ਆਲੋਚਨਾ ਤੋਂ ਫਾਇਦਾ ਲੈਣਾ ਸਿੱਖੋ

9/15/2017 11:19:40 AM

ਕਦੇ ਇਹ ਕਿਹਾ ਜਾਂਦਾ ਸੀ ਕਿ 'ਨਿੰਦਕ ਨਿਯਰੇ ਰਾਖੀਏ, ਆਂਗਨ ਕੁਟੀ ਛਵਾਏ' ਪਰ ਅੱਜ ਸਾਨੂੰ ਪਾਲਣ-ਪੋਸ਼ਣ ਕਰਨ ਵਾਲੇ ਮਾਤਾ-ਪਿਤਾ ਤਕ ਦੀਆਂ ਆਲੋਚਨਾਵਾਂ ਨਾਪਸੰਦ ਹਨ। ਬੱਚਾ ਵੀ ਹਊਮੈ ਦਾ ਇੰਨਾ ਭਾਰ ਲੈ ਕੇ ਘੁੰਮਦਾ ਹੈ ਕਿ ਕਿਸੇ ਵਲੋਂ ਕਿਹਾ ਗਿਆ ਇਕ ਸ਼ਬਦ ਵੀ ਉਸ ਨੂੰ ਮਨਜ਼ੂਰ ਨਹੀਂ ਜਦੋਂਕਿ ਹਰ ਗੱਲ ਦੇ 2 ਪਹਿਲੂ ਹੁੰਦੇ ਹਨ।
ਆਲੋਚਕ ਵੀ 2 ਤਰ੍ਹਾਂ ਦੇ ਹੁੰਦੇ ਹਨ। ਇਕ ਉਹ ਜੋ ਅਸਲ ਵਿਚ ਸਮਝਾਉਣ ਲਈ ਕਹਿੰਦੇ ਹਨ, ਸਾਡਾ ਹਿੱਤ ਚਾਹੁੰਦੇ ਹਨ। ਉਨ੍ਹਾਂ ਵਲੋਂ ਕੀਤੀ ਆਲੋਚਨਾ ਸੁਣ ਕੇ ਸਮਝਣ ਨਾਲ ਸਾਡੇ ਜੀਵਨ ਦੀ ਬਿਹਤਰੀ ਹੋ ਸਕਦੀ ਹੈ। ਇਹ ਸੁਣਨ ਵਾਲੇ ਦੀ ਇੱਛਾ 'ਤੇ ਨਿਰਭਰ ਕਰਦਾ ਹੈ ਕਿ ਉਹ ਜਾਣਨ ਤੋਂ ਬਾਅਦ ਆਪਣੇ ਦਾਗ ਹਟਾਉਣ ਦੀ ਕੋਸ਼ਿਸ਼ ਕਰਦਾ ਹੈ ਜਾਂ ਦੱਸਣ ਵਾਲੇ ਤੋਂ ਨਫਰਤ ਕਰਨ ਲਗਦਾ ਹੈ। ਇਸ ਨਾਲ ਵਿਕਾਸ ਹੋਵੇਗਾ ਤਾਂ ਦੂਜੇ ਨਾਲ ਤਬਾਹੀ।
ਦੂਜੀ ਕਿਸਮ ਦੇ ਆਲੋਚਕ ਹਰ ਜਗ੍ਹਾ ਮਿਲ ਜਾਂਦੇ ਹਨ। ਕੰਮ ਦੀ ਜਗ੍ਹਾ ਹੋਵੇ ਜਾਂ ਬਾਜ਼ਾਰ, ਘਰ ਹੋਵੇ ਜਾਂ ਬਾਹਰ, ਇਥੋਂ ਤਕ ਕਿ ਪਛਾਣ ਵਾਲਾ ਹੋਵੇ ਜਾਂ ਅਣਜਾਣ, ਹਰ ਗੱਲ 'ਤੇ ਕੋਈ ਅਗਲੇ ਦੀ ਗਲਤੀ ਦੱਸ ਕੇ ਆਪਣਾ ਸੁਝਾਅ ਦਿੰਦਾ ਹੈ ਅਤੇ ਸਮਝਦਾ ਹੈ ਕਿ ਉਹ ਹਰ ਹਾਲਤ ਵਿਚ ਸਹੀ ਹੀ ਹੋਵੇਗਾ। ਅਜਿਹਾ ਵਿਅਕਤੀ ਸੁਣਨ ਵਾਲੇ ਨੂੰ ਖਿਝਾ ਵੀ ਦਿੰਦਾ ਹੈ। ਪਹਿਲੀ ਕਿਸਮ ਦਾ ਆਲੋਚਕ ਇਸ਼ਾਰਾ ਹੀ ਕਰਦਾ ਹੈ ਕਿ ਸਾਹਮਣੇ ਵਾਲੇ ਦੀ ਕੋਸ਼ਿਸ਼ ਨੂੰ ਕਿਵੇਂ ਬਿਹਤਰ ਕੀਤਾ ਜਾ ਸਕਦਾ ਹੈ।
ਅੱਜ ਸਹਿਣ ਸ਼ਕਤੀ ਦੀ ਆਸ ਨਹੀਂ ਬਚੀ ਕਿਉਂਕਿ ਹਊਮੈਵਾਦੀ ਸੰਸਾਰ ਵਿਚ ਕੋਈ ਸੁਝਾਅ ਲੈਣਾ ਤਾਂ ਦੂਰ, ਸੁਣਨਾ ਵੀ ਨਹੀਂ ਚਾਹੁੰਦਾ। ਗੱਲ ਇੰਨੀ ਵਧ ਜਾਂਦੀ ਹੈ ਕਿ ਜੇ ਕਿਸੇ ਵਿਚ ਇਕੱਲਿਆਂ ਬਦਲਾ ਲੈਣ ਦੀ ਤਾਕਤ ਨਾ ਹੋਵੇ ਤਾਂ ਉਹ ਆਪਣੇ ਵਰਗੀ ਸੋਚ ਵਾਲੇ ਚਾਰ ਹੋਰ ਵਿਅਕਤੀਆਂ ਦਾ ਦਲ ਬੰਨ੍ਹ ਕੇ ਆਉਂਦਾ ਹੈ ਅਤੇ ਆਲੋਚਕ ਨੂੰ ਆਪਣੀ ਜਾਨ ਤੋਂ ਵੀ ਹੱਥ ਧੋਣੇ ਪੈ ਸਕਦੇ ਹਨ। ਗੁੱਸੇ ਨਾਲ ਭਰਿਆ ਵਿਅਕਤੀ ਨਤੀਜੇ ਦੀ ਪ੍ਰਵਾਹ ਕੀਤੇ ਬਿਨਾਂ ਆਪਣੀ ਤੇ ਆਪਣੇ ਨਾਲ ਹੋਰਨਾਂ ਦੀ ਜ਼ਿੰਦਗੀ ਵੀ ਦਾਅ 'ਤੇ ਲਾ ਦਿੰਦਾ ਹੈ।
ਆਲੋਚਕ ਕਿਸੇ ਵੀ ਤਰ੍ਹਾਂ ਦਾ ਹੋਵੇ, ਇਨਸਾਨ ਨੂੰ ਪਸੰਦ ਨਹੀਂ ਹੁੰਦਾ ਪਰ ਫਰਕ ਸਿਰਫ ਇੰਨਾ ਹੁੰਦਾ ਹੈ ਕਿ ਇਕ ਵਿਅਕਤੀ ਉਸ ਦੀ ਗੱਲ ਨੂੰ ਸੁਣ ਕੇ, ਉਸ ਬਾਰੇ ਵਾਰ-ਵਾਰ ਸੋਚ ਕੇ ਤਹਿ ਤਕ ਜਾਣ ਦੀ ਕੋਸ਼ਿਸ਼ ਕਰਦਾ ਹੈ। ਉਸ ਗੱਲ ਵਿਚ ਕੋਈ ਸਾਰ ਮਿਲਦਾ ਹੈ ਤਾਂ ਉਸ ਅਨੁਸਾਰ ਖੁਦ ਵਿਚ ਤਬਦੀਲੀ ਲਿਆਉਣ ਦੀ ਕੋਸ਼ਿਸ਼ ਕਰਦਾ ਹੈ, ਨਹੀਂ ਤਾਂ ਅਣਸੁਣਿਆ ਕਰ ਦਿੰਦਾ ਹੈ।
ਇੰਝ ਕਰਨਾ ਉਸ ਦੇ ਲਈ ਵੀ ਫਾਇਦੇਮੰਦ ਹੁੰਦਾ ਹੈ ਕਿਉਂਕਿ ਕੁਝ ਕਮੀਆਂ ਹਰੇਕ ਵਿਚ ਹੁੰਦੀਆਂ ਹਨ, ਜਿਨ੍ਹਾਂ ਨੂੰ ਪਛਾਣ ਕੇ ਤਬਦੀਲੀ ਲਿਆਂਦੀ ਜਾ ਸਕਦੀ ਹੈ। ਡੇਵਿਡ ਬ੍ਰਿੰਕਲੀ ਦੀ ਸਲਾਹ ਸਰਵਉੱਤਮ ਹੈ। ਉਨ੍ਹਾਂ ਕਿਹਾ ਹੈ—''ਇਕ ਸਫਲ ਵਿਅਕਤੀ ਉਹ ਹੈ ਜੋ ਦੂਜਿਆਂ ਵਲੋਂ ਖੁਦ 'ਤੇ ਸੁੱਟੀਆਂ ਗਈਆਂ ਇੱਟਾਂ ਨਾਲ ਮਜ਼ਬੂਤ ਨੀਂਹ ਬਣਾ ਸਕੇ।'' ਕਾਸ਼! ਹਰੇਕ ਵਿਚ ਉਹ ਧੀਰਜ ਤੇ ਨਿਮਰਤਾ ਹੋਵੇ ਜੋ ਆਲੋਚਨਾ ਤੋਂ ਫਾਇਦਾ ਲੈ ਸਕੇ।