ਜਾਣੋ ਪਹਿਲੀ ਪਾਤਸ਼ਾਹੀ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਇਤਿਹਾਸ

Wednesday, August 09, 2017 5:54 PM

ਗੁਰੂ ਨਾਨਕ ਦੇਵ ਜੀ ਸਿੱਖਾਂ ਦੇ ਮੋਢੀ ਗੁਰੂ ਹੋਏ ਹਨ ।ਆਪ ਜੀ ਦਾ ਜਨਮ ਪਿਤਾ ਮਹਿਤਾ ਕਾਲੂ ਅਤੇ ਮਾਤਾ ਤ੍ਰਿਪਤਾ ਦੇਵੀ ਜੀ ਦੇ ਘਰ ਰਾਇ ਭੋਇ ਦੀ ਤਲਵੰਡੀ ਨਨਕਾਣਾ ਸਾਹਿਬ ਵਿਖੇ ਪਾਕਿਸਤਾਨ 'ਚ ਹੋਇਆ ।ਆਪ ਜੀ ਦਾ ਜਦ ਜਨਮ ਹੋਇਆ ਤਾਂ ਦੋਲਤਾਂ ਦਾਈ ਨੇ ਸਭ ਤੋਂ ਪਹਿਲਾਂ ਆਪ ਦਾ ਰੱਬੀ ਰੂਪ ਪਹਿਚਾਣਿਆ ਅਤੇ ਉਸ ਤੋਂ ਬਾਅਦ ਵੱਡੀ ਭੈਣ ਬੇਬੇ ਨਾਨਕੀ ਨੇ ਆਪ ਜੀ ਦਾ ਰੱਬੀ ਰੂਪ ਦੇਖਿਆ ਅਤੇ ਆਪਣੇ ਵੀਰ ਨਾਨਕ ਨੂੰ ਗੁਰੂ ਧਾਰ ਲਿਆ ।ਬਾਲ ਨਾਨਕ ਸ਼ੁਰੂ ਤੋਂ ਤੀਖਣ ਬੁੱਧੀ ਦੇ ਮਾਲਕ ਸਨ ।ਗੁਰੂ ਨਾਨਕ ਦੇਵ ਜੀ ਨੂੰ 7 ਸਾਲ ਦੀ ਉਮਰ 'ਚ ਹੀ ਪਾਂਧੇ ਕੋਲ ਪੜ੍ਹਨ ਲਈ ਭੇਜਿਆ ਗਿਆ ਸੀ, ਪਰ ਉਹ ਆਪ ਪਾਂਧੇ ਨੂੰ ਪੜ੍ਹਨੇ ਪਾ ਆਏ ਸਨ ।ਪਿਤਾ ਮਹਿਤਾ ਕਾਲੂ ਆਪਣੇ ਪੁੱਤਰ ਨੁੰ ਵਧੀਆ ਵਪਾਰੀ ਬਣਾਉਣਾ ਚਾਹੁੰਦੇ ਸਨ , ਪਰ  ਦੁਨੀਆ ਨੂੰ ਨਵੀਂ ਦਿਸ਼ਾ ਦੇਣ ਵਾਲੇ ਨਾਨਕ ਦਾ ਮਨ ਦੁਨਿਆਵੀਂ ਕੰਮਾਂ ਤੋਂ ਉਪਰਾਂਤ ਸੀ , ਆਪ ਜੀ ਆਪਣੀ ਮਸਤ ਚਾਲ ਚੱਲਦੇ ਰਹੇ ਤੇ ਦੁਨੀਆ ਨੂੰ ਤਾਰਦੇ ਗਏ । ਗੁਰੂ ਨਾਨਕ ਸਾਹਿਬ ਦੇ ਸਮੇਂ ਜਿੱਥੇ ਛੂਤ-ਛਾਤ ਦਾ ਬੋਲਾ-ਬਾਲਾ ਸੀ , ਉੱਥੇ ਹੀ ਜਗਜਨਣੀ ਨੂੰ ਸਮਾਜ ਦੀ ਸਭ ਤੋਂ ਨੀਚ ਚੀਜ਼ ਸਮਝ ਕੇ ਤ੍ਰਿਸਕਾਰਿਆ ਜਾਂਦਾ ਸੀ ਅਤੇ ਉਸਨੂੰ ਪੈਰ ਦੀ ਜੁੱਤੀ ਸਮਝਿਆ ਜਾਂਦਾ ਸੀ ।ਜਿਸ ਤੋਂ ਬਾਅਦ ਗੁਰੂ ਸਾਹਿਬ ਨੇ ਸ਼ਬਦ ਉਚਾਰਿਆ ਸੀ । 'ਸੋ ਕਿਊ ਮੰਦਾ ਆਖੀਐ ਜਿਤੁ ਜੰਮਹਿ ਰਾਜਾਨ' ਗੁਰੂ ਨਾਨਕ ਪਾਤਸ਼ਾਹ ਭਾਰਤ ਦੇ ਲੋਕਾਂ ਦੀ ਦਰਦਨਾਕ ਹਾਲਤ ਦੇਖਦੇ ਹੋਏ ਲੰਬੀ ਸੰਸਾਰਿਕ ਯਾਤਰਾ 'ਤੇ ਨਿਕਲ ਗਏ ਅਤੇ 4 ਉਦਾਸੀਆਂ ਕਰਕੇ ਫੋਕਟ ਕਰਮ ਕਾਂਡਾਂ ਦਾ ਖੰਡਨ ਕੀਤਾ ਤੇ ਲੋਕਾਂ ਨੂੰ ਸੱਚ ਦੇ ਰਾਹ 'ਤੇ ਤੋਰਿਆ ।ਪਹਿਲੀ ਯਾਤਰਾ ਦੌਰਾਨ 1507 ਤੋਂ ਲੈ ਕੇ 1515 ਤੱਕ 6 ਤੋਂ 7 ਹਜ਼ਾਰ ਮੀਲ ਦਾ ਪੈਂਡਾਂ ਤਹਿ ਕੀਤਾ ।ਇਸ ਦੌਰਾਨ ਗੁਰੂ ਨਾਨਕ ਸਾਹਿਬ ਜੀ ਨੇ ਲੋਕਾਂ ਨੂੰ ਵਹਿਮਾਂ ਭਰਮਾਂ 'ਚੋਂ ਕੱਢ ਕੇ ਲੋਕਾਂ ਨੂੰ ਅਸਲ ਜ਼ਿੰਦਗੀ ਤੋਂ ਜਾਣੂ ਕਰਵਾਇਆ ।ਆਪ ਜੀ ਦੀ ਦੂਸਰੀ ਯਾਤਰਾ 1517 ਤੋਂ 1518 ਤੱਕ ਸੀ , ਜਿਸ ਦੌਰਾਨ ਆਪ ਜੀ ਜੰਮੂ–ਕਸ਼ਮੀਰ ਗਏ ਅਤੇ ਅਮਰਨਾਥ ਵਿਖੇ ਆਪ ਜੀ ਦਾ ਮੇਲ ਸਿੱਧਾਂ ਨਾਲ ਹੋਇਆ ਅਤੇ ਉਹਨਾਂ ਨੂੰ ਰੱਬ ਤੋਂ ਜਾਣੂ ਕਰਵਾਇਆ ।ਤੀਸਰੀ ਯਾਤਰਾ 1519 ਤੋਂ 1521  ਤੱਕ ਸੀ , ਭਾਈ ਗੁਰਦਾਸ ਜੀ ਦੇ ਕਥਨ ਮੁਤਾਬਕ ਬਾਬਾ ਫਿਰ ਮੱਕਾ ਗਿਆ , ਨੀਲ ਬਸਤਰ ਧਾਰੇ ਬਨਵਾਰੀ ।ਜਿੱਥੇ ਗੜ ਬਗਦਾਦ ਵਿਖੇ ਕਾਬੇ ਦੀ ਘਟਨਾ ਪ੍ਰਸਿੱਧ ਹੈ ।ਚੋਥੀ ਯਾਤਰਾ ਕਾਬਲੁ ,ਕੰਧਾਰ , ਇਰਾਨ , ਇਰਾਕ 'ਚ ਕੀਤੀ । ਆਪਣੀਆਂ ਯਾਤਰਾਵਾਂ ਦੌਰਾਨ ਗੁਰੂ ਸਾਹਿਬ ਨੇ ਭਟਕੇ ਲੋਕਾਂ ਨੂੰ ਸਿੱਧੇ ਰਾਹੇ ਪਾਇਆ ।ਇਸੇ ਹੀ ਤਰਾਂ ਗੁਰੂ ਸਾਹਿਬ ਨੇ ਕਈ ਵਹਿਮਾਂ ਭਰਮਾਂ 'ਤੇ ਫੋਕੇ ਕਰਮ ਕਾਂਡਾਂ ਦਾ ਨਾਸ਼ ਕੀਤਾ ।ਗੁਰੂ ਸਾਹਿਬ ਨੇ ਇੱਕ ਜਾਤ ਅਤੇ ਕੋਮ ਦੀ ਗੱਲ ਨਹੀਂ ਕੀਤੀ , ਬਲਕਿ   ਪੂਰੀ ਲੁਕਾਈ ਦੀ ਗੱਲ ਕੀਤੀ ਸੀ ।ਗੁਰੂ ਸਾਹਿਬ ਨੇ ਸੁਲਤਾਨਪੁਰ ਲੋਧੀ ਦੀ ਧਰਤੀ 'ਤੇ ਸਭ ਤੋਂ ਵਧੇਰੇ ਸਮਾਂ ਗੁਜਾਰਿਆ।14 ਸਾਲ 9 ਮਹੀਨੇ ਅਤੇ 13 ਦਿਨ ਗੁਰੂ ਸਾਹਿਬ ਨੇ ਸੁਲਤਾਨਪੁਰ ਲੋਧੀ 'ਚ ਬਿਤਾਏ। ਗੁਰੂ ਸਾਹਿਬ ਹਮੇਸ਼ਾ ਇੱਥੇ ਬੰਦਗੀ ਵਿਚ ਲੀਣ ਰਹਿੰਦੇ ਸਨ। ਗੁਰੂ ਸਾਹਿਬ ਨੂੰ ਲੈ ਕੇ ਕਈ ਮਿਸਾਲਾਂ ਮਿਲਦੀਆਂ ਹਨ ।ਗੁਰੂ ਸਾਹਿਬ ਦੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ 'ਚ 974 ਸ਼ਬਦ ਹਨ ।ਗੁਰੂ ਜੀ ਸਿੱਖ ਸੰਗਤਾਂ ਨੂੰ ਨਾਮ ਜਪੋ, ਵੰਡ ਛਕੋ ਦਾ ਸੰਦੇਸ਼ ਦਿੰਦੇ ਹੋਏ ਗੁਰੂ ਅੰਗਦ ਦੇਵ ਜੀ ਨੂੰ ਗੁਰਗੱਦੀ ਸੋਂਪ ਕੇ ਜੋਤੀ ਜੋਤਿ ਸਮਾ ਗਏ ।ਪੰਜਾਬੀ ਮੇਟਰੀਮੋਨੀ ਤੋਂ ਸਹੀ ਰਿਸ਼ਤਾ ਦੀ ਚੇਣ ਕਰੋ - ਮੁਫ਼ਤ ਰਜਿਸਟਰ ਕਰੋ!