ਤਿਆਗ ''ਚ ਹੀ ਸੁੱਖ ਹੈ

2/21/2017 10:28:43 AM

ਇਕ ਸੰਤ ਤੇ ਉਨ੍ਹਾਂ ਦਾ ਚੇਲਾ ਧਰਮ ਪ੍ਰਚਾਰ ਕਰਨ ਲਈ ਪਿੰਡ-ਪਿੰਡ ਘੁੰਮਦੇ ਸਨ। ਉਹ ਇਕ ਪਿੰਡ ਵਿਚ ਪਹੁੰਚੇ ਅਤੇ ਕੁਟੀਆ ਬਣਾ ਕੇ ਰਹਿਣ ਲੱਗੇ। ਲੋਕ ਉਨ੍ਹਾਂ ਦਾ ਬਹੁਤ ਸਤਿਕਾਰ ਕਰਦੇ ਅਤੇ ਉਨ੍ਹਾਂ ਨੂੰ ਭੋਜਨ ਆਦਿ ਦੇਣ ਦੇ ਨਾਲ-ਨਾਲ ਲੋੜੀਂਦੀ ਦਾਨ-ਭੇਟਾ ਵੀ ਦੇ ਦਿੰਦੇ ਸਨ।
ਇਕ ਦਿਨ ਅਚਾਨਕ ਸੰਤ ਚੇਲੇ ਨੂੰ ਕਹਿਣ ਲੱਗੇ,''''ਬੇਟਾ, ਇਥੇ ਬਹੁਤ ਦਿਨ ਰਹਿ ਲਿਆ। ਚੱਲ ਹੁਣ ਕਿਤੇ ਹੋਰ ਰਿਹਾ ਜਾਵੇ।''''
ਚੇਲੇ ਨੇ ਪੁੱਛ ਲਿਆ,''''ਕਿਉਂ ਗੁਰੂਦੇਵ? ਇਥੇ ਤਾਂ ਬਹੁਤ ਚੜ੍ਹਾਵਾ ਆਉਂਦਾ ਹੈ। ਕਿਉਂ ਨਾ ਕੁਝ ਦਿਨਾਂ ਬਾਅਦ ਚੱਲੀਏ, ਉਸ ਵੇਲੇ ਤਕ ਹੋਰ ਚੜ੍ਹਾਵਾ ਇਕੱਠਾ ਹੋ ਜਾਵੇਗਾ।''''
ਸੰਤ ਬੋਲੇ,''''ਬੇਟਾ, ਅਸੀਂ ਧਨ ਤੇ ਵਸਤਾਂ ਨੂੰ ਇਕੱਠਾ ਕਰਨ ਤੋਂ ਕੀ ਲੈਣਾ? ਅਸੀਂ ਤਾਂ ਤਿਆਗ ਦੇ ਰਸਤੇ ''ਤੇ ਚੱਲਣਾ ਹੈ।''''
ਗੁਰੂ ਦੀ ਆਗਿਆ ਸੁਣ ਕੇ ਚੇਲੇ ਨੇ ਸਭ ਜਿਉਂ ਦਾ ਤਿਉਂ ਉਸੇ ਕੁਟੀਆ ਵਿਚ ਛੱਡ ਦਿੱਤਾ ਪਰ ਫਿਰ ਵੀ ਜਾਂਦੇ ਹੋਏ ਉਸ ਨੇ ਗੁਰੂ ਤੋਂ ਚੋਰੀ ਕੁਝ ਸਿੱਕੇ ਆਪਣੀ ਝੋਲੀ ਵਿਚ ਪਾ ਲਏ।
ਦੋਵੇਂ ਅਗਲੇ ਪਿੰਡ ਵੱਲ ਚੱਲ ਪਏ ਪਰ ਉਹ ਜਿਸ ਪਿੰਡ ਵਿਚ ਜਾਣਾ ਚਾਹੁੰਦੇ ਸਨ, ਉਥੇ ਨਦੀ ਪਾਰ ਕਰ ਕੇ ਜਾਣਾ ਪੈਂਦਾ ਸੀ। ਜਦੋਂ ਉਹ ਨਦੀ ਕੰਢੇ ਪਹੁੰਚੇ ਤਾਂ ਬੇੜੀ ਵਾਲੇ ਨੇ ਕਿਹਾ,''''ਮੈਂ ਨਦੀ ਪਾਰ ਕਰਵਾਉਣ ਦੇ 2 ਸਿੱਕੇ ਲੈਂਦਾ ਹਾਂ। ਤੁਸੀਂ ਸਾਧੂ-ਮਹਾਤਮਾ ਹੋ, ਇਸ ਲਈ ਤੁਹਾਡੇ ਕੋਲੋਂ ਇਕੋ ਲਵਾਂਗਾ।''''
ਸੰਤ ਕੋਲ ਪੈਸੇ ਨਹੀਂ ਸਨ, ਇਸ ਲਈ ਉਹ ਉਥੇ ਹੀ ਆਸਣ ਲਾ ਕੇ ਬੈਠ ਗਏ। ਚੇਲੇ ਕੋਲ ਪੈਸੇ ਸਨ ਪਰ ਕਿਉਂਕਿ ਉਹ ਸਿੱਕੇ ਗੁਰੂ ਦੀ ਇਜਾਜ਼ਤ ਦੇ ਵਿਰੁੱਧ ਚੋਰੀ ਕਰ ਕੇ ਲਿਆਇਆ ਸੀ, ਇਸ ਲਈ ਉਸ ਨੇ ਵੀ ਸਿੱਕੇ ਨਾ ਦਿੱਤੇ ਅਤੇ ਉਹ ਵੀ ਗੁਰੂ ਜੀ ਨਾਲ ਬੈਠ ਗਿਆ ਇਹ ਦੇਖਣ ਲਈ ਕਿ ਗੁਰੂ ਜੀ ਬਿਨਾਂ ਪੈਸਿਆਂ ਦੇ ਨਦੀ ਕਿਵੇਂ ਪਾਰ ਕਰਦੇ ਹਨ?
ਗੁਰੂ ਜੀ ਇਸ ਆਸ ਵਿਚ ਬੈਠੇ ਸਨ ਕਿ ਜਾਂ ਤਾਂ ਬੇੜੀ ਵਾਲਾ ਉਨ੍ਹਾਂ ਨੂੰ ਬਿਨਾਂ ਸਿੱਕਿਆਂ ਦੇ ਨਦੀ ਪਾਰ ਕਰਵਾ ਦੇਵੇ ਜਾਂ ਕੋਈ ਭਗਤ ਆ ਜਾਵੇ, ਜੋ ਉਨ੍ਹਾਂ ਨੂੰ ਦਾਨ-ਭੇਟਾ ਦੇ ਦੇਵੇ ਤਾਂ ਜੋ ਉਹ ਉਸ ਨਾਲ ਬੇੜੀ ਵਾਲੇ ਦਾ ਭੁਗਤਾਨ ਕਰ ਦੇਣ।
ਬੈਠੇ-ਬੈਠੇ ਸ਼ਾਮ ਹੋ ਗਈ ਪਰ ਗੁਰੂ ਜੀ ਦਾ ਨਾ ਤਾਂ ਕੋਈ ਭਗਤ ਆਇਆ ਅਤੇ ਨਾ ਹੀ ਬੇੜੀ ਵਾਲਾ ਉਨ੍ਹਾਂ ਨੂੰ ਬਿਨਾਂ ਸਿੱਕਿਆਂ ਦੇ ਨਦੀ ਪਾਰ ਕਰਵਾਉਣ ਲਈ ਰਾਜ਼ੀ ਹੋਇਆ।
ਜਦੋਂ ਸ਼ਾਮ ਪੈ ਗਈ ਤਾਂ ਬੇੜੀ ਵਾਲੇ ਨੇ ਉਨ੍ਹਾਂ ਨੂੰ ਡਰਾਉਂਦਿਆਂ ਕਿਹਾ,''''ਇਥੇ ਰਾਤ ਰੁਕਣਾ ਖਤਰੇ ਤੋਂ ਖਾਲੀ ਨਹੀਂ। ਇਸ ਲਈ ਚੰਗਾ ਇਹੋ ਹੋਵੇਗਾ ਕਿ ਤੁਸੀਂ ਇਥੋਂ ਜਾਂ ਤਾਂ ਨਦੀ ਪਾਰ ਕਰ ਕੇ ਆਪਣੀ ਮੰਜ਼ਿਲ ''ਤੇ ਚਲੇ ਜਾਓ ਜਾਂ ਜਿਥੋਂ ਆਏ ਹੋ, ਉਥੇ ਹੀ ਚਲੇ ਜਾਓ।''''
ਖਤਰੇ ਦੀ ਗੱਲ ਸੁਣ ਕੇ ਚੇਲਾ ਘਬਰਾ ਗਿਆ ਅਤੇ ਉਸ ਨੇ ਝੱਟ ਆਪਣੀ ਝੋਲੀ ਵਿਚੋਂ 2 ਸਿੱਕੇ ਕੱਢ ਕੇ ਬੇੜੀ ਵਾਲੇ ਨੂੰ ਦੇ ਦਿੱਤੇ। ਬਦਲੇ ਵਿਚ ਬੇੜੀ ਵਾਲੇ ਨੇ ਉਨ੍ਹਾਂ ਨੂੰ ਨਦੀ ਤੋਂ ਪਾਰ ਪਹੁੰਚਾ ਦਿੱਤਾ।
ਗੁਰੂ ਜੀ ਨੇ ਚੇਲੇ ਨੂੰ ਪੁੱਛਿਆ,''''ਤੂੰ ਪਿੰਡ ਦਾ ਚੜ੍ਹਾਵਾ ਕਿਉਂ ਲੈ ਲਿਆ, ਮੈਂ ਤੈਨੂੰ ਸਭ ਕੁਝ ਛੱਡ ਦੇਣ ਲਈ ਕਿਹਾ ਸੀ, ਫਿਰ ਵੀ ਤੂੰ ਇਹ ਸਿੱਕੇ ਆਪਣੇ ਕੋਲ ਕਿਉਂ ਰੱਖ ਲਏ?''''
ਚੇਲਾ ਬੋਲਿਆ,''''ਗੁਰੂ ਜੀ, ਜੇ ਉਹ ਸਿੱਕੇ ਮੇਰੀ ਝੋਲੀ ਵਿਚ ਨਾ ਹੁੰਦੇ ਤਾਂ ਸ਼ਾਇਦ ਅਸੀਂ ਦੋਵੇਂ ਮੁਸੀਬਤ ਵਿਚ ਪੈ ਜਾਂਦੇ।''''
ਸੰਤ ਨੇ ਮੁਸਕਰਾ ਕੇ ਕਿਹਾ,''''ਜਦੋਂ ਤਕ ਸਿੱਕੇ ਤੇਰੀ ਝੋਲੀ ਵਿਚ ਸਨ, ਉਸ ਵੇਲੇ ਤਕ ਅਸੀਂ ਮੁਸੀਬਤ ਵਿਚ ਹੀ ਸੀ, ਜਿਉਂ ਹੀ ਤੂੰ ਉਨ੍ਹਾਂ ਦਾ ਤਿਆਗ ਕੀਤਾ, ਸਾਡਾ ਕੰਮ ਬਣ ਗਿਆ। ਇਸ ਲਈ ਤਿਆਗ ਵਿਚ ਹੀ ਸੁੱਖ ਹੈ।''''