ਇਕ ਲੋਟਾ ਦੁੱਧ ਨਾਲ ਸੰਤੁਸ਼ਟ ਹੋਏ ਭਗਵਾਨ ਸ਼ਿਵ

5/22/2017 7:23:46 AM

ਸ਼ਿਵਭਗਤ ਕੁਮਾਰੱਪਾ ਨੂੰ ਪਤਾ ਨਹੀਂ ਕੀ ਸੁੱਝੀ ਕਿ ਉਨ੍ਹਾਂ ਨੇ ਸੋਮਵਾਰ ਨੂੰ ਆਪਣੇ ਇਸ਼ਟਦੇਵ ਸ਼ੰਕਰ ਦਾ ਹੌਦ ਦੁੱਧ ਨਾਲ ਪੂਰਾ ਭਰ ਦੇਣ ਬਾਰੇ ਸੋਚਿਆ। ਮੰਦਰ ਦਾ ਹੌਦ ਕਾਫੀ ਡੂੰਘਾ ਅਤੇ ਚੌੜ੍ਹਾ ਸੀ। ਕੁਮਾਰੱਪਾ ਨੇ ਪ੍ਰਧਾਨ ਨਾਲ ਸਲਾਹ-ਮਸ਼ਵਰਾ ਕੀਤਾ। ਪ੍ਰਧਾਨ ਨੇ ਰਾਜਾ ਨੂੰ ਕਿਹਾ ਅਤੇ ਰਾਜ ਆਗਿਆ ਹੋਈ ਕਿ ਸ਼ਹਿਰ ਦੇ ਗਵਾਲੇ ਸ਼ਹਿਰ ਦਾ ਪੂਰਾ ਦੁੱਧ ਲੈ ਕੇ ਮੰਦਰ ਆਉਣ ਅਤੇ ਜੋ ਇਸ ਦੀ ਉਲੰਘਣਾ ਕਰੇਗਾ ਉਸ ਨੂੰ ਸਜ਼ਾ ਦਿੱਤੀ ਜਾਵੇਗੀ।
ਉਸ ਦਿਨ ਕਿਸੇ ਨੇ ਇਕ ਘੁੱਟ ਵੀ ਦੁੱਧ ਵੱਛਿਆਂ ਨੂੰ ਨਹੀਂ ਪੀਣ ਦਿੱਤਾ। ਦੁੱਧ ਲਿਆ ਕੇ ਹੌਦ ''ਚ ਪਾ ਦਿੱਤਾ ਪਰ ਉਹ ਥੋੜ੍ਹਾ ਖਾਲੀ ਰਹਿ ਗਿਆ। ਰਾਜਾ ਨੂੰ ਚਿੰਤਾ ਹੋਈ। ਇਸੇ ਦੌਰਾਨ ਇਕ ਬੁੱਢੀ ਔਰਤ ਆਈ। ਭਗਤੀ ਭਾਵ ਨਾਲ ਉਸ ਨੇ ਇਕ ਲੋਟਾ ਦੁੱਧ ਚੜ੍ਹਾ ਕੇ ਭਗਵਾਨ ਨੂੰ ਕਿਹਾ ਕਿ ਸਾਰੇ ਸ਼ਹਿਰ ਦੇ ਦੁੱਧ ਅੱਗੇ ਮੇਰੇ ਲੋਟੇ ਦੀ ਕੀ ਔਕਾਤ। ਫਿਰ ਵੀ ਭਗਵਾਨ, ਬੁੱਢੀ ਔਰਤ ਦੀਆਂ ਸ਼ਰਧਾ ਭਰੀਆਂ ਇਹ ਦੋ ਬੂੰਦਾਂ ਸਵੀਕਾਰ ਕਰੋ। ਦੁੱਧ ਚੜ੍ਹਾ ਕੇ ਬੁੱਢੀ ਔਰਤ ਬਾਹਰ ਚਲੀ ਗਈ।
ਸਾਰਿਆਂ ਨੇ ਦੇਖਿਆ-ਭਗਵਾਨ ਦਾ ਹੌਦ ਅਚਾਨਕ ਭਰ ਗਿਆ। ਰਾਜਾ ਦੇ ਹੈਰਾਨੀ ਦਾ ਟਿਕਾਣਾ ਨਾ ਰਿਹਾ। ਦੂਸਰੇ ਸੋਮਵਾਰ ਅਤੇ ਫਿਰ ਤੀਸਰੇ-ਚੌਥੇ ਹਫਤੇ ਵੀ ਉਸੇ ਤਰ੍ਹਾਂ ਹੀ ਹੋਇਆ। ਰਾਜਾ ਦੀ ਹੈਰਾਨੀ ਵਧਦੀ ਹੀ ਗਈ। ਆਖਿਰ ਰਾਜਾ ਨੇ ਖੁਦ ਹਾਜ਼ਰ ਹੋ ਕੇ ਰਹੱਸ ਦਾ ਪਤਾ ਲਗਾਉਣ ਦਾ ਨਿਸ਼ਚੈ ਕੀਤਾ। ਸਾਰੇ ਪਿੰਡ ਤੋਂ ਆਇਆ ਦੁੱਧ ਰਾਜਾ ਨੇ ਆਪਣੇ ਸਾਹਮਣੇ ਹੌਦ ''ਚ ਪਵਾਇਆ ਪਰ ਹੌਦ ਪੂਰਾ ਨਹੀਂ ਭਰਿਆ। ਇਸੇ ਦੌਰਾਨ ਬੁੱਢੀ ਔਰਤ ਆਈ ਅਤੇ ਉਸ ਦੇ ਦੁੱਧ ਸਮਰਪਿਤ ਕਰਦੇ ਹੀ ਹੌਦ ਭਰ ਗਿਆ। ਬੁੱਢੀ ਔਰਤ ਪੂਜਾ ਕਰਕੇ ਨਿਕਲ ਗਈ। ਰਾਜਾ ਵੀ ਉਸ ਦੇ ਪਿੱਛੇ ਗਿਆ। ਕੁਝ ਦੂਰ ਜਾਣ ਤੋਂ ਬਾਅਦ ਉਸ ਨੇ ਬੁੱਢੀ ਔਰਤ ਨੂੰ ਰੋਕਿਆ ਅਤੇ ਪੁੱਛਿਆ, ਤੁਸੀਂ ਕਿਹੜਾ ਜਾਦੂ ਕਰ ਦਿੱਤਾ, ਜਿਹੜਾ ਹੌਦ ਭਰ ਗਿਆ? ਉਸ ਨੇ ਕਿਹਾ ਘਰ ਦੇ ਬਾਲ-ਬੱਚਿਆਂ, ਗਵਾਲ-ਬਾਲਾਂ ਸਾਰਿਆਂ ਨੂੰ ਦੁੱਧ ਪਿਲਾਉਣ ਤੋਂ ਬਾਅਦ ਬਚੇ ਦੁੱਧ ਵਿਚੋਂ ਇਕ ਲੋਟਾ ਲੈ ਕੇ ਮੈਂ ਆਉਂਦੀ ਹਾਂ। ਸਾਰਿਆਂ ਨੂੰ ਸੰਤੁਸ਼ਟ ਕਰਕੇ ਬਾਕੀ ਦੁੱਧ ਭਗਵਾਨ ਨੂੰ ਚੜ੍ਹਾਉਂਦੇ ਹੀ ਉਹ ਭਾਵ ਉਸ ਨੂੰ ਗ੍ਰਹਿਣ ਕਰਦੇ ਹਨ ਅਤੇ ਹੌਦ ਭਰ ਜਾਂਦਾ ਹੈ।
—ਸਵਾਮੀ ਕਰਪਾਤਰੀ