ਬਸ ਇਕ ਪੌੜੀ ਬਾਕੀ

11/9/2017 12:28:08 PM

ਰਾਜਾ ਅਲੈਗਜ਼ੈਂਡਰ ਆਪਣੇ ਦੇਸ਼ ਦੀ ਅੰਦਰੂਨੀ ਸਥਿਤੀ ਜਾਣਨ ਲਈ ਭੇਸ ਬਦਲ ਕੇ ਜਾਇਆ ਕਰਦੇ ਸਨ। ਇਕ ਦਿਨ ਉਹ ਅਜਿਹੀ ਜਗ੍ਹਾ ਪਹੁੰਚੇ ਜਿਥੋਂ ਵਾਪਸੀ ਦਾ ਰਸਤਾ ਉਨ੍ਹਾਂ ਨੂੰ ਪਤਾ ਨਹੀਂ ਸੀ। ਉਥੇ ਉਨ੍ਹਾਂ ਕਿਸੇ ਹੌਲਦਾਰ ਨੂੰ ਸਰਕਾਰੀ ਵਰਦੀ ਪਹਿਨੀ ਦੇਖਿਆ ਤਾਂ ਪੁੱਛਿਆ,''ਜਨਾਬ, ਮੈਨੂੰ ਸ਼ਹਿਰ ਦੇ ਚੌਕ ਦਾ ਰਸਤਾ ਦੱਸ ਦਿਓ।'' ਹੌਲਦਾਰ ਆਕੜ ਕੇ ਬੋਲਿਆ,''ਮੂਰਖ, ਮੈਂ ਸਰਕਾਰੀ ਹਾਕਮ ਹਾਂ। ਮੇਰਾ ਕੰਮ ਰਸਤਾ ਦੱਸਣਾ ਨਹੀਂ ਹੈ।''
ਰਾਜੇ ਨੇ ਨਿਮਰਤਾ ਨਾਲ ਕਿਹਾ,''ਜਨਾਬ, ਜੇ ਸਰਕਾਰੀ ਆਦਮੀ ਹੀ ਕਿਸੇ ਮੁਸਾਫਿਰ ਨੂੰ ਰਸਤਾ ਦੱਸ ਦੇਵੇ ਤਾਂ ਕੋਈ ਹਰਜ ਨਹੀਂ। ਉਂਝ ਕੀ ਤੁਸੀਂ ਸਿਪਾਹੀ ਹੋ?'' ਹੌਲਦਾਰ ਬੋਲਿਆ,''ਨਹੀਂ, ਉਸ ਤੋਂ ਵੀ ਉੱਚਾ।'' ਰਾਜਾ ਬੋਲੇ,''ਤਾਂ ਕੀ ਨਾਇਕ ਹੋ?'' ਹੌਲਦਾਰ,''ਉਸ ਤੋਂ ਵੀ ਉੱਚਾ। 'ਰਾਜਾ,''ਹੌਲਦਾਰ ਹੋ?'' ਹੌਲਦਾਰ,''ਹਾਂ ਪਰ ਤੂੰ ਇੰਨੀ ਪੁੱਛਗਿੱਛ ਕਿਉਂ ਕਰ ਰਿਹਾ ਏਂ?'' ਰਾਜਾ,''ਮੈਂ ਵੀ ਸਰਕਾਰੀ ਆਦਮੀ ਹਾਂ।'' ਹੌਲਦਾਰ ਨੇ ਪੁੱਛਿਆ,''ਕੀ ਤੂੰ ਨਾਇਕ ਏਂ?'' ਰਾਜਾ,''ਨਹੀਂ, ਉਸ ਤੋਂ ਵੀ ਉੱਚਾ।'' ਹੌਲਦਾਰ ਬੋਲਿਆ,''ਹੌਲਦਾਰ ਏਂ?'' ਰਾਜਾ,''ਉਸ ਤੋਂ ਵੀ ਉੱਚਾ।'' ਹੌਲਦਾਰ,''ਦਰੋਗਾ?'' ਰਾਜਾ,''ਉਸ ਤੋਂ ਵੀ ਉੱਚਾ।'' ਹੌਲਦਾਰ,''ਕਪਤਾਨ?'' ਰਾਜਾ,''ਉਸ ਤੋਂ ਵੀ ਉੱਚਾ।'' ਹੁਣ ਹੌਲਦਾਰ ਘਬਰਾਉਣ ਲੱਗਾ। ਉਸ ਨੇ ਪੁੱਛਿਆ,''ਤੁਸੀਂ ਮੰਤਰੀ ਜੀ ਹੋ?''
ਰਾਜਾ,''ਭਰਾ, ਬਸ ਇਕ ਪੌੜੀ ਹੋਰ ਬਾਕੀ।'' ਹੁਣ ਹੌਲਦਾਰ ਨੇ ਧਿਆਨ ਨਾਲ ਦੇਖਿਆ ਤਾਂ ਪਤਾ ਲੱਗਾ ਕਿ ਇਹ ਤਾਂ ਰਾਜਾ ਅਲੈਗਜ਼ੈਂਡਰ ਹਨ। ਉਸ ਦੇ ਹੋਸ਼ ਉੱਡ ਗਏ। ਉਹ ਰਾਜੇ ਦੇ ਪੈਰਾਂ ਵਿਚ ਡਿਗ ਪਿਆ ਅਤੇ ਆਪਣੀ ਗਲਤੀ ਦੀ ਮੁਆਫੀ ਮੰਗਣ ਲੱਗਾ। ਰਾਜੇ ਨੇ ਮਿੱਠੀ ਬਾਣੀ ਵਿਚ ਕਿਹਾ,''ਭਰਾ, ਤੂੰ ਅਹੁਦੇ ਦੀ ਨਜ਼ਰ ਨਾਲ ਕੁਝ ਵੀ ਹੋਵੇਂ ਪਰ ਵਤੀਰੇ ਦੀ ਕਸੌਟੀ 'ਤੇ ਬਹੁਤ ਹੇਠਾਂ ਏਂ। ਜੋ ਜਿੰਨਾ ਹੇਠਾਂ ਹੁੰਦਾ ਹੈ, ਉਸ ਵਿਚ ਓਨਾ ਹੀ ਹੰਕਾਰ ਹੁੰਦਾ ਹੈ ਅਤੇ ਉਹ ਓਨਾ ਹੀ ਆਕੜਦਾ ਹੈ। ਜੇ ਉੱਚਾ ਬਣਨਾ ਚਾਹੁੰਦਾ ਏਂ ਤਾਂ ਪਹਿਲਾਂ ਮਨੁੱਖ ਬਣ, ਸਹਿਣਸ਼ੀਲ ਬਣ ਅਤੇ ਨਿਮਰ ਬਣ। ਆਪਣੀ ਆਕੜ ਕੁਝ ਘਟਾ ਕਿਉਂਕਿ ਤੂੰ ਜਨਤਾ ਦਾ ਸੇਵਕ ਏਂ।'' ਹੌਲਦਾਰ ਨੂੰ ਆਪਣੀ ਗਲਤੀ ਸਮਝ ਆ ਚੁੱਕੀ ਸੀ।