ਤ੍ਰਾਹਿ ਮਾਮ-ਤ੍ਰਾਹਿ ਮਾਮ''/ਬਚਾਓ-ਬਚਾਓ ਕਰਦੀ ਧਰਤ ਨੂੰ ਅੱਤਿਆਚਾਰੀ ਤੇ ਜ਼ਾਲਮ ਰਾਜਿਆਂ ਤੋਂ ਮੁਕਤ ਕਰਵਾਇਆ।
ਵੇਦ-ਸ਼ਾਸਤਰਾਂ ਵਿਚ ਇਹ ਸਪੱਸ਼ਟ ਲਿਖਿਆ ਗਿਆ ਹੈ ਕਿ ਭਗਵਾਨ ਵਿਸ਼ਨੂੰ ਜੀ ਦੇ 10 ਅਵਤਾਰ ਹੋਏ ਹਨ—1. ਮਤਸਯਾ, 2. ਕੂਰਮ, 3. ਵਾਰਾਹ, 4. ਨਰਸਿੰਹ, 5. ਵਾਮਨ, 6. ਪਰਸ਼ੂਰਾਮ, 7. ਸ਼੍ਰੀ ਰਾਮ, 8. ਸ਼੍ਰੀ ਕ੍ਰਿਸ਼ਨ, 9. ਬੁੱਧ, 10. ਕਲਕਿ ਅਵਤਾਰ (ਜਿਨ੍ਹਾਂ ਬਾਰੇ ਸ਼ਾਸਤਰਾਂ ਦਾ ਮਤ ਹੈ ਕਿ ਕਲਕਿ ਅਵਤਾਰ ਭਵਿੱਖ ਦੇ ਅਵਤਾਰ ਹੋਣਗੇ)
ਭਗਵਾਨ ਸ਼੍ਰੀ ਪਰਸ਼ੂਰਾਮ ਜੀ ਭਗਵਾਨ ਵਿਸ਼ਨੂੰ ਜੀ ਦੇ 6ਵੇਂ ਅੰਸ਼ਾਵਤਾਰ ਹਨ। ਭਗਵਾਨ ਸ਼੍ਰੀ ਪਰਸ਼ੂਰਾਮ ਜੀ ਨੇ ਰਿਸ਼ੀ ਯਮਦਗਨੀ ਦੀ ਧਰਮਾਤਮਾ ਪਤਨੀ ਰੇਣੂਕਾ (ਜੋ ਕਿ ਈਕਸ਼ਵਾਕੂ ਵੰਸ਼ ਦੇ ਮਹਾਰਾਜਾ ਪ੍ਰਸੇਨਜਿਤ ਦੀ ਸਪੁੱਤਰੀ ਸੀ) ਦੀ ਕੁੱਖੋਂ ਵਿਸਾਖ ਮਹੀਨੇ ਸ਼ੁਕਲ ਪੱਖ ਦੀ ਅਕਸ਼ੈ ਤ੍ਰਿਤੀਆ (ਤੀਜ) ਨੂੰ ਰਾਤ ਦੇ ਪਹਿਲੇ ਪਹਿਰ ਅਵਤਾਰ ਧਾਰਨ ਕੀਤਾ। ਆਪ ਜੀ ਦੇ ਬਚਪਨ ਦਾ ਨਾਂ ਰਾਮ ਸੀ। ਆਪ ਆਪਣੇ ਭਰਾਵਾਂ ਰੁਕਮਵਾਨ, ਸੁਸ਼ੇਣਵਸੂ, ਵਿਸ਼ਵਾਸੂ ਤੋਂ ਸਭ ਤੋਂ ਛੋਟੇ ਸਨ। ਬਚਪਨ ਤੋਂ ਹੀ ਆਪ ਭਗਵਾਨ ਸ਼ਿਵ ਦੀ ਤਪੱਸਿਆ ਵਿਚ ਲੱਗੇ ਰਹਿੰਦੇ ਸਨ। ਭਗਵਾਨ ਸ਼ਿਵ ਵਲੋਂ ਇਨ੍ਹਾਂ ਦੀ ਭਗਤੀ ਤੋਂ ਪ੍ਰਸੰਨ ਹੋ ਕੇ ਇਨ੍ਹਾਂ ਨੂੰ ਪਰਸ਼ਾ/ਫਰਸ਼ਾ ਵਰਦਾਨ ਵਜੋਂ ਦਿੱਤਾ ਗਿਆ ਸੀ। ਇਨ੍ਹਾਂ ਵਲੋਂ ਸ਼ਿਵ ਦੀ ਆਗਿਆ ਅਨੁਸਾਰ ਪਰਸ਼ੇ ਦੀ ਵਰਤੋਂ ਗਰੀਬ-ਮਜ਼ਲੂਮ ਦੇ ਹੱਕ ਵਿਚ ਕਰਦਿਆਂ ਦੇਖ ਕੇ ''ਪਰਸ਼ੂਰਾਮ'' ਵਜੋਂ ਲੋਕਾਂ ਨੇ ਜੈ-ਜੈਕਾਰ ਕੀਤੀ।
ਸਰਸਵਤੀ ਨਦੀ ਦੇ ਕਿਨਾਰੇ ਸਥਿਤ ਭੂਮੀ, ਜਿਸਨੂੰ ਯੱਗ-ਹਵਨ ਅਤੇ ਪੂਜਾ ਅਰਾਧਨਾ ਦੀ ਭੂਮੀ ਕਹਿ ਕੇ ਸੰਬੋਧਿਤ ਕੀਤਾ ਜਾਂਦਾ ਹੈ, ਭਗਵਾਨ ਪਰਸ਼ੂਰਾਮ ਜੀ ਦੀ ਜਨਮ/ਮਾਤ ਭੂਮੀ ਹੈ। ਭਗਵਾਨ ਪਰਸ਼ੂਰਾਮ ਜੀ ਭਗਤੀ ਤੇ ਸ਼ਕਤੀ ਦੇ ਪ੍ਰਤੀਕ, ਗਿਆਨ ਦੇ ਸੋਮੇ, ਯੋਗ, ਵੇਦ, ਨੀਤੀ ਵਿਚ ਨਿਪੁੰਨ, ਬ੍ਰਹਮ ਵਿੱਦਿਆ ਤੇ ਸ਼ਸਤਰ ਵਿੱਦਿਆ ਵਿਚ ਕੁਸ਼ਲ ਸਨ।
ਭਗਵਾਨ ਪਰਸ਼ੂਰਾਮ ਜੀ ਨੇ ਆਪਣੇ ਸ਼ਸਤਰਾਂ ਦੀ ਵਰਤੋਂ ਕਿਸੇ ਧਰਮ ਜਾਂ ਜਾਤੀ ਵਿਰੁੱਧ ਨਹੀਂ ਸੀ ਕੀਤੀ, ਉਨ੍ਹਾਂ ਨੇ ਆਪਣੇ ਸ਼ਸਤਰ ਸਦਾ ਤਾਕਤ ਦੇ ਨਸ਼ੇ ਵਿਚ ਚੂਰ ਅਤੇ ਆਪਣੀ ਪਰਜਾ ''ਤੇ ਜ਼ੁਲਮ ਕਰਨ ਵਾਲੇ ਰਾਜਿਆਂ ਵਿਰੁੱਧ ਉਠਾਏ।
ਅਧਿਆਤਮਵਾਦ ਦੀ ਦੁਨੀਆ ਇਹ ਮੰਨਦੀ ਹੈ ਕਿ ਪਰਸ਼ੂਰਾਮ ਜੀ ਆਪ ਹੀ ਭਗਤ, ਭਗਤੀ ਤੇ ਭਗਵਾਨ ਸਨ। ਇਨ੍ਹਾਂ ਲਈ ਆਪਣੇ ਮਾਤਾ-ਪਿਤਾ ਹੀ ਈਸ਼ਵਰ ਰੂਪ ਸਨ। ਆਪ ਨੇ ਮਾਤਾ-ਪਿਤਾ ਦੀ ਹਰ ਆਗਿਆ ਨੂੰ ''ਈਸ਼ਵਰ—ਆਗਿਆ'' ਮੰਨ ਕੇ ਖਿੜੇ ਮੱਥੇ ਪ੍ਰਵਾਨ ਕੀਤਾ। ਹਿੰਦੂ ਧਰਮ ਗ੍ਰੰਥਾਂ ਵਿਚ ਲਿਖਿਆ ਵੀ ਗਿਆ ਹੈ : ''ਮਾਤਰਿ ਦੇਵੋ ਭਵਾਹ'', ਪਿਤਰਿ ਦੇਵੋ ਭਵਾਹ'' ਅਰਥਾਤ ਮਾਤਾ-ਪਿਤਾ ਹੀ ਦੇਵਤਾ ਹਨ। ਅਜੋਕੇ ਸਮੇਂ ਤਾਂ ਇਹ ਪਵਿੱਤਰ ਸਿੱਖਿਆ ਹੋਰ ਵੀ ਜ਼ਰੂਰੀ ਹੋ ਜਾਂਦੀ ਹੈ। ਪ੍ਰਤੱਖ ਨੂੰ ਪ੍ਰਮਾਣ ਦੀ ਕੀ ਜ਼ਰੂਰਤ ਹੈ : ਅੱਜ ਦੇ ਬੱਚੇ ਆਪਣੇ ਮਾਪਿਆਂ ਦੀ ਆਗਿਆ ਮੰਨਣ ਤੋਂ ਮੁਨਕਰ ਹੋ ਰਹੇ ਹਨ, ਜਦੋਂਕਿ ਮਾਤਾ-ਪਿਤਾ ਦਾ ਆਸ਼ੀਰਵਾਦ ਮਨੁੱਖ ਨੂੰ ਅਲੌਕਿਕ ਤੇ ਅਸੀਮ ਸ਼ਕਤੀ ਪ੍ਰਾਪਤ ਕਰਵਾ ਸਕਦਾ ਹੈ।
ਪੌਰਾਣਿਕ ਕਥਾ ਅਨੁਸਾਰ ਕਾਰਤਵੀਰਯ ਅਰਜੁਨ ਨਾਮ ਦੇ ਰਾਜਾ ਨੇ ਭਗਵਾਨ ਪਰਸ਼ੂਰਾਮ ਜੀ ਦੇ ਸ਼ਿਵ ਤਪੱਸਿਆ ਲਈ ਜਾਣ ਪਿੱਛੋਂ ਉਨ੍ਹਾਂ ਦੇ ਪਿਤਾ ਰਿਸ਼ੀ ਜਮਦਗਨੀ ਦੇ ਆਸ਼ਰਮ ''ਤੇ ਹਮਲਾ ਕਰਕੇ ਰਿਸ਼ੀ ਜਮਦਗਨੀ ਦਾ ਕਤਲ ਕਰਕੇ ਤੇ ਆਸ਼ਰਮ ਨੂੰ ਤਹਿਸ-ਨਹਿਸ ਕਰਨ ਪਿੱਛੋਂ ਮਨ ਦੀ ਹਰ ਇੱਛਾ ਪੂਰਿਆਂ ਕਰਨ ਵਾਲੀ ਕਾਮਧੇਨੂੰ ਗਊ ਨੂੰ ਚੁਰਾ ਲਿਆ ਸੀ। ਇਹ ਸਭ ਗਿਆਤ ਹੋਣ ''ਤੇ ਕ੍ਰੋਧ ਵਿਚ ਪਰਸ਼ੂਰਾਮ ਜੀ ਨੇ ਪਾਪੀ ਰਾਜਾ ਕਾਰਤਵੀਰਯ ਅਰਜੁਨ ਅਤੇ ਉਸ ਦੇ ਵੰਸ਼ ਨੂੰ ਖਤਮ ਕਰਕੇ ਉਸਦਾ ਸਾਰਾ ਰਾਜ-ਭਾਗ ਮਹਾਰਿਸ਼ੀ ਕਸ਼ਯਪ ਨੂੰ ਦਾਨ ਵਿਚ ਦੇ ਦਿੱਤਾ। ਇਸ ਪ੍ਰਕਾਰ ਪਰਸ਼ੂਰਾਮ ਜੀ ਨੇ 21 ਵਾਰ ਸਾਰੀ ਧਰਤੀ ਨੂੰ ਫਤਿਹ ਕੀਤਾ।
ਭਗਵਾਨ ਪਰਸ਼ੂਰਾਮ ਜੀ ਚਿਰੰਜੀਵੀ ਹਨ। ਉਨ੍ਹਾਂ ਨੇ ਆਪਣਾ ਸਰੀਰ ਤਿਆਗਿਆ ਨਹੀਂ। ਅੱਜ ਵੀ ਮਹੇਂਦਰਾਚਲ ਗਿਰੀ ''ਤੇ ਤਪੱਸਿਆ ਵਿਚ ਲੀਨ ਹੋਣ ਦਾ ਵਿਸ਼ਵਾਸ ਕੀਤਾ ਜਾਂਦਾ ਹੈ। ਇਸ ਦੇ ਪ੍ਰਮਾਣ ਵਜੋਂ ਕਿਹਾ ਜਾ ਸਕਦਾ ਹੈ ਕਿ ਉਹ ਹਰ ਯੁੱਗ ਵਿਚ ਲੀਲਾ ਕਰਦੇ ਦਿਖਾਈ ਦੇ ਰਹੇ ਹਨ, ਜਿਵੇਂ ਰਾਜਾ ਕਾਰਤਵੀਰਯ ਦਾ ਨਾਸ਼, ਸ਼ਿਵ ਧਨੁਸ਼ ਤੋੜਨ ''ਤੇ ਭਗਵਾਨ ਰਾਮ ਦੀ ਪ੍ਰੀਖਿਆ ਲੈਣੀ ਕਿ ਉਹ ਸੱਚਮੁਚ ਵਿਸ਼ਨੂੰ ਜੀ ਦੇ ਹੀ ਅਵਤਾਰ ਹਨ, ਵੀ ਜਾਂ ਕੇਵਲ ਸਾਧਾਰਨ ਰਾਜਕੁਮਾਰ, ਕੌਰਵਾਂ ਦੀ ਸਭਾ ਵਿਚ ਸ਼੍ਰੀ ਭੀਸ਼ਮਪਿਤਾਮਾ ਨਾਲ ਯੁੱਧ ਕਰਦੇ ਦਿਖਾਈ ਦੇਣਾ ਅਤੇ ਭਵਿੱਖ ਦੇ ਅਵਤਾਰ ਭਗਵਾਨ ਕਲਕੀ ਨੂੰ ਵੇਦਾਂ-ਸ਼ਾਸਤਰਾਂ ਤੇ ਅਸਤਰਾਂ-ਸ਼ਸਤਰਾਂ ਦੀ ਸਿੱਖਿਆ ਦੇਣ ਦੀ ਸਪੱਸ਼ਟ ਰੂਪ ਵਿਚ ਧਰਮ-ਸ਼ਾਸਤਰਾਂ ਵਲੋਂ ਉਦਘੋਸ਼ਣਾ ਕਰਨਾ ਆਪਣੇ ਆਪ ਵਿਚ ਮਹੱਤਵਪੂਰਨ ਪ੍ਰਮਾਣ ਹੈ। ਮਰਿਯਾਦਾ ਪੁਰਸ਼ੋਤਮ ਸ਼੍ਰੀ ਰਾਮ ਵਲੋਂ ਪਰਸ਼ੂਰਾਮ ਜੀ ਅੱਗੇ ਆਦਰਪੂਰਵਕ ਸਿਰ ਝੁਕਾਉਣਾ ਸੱਚਮੁਚ ਪਰਸ਼ੂਰਾਮ ਜੀ ਨੂੰ ''ਭਗਵਾਨ'' ਦੇ ਰੂਪ ਵਿਚ ਸੁਸ਼ੋਭਿਤ ਕਰਦਾ ਹੈ।
—ਤਲਵਿੰਦਰ ਸ਼ਾਸਤਰੀ ਨਾਰੀਕੇ
(94643-48258)