ਫਿਕਰ ਛੱਡੋ, ਆਪਣੇ ਅੱਜ ''ਚ ਜਿਊਣਾ ਸਿੱਖੋ

4/23/2017 3:40:53 PM

ਕੀ ਤੁਸੀਂ ਕਦੇ ਸੋਚਿਆ ਹੈ ਕਿ ਸੂਰਜ ਕਿਵੇਂ ਚੱਲਦਾ ਹੈ? ਧਰਤੀ ਕਿਵੇਂ ਘੁੰਮਦੀ ਹੈ? ਜੇ ਨਹੀਂ ਸੋਚਿਆ ਤਾਂ ਇਸ ਬਾਰੇ ਸੋਚੋ। ਜੇ ਸੋਚਿਆ ਹੈ ਤਾਂ ਫਿਰ ਫਿਕਰ ਕਿਉਂ ਕਰਦੇ ਹੋ? ਜੇ ਕੁਝ ਸਮਝ ਨਹੀਂ ਆ ਰਿਹਾ ਤਾਂ ਇਸ ਦਾ ਮਤਲਬ ਇਹ ਹੋਇਆ ਕਿ ਤੁਸੀਂ ਬਿਨਾਂ ਕਾਰਨ ਹੀ ਫਿਕਰ ਕਰਦੇ ਹੋ। ਆਖਿਰ ਇਹ ਫਿਕਰ ਕਿਹੜੀ ਬਲਾ ਹੈ। ਅਸਲ ਵਿਚ ਫਿਕਰ ਸਾਡੀ ਬੀਤੀ ਜ਼ਿੰਦਗੀ ਦੀਆਂ ਉਹ ਘਟਨਾਵਾਂ ਹਨ, ਜਿਨ੍ਹਾਂ ਨੂੰ ਅਸੀਂ ਕਦੇ ਭੁਲਾ ਨਹੀਂ ਸਕਦੇ ਅਤੇ ਜਦੋਂ ਅਸੀਂ ਇਨ੍ਹਾਂ ਨੂੰ ਭੁਲਾ ਨਹੀਂ ਸਕਦੇ ਤਾਂ ਸਾਡਾ ਅੱਜ ਇਨ੍ਹਾਂ ਤੋਂ ਪ੍ਰਭਾਵਿਤ ਹੋਣ ਲੱਗਦਾ ਹੈ। ਅੱਜ ਦੇ ਪ੍ਰਭਾਵਿਤ ਹੁੰਦਿਆਂ ਹੀ ਸਾਡਾ ਭਵਿੱਖ ਖਰਾਬ ਹੋਣ ਲੱਗਦਾ ਹੈ।
ਕਵੀ ਜੈਸ਼ੰਕਰ ਪ੍ਰਸਾਦ ਨੇ ਇਕ ਬੜੀ ਵਧੀਆ ਗੱਲ ਲਿਖੀ ਹੈ ਕਿ ਭਵਿੱਖ ਹੈ ਹੀ ਨਹੀਂ। ਅਸੀਂ ਉਸ ਬਾਰੇ ਫਿਕਰ ਕਰਨ ਵਿਚ ਲੱਗੇ ਰਹਿੰਦੇ ਹਾਂ। ਜੋ ਬੀਤ ਗਿਆ ਹੈ, ਉਸ ਬਾਰੇ ਫਿਕਰ ਕਿਉਂ ਕਰਨਾ। ਇੰਝ ਅਸੀਂ ਆਪਣਾ ਅੱਜ ਵੀ ਖਰਾਬ ਕਰ ਲੈਂਦੇ ਹਾਂ। ਅੱਜ ਅਸੀਂ ਕਿੰਨਾ ਕੁਝ ਇਕੱਠਾ ਕਰ ਰਹੇ ਹਾਂ, ਇਹ ਸੋਚ ਕੇ ਕਿ ਸਾਨੂੰ ਕੱਲ ਸੁੱਖ ਮਿਲੇਗਾ ਪਰ ਇਸ ਦੇ ਲਈ ਅੱਜ ਅਸੀਂ ਤਕਲੀਫ ਝੱਲ ਰਹੇ ਹਾਂ। ਇਸ ਨਾਲੋਂ ਵੀ ਜ਼ਿਆਦਾ ਕੋਈ ਤਕਲੀਫ ਮਿਲਣ ਵਾਲੀ ਹੈ? ਜੇ ਮਿਲਣ ਵਾਲੀ ਹੈ ਤਾਂ ਅਸੀਂ ਸਹਾਂਗੇ। ਅਸੀਂ ਆਪਣੇ ਹੀ ਰਸਤੇ ਵਿਚ ਰੋੜੇ ਸੁੱਟ ਰਹੇ ਹਾਂ ਅਤੇ ਦੌੜਦੇ ਜਾ ਰਹੇ ਹਾਂ।
ਅਸੀਂ ਭਵਿੱਖ ਦਾ ਫਿਕਰ ਕਰਨਾ ਛੱਡ ਕਿਉਂ ਨਹੀਂ ਸਕਦੇ? ਸਾਨੂੰ ਆਪਣੇ ਅੱਜ ਵਿਚ ਜਿਊਣਾ ਚਾਹੀਦਾ ਹੈ ਪਰ ਅਸੀਂ ਤਾਂ ਹਰੇਕ ਚੀਜ਼ ਵਿਚ ਨਾਂਹ-ਪੱਖੀ ਬਣਦੇ ਜਾ ਰਹੇ ਹਾਂ। ਇਹ ਕੰਮ ਸਾਡੇ ਤੋਂ ਨਹੀਂ ਹੋਵੇਗਾ, ਉਹ ਕੰਮ ਸਾਡੇ ਤੋਂ ਨਹੀਂ ਹੋਵੇਗਾ। ਤਾਂ ਫਿਰ ਕਿਸ ਤੋਂ ਹੋਵੇਗਾ? ਕੋਸ਼ਿਸ਼ ਕਰਨ ਵਿਚ ਕੀ ਬੁਰਾਈ ਹੈ। ਅਸੀਂ ਕੋਸ਼ਿਸ਼ ਕਰਾਂਗੇ, ਕੰਮ ਹੋਣਾ ਹੋਵੇਗਾ ਤਾਂ ਹੋਵੇਗਾ, ਨਹੀਂ ਤਾਂ ਨਹੀਂ ਹੋਵੇਗਾ। ਵਿਗਿਆਨ ਦੀ ਪ੍ਰਯੋਗਸ਼ਾਲਾ ਵਿਚ ਵੀ ਤਜਰਬੇ ਹੁੰਦੇ ਰਹਿੰਦੇ ਹਨ। ਕਿਸੇ ਤਜਰਬੇ ਦਾ ਨਤੀਜਾ ਜੀਵਨ ਭਰ ਨਹੀਂ ਮਿਲਦਾ, ਫਿਰ ਵੀ ਕੰਮ ਚਾਲੂ ਰਹਿੰਦਾ ਹੈ। ਦੂਜੇ ਵਿਗਿਆਨੀ ਇਸ ਦੇ ਨਤੀਜੇ ਨੂੰ ਲੱਭ ਹੀ ਲੈਂਦੇ ਹਨ।