ਭਗਵਾਨ ਕ੍ਰਿਸ਼ਨ ''ਚ ਸਾਕਾਰ ਹੁੰਦੇ ਹਨ ਪ੍ਰੇਮ ਤੇ ਉਤਸਵ

8/25/2016 9:48:19 AM

ਪ੍ਰੇਮ ਤੋਂ ਭਾਵ ਹੈ ਕਿਸੇ ਵਿਅਕਤੀ ਦੀ ਮੌਜੂਦਗੀ ਦਾ ਆਨੰਦ ਲੈਣਾ ਅਤੇ ਇਹੀ ਆਨੰਦ ਜਦੋਂ ਕਿਸੇ ਸਮੂਹ ਨਾਲ ਲਿਆ ਜਾਵੇ ਤਾਂ ਉਹ ਉਤਸਵ ਕਹਾਉਂਦਾ ਹੈ। ਪ੍ਰੇਮ ਤੇ ਉਤਸਵ ਦੇ ਤੱਤ ਭਗਵਾਨ ਕ੍ਰਿਸ਼ਨ ਵਿਚ ਸਾਕਾਰ ਹੋ ਜਾਂਦੇ ਹਨ। ਦੇਖਣ ''ਚ ਉਤਸਵ ਤੇ ਸੈਲੀਬ੍ਰੇਸ਼ਨ ਇਕੋ ਜਿਹੇ ਲਗਦੇ ਹਨ ਪਰ ਦੋਵਾਂ ''ਚ ਥੋੜ੍ਹਾ ਫਰਕ ਹੈ। ਉਤਸਵ ਵਿਚ ਜੋ ਸਜੀਵਤਾ ਹੈ, ਉਹ ਸੈਲੀਬ੍ਰੇਸ਼ਨ ''ਚ ਨਹੀਂ। ਕਹਿ ਸਕਦੇ ਹਾਂ ਕਿ ਸੈਲੀਬ੍ਰੇਸ਼ਨ ਹਾਲਾਤ ਨਾਲ ਜ਼ਿਆਦਾ ਸਬੰਧਿਤ ਹੈ ਅਤੇ ਉਤਸਵ ਵਿਅਕਤੀਆਂ ਨਾਲ।
ਇਹ ਮਾਮੂਲੀ ਜਿਹਾ ਫਰਕ ਹੀ ਪੂਰਬ ਤੇ ਪੱਛਮ ਦੇ ਫਰਕ ਨੂੰ ਸਪੱਸ਼ਟ ਕਰਦਾ ਹੈ। ਉਤਸਵ ਭਾਰਤ ਦੀ ਪ੍ਰੰਪਰਾ ਹੈ ਅਤੇ ਇਹ ਸਾਡੀ ਜੀਵਨ ਸ਼ੈਲੀ ਦਾ ਹਿੱਸਾ ਹੈ। ਪੂਰਬ ਦੀ ਪੂਰੀ ਸੱਭਿਅਤਾ, ਖਾਸ ਤੌਰ ''ਤੇ ਕ੍ਰਿਸ਼ਨ ਦੀ ਸੱਭਿਅਤਾ ਪ੍ਰੇਮ ''ਤੇ, ਉਤਸਵ ''ਤੇ ਹੀ ਆਧਾਰਿਤ ਹੈ ਜਦੋਂਕਿ ਪੱਛਮ ਦੀ ਪੂਰੀ ਸੱਭਿਅਤਾ ਦਾ ਆਧਾਰ ਹੈ ਭੋਗ ਤੇ ਸੈਲੀਬ੍ਰੇਸ਼ਨ।
ਪ੍ਰੇਮ ਵਿਅਕਤੀ ਦੀ ਮੌਜੂਦਗੀ ਦਾ ਆਨੰਦ ਲੈਣਾ ਹੈ, ਜਦੋਂਕਿ ਭੋਗ ਹਾਲਾਤ ਦਾ ਆਨੰਦ ਲੈਣਾ ਹੈ। ਪੱਛਮੀ ਸੱਭਿਅਤਾ ਵਿਚ ਵਿਅਕਤੀ ਨਹੀਂ, ਸਗੋਂ ਆਯੋਜਨ ਅਹਿਮ ਹੈ ਪਰ ਸਾਡੇ ਇਥੇ ਹਾਲਾਤ ਨਾਲੋਂ ਜ਼ਿਆਦਾ ਅਹਿਮ ਵਿਅਕਤੀ ਹੈ। ਇਥੇ ਚੇਤਨਾ ਜ਼ਿਆਦਾ ਅਹਿਮ ਹੈ, ਉਥੇ ਪਦਾਰਥ ਦੀ ਅਹਿਮੀਅਤ ਜ਼ਿਆਦਾ ਹੈ। ਨਤੀਜਾ ਸਾਹਮਣੇ ਹੈ। ਸਮੁੱਚੀਆਂ ਸੁੱਖ-ਸਹੂਲਤਾਂ ਦੇ ਬਾਵਜੂਦ ਪੱਛਮੀ ਸਮਾਜ ਨਿਰਾਸ਼ ਹੈ। ਇਹ ਗੈਰ-ਸੁਭਾਵਿਕ ਨਹੀਂ। ਆਦਮੀ ਜਦੋਂ ਵੀ ਇਕੱਲਾ ਹੁੰਦਾ ਹੈ ਤਾਂ ਨਿਰਾਸ਼ ਹੋ ਹੀ ਜਾਂਦਾ ਹੈ ਅਤੇ ਅਜਿਹੇ ਆਦਮੀ ਲਈ ਕ੍ਰਿਸ਼ਨ ਨੂੰ ਸਵੀਕਾਰ ਕਰਨ ਦੀ ਸੰਭਾਵਨਾ ਜ਼ਿਆਦਾ ਹੈ।
ਕ੍ਰਿਸ਼ਨ ਵਿਚ ਸਮੂਹ ਨਾਲ ਉਤਸਵ ਮਨਾਉਣਾ, ਰਾਸ ਰਚਾਉਣਾ ਤਾਂ ਹੈ ਹੀ, ਕ੍ਰਿਸ਼ਨ ਇਕੱਲੇਪਨ ਨਾਲ ਵੀ ਰਾਜ਼ੀ ਹਨ। ਇਸ ਲਈ ਪੱਛਮੀ ਦੇਸ਼ਾਂ ਵਿਚ ਕ੍ਰਿਸ਼ਨ ਦੀ ਹਰਮਨ ਪਿਆਰਤਾ ਵਧਦੀ ਜਾ ਰਹੀ ਹੈ। ਕ੍ਰਿਸ਼ਨ ਵੈਸ਼ਵਿਕ ਯੁੱਗ ਪੁਰਸ਼ ਹਨ। ਉਨ੍ਹਾਂ ਦੀ ਹਰਮਨ ਪਿਆਰਤਾ ਵਧਦੀ ਹੀ ਜਾਵੇਗੀ ਕਿਉਂਕਿ ਧਰਮ ਦੇ 2 ਮੂਲ ਤੱਤਾਂ ਸੱਭਿਅਤਾ ਤੇ ਅਧਿਆਤਮ ਦਾ ਕ੍ਰਿਸ਼ਨ ਵਿਚ ਸੁਮੇਲ ਹੈ। ਕ੍ਰਿਸ਼ਨ ਨੂੰ ਜੀਊਣਾ ਮੌਜ ਦੀ ਜ਼ਿੰਦਗੀ ਜੀਊਣਾ ਹੈ। ਜੇ ਇਸ ਅਹਿਸਾਸ ਨੂੰ ਅਸੀਂ ਪ੍ਰਾਪਤ ਕਰ ਲਈਏ, ਆਪਣੇ ਅੰਤਰਮਨ ਨੂੰ ਜਾਣ ਸਕੀਏ ਤਾਂ ਚਿੰਤਾ, ਤਣਾਅ ਤੇ ਸੰਤਾਪ ਜ਼ਿੰਦਗੀ ''ਚੋਂ ਆਪਣੇ-ਆਪ ਵਿਦਾ ਹੋ ਜਾਂਦੇ ਹਨ।