ਦੂਜੇ ਪਾਤਸ਼ਾਹ ਸ੍ਰੀ ਗੁਰੂ ਅੰਗਦ ਦੇਵ ਜੀ ਦੇ ਪ੍ਰਕਾਸ਼ ਪੁਰਬ ''ਤੇ ਜਾਣੋ ਉਨ੍ਹਾਂ ਦਾ ਇਤਿਹਾਸ

Saturday, August 12, 2017 4:42 PM
ਦੂਜੇ ਪਾਤਸ਼ਾਹ ਸ੍ਰੀ ਗੁਰੂ ਅੰਗਦ ਦੇਵ ਜੀ ਦੇ ਪ੍ਰਕਾਸ਼ ਪੁਰਬ ''ਤੇ ਜਾਣੋ ਉਨ੍ਹਾਂ ਦਾ ਇਤਿਹਾਸ

ਫੇਰਿ ਵਸਾਇਆ ਫੇਰਆਣਿ ਸਤਿਗੁਰਿ ਖਾਡੂਰ ।।
ਜਪੁ ਤਪੁ ਸੰਜਮੁ ਨਾਲਿ ਤੁਧੁ ਹੁਰ ਮੁਚੁ ਗਰੂਰੁ ।।
ਬੁੱਧਵਾਰ ਅਸੀਂ ਪਹਿਲੀ ਪਾਤਸ਼ਾਹੀ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਜੀਵਨ ਇਤਿਹਾਸ ਬਾਰੇ ਜਾਣਕਾਰੀ ਦਿੱਤੀ ਸੀ। ਅੱਜ ਅਸੀਂ ਦੂਸਰੀ ਪਾਤਸ਼ਾਹੀ ਸਾਹਿਬ ਸ੍ਰੀ ਗੁਰੂ ਅੰਗਦ ਦੇਵ ਜੀ ਦੇ ਜੀਵਨ ਇਤਿਹਾਸ ਬਾਰੇ ਜਾਣਕਾਰੀ ਦਿਆਂਗੇ। 
ਆਪ ਜੀ ਦਾ ਜਨਮ ਪਿਤਾ ਭਾਈ ਫੇਰੂਮੱਲ ਜੀ ਅਤੇ ਮਾਤਾ ਦਇਆ ਕੌਰ ਜੀ ਦੇ ਘਰ ਜ਼ਿਲਾ ਫਿਰੋਜ਼ਪੁਰ ਦੇ ਪਿੰਡ ਮੱਤੇ ਦੀ ਸਰਾਂ ਵਿਖੇ ਹੋਇਆ। ਆਪ ਜੀ ਦਾ ਪਹਿਲਾ ਨਾਂ ਭਾਈ ਲਹਿਣਾ ਸੀ । ਲਹਿਣਾ ਜੀ ਉਦੋਂ ਛੋਟੀ ਉਮਰ ਦੇ ਸਨ, ਜਦੋਂ ਬਾਬਰ ਦੇ ਹਮਲੇ ਕਾਰਨ ਮੱਤੇ ਦੀ ਸਰਾਂ ਪਿੰਡ ਉੱਜੜ ਗਿਆ। ਭਾਈ ਫੇਰੂਮੱਲ ਜੀ ਪਰਿਵਾਰ ਸਮੇਤ ਪਿੰਡ ਖਡੂਰ ਆ ਗਏ। ਇਥੇ ਉਨ੍ਹਾਂ ਇਕ ਹੱਟੀ ਦਾ ਕੰਮ ਸੰਭਾਲਿਆ। ਭਾਈ ਲਹਿਣਾ ਜੀ ਮਾਤਾ ਦੇ ਭਗਤ ਸਨ। ਹਰ ਸਾਲ ਆਪ ਦੇਵੀ ਦੇ ਦਰਸ਼ਨਾਂ ਨੂੰ ਜਾਂਦੇ ਸਨ। ਖਡੂਰ 'ਚ ਭਾਈ ਜੋਧਾ ਨਾਂ ਦਾ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਇਕ ਸਿੱਖ ਰਹਿੰਦਾ ਸੀ। ਉਸ ਦੇ ਮੂੰਹੋਂ ਗੁਰਬਾਣੀ ਸੁਣ ਆਪ ਨੇ ਗੁਰੂ ਨਾਨਕ ਸਾਹਿਬ ਦੇ ਦਰਸ਼ਨ ਕਰਨ ਦਾ ਮਨ ਬਣਾ ਲਿਆ । ਗੁਰੂ ਨਾਨਕ ਸਾਹਿਬ ਅੱਗੋਂ ਭਾਈ ਲਹਿਣਾ ਜੀ ਨੂੰ ਲੈਣ ਆਏ। ਉਨ੍ਹਾਂ ਨੂੰ ਦੇਖ ਕੇ ਭਾਈ ਲਹਿਣਾ ਜੀ ਨੇ ਉਨ੍ਹਾਂ ਨੂੰ ਮੱਥਾ ਟੇਕਿਆ। ਗੁਰੂ ਨਾਨਕ ਸਾਹਿਬ ਨੇ ਕਿਹਾ ਕਿ ਜੇ ਤੂੰ ਲਹਿਣਾ ਹੈਂ ਤਾਂ ਅਸੀਂ ਦੇਣਾ ਹੈ ।

 
ਪ੍ਰਕਾਸ਼ ਉਤਸਵ: ਫੇਰਿ ਵਸਾਇਆ ਫੇਰਆਣਿ ਸਤਿਗੁਰਿ ਖਾਡੂਰ ॥

ਪ੍ਰਕਾਸ਼ ਉਤਸਵ: ਫੇਰਿ ਵਸਾਇਆ ਫੇਰਆਣਿ ਸਤਿਗੁਰਿ ਖਾਡੂਰ ॥ #GuruAngadDevJi #Sikhism #KhadoorSahib

Posted by JagBani on Thursday, April 27, 2017


ਆਪ ਨੂੰ 1532 ਤੋਂ 1539 ਤੱਕ (ਸੱਤ ਸਾਲ) ਗੁਰੂ ਨਾਨਕ ਸਾਹਿਬ ਜੀ ਦੀ ਸੰਗਤ ਅਤੇ ਸੇਵਾ ਕਰਨ ਦਾ ਸੁਭਾਗ ਪ੍ਰਾਪਤ ਹੋਇਆ। ਵੈਸ਼ਨੋ ਦੇਵੀ ਦਾ ਭਗਤ ਹੋਣ ਦੇ ਬਾਵਜੂਦ ਲਹਿਣਾ ਜੀ ਨੂੰ ਗੁਰੂ ਨਾਨਕ ਸਾਹਿਬ ਜੀ ਅਧਿਆਤਮਕ ਜੀਵਨ ਦੀ ਰਾਹ 'ਤੇ ਤੋਰਦੇ ਰਹੇ । ਹੁਕਮ ਮੰਨਣ ਦੀ ਪਹਿਲੀ ਪਰਖ ਉਦੋਂ ਹੋਈ ਜਦੋਂ ਮੁੰਜੀ ਦੇ ਖੇਤਾਂ ਵਿਚੋਂ ਨਦੀਨ ਦੀ ਪੰਡ ਲਹਿਣਾ ਜੀ ਨੇ ਸਿਰ 'ਤੇ ਚੁੱਕ ਲਈ ਅਤੇ ਆਪਣੇ ਕੱਪੜੇ ਖਰਾਬ ਹੋਣ ਦਾ ਖਿਆਲ ਨਾ ਕੀਤਾ। ਮਾਤਾ ਸੁਲੱਖਣੀ ਜੀ ਦੇ ਇਤਰਾਜ਼ ਕਰਨ 'ਤੇ ਗੁਰੂ ਨਾਨਕ ਸਾਹਿਬ ਜੀ ਨੇ ਆਖਿਆ ਕਿ ਇਹ ਤਾਂ ਕੇਸਰ ਦੇ ਛਿੱਟੇ ਹਨ । ਫਿਰ ਆਪ ਨੇ ਗੰਦੇ ਤੇ ਡੂੰਘੇ ਟੋਏ ਵਿਚ ਡਿੱਗਿਆ ਗੁਰੂ ਨਾਨਕ ਸਾਹਿਬ ਜੀ ਦਾ ਖਾਲੀ ਕਟੋਰਾ ਕੱਢਣ ਲੱਗਿਆਂ ਜ਼ਰਾ ਵੀ ਸੰਕੋਚ ਨਾ ਕੀਤਾ । ਕੜਾਕੇ ਦੀ ਠੰਡ ਵਿਚ ਅੱਧੀ ਰਾਤ ਨੂੰ ਘਰ ਦੀ ਕੰਧ ਮੀਂਹ ਪੈਣ ਕਾਰਨ ਢਹਿ ਗਈ, ਜੋ ਆਪ ਨੇ ਰਾਤ ਨੂੰ ਹੀ ਗਾਰਾ ਤਿਆਰ ਕਰਕੇ ਬਣਾ ਦਿੱਤੀ । ਸਰਦੀ ਦੀ ਇਕ ਰਾਤ ਨੂੰ ਗੁਰੂ ਨਾਨਕ ਸਾਹਿਬ ਨੇ ਭਾਈ ਲਹਿਣਾ ਜੀ ਨੂੰ ਜਗਾ ਕੇ ਰਾਵੀ ਦਰਿਆ 'ਤੇ ਕੱਪੜੇ ਧੋਣ ਭੇਜਿਆ। ਭਾਈ ਲਹਿਣਾ ਜੀ ਖੁਸ਼ੀ-ਖੁਸ਼ੀ ਗੁਰੂ ਦਾ ਹੁਕਮ ਮੰਨਦੇ ਹੋਏ ਕੱਪੜੇ ਧੋਣ ਚਲੇ ਗਏ। ਐਸੇ ਸਨ ਭਾਈ ਲਹਿਣਾ ਜੀ ਗੁਰੂ ਪਾਤਸ਼ਾਹ ਦੀ ਰਜ਼ਾ ਵਿਚ ਰਹਿਣ ਅਤੇ ਹੁਕਮ ਮੰਨਣ ਵਾਲੇ ।
ਗੁਰੂ ਨਾਨਕ ਸਾਹਿਬ ਇਹ ਸਾਰਾ ਕੁਝ ਭਾਈ ਲਹਿਣਾ ਜੀ ਨੂੰ ਗਰੀਬਾਂ ਦੀ ਬਾਂਹ ਫੜਨ, ਉਨ੍ਹਾਂ ਨਾਲ ਪਿਆਰ ਕਰਨ ਅਤੇ ਕਰਤੇ ਦੇ ਹੁਕਮ ਨੂੰ ਸਤਿ-ਸਤਿ ਕਰ ਕੇ ਮੰਨਣ ਵਾਸਤੇ ਤਿਆਰ ਕਰਨ ਲਈ ਕਰ ਰਹੇ ਸਨ।  ਇਸ ਸਭ ਦਾ ਅਸਰ ਇਹ ਹੋਇਆ ਕਿ ਆਪ ਗੁਰੂਘਰ ਦੇ ਹੀ ਬਣ ਕੇ ਰਹਿ ਗਏ। ਉਕਤ ਪ੍ਰੀਖਿਆਵਾਂ ਵਿਚ ਗੁਰੂ ਨਾਨਕ ਸਾਹਿਬ ਜੀ ਦੇ ਆਪਣੇ ਪੁੱਤਰ ਬਾਬਾ ਸ੍ਰੀ ਚੰਦ ਅਤੇ ਬਾਬਾ ਲਖਮੀ ਦਾਸ ਜੀ ਪੂਰੇ ਨਹੀਂ ਉਤਰੇ ਸਨ । ਐਸੀ ਸੀ ਭਾਈ ਲਹਿਣਾ ਜੀ ਦੀ ਘਾਲਣਾ।
ਭਾਈ ਲਹਿਣਾ ਜੀ ਅੱਗੇ ਜਾ ਕੇ ਗੁਰੂ ਅੰਗਦ ਦੇਵ ਜੀ ਕਹਾਏ, ਦੇ ਸਮੁੱਚੇ ਜੀਵਨ ਦੇ ਤਿੰਨ ਪ੍ਰਤੱਖ ਹਿੱਸੇ ਬਣਦੇ ਹਨ। ਪਹਿਲਾ ਹਿੱਸਾ ਆਪ ਨੇ ਦੇਵੀ ਪੂਜਾ ਅਤੇ ਦੂਜਾ ਗੁਰੂ ਭਗਤੀ 'ਚ ਗੁਜ਼ਾਰਿਆ। ਤੀਜੇ ਹਿੱਸੇ ਵਿਚ ਆਪ ਜੀ ਗੁਰਗੱਦੀ 'ਤੇ ਬਿਰਾਜਮਾਨ ਹੋਏ। ਗੁਰੂ ਸਾਹਿਬ ਦਾ ਗੁਰਿਆਈ ਕਾਲ ਬੜਾ ਅਹਿਮ ਸੀ। ਗੁਰੂ ਜੀ ਨੇ ਗੁਰਮੁੱਖੀ ਲਿਪੀ ਦੀ ਸਥਾਪਨਾ ਕੀਤੀ ਤੇ ਲੰਗਰ ਦੀ ਪ੍ਰਥਾ ਵੀ ਅੱਗੇ ਤੋਰੀ । ਆਪ ਜੀ ਨੇ ਖਡੂਰ ਸਾਹਿਬ ਨਗਰ ਵੀ ਵਸਾਇਆ। ਆਪ ਜੀ ਦੇ ਸ੍ਰੀ ਗੁਰੂ ਗੰ੍ਰਥ ਸਾਹਿਬ ਜੀ 'ਚ 63 ਸਲੋਕ ਦਰਜ ਹਨ। ਗੁਰੂ ਅੰਗਦ ਦੇਵ ਸਾਹਿਬ ਦਾ ਪ੍ਰਕਾਸ਼ ਪੁਰਬ ਖਡੂਰ ਸਾਹਿਬ ਵਿਖੇ ਬੜੀ ਸ਼ਰਧਾ-ਭਾਵਨਾ ਨਾਲ ਮਨਾਇਆ ਜਾਂਦਾ ਹੈਪੰਜਾਬੀ ਮੇਟਰੀਮੋਨੀ ਤੋਂ ਸਹੀ ਰਿਸ਼ਤਾ ਦੀ ਚੇਣ ਕਰੋ - ਮੁਫ਼ਤ ਰਜਿਸਟਰ ਕਰੋ!