ਇਕ ਹੀ ਚੱਟਾਨ ਤੋਂ ਘੜਿਆ ਕੈਲਾਸ਼ਨਾਥ ਮੰਦਰ

11/6/2017 7:29:28 AM

ਕੈਲਾਸ਼ਨਾਥ ਮੰਦਰ ਮਹਾਰਾਸ਼ਟਰ ਦੇ ਔਰੰਗਾਬਾਦ ਜ਼ਿਲੇ ਦੀਆਂ ਵਿਸ਼ਵ ਪ੍ਰਸਿੱਧ ਐਲੋਰਾ ਗੁਫਾਵਾਂ ਵਿਚ ਸਥਿਤ ਹੈ। ਇਹ ਔਰੰਗਾਬਾਦ ਤੋਂ 29 ਕਿ. ਮੀ. ਅਤੇ ਮੁੰਬਈ ਤੋਂ 300 ਕਿ. ਮੀ. ਦੀ ਦੂਰੀ 'ਤੇ ਹੈ। ਕੈਲਾਸ਼ਨਾਥ ਸੰਸਾਰ ਦਾ ਇਕੋ-ਇਕ ਧਾਰਮਿਕ ਸਥਾਨ ਹੈ ਜੋ ਚੱਟਾਨ ਨੂੰ ਕੱਟ ਕੇ ਤਰਾਸ਼ਿਆ ਗਿਆ ਹੈ। ਇਸ ਸਾਰੇ ਮੰਦਰ ਵਿਚ ਕੋਈ ਵੀ ਜੋੜ, ਇੱਟ ਜਾਂ ਸਜਾਉਣ ਲਈ ਟਾਈਲਾਂ ਆਦਿ ਦੀ ਵਰਤੋਂ ਨਹੀਂ ਕੀਤੀ ਗਈ। ਹਰੇਕ ਸਤੰਭ, ਮੂਰਤੀ, ਗੁੰਬਦ ਅਤੇ ਹਾਲ ਇਕ ਹੀ ਚੱਟਾਨ ਤੋਂ ਤਰਾਸ਼ੇ ਗਏ ਹਨ। ਆਪਣੇ ਆਕਾਰ, ਸ਼ਿਲਪ ਕਲਾ ਅਤੇ ਵਿਲੱਖਣ ਟੈਕਨੀਕ ਕਾਰਨ ਇਹ ਭਾਰਤ ਦੇ ਸਭ ਤੋਂ ਵੱਧ ਅਲੋਕਾਰ ਭਵਨਾਂ ਵਿਚ ਆਉਂਦਾ ਹੈ। ਇਸ ਮੰਦਰ ਦਾ ਸਭ ਤੋਂ ਅਸਚਰਜ ਤੱਥ ਹੈ ਕਿ ਇਸ ਦੀ ਉਸਾਰੀ ਨੀਂਹ ਤੋਂ ਛੱਤ ਵੱਲ ਹੋਣ ਦੀ ਬਜਾਏ ਗੁੰਬਦ ਤੋਂ ਨੀਂਹ ਵੱਲ ਹੋਈ ਹੈ। ਇਕ ਲੋਕ ਕਥਾ ਮੁਤਾਬਕ ਰਾਸ਼ਟਰਕੂਟ ਵੰਸ਼ ਦਾ ਸਮਰਾਟ ਕ੍ਰਿਸ਼ਨ ਪਹਿਲਾਂ ਕਿਸੇ ਨਾਮੁਰਾਦ ਬੀਮਾਰੀ ਕਾਰਨ ਮਰਨ ਕਿਨਾਰੇ ਪਹੁੰਚ ਗਿਆ ਸੀ। ਜਦੋਂ ਸਾਰੇ ਵੈਦਾਂ ਨੇ ਜਵਾਬ ਦੇ ਦਿੱਤਾ ਤਾਂ ਆਖਰੀ ਉਪਾਅ ਵਜੋਂ ਉਸ ਦੀ ਪਤਨੀ ਨੇ ਪ੍ਰਾਰਥਨਾ ਕੀਤੀ ਕਿ ਜੇ ਉਸ ਦਾ ਪਤੀ ਤੰਦਰੁਸਤ ਹੋ ਜਾਵੇ ਤਾਂ ਉਹ ਭਗਵਾਨ ਸ਼ਿਵ ਨੂੰ ਸਮਰਪਿਤ ਸ਼ਾਨਦਾਰ ਮੰਦਰ ਦਾ ਨਿਰਮਾਣ ਕਰਵਾਏਗੀ। ਫਲਸਰੂਪ ਕੁਝ ਹੀ ਦਿਨਾਂ ਵਿਚ ਸਮਰਾਟ ਕ੍ਰਿਸ਼ਨ ਬਿਲਕੁਲ ਠੀਕ-ਠਾਕ ਹੋ ਗਿਆ। ਜਦ ਰਾਣੀ ਨੇ ਉਸ ਨੂੰ ਮੰਦਰ ਨਿਰਮਾਣ ਦੇ ਆਪਣੇ ਪ੍ਰਣ ਬਾਰੇ ਦੱਸਿਆ ਤਾਂ ਉਹ ਰਾਜਿਆਂ ਦੇ ਸੁਭਾਅ ਮੁਤਾਬਕ ਗੱਲ ਟਾਲ ਗਿਆ। ਜਦੋਂ ਕ੍ਰਿਸ਼ਨ ਨੇ ਕੋਈ ਹੁੰਗਾਰਾ ਨਾ ਭਰਿਆ ਤਾਂ ਦੁਖੀ ਹੋ ਕੇ ਰਾਣੀ ਨੇ ਵਰਤ ਰੱਖ ਲਿਆ ਕਿ ਜਿੰਨੀ ਦੇਰ ਉਹ ਮੰਦਰ ਦੇ ਸਿਖਰ ਦੇ ਦਰਸ਼ਨ ਨਹੀਂ ਕਰ ਲੈਂਦੀ, ਅੰਨ-ਪਾਣੀ ਗ੍ਰਹਿਣ ਨਹੀਂ ਕਰੇਗੀ।  ਆਪਣੀ ਪ੍ਰਿਯ ਪਟਰਾਣੀ ਦਾ ਹੱਠ ਦੇਖ ਕੇ ਕ੍ਰਿਸ਼ਨ ਨੂੰ ਹੱਥਾਂ-ਪੈਰਾਂ ਦੀ ਪੈ ਗਈ। ਉਸ ਨੇ ਇੰਜੀਨੀਅਰਾਂ ਨੂੰ ਫੌਰਨ ਮੰਦਰ ਦਾ ਨਿਰਮਾਣ ਕਰਨ ਲਈ ਹੁਕਮ ਦਿੱਤਾ ਤਾਂ ਜੋ ਰਾਣੀ ਦੇ ਪ੍ਰਾਣ ਬਚਾਏ ਜਾ ਸਕਣ ਪਰ ਇੰਜੀਨੀਅਰਾਂ ਨੇ ਸਾਫ ਜਵਾਬ ਦੇ ਦਿੱਤਾ ਕਿਉਂਕਿ ਮੰਦਰ ਨੂੰ ਤਾਂ ਸਿਖਰ ਤਕ ਪਹੁੰਚਦੇ-ਪਹੁੰਚਦੇ ਕਈ ਸਾਲ ਲੱਗ ਜਾਣੇ ਸਨ ਪਰ ਕੋਕਸ਼ ਨਾਂ ਦੇ ਇਕ ਸੂਝਵਾਨ ਇੰਜੀਨੀਅਰ ਨੇ ਦਾਅਵਾ ਕੀਤਾ ਕਿ ਉਹ ਇਕ ਹਫਤੇ ਦੇ ਅੰਦਰ ਹੀ ਰਾਣੀ ਨੂੰ ਸਿਖਰ ਦੇ ਦਰਸ਼ਨ ਕਰਵਾ ਦੇਵੇਗਾ। ਉਸ ਨੇ ਸਹੀ ਚੱਟਾਨ ਦੀ ਨਿਸ਼ਾਨਦੇਹੀ ਕਰਕੇ ਤਰਾਸ਼ਣਾ ਸ਼ੁਰੂ ਕਰ ਦਿੱਤਾ ਤੇ ਇਕ ਹਫਤੇ ਵਿਚ ਹੀ ਸਿਖਰ ਦਾ ਨਿਰਮਾਣ ਕਰਕੇ ਰਾਣੀ ਦੀ ਜਾਨ ਬਚਾ ਦਿੱਤੀ। ਕੋਕਸ਼ ਨੂੰ ਇਸ ਮੰਦਰ ਦਾ ਚੀਫ ਇੰਜੀਨੀਅਰ ਮੰਨਿਆ ਜਾਂਦਾ ਹੈ।
ਇਹ ਮੰਦਰ ਐਲੋਰਾ ਦੀਆਂ 110 ਗੁਫਾਵਾਂ, 32 ਮੰਦਰਾਂ ਅਤੇ ਮੱਠਾਂ ਵਿਚੋਂ ਸਭ ਤੋਂ ਵੱਧ ਪ੍ਰਸਿੱਧ ਹੈ। ਇਸ ਵਿਚ ਉਕਰੇ ਗਏ ਇਕ ਸ਼ਿਲਾਲੇਖ ਤੋਂ ਪਤਾ ਲੱਗਦਾ ਹੈ ਕਿ ਇਸ ਦੀ ਉਸਾਰੀ ਮਹਾਨ ਰਾਸ਼ਟਰਕੂਟ ਰਾਜੇ ਕ੍ਰਿਸ਼ਨ ਪਹਿਲੇ ਨੇ ਕਰਵਾਈ ਸੀ ਪਰ ਇਸ ਮੰਦਰ ਦੇ ਵਿਸ਼ਾਲ ਆਕਾਰ ਅਤੇ ਅਨੇਕਾਂ ਸ਼ਿਲਪ ਸ਼ੈਲੀਆਂ ਦੇ ਸੁਮੇਲ ਤੋਂ ਪ੍ਰਤੀਤ ਹੁੰਦਾ ਹੈ ਕਿ ਇਸ ਦਾ ਨਿਰਮਾਣ ਕਈ ਰਾਜਿਆਂ ਦੁਆਰਾ ਸੰਪੂਰਨ ਕਰਾਇਆ ਗਿਆ ਹੋਵੇਗਾ। ਕ੍ਰਿਸ਼ਨ ਪਹਿਲੇ ਨੇ 17 ਸਾਲ (756 ਤੋਂ 773 ਈ.) ਰਾਜ ਕੀਤਾ ਸੀ। ਇੰਨੇ ਘੱਟ ਸਮੇਂ ਵਿਚ ਅਜਿਹਾ ਅਜੂਬਾ ਮੁਕੰਮਲ ਨਹੀਂ ਹੋ ਸਕਦਾ। ਨਵੀਨ ਖੋਜਾਂ ਤੋਂ ਪਤਾ ਲੱਗਾ ਹੈ ਕਿ ਇਸ ਉਸਾਰੀ ਵਿਚ ਕ੍ਰਿਸ਼ਨ ਪਹਿਲੇ ਤੋਂ ਇਲਾਵਾ ਹੋਰ ਰਾਸ਼ਟਰਕੂਟ ਰਾਜਿਆਂ ਜਿਵੇਂ ਧਰੁਵ, ਧੰਨਵਰਸ਼, ਗੋਵਿੰਦ ਤੀਸਰਾ, ਅਮੋਘਵਰਸ਼ ਪਹਿਲਾ ਅਤੇ ਕ੍ਰਿਸ਼ਨ ਤੀਸਰਾ ਨੇ ਵੀ ਹਿੱਸਾ ਪਾਇਆ। ਇਸ ਨੂੰ ਪੂਰੀ ਤਰ੍ਹਾਂ ਤਿਆਰ ਹੋਣ ਵਿਚ ਕੋਈ 150 ਸਾਲ ਦਾ ਸਮਾਂ ਲੱਗਾ ਹੈ। ਮੰਦਰ ਦੀ ਇਕ ਸ਼ਿਲਪ ਵਿਚ ਰਾਵਣ ਨੂੰ ਕੈਲਾਸ਼ ਪਰਬਤ ਨੂੰ ਉਠਾਉਣ ਦੀ ਕੋਸ਼ਿਸ਼ ਕਰਦੇ ਹੋਏ ਦਿਖਾਇਆ ਗਿਆ ਹੈ। ਇਸ ਕਰਕੇ ਹੀ ਇਸ ਮੰਦਰ ਦਾ ਨਾਂ ਕੈਲਾਸ਼ਨਾਥ ਪ੍ਰਸਿੱਧ ਹੋ ਗਿਆ। ਰਾਵਣ ਦੀ ਅਜਿਹੀ ਮੂਰਤੀ ਸ਼ਾਇਦ ਕਿਸੇ ਹੋਰ ਮੰਦਰ ਵਿਚ ਨਹੀਂ ਪਾਈ ਜਾਂਦੀ।
ਕ੍ਰਿਸ਼ਨ ਪਹਿਲੇ ਨੇ 757 ਈ. ਵਿਚ ਦੱਖਣ ਦੇ ਚਾਲੂਕਿਆ ਰਾਜੇ ਵਿਸ਼ਣੂਵਰਧਨ ਨੂੰ ਹਰਾ ਕੇ ਉਸ ਦੇ ਰਾਜ 'ਤੇ ਕਬਜ਼ਾ ਜਮਾਇਆ ਤਾਂ ਉਹ ਉਨ੍ਹਾਂ ਦੁਆਰਾ ਬਣਾਏ ਵਿਰੂਪਾਕਸ਼ ਮੰਦਰ ਦੀ ਖੂਬਸੂਰਤੀ ਦੇਖ ਕੇ ਹੈਰਾਨ ਰਹਿ ਗਿਆ। ਉਹੋ ਜਿਹਾ ਖੂਬਸੂਰਤ ਮੰਦਰ ਤਿਆਰ ਕਰਨ ਲਈ ਉਸ ਨੇ ਵਿਰੂਪਾਕਸ਼ ਮੰਦਰ ਉਸਾਰਨ ਵਾਲੇ ਇੰਜੀਨੀਅਰ ਅਤੇ ਬੁੱਤਘਾੜੇ ਕੈਲਾਸ਼ ਮੰਦਰ ਦੀ ਉਸਾਰੀ ਲਈ ਲਗਾ ਦਿੱਤੇ। ਦੱਖਣ ਭਾਰਤੀ ਇੰਜੀਨੀਅਰਾਂ ਦੇ ਕਾਰਨ ਇਸ ਮੰਦਰ ਦੀ ਭਵਨ ਨਿਰਮਾਣ ਕਲਾ ਰਾਸ਼ਟਰਕੂਟਾਂ ਦੁਆਰਾ ਬਣਵਾਏ ਗਏ ਸਾਰੇ ਮੰਦਰਾਂ ਤੋਂ ਭਿੰਨ ਹੈ। ਇਸ ਦੀ ਬਾਹਰਲੀ ਦਿਖ 'ਤੇ ਵਿਰੂਪਾਕਸ਼ ਮੰਦਰ (ਹੰਪੀ, ਕਰਨਾਟਕ) ਅਤੇ ਕੈਲਾਸ਼ ਮੰਦਰ (ਕਾਂਚੀਪੁਰਮ, ਤਾਮਿਲਨਾਡੂ) ਦਾ ਪ੍ਰਭਾਵ ਪ੍ਰਤੱਖ ਹੈ।
ਵਿਹੜੇ ਦੇ ਵਿਚਕਾਰ ਸ਼ਿਵ ਭਗਵਾਨ ਨੂੰ ਸਮਰਪਿਤ ਦੋ ਮੰਜ਼ਿਲਾ ਮੁੱਖ ਮੰਦਰ ਸਥਿਤ ਹੈ, ਜਿਸ ਦੇ ਸਾਹਮਣੇ ਇਕ ਥੜ੍ਹੇ 'ਤੇ ਨੰਦੀ ਬਲਦ ਦੀ ਮੂਰਤੀ ਹੈ। ਮੁੱਖ ਮੰਦਰ ਨੂੰ 16 ਵਿਸ਼ਾਲ ਥੰਮ੍ਹਾਂ ਨਾਲ ਮਜ਼ਬੂਤੀ ਦਿੱਤੀ ਗਈ ਹੈ। ਇਸ ਦਾ ਸਿਖਰ (ਗੁੰਬਦ) ਦਰਾਵੜ ਸ਼ੈਲੀ ਦਾ ਹੈ। ਮੁੱਖ ਮੰਦਰ ਦੀ ਇਮਾਰਤ ਵਿਚ ਬਹੁਤ ਹੀ ਬਾਰੀਕੀ ਅਤੇ ਸਫਾਈ ਨਾਲ ਅਨੇਕਾਂ ਸਤੰਭ, ਖਿੜਕੀਆਂ, ਕਮਰੇ, ਇਕ ਵੱਡਾ ਪ੍ਰਾਰਥਨਾ ਹਾਲ, ਵਿਸ਼ਾਲ ਲਿੰਗਮ ਅਤੇ ਮਿਥੁਨ ਮੂਰਤੀਆਂ ਤਰਾਸ਼ੀਆਂ ਗਈਆਂ ਹਨ। ਲੱਕੜ ਜਾਂ ਲੋਹੇ ਦਾ ਇਕ ਵੀ ਟੁਕੜਾ ਨਹੀਂ ਵਰਤਿਆ ਗਿਆ। ਮੰਦਰ ਦੀ ਹੇਠਲੀ ਮੰਜ਼ਿਲ ਠੋਸ ਹੈ।
ਇਸ ਉਪਰ ਅਜਿਹੀ ਕਲਾਕਾਰੀ ਨਾਲ ਹਾਥੀ ਤਰਾਸ਼ੇ ਗਏ ਹਨ ਜਿਵੇਂ ਉਨ੍ਹਾਂ ਨੇ ਹੀ ਆਪਣੇ ਸਿਰਾਂ 'ਤੇ ਮੰਦਰ ਨੂੰ ਚੁੱਕਿਆ ਹੋਵੇ। ਨੰਦੀ ਮੰਡਪ ਨੂੰ ਮੁੱਖ ਮੰਦਰ ਤਕ ਇਕ ਪੱਥਰ ਦੇ ਪੁਲ ਨਾਲ ਜੋੜਿਆ ਗਿਆ ਹੈ। ਨੰਦੀ ਮੰਡਪ ਅਤੇ ਮੰਦਰ ਦੀਆਂ ਦੀਵਾਰਾਂ ਨੂੰ ਮਹਾਭਾਰਤ ਅਤੇ ਰਮਾਇਣ ਦੇ ਦ੍ਰਿਸ਼ਾਂ ਨਾਲ ਸਜਾਇਆ ਗਿਆ ਹੈ।  ਇਸ ਮਹਾਨ ਮੰਦਰ ਕੰਪਲੈਕਸ ਦੇ ਨਿਰਮਾਣ ਲਈ ਕਾਰੀਗਰਾਂ ਨੂੰ ਸਖਤ ਮਿਹਨਤ ਕਰਕੇ ਦੋ ਲੱਖ ਟਨ ਚੱਟਾਨ ਕੱਟ ਕੇ ਹਟਾਉਣੀ ਪਈ ਸੀ। ਇਹ ਮੰਦਰ ਪ੍ਰਾਚੀਨ ਭਾਰਤੀ ਨਿਰਮਾਣ ਕਲਾ ਦਾ ਅਜਿਹਾ ਨਾਯਾਬ ਨਮੂਨਾ ਹੈ, ਜਿਸ ਦਾ ਸ਼ਬਦਾਂ ਵਿਚ ਵਰਣਨ ਕਰਨਾ ਮੁਸ਼ਕਲ ਹੈ।        
—ਬਲਰਾਜ ਸਿੰਘ ਸਿੱਧੂ ਐੱਸ. ਪੀ. 98151-244498