ਗਿਆਨ ਬਿਨਾਂ ਭਗਤੀ ਅਧੂਰੀ

6/26/2017 11:16:36 AM

ਇਕ ਵਿਅਕਤੀ ਕੋਲ ਇਕ ਭਾਲੂ ਸੀ। ਭਾਲੂ ਹਰ ਸਮੇਂ ਆਪਣੇ ਸਵਾਮੀ ਦੀ ਭਗਤੀ 'ਚ ਲੀਨ ਰਹਿੰਦਾ। ਇਕ ਦਿਨ ਦੂਜੇ ਪਿੰਡ ਜਾਂਦੇ ਹੋਏ ਉਹ ਵਿਅਕਤੀ ਇਕ ਦਰੱਖਤ ਹੇਠਾਂ ਆਰਾਮ ਕਰਨ ਲਈ ਲੇਟ ਗਿਆ, ਉਦੋਂ ਉਸ ਦੀ ਅੱਖ ਲੱਗ ਗਈ ਅਤੇ ਉਸ ਨੂੰ ਨੀਂਦ ਆ ਗਈ। ਭਾਲੂ ਆਪਣੇ ਸਵਾਮੀ ਦੀ ਰੱਖਿਆ ਲਈ ਉਸ ਕੋਲ ਬੈਠ ਗਿਆ, ਤਾਂ ਕਿ ਕੋਈ ਜਾਨਵਰ ਉਸ ਦੇ ਸਵਾਮੀ ਨੂੰ ਨੁਕਸਾਨ ਨਾ ਪਹੁੰਚਾਏ। ਭਾਲੂ ਨੇ ਦੇਖਿਆ ਕਿ ਇਕ ਮੱਖੀ ਵਾਰ-ਵਾਰ ਸਵਾਮੀ ਦੇ ਮੂੰਹ 'ਤੇ ਬੈਠ ਕੇ ਉਸ ਦੀ ਨੀਂਦ ਖਰਾਬ ਕਰ ਰਹੀ ਹੈ। ਭਾਲੂ ਨੇ ਮੱਖੀ ਨੂੰ ਕਈ ਵਾਰ ਉਡਾਇਆ ਵੀ ਪਰ ਮੱਖੀ ਵਾਰ-ਵਾਰ ਚਿਹਰੇ 'ਤੇ ਆ ਕੇ ਬੈਠ ਜਾਂਦੀ।
ਭਾਲੂ ਨੂੰ ਗੁੱਸਾ ਆ ਗਿਆ। ਉਸ ਨੇ ਮੱਖੀ ਨੂੰ ਮਾਰਨ ਲਈ ਇਕ ਵੱਡਾ ਪੱਥਰ ਲਿਆ, ਜਿਵੇਂ ਹੀ ਮੱਖੀ ਉਸ ਵਿਅਕਤੀ ਦੇ ਮੂੰਹ 'ਤੇ ਬੈਠੀ, ਭਾਲੂ ਨੇ ਜ਼ੋਰ ਨਾਲ ਪੱਥਰ ਮਾਰਿਆ। ਮੱਖੀ ਤਾਂ ਉੱਡ ਗਈ ਪਰ ਉਹ ਵਿਅਕਤੀ ਮਰ ਗਿਆ। ਭਾਲੂ ਆਪਣੇ ਸਵਾਮੀ ਦਾ ਭਗਤ ਤਾਂ ਸੀ ਪਰ ਉਸ ਵਿਚ ਭਗਤੀ ਦੇ ਨਾਲ-ਨਾਲ ਗਿਆਨ ਨਹੀਂ ਸੀ, ਉਹ ਅਗਿਆਨੀ ਭਗਤ ਸੀ। ਜੇ ਉਹ ਗਿਆਨੀ ਭਗਤ ਹੁੰਦਾ ਤਾਂ ਆਪਣੇ ਸਵਾਮੀ ਨੂੰ ਨਾ ਮਾਰਦਾ।
ਇਸੇ ਤਰ੍ਹਾਂ ਅਧਿਆਤਮ ਵਿਚ ਵੀ ਇਹ ਗੱਲ ਅਹਿਮ ਹੁੰਦੀ ਹੈ ਕਿ ਸਾਧਕ ਵਿਚ ਭਗਤੀ ਦੇ ਨਾਲ-ਨਾਲ ਗਿਆਨ ਵੀ ਹੋਣਾ ਚਾਹੀਦਾ ਹੈ ਕਿਉਂਕਿ ਗਿਆਨ ਦੇ ਬਿਨਾਂ ਭਗਤੀ ਅਧੂਰੀ ਰਹਿ ਜਾਂਦੀ ਹੈ। ਬਿਨਾਂ ਭਗਤੀ ਦੇ ਗਿਆਨ ਅਤੇ ਬਿਨਾਂ ਗਿਆਨ ਦੇ ਭਗਤੀ ਸਾਧਕ ਦੇ ਅੰਦਰ ਹੰਕਾਰ ਵਧਾ ਦਿੰਦੇ ਹਨ।
ਜ਼ਿਆਦਾਤਰ ਦੇਖਿਆ ਜਾਂਦਾ ਹੈ ਕਿ ਜੋ ਗਿਆਨੀ ਹੁੰਦੇ ਹਨ, ਉਨ੍ਹਾਂ ਦੀ ਅਧਿਆਤਮਕ ਊਰਜਾ ਸਿਰਫ ਬੁੱਧੀ ਵਿਚ ਹੀ ਚਲਦੀ ਰਹਿੰਦੀ ਹੈ, ਜਿਸ ਨਾਲ ਉਨ੍ਹਾਂ ਦੀ ਬੁੱਧੀ ਸ਼ੁੱਧ ਹੋ ਜਾਂਦੀ ਹੈ। ਫਿਰ ਉਹ ਹਰੇਕ ਕੰਮ ਗਿਆਨ ਦੀ ਕਸੌਟੀ ਨਾਲ ਹੀ ਕਰਨ ਲੱਗਦੇ ਹਨ। ਅਜਿਹੇ ਵਿਚ ਜੇ ਉਨ੍ਹਾਂ ਦੇ ਅੰਦਰ ਭਗਤੀ ਭਾਵ ਨਹੀਂ ਹੈ ਤਾਂ ਉਨ੍ਹਾਂ ਦੇ ਹਿਰਦੇ ਵਿਚ ਅਧਿਆਤਮਕ ਊਰਜਾ ਦਾ ਪ੍ਰਵਾਹ ਨਹੀਂ ਹੁੰਦਾ, ਜਿਸ ਨਾਲ ਉਨ੍ਹਾਂ ਦਾ ਦਿਲ ਨਹੀਂ ਖੁੱਲ੍ਹਦਾ ਅਤੇ ਗਿਆਨ ਹੁੰਦੇ ਹੋਏ ਵੀ ਜੀਵਨ ਰੁੱਖਾ ਹੋ ਜਾਂਦਾ ਹੈ।
ਇਸੇ ਤਰ੍ਹਾਂ ਜੋ ਭਗਤ ਹੁੰਦੇ ਹਨ, ਉਹ ਭਗਤੀ ਨਾਲ ਆਪਣੇ ਦਿਲ ਨੂੰ ਸ਼ੁੱਧ ਕਰ ਲੈਂਦੇ ਹਨ, ਜਿਸ ਨਾਲ ਉਨ੍ਹਾਂ ਦੀ ਅਧਿਆਤਮਕ ਊਰਜਾ ਦਿਲ ਵਿਚ ਹੀ ਵਹਿਣ ਲੱਗਦੀ ਹੈ। ਅਜਿਹੇ ਵਿਚ ਉਹ ਗਿਆਨ ਨੂੰ ਨਹੀਂ ਸਮਝ ਪਾਉਂਦੇ ਅਤੇ ਉਨ੍ਹਾਂ ਦੀ ਬੁੱਧੀ ਵਿਚ ਸੂਖਮਤਾ ਨਹੀਂ ਆ ਪਾਉਂਦੀ। ਇਸ ਲਈ ਜ਼ਿਆਦਾਤਰ ਜੋ ਗਿਆਨੀ ਹੁੰਦੇ ਹਨ, ਭਗਤ ਨਹੀਂ ਹੋ ਸਕਦੇ ਅਤੇ ਜੋ ਭਗਤ ਹੁੰਦੇ ਹਨ, ਉਹ ਗਿਆਨ ਦੀ ਉਚਾਈ 'ਤੇ ਨਹੀਂ ਪਹੁੰਚ ਪਾਉਂਦੇ ਪਰ ਸੱਚਾ ਸਾਧਕ ਗਿਆਨ ਤੇ ਭਗਤੀ ਦਾ ਤਾਲਮੇਲ ਕਰ ਲੈਂਦਾ ਹੈ।
ਇਸ ਲਈ ਗੀਤਾ ਵਿਚ ਭਗਵਾਨ ਕਹਿੰਦੇ ਹਨ-ਗਿਆਨੀ-ਭਗਤ ਮੈਨੂੰ ਪਿਆਰਾ ਹੈ। ਸ਼ਾਸਤਰ ਪੜ੍ਹਨ ਵਾਲਾ, ਗਿਆਨ ਦੇ ਸ਼ਬਦ ਯਾਦ ਕਰ ਕੇ ਉਨ੍ਹਾਂ ਸ਼ਬਦਾਂ ਨੂੰ ਬੋਲ ਦੇਣ ਵਾਲਾ ਗਿਆਨੀ ਨਹੀਂ ਹੁੰਦਾ, ਬਲਕਿ ਗਿਆਨੀ ਉਹ ਹੈ, ਜੋ ਗੁਰੂ ਤੋਂ ਪ੍ਰਾਪਤ ਗਿਆਨ ਨੂੰ ਆਪਣੇ ਜੀਵਨ ਵਿਚ ਉਤਾਰਦਾ ਹੈ ਅਤੇ ਵਿਰੋਧ ਹੋਣ 'ਤੇ ਵੀ ਪ੍ਰੇਮ ਭਾਵ 'ਚ ਗੜੁੱਚ ਰਹਿੰਦਾ ਹੈ ਕਿਉਂਕਿ ਗਿਆਨੀ-ਭਗਤ ਤਾਂ ਹਾਰ-ਜਿੱਤ, ਮਾਣ-ਅਪਮਾਨ, ਲਾਭ-ਹਾਨੀ, ਦੁੱਖ-ਸੁੱਖ ਆਦਿ ਵਿਚ ਸਮਭਾਵ ਦਾ ਧਾਰਨੀ ਹੁੰਦਾ ਹੈ, ਜਿਨ੍ਹਾਂ 'ਚੋਂ ਕਿਸੇ ਨਾ ਕਿਸੇ ਵਿਚ ਵਿਅਕਤੀ ਜੀਵਨ ਭਰ ਉਲਝਿਆ ਰਹਿੰਦਾ ਹੈ।