ਜਾਣੋ ਨਰਾਤਿਆਂ ਵਿਚ ਮਾਤਾ ਦੇ ਸਵਰੂਪਾਂ ਨੂੰ, ਕਿਸ ਦਿਨ ਕਿਹੜਾ ਭੋਗ ਲਗਾਉਣ ਨਾਲ ਹੁੰਦਾ ਹੈ ਲਾਭ

9/22/2017 3:19:26 PM

ਨਵੀਂ ਦਿੱਲੀ— 21 ਸਤੰਬਰ ਤੋਂ ਨਰਾਤਿਆਂ ਦੀ ਸ਼ੁਰੂਆਤ ਹੋ ਗਈ ਹੈ। ਨੌਂ ਦਿਨਾਂ ਤੱਕ ਲੋਕ ਆਪਣੇ ਘਰਾਂ ਵਿਚ ਮਾਂ ਦੁਰਗਾ ਦੇ ਨੌਂ ਰੂਪਾਂ ਦੀ ਪੂਜਾ ਕਰਕੇ ਵਰਤ ਰੱਖਦੇ ਹਨ। ਇਨ੍ਹਾਂ ਨੌਂ ਦਿਨਾਂ 
ਵਿਚ ਮਾਂ ਦੁਰਗਾ ਨੂੰ ਭੋਗ ਲਗਾਇਆ ਜਾਂਦਾ ਹੈ । ਜੇ ਮਾਤਾ ਦੇ ਸਵਰੂਪਾਂ ਨੂੰ ਉਨ੍ਹਾਂ ਦੀ ਪਸੰਦ ਦਾ ਭੋਗ ਲਗਾਇਆ ਜਾਵੇ ਤਾਂ ਮਾਂ ਦਾ ਆਸ਼ੀਰਵਾਦ ਹਾਸਲ ਕੀਤਾ ਜਾ ਸਕਦਾ ਹੈ। ਜਾਣੋ ਨਰਾਤਿਆ ਦੌਰਾਨ ਨੌਂ ਦਿਨਾ ਤੱਕ ਕਿਹੜੀ ਦੇਵੀ ਨੂੰ ਕਿਹੜਾ ਭੋਗ ਲਗਾਉਣਾ ਚਾਹੀਦਾ ਹੈ। 
ਨਰਾਤਿਆਂ ਦੇ ਪਹਿਲੇ ਦਿਨ ਮਾਂ ਦੁਰਗਾ ਦੇ ਪਹਿਲੇ ਸਵਰੂਪ ਮਾਤਾ ਸ਼ੈਲਪੁੱਤਰੀ ਦੀ ਪੂਜਾ ਹੁੰਦੀ ਹੈ। ਉਨ੍ਹਾਂ ਨੂੰ ਸਫੈਦ ਚੀਜ਼ਾਂ ਦਾ ਭੋਗ ਲਗਾਉਣਾ ਚਾਹੀਦਾ ਹੈ। ਜੇ ਮਾਤਾ ਨੂੰ ਭੋਗ ਲਗਾਉਣ ਵਾਲੀਆਂ ਚੀਜ਼ਾਂ ਗਾਂ ਦੇ ਘਿਓ ਨਾਲ ਬਣੀਆਂ ਹੋਣ ਤਾਂ ਵਿਅਕਤੀ ਨੂੰ ਰੋਗਾਂ ਤੋਂ ਮੁਕਤੀ ਮਿਲਦੀ ਹੈ। 
ਨਰਾਤਿਆਂ ਦੇ ਦੂਜੇ ਦਿਨ ਮਾਂ ਬ੍ਰਹਮਚਾਰਣੀ ਨੂੰ ਮਿਸ਼ਰੀ, ਚੀਨੀ ਅਤੇ ਪੰਚਾਮ੍ਰਿਤ ਦਾ ਭੋਗ ਲਗਾਓ। ਇਨ੍ਹਾਂ ਚੀਜ਼ਾਂ ਦਾ ਦਾਨ ਕਰਨ ਨਾਲ ਵਿਅਕਤੀ ਨੂੰ ਲੰਬੀ ਉਮਰ ਦੀ ਪ੍ਰਾਪਤੀ ਹੁੰਦੀ ਹੈ। 
ਨਰਾਤਿਆਂ ਦੇ ਤੀਜੇ ਦਿਨ ਮਾਂ ਚੰਦਰਘੰਟਾ ਨੂੰ ਦੁੱਧ ਅਤੇ ਉਸ ਨਾਲ ਬਣੀਆਂ ਚੀਜ਼ਾਂ ਦਾ ਭੋਗ ਲਗਾਵਉਣਾ ਚਾਹੀਦਾ ਹੈ ਅਤੇ ਉਸ ਦਿਨ ਬ੍ਰਾਹਮਣ ਨੂੰ ਦਾਨ ਵੀ ਕੀਤਾ ਜਾਂਦਾ ਹੈ। ਅਜਿਹਾ ਕਰਨ ਨਾਲ ਮਾਤਾ ਖੁਸ਼ ਹੋ ਕੇ ਭਗਤਾਂ ਦੇ ਸਾਰੇ ਦੁੱਖਾਂ ਦਾ ਨਾਸ਼ ਕਰਦੀ ਹੈ। 
ਨਰਾਤਿਆਂ ਦੇ ਚੌਥੇ ਦਿਨ ਮਾਤਾ ਕੁਛਮਾਂਡਾ ਨੂੰ ਮਾਲਪੁਏ ਦਾ ਭੋਗ ਲਗਾਓ ਅਤੇ ਬ੍ਰਾਹਮਣ ਨੂੰ ਦਾਨ ਕਰੋ। ਇਸ ਪ੍ਰਸ਼ਾਦ ਨੂੰ ਖੁਦ ਵੀ ਗ੍ਰਹਿਣ ਕਰੋ। ਇਸ ਨਾਲ ਦਿਮਾਗ ਦਾ ਵਿਕਾਸ ਹੁੰਦਾ ਹੈ। 
ਨਰਾਤਿਆਂ ਦੇ ਪੰਜਵੇਂ ਦਿਨ ਮਾਤਾ ਸਕੰਦਮਾਤਾ ਦੀ ਪੂਜਾ ਕਰਕੇ ਭਗਵਤੀ ਦੁਰਗਾ ਨੂੰ ਕੇਲਿਆਂ ਦਾ ਭੋਗ ਲਗਵਾਓ ਅਤੇ ਇਹ ਪ੍ਰਸ਼ਾਦ ਬ੍ਰਾਹਮਣ ਨੂੰ ਦਿਓ। ਅਜਿਹਾ ਕਰਨ ਨਾਲ ਵਿਅਕਤੀ ਦੇ ਦਿਮਾਗ ਦਾ ਵਿਕਾਸ ਹੁੰਦਾ ਹੈ।
ਨਰਾਤਿਆਂ ਦੇ ਛੇਵੇਂ ਦਿਨ ਮਾਂ ਕਾਤਯਾਯਨੀ ਦੇ ਪੂਜਨ ਵਿਚ ਸ਼ਹਿਦ ਦਾ ਵਿਸ਼ੇਸ਼ ਮਹੱਤਵ ਹੈ। ਇਸ ਦਿਨ ਪ੍ਰਸ਼ਾਦ ਵਿਚ ਸ਼ਹਿਦ ਦੀ ਵਰਤੋਂ ਕਰ ਕੇ ਬ੍ਰਾਹਮਣ ਨੂੰ ਦਾਨ ਕਰਨ ਨਾਲ ਭਗਤਾਂ ਦੀ ਖੂਬਸੂਰਤੀ ਵਿਚ ਵਾਧਾ ਹੁੰਦਾ ਹੈ।
ਨਰਾਤਿਆਂ ਦੇ ਸੱਤਵੇਂ ਦਿਨ ਮਾਂ ਕਾਲਰਾਤਰੀ ਦੀ ਪੂਜਾ ਵਿਚ ਗੁੜ ਅਰਪਿਤ ਕਰੋ ਅਤੇ ਬ੍ਰਾਹਮਣ ਨੂੰ ਦਾਨ ਕਰੋ। ਅਜਿਹਾ ਕਰਨ ਨਾਲ ਵਿਅਕਤੀ ਸ਼ੋਕਮੁਕਤ ਹੁੰਦਾ ਹੈ। 
ਨਰਾਤਿਆਂ ਦੇ ਅਠਵੇ ਦਿਨ ਮਾਤਾ ਮਹਾਗੌਰੀ ਦੀ ਪੂਜਾ ਹੁੰਦੀ ਹੈ। ਇਸ ਦਿਨ ਮਾਤਾ ਨੂੰ ਨਾਰੀਅਲ ਭੋਗ ਲਗਾਇਆ ਜਾਂਦਾ ਹੈ। ਨਾਰੀਅਲ ਨੂੰ ਸਿਰ ਤੋਂ ਘੁਮਾਕੇ ਜਲ ਵਿਚ ਵਹਾਉਣ ਨਾਲ ਭਗਤਾਂ ਦੀਆਂ ਸਾਰੀਆਂ ਮਨੋਕਾਮਨਾਵਾਂ ਪੂਰੀਆਂ ਹੋ ਜਾਂਦੀਆਂ ਹਨ। 
ਨਰਾਤਿਆਂ ਦੇ ਨੌਂਵੇ ਦਿਨ ਮਾਂ ਸਿੱਧੀਦਾਤਰੀ ਨੂੰ ਵੱਖ-ਵੱਖ ਅਨਾਜਾਂ ਦਾ ਭੋਗ ਲਗਾਉਣਾ ਚਾਹੀਦਾ ਹੈ ਅਤੇ ਉਸ ਤੋਂ ਬਾਅਦ ਉਸ ਨੂੰ ਗਰੀਬਾਂ ਵਿਚ ਦਾਨ ਕਰ ਦੇਣਾ ਚਾਹੀਦਾ। ਅਜਿਹਾ ਕਰਨ ਨਾਲ ਭਗਤਾਂ ਨੂੰ ਜੀਵਨ ਵਿਚ ਹਰ ਸੁੱਖ ਸ਼ਾਂਤੀ ਦੀ ਪ੍ਰਾਪਤੀ ਹੁੰਦੀ ਹੈ। ਇਸ ਦਿਨ ਧਾਨ ਦਾ ਦਾਨ ਦੇਣ ਨਾਲ ਵਿਅਕਤੀ ਨੂੰ ਲੋਕ ਪਰਲੋਕ ਦਾ ਸੁਖ ਮਿਲਦਾ ਹੈ।