ਖਾਲਸਾ ਮੇਰੋ ਰੂਪ ਹੈ ਖਾਸ...

4/10/2017 7:09:58 AM

ਖਾਲਸਾ ਪੰਥ ਦੀ ਸਾਜਨਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਸੰਮਤ 1756 (1699 ਈ.) ਵਿਚ ਵਿਸਾਖੀ ਵਾਲੇ ਦਿਨ ਕੀਤੀ। ਵਿਸਾਖੀ ਦਾ ਤਿਉਹਾਰ ਭਾਰਤ ਦਾ ਇਕ ਸਮਾਜਿਕ ਤਿਉਹਾਰ ਹੈ, ਜੋ ਪੁਰਾਤਨ ਸਮੇਂ ਤੋਂ ਸਾਰੇ ਭਾਰਤ ''ਚ ਮਨਾਇਆ ਜਾਂਦਾ ਰਿਹਾ ਹੈ। ਇਸ ਵੇਲੇ ਤਕ ਹਾੜ੍ਹੀ ਦੀ ਫਸਲ ਪੱਕ ਕੇ ਤਿਆਰ ਹੋ ਗਈ ਹੁੰਦੀ ਹੈ। ਇਸ ਦਿਨ ਸਾਰੇ ਲੋਕ ਬਿਨਾਂ ਕਿਸੇ ਭੇਦਭਾਵ ਦੇ ਨਵੀਆਂ ਆਸਾਂ ਤੇ ਉਮੀਦਾਂ ਲੈ ਕੇ ਮੇਲਿਆਂ ''ਚ ਖੁਸ਼ੀ ਨਾਲ ਸ਼ਰੀਕ ਹੁੰਦੇ ਹਨ।
ਮਨੁੱਖਤਾ ਨੂੰ ਖਾਲਸੇ ਦੀ ਵਡਮੁੱਲੀ ਦਾਤ ਦੇਣ ਲਈ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਇਸ ਦਿਨ ਨੂੰ ਚੁਣਿਆ ਕਿਉਂਕਿ ਖਾਲਸੇ ਦਾ ਸੰਕਲਪ ਮਨੁੱਖਤਾ ਨੂੰ ਦੁੱਖਾਂ ਤੋਂ ਨਿਜਾਤ ਦਿਵਾਉਣ ਲਈ ਅਤੇ ਉਸ ਦੇ ਸਰਵਪੱਖੀ ਵਿਕਾਸ ਲਈ ਇਕ ਅਗੰਮੀ ਵਰਦਾਨ ਸੀ। ਇਕ ਨਵੇਂ ਸੱਜਰੇ ਜੀਵਨ ਦੀ ਸ਼ੁਰੂਆਤ ਸੀ। ਵਿਸਾਖ ਮਹੀਨੇ ਨੂੰ ਗੁਰਬਾਣੀ ਵਿਚ ''ਭਲਾ'' ਕਿਹਾ ਗਿਆ ਹੈ ; ''ਵੈਸਾਖੁ ਭਲਾ ਸਾਖਾ ਵੇਸ ਕਰੇ '' (ਪੰਨਾ 1108)
ਖਾਲਸੇ ਦੀ ਸਾਜਨਾ ਦੀ ਪ੍ਰਕਿਰਿਆ ਤਾਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਆਗਮਨ ਨਾਲ ਹੀ ਆਰੰਭ ਹੋ ਗਈ ਸੀ। ਲਗਾਤਾਰ ਸੈਂਕੜੇ ਸਾਲ 10 ਗੁਰੂ ਸਾਹਿਬਾਨ ਦੀ ਸਰਪ੍ਰਸਤੀ ਵਿਚ ਇਸ ਦਾ ਵਿਕਾਸ ਹੁੰਦਾ ਰਿਹਾ। ਦਸ ਗੁਰੂ ਸਾਹਿਬਾਨ ਵਿਚ ਇਕੋ ਹੀ ਗੁਰੂ ਜੋਤ ਵਰਤਦੀ ਸੀ। ਉਨ੍ਹਾਂ ਦੀ ਬਾਣੀ ਦਾ ਭਾਵ, ਉਦੇਸ਼ ਤੇ ਵਿਚਾਰਧਾਰਾ ਇਕ ਹੀ ਸੀ :
—ਲਹਣੇ ਦੀ ਫੇਰਾਈਐ ਨਾਨਕਾ ਦੋਹੀ ਖਟੀਐ
ਜੋਤਿ ਓਹਾ ਜੁਗਤਿ ਸਾਇ ਸਹਿ ਕਾਇਆ ਫੇਰਿ ਪਲਟੀਐ (ਪੰਨਾ 966)
—ਇਕਾ ਬਾਣੀ ਇਕੁ ਗੁਰੁ ਇਕੋ ਸਬਦੁ ਵੀਚਾਰਿ
ਸਚਾ ਸਉਦਾ ਹਟੁ ਸਚੁ ਰਤਨੀ ਭਰੇ ਭੰਡਾਰ (ਪੰਨਾ 646)

ਇਸ ਅਨਮੋਲ ਗੁਰਮਤਿ ਵਿਚਾਰਧਾਰਾ ਦੀ ਸਿਖਰ ਸੀ ''ਖਾਲਸੇ ਦੀ ਸਾਜਨਾ''। ਖਾਲਸਾ ਇਕ ਆਦਰਸ਼ ਪੁਰਖ ਹੈ। ਇਸ ਨੂੰ ਗੁਰਬਾਣੀ ਵਿਚ ਸਚਿਆਰ, ਗੁਰਮੁਖ, ਬ੍ਰਹਮ ਗਿਆਨੀ ਕਿਹਾ ਗਿਆ ਹੈ। ਖਾਲਸਾ ਇਕ ਸਰਵਪੱਖੀ, ਸਰਬ ਪ੍ਰਕਾਰ ਦੇ ਸਦਗੁਣਾਂ ਨਾਲ ਭਰਪੂਰ, ਆਤਮ-ਵਿਸ਼ਵਾਸ, ਸਵੈ-ਨਿਰਭਰ ਤੇ ਸੰਪੂਰਨ ਮਨੁੱਖ ਹੈ। ਖਾਲਸਾ ਸੰਤ ਵੀ ਹੈ ਸਿਪਾਹੀ ਵੀ, ਖਾਲਸਾ ਗੁਰੂ ਵੀ ਹੈ ਤੇ ਸਿੱਖ ਵੀ, ਖਾਲਸਾ ਗ੍ਰਹਿਸਥੀ ਵੀ ਹੈ ਤੇ ਯੋਗੀ ਵੀ, ਖਾਲਸਾ ਭਗਤ ਵੀ ਹੈ, ਸੂਰਬੀਰ ਵੀ ਹੈ ਤੇ ਦਾਤਾਰ ਵੀ ਹੈ, ਖਾਲਸਾ ਦ੍ਰਿੜ੍ਹ ਵੀ ਹੈ ਤੇ ਨਿਮਰ ਵੀ ਹੈ, ਖਾਲਸਾ ਨਿਰਭੈ ਵੀ ਹੈ ਤੇ ਨਿਰਵੈਰ ਵੀ ਹੈ। ਖਾਲਸਾ ਹਰ ਪ੍ਰਕਾਰ ਦੇ ਗਿਆਨ ਦਾ, ਸ਼ਕਤੀਆਂ ਦਾ ਭੰਡਾਰ ਹੈ, ਇਸ ਲਈ ਨਿਰੰਜਨ ਰੂਪ ਹੈ। ਇਹ ਇਕ ਅਜਿਹੀ ਸ਼ਖ਼ਸੀਅਤ ਹੈ, ਜਿਸ ਬਾਰੇ ਸ੍ਰੀ ਗੁਰੂ ਅੰਗਦ ਦੇਵ ਜੀ ਨੇ ਫਰਮਾਇਆ ਹੈ : ਸਰਬ ਸਬਦੰ ਏਕ ਸਬਦੰ ਜੇ ਕੋ ਜਾਣੈ ਭੇਉ
ਨਾਨਕੁ ਤਾ ਕਾ ਦਾਸੁ ਹੈ ਸੋਈ ਨਿਰੰਜਨ ਦੇਉ (ਪੰਨਾ 469)
ਵਿਸਾਖੀ ਦੇ ਦਿਹਾੜੇ ''ਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਸ੍ਰੀ ਆਨੰਦਪੁਰ ਸਾਹਿਬ ਵਿਖੇ ਖਾਲਸੇ ਦੀ ਸਾਜਨਾ ਕੀਤੀ। ਇਸੇ ਪਵਿੱਤਰ ਅਸਥਾਨ ''ਤੇ ਅੱਜ ਤਖਤ ਸ੍ਰੀ ਕੇਸਗੜ੍ਹ ਸਾਹਿਬ ਸੁਸ਼ੋਭਿਤ ਹੈ। ਸ੍ਰੀ ਗੁਰੂ ਨਾਨਕ ਦੇਵ ਜੀ ਨੇ ਜਿਸ ਤਰ੍ਹਾਂ ਸਿੱਖੀ ਧਾਰਨ ਲਈ ਸਿਰ ਦੇਣ ਦੀ ਸ਼ਰਤ ਰੱਖੀ ਸੀ, ਉਸੇ ''ਸਿਰੁ ਧਰਿ ਤਲੀ ਗਲੀ ਮੇਰੀ ਆਉ'' ਦੇ ਸਿਧਾਂਤ ਨੂੰ ਅਮਲੀ ਜਾਮਾ ਪਹਿਨਾਉਂਦਿਆਂ ਗੁਰੂ ਜੀ ਨੇ ਭਰੇ ਦੀਵਾਨ ਵਿਚ ਸਿੱਖਾਂ ਕੋਲੋਂ ਸੀਸ ਦੀ ਮੰਗ ਕੀਤੀ। ਗੁਰੂ ਜੀ ਦੇ ਹੁਕਮਾਂ ਦੀ ਪਾਲਣਾ ਕਰਦਿਆਂ ਦੀਵਾਨ ''ਚੋਂ ਪੰਜ ਸਿੰਘ ਆਪਣਾ ਸੀਸ ਗੁਰੂ ਚਰਨਾਂ ਵਿਚ ਭੇਟ ਕਰਨ ਲਈ ਉੱਠੇ। ਇਹ ਸਿੱਖ ਸਨ, ਭਾਈ ਦਇਆ ਰਾਮ, ਭਾਈ ਧਰਮ ਦਾਸ, ਭਾਈ ਹਿੰਮਤ ਚੰਦ, ਭਾਈ ਮੋਹਕਮ ਚੰਦ ਤੇ ਭਾਈ ਸਾਹਿਬ ਚੰਦ। ਗੁਰੂ ਜੀ ਨੇ ਇਨ੍ਹਾਂ ਪੰਜਾਂ ਨੂੰ ਨਵੇਂ ਵਸਤਰ ਤੇ ਸ਼ਸਤਰ ਪਹਿਨਾਏ। ਖੰਡੇ ਬਾਟੇ ਦੀ ਪਾਹੁਲ ਹੱਥੀਂ ਤਿਆਰ ਕਰ ਕੇ ਉਨ੍ਹਾਂ ਨੂੰ ਛਕਾਈ ਤੇ ਆਪਣੇ ਪਿਆਰਿਆਂ ਦੀ ਪਦਵੀ ਦਿੱਤੀ। ਇਨ੍ਹਾਂ ਸਭਨਾਂ ਦੇ ਨਾਵਾਂ ਨਾਲ ਸਿੰਘ ਪਦ ਲਾਇਆ ਗਿਆ। ਇਨ੍ਹਾਂ ਦੇ ਨਵੇਂ ਨਾਂ ਰੱਖੇ ਗਏ, ਭਾਈ ਦਇਆ ਸਿੰਘ, ਭਾਈ ਧਰਮ ਸਿੰਘ, ਭਾਈ ਹਿੰਮਤ ਸਿੰਘ, ਭਾਈ ਮੋਹਕਮ ਸਿੰਘ ਅਤੇ ਭਾਈ ਸਾਹਿਬ ਸਿੰਘ। ਇਨ੍ਹਾਂ ਦਾ ਪੁਰਾਣਾ ਕੁਲ ਵਰਣ ਨਾਸ ਕਰ ਕੇ ਖਾਲਸੇ ਦਾ ਰੂਪ ਬਖ਼ਸ਼ਿਆ। ਫਿਰ ਇਨ੍ਹਾਂ ਤੋਂ ਆਪ ਖੰਡੇ ਦੀ ਪਾਹੁਲ ਛਕ ਕੇ ਗੁਰੂ ਚੇਲੇ ਦਾ ਫਰਕ ਮਿਟਾ ਦਿੱਤਾ। ਭਾਈ ਗੁਰਦਾਸ ਜੀ ਨੇ ਲਿਖਿਆ; ਸੰਗਤਿ ਕੀਨੀ ਖਾਲਸਾ ਮਨਮੁਖੀ ਦੁਹੇਲਾ।
ਵਾਹ ਵਾਹ ਗੋਬਿੰਦ ਸਿੰਘ ਆਪੇ ਗੁਰੁ ਚੇਲਾ। (ਵਾਰ 41:1)
ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਪੰਜਾਂ ਸਿੰਘਾਂ ਨੂੰ ਗੁਰੂ ਦੀ ਇਕ ਸੰਸਥਾ ਦਾ ਰੂਪ ਦੇ ਦਿੱਤਾ ਤਾਂ ਜੋ ਗੁਰਮਤਿ ਦਾ ਪ੍ਰਚਾਰ ਨਿਰੰਤਰ, ਸਰਵਕਾਲ ਤੇ ਸਰਵ-ਵਿਆਪਕ ਕੀਤਾ ਜਾ ਸਕੇ। ਇਸ ਤਰ੍ਹਾਂ ਗੁਰੂ ਜੀ ਨੇ ਆਪਣੇ ਪੰਜ ਰਹਿਤਵਾਨ ਸਿੰਘਾਂ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਤਾਬਿਆ ਰਹਿ ਕੇ ਅੰਮ੍ਰਿਤ ਸੰਚਾਰ ਕਰਨ ਦਾ ਅਧਿਕਾਰ ਦੇ ਦਿੱਤਾ ਸੀ।
ਖਾਲਸੇ ਦਾ ਉਦੇਸ਼ ਸਿਰਫ ਆਪਣੇ ਲਈ ਜਿਊਣਾ ਨਹੀਂ ਹੈ। ਇਹ ਇਕ ਮਹਾਨ ਪਰਉਪਕਾਰੀ ਯੋਧਾ ਵੀ ਹੈ। ਇਸ ਨੇ ਧਰਤੀ ''ਤੇ ਮਜ਼ਲੂਮਾਂ ਦੀ ਸਹਾਇਤਾ ਕਰਨੀ ਹੈ ਤੇ ਜ਼ਾਲਮਾਂ ਦਾ ਵਿਰੋਧ ਕਰਨਾ ਹੈ। ਖਾਲਸੇ ਨੇ ਅਜਿਹਾ ਹੀ ਕੀਤਾ। ਚੱਪੜਚਿੜੀ ਦੇ ਮੈਦਾਨ ਵਿਚ ਬਾਬਾ ਬੰਦਾ ਸਿੰਘ ਬਹਾਦਰ ਅਤੇ ਸਾਥੀ ਸਿੱਖ ਯੋਧਿਆਂ ਨੇ ਹਾਥੀ-ਘੋੜਿਆਂ ਦੀ ਸੈਨਾ ਨੂੰ ਮਿੱਟੀ ਵਿਚ ਰੋਲ ਦਿੱਤਾ ਅਤੇ 12 ਮਈ 1710 ਈ. ਨੂੰ ਸਰਹਿੰਦ ਦੀ ਧਰਤੀ ''ਤੇ ਸਿੱਖ ਰਾਜ ਦਾ ਖਾਲਸਾਈ ਪਰਚਮ ਲਹਿਰਾ ਦਿੱਤਾ। ਸਰਦਾਰ ਜੱਸਾ ਸਿੰਘ ਆਹਲੂਵਾਲੀਆ, ਮਹਾਰਾਜਾ ਰਣਜੀਤ ਸਿੰਘ ਅਤੇ ਅਕਾਲੀ ਫੂਲਾ ਸਿੰਘ ਵਰਗੇ ਯੋਧੇ ਖਾਲਸਾ ਪੰਥ ਵਿਚ ਪੈਦਾ ਹੋਏ, ਜਿਨ੍ਹਾਂ ਨੇ ਵਿਦੇਸ਼ੀ ਜਰਵਾਣਿਆਂ ਨੂੰ ਬਾਹਰ ਧੱਕ ਦਿੱਤਾ। ਸ. ਹਰੀ ਸਿੰਘ ਨਲੂਆ ਵਰਗੇ ਜਰਨੈਲ ਹੋਏ, ਜਿਨ੍ਹਾਂ ਤੋਂ ਖੂੰਖਾਰ ਪਠਾਣ ਵੀ ਭੈਅ ਖਾਂਦੇ ਸਨ। ਉਸ ਇਲਾਕੇ ਦੀਆਂ ਇਸਤਰੀਆਂ ਅਜੇ ਵੀ ਆਪਣੇ ਬੱਚਿਆਂ ਨੂੰ ''ਹਰੀਆ ਰਾਗਲੇ'' ਕਹਿ ਕੇ ਰੋਣ ਤੋਂ ਚੁੱਪ ਕਰਾਉਂਦੀਆਂ ਹਨ। ਉਨ੍ਹਾਂ ਅੰਦਰ ਇਹ ਗੁਰਮਤਿ ਦੀ ਹੀ ਤਾਕਤ ਸੀ।
ਵੱਖਰੀ ਪਛਾਣ ਕਿਸੇ ਵੀ ਧਰਮ ਦੀ ਹੋਂਦ ਲਈ ਬਹੁਤ ਜ਼ਰੂਰੀ ਪੱਖ ਹੁੰਦਾ ਹੈ। ਖਾਲਸੇ ਦੇ ਮਹਾਨ ਉਦੇਸ਼ ਨੂੰ ਮੁੱਖ ਰੱਖ ਕੇ ਇਸ ਨੂੰ ਸਾਰੇ ਜਗਤ ਤੋਂ ਨਿਰਾਲਾ ਰੂਪ ਦਿੱਤਾ ਗਿਆ ਹੈ। ਖਾਲਸੇ ਦਾ ਸਰੂਪ, ਸਿਧਾਂਤ, ਕਾਰਜ ਤੇ ਨਿਸ਼ਾਨਾ ਵਿਲੱਖਣ, ਵਿਸ਼ੇਸ਼ ਤੇ ਨਿਆਰਾ ਹੈ। ਇਸ ਦੇ ਨਿਆਰੇ ਰਹਿਣ ਵਿਚ ਹੀ ਪਰਮਾਤਮਾ ਦੀਆਂ ਸਭ ਬਰਕਤਾਂ ਤੇ ਸ਼ਕਤੀਆਂ ਹਨ।
ਚੜ੍ਹਦੀ ਕਲਾ ਦਾ ਗੁਣ ਖਾਲਸੇ ਦੀ ਸਭ ਤੋਂ ਵੱਡੀ ਵਿਸ਼ੇਸ਼ਤਾ ਹੈ। ਇਤਿਹਾਸ ਗਵਾਹ ਹੈ ਕਿ ਬਹੁਤ ਸੰਕਟ ਦੇ ਸਮੇਂ ਵੀ ਸਿੱਖਾਂ ਨੇ ਕਦੀ ਹੌਸਲਾ ਨਹੀਂ ਛੱਡਿਆ। ਚਮਕੌਰ ਦੀ ਗੜ੍ਹੀ, ਖਿਦਰਾਣੇ ਦੀ ਢਾਬ ਤੇ ਬਹੁਤ ਅਸਾਵੀਆਂ ਲੜਾਈਆਂ ਵਿਚ ਘੱਟਗਿਣਤੀ ''ਚ ਹੁੰਦਿਆਂ ਵੀ ਵੀਰਤਾ ਨਾਲ ਕਈ ਗੁਣਾ ਵੱਧ ਦੁਸ਼ਮਣ ਦਾ ਮੁਕਾਬਲਾ ਕੀਤਾ। ਛੋਟੇ ਘੱਲੂਘਾਰੇ ਅਤੇ ਵੱਡੇ ਘੱਲੂਘਾਰੇ ਵਿਚ ਹਜ਼ਾਰਾਂ ਦੀ ਗਿਣਤੀ ਵਿਚ ਸਿੱਖਾਂ ਨੂੰ ਸ਼ਹੀਦ ਕੀਤਾ ਗਿਆ। ਇਸ ਦੇ ਬਾਵਜੂਦ ਉਨ੍ਹਾਂ ਦੇ ਸੰਘਰਸ਼ ਵਿਚ ਕੋਈ ਢਿੱਲ ਨਹੀਂ ਆਈ। ਉਨ੍ਹਾਂ ਨੇ ਅੱਗੇ ਤੋਂ ਵੀ ਵੱਧ ਸ਼ਕਤੀ ਨਾਲ ਦੁਸ਼ਮਣ ਦਾ ਮੁਕਾਬਲਾ ਕੀਤਾ ਤੇ ਫਤਿਹ ਹਾਸਿਲ ਕੀਤੀ। ਇਸ ਤਰ੍ਹਾਂ ਅਤਿ ਔਖੇ ਹਾਲਾਤ ਵਿਚ ਵੀ ਚੜ੍ਹਦੀ ਕਲਾ ''ਚ ਰਹਿੰਦਿਆਂ ਸਾਹਮਣਾ ਕਰਨ ਦੀ ਦਾਤ ਸਿਰਫ ਤੇ ਸਿਰਫ ਖਾਲਸੇ ਨੂੰ ਹੀ ਪ੍ਰਾਪਤ ਹੈ।
ਅੱਜ ਲੋੜ ਹੈ ਪੰਥਕ ਸੰਸਥਾਵਾਂ, ਸਿੱਖ ਸੰਪਰਦਾਵਾਂ, ਸਭਾ ਸੁਸਾਇਟੀਆਂ, ਸਿਆਸੀ ਤੇ ਧਾਰਮਿਕ ਆਗੂਆਂ ਨੂੰ ਇਕਜੁੱਟ ਹੋ ਕੇ ਹੰਭਲਾ ਮਾਰਨ ਦੀ, ਤਾਂ ਜੋ ਅਸੀਂ ਆਪਣੀ ਨੌਜਵਾਨ ਪੀੜ੍ਹੀ ਨੂੰ ਸੰਭਾਲ ਸਕੀਏ ਅਤੇ ਆਪਣੀਆਂ ਮਹਾਨ ਪ੍ਰੰਪਰਾਵਾਂ ਅਨੁਸਾਰ ਸਿੱਖੀ ਸਰੂਪ ਤੇ ਚੰਗੇ ਕਿਰਦਾਰ ਵਾਲੀ ਬਣਾ ਸਕੀਏ।

—ਪ੍ਰੋ. ਕਿਰਪਾਲ ਸਿੰਘ ਬਡੂੰਗਰ
ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸ੍ਰੀ ਅੰਮ੍ਰਿਤਸਰ