ਆਜ਼ਾਦੀ ''ਚ ਆਨੰਦ

9/4/2017 12:51:48 PM

ਚੀਨ ਦੇ ਮਹਾਨ ਦਾਰਸ਼ਨਿਕ ਚਿਊਆਂਗ ਜ਼ੂ ਇਕ ਦਿਨ ਨਦੀ ਕੰਢੇ ਆਪਣੀ ਮਸਤੀ ਵਿਚ ਬੈਠੇ ਸਨ ਕਿ ਉਥੋਂ ਰਾਜਾ ਦਰਬਾਰੀਆਂ ਨਾਲ ਲੰਘਿਆ। ਉਸ ਨੇ ਚਿਊਆਂਗ ਜ਼ੂ ਨੂੰ ਦੇਖਿਆ ਅਤੇ ਉਨ੍ਹਾਂ ਨਾਲ ਗੱਲਬਾਤ ਕੀਤੀ। ਰਾਜਾ ਉਨ੍ਹਾਂ ਦੇ ਗਿਆਨ ਤੇ ਸਿਆਣਪ ਤੋਂ ਬਹੁਤ ਪ੍ਰਭਾਵਿਤ ਹੋਇਆ। 
ਮਹੱਲ ਪਹੁੰਚਦਿਆਂ ਹੀ ਰਾਜੇ ਨੇ ਦੂਤ ਭੇਜ ਕੇ ਉਨ੍ਹਾਂ ਨੂੰ ਸੱਦਾ ਭਿਜਵਾਇਆ। ਜਦੋਂ ਚਿਊਆਂਗ ਜ਼ੂ ਮਹੱਲ ਵਿਚ ਪਹੁੰਚੇ ਤਾਂ ਰਾਜੇ ਨੇ ਉਨ੍ਹਾਂ ਦਾ ਸਵਾਗਤ ਕਰਦਿਆਂ ਕਿਹਾ,''ਮੈਂ ਤੁਹਾਡੀ ਸ਼ਖਸੀਅਤ ਤੋਂ ਬਹੁਤ ਪ੍ਰਭਾਵਿਤ ਹਾਂ। ਮੈਨੂੰ ਯਕੀਨ ਹੈ ਕਿ ਤੁਸੀਂ ਇਸ ਰਾਜ ਲਈ ਬਹੁਤ ਅਹਿਮ ਸਾਬਿਤ ਹੋ ਸਕਦੇ ਹੋ। ਇਸੇ ਲਈ ਮੈਂ ਤੁਹਾਨੂੰ ਇਸ ਰਾਜ ਦੇ ਪ੍ਰਧਾਨ ਮੰਤਰੀ ਦਾ ਅਹੁਦਾ ਦੇਣਾ ਚਾਹੁੰਦਾ ਹਾਂ।''
ਚਿਊਆਂਗ ਜ਼ੂ ਰਾਜੇ ਦੀ ਗੱਲ ਬੜੇ ਧਿਆਨ ਨਾਲ ਸੁਣ ਰਹੇ ਸਨ। ਨਾਲ ਹੀ ਰਾਜੇ ਦੇ ਮਹੱਲ ਵਿਚ ਇੱਧਰ-ਉੱਧਰ ਨਜ਼ਰ ਵੀ ਦੌੜਾ ਰਹੇ ਸਨ। ਅਚਾਨਕ ਦਾਰਸ਼ਨਿਕ ਦੀ ਨਜ਼ਰ ਰਾਜੇ ਦੇ ਮਹੱਲ ਵਿਚ ਮੁਰਦਾ ਕੱਛੂਕੁੰਮੇ ਦੇ ਕਲੇਵਰ 'ਤੇ ਪਈ। ਦਾਰਸ਼ਨਿਕ ਨੇ ਰਾਜੇ ਨੂੰ ਬੜੀ ਨਿਮਰਤਾ ਨਾਲ ਕਿਹਾ,''ਮੈਂ ਤੁਹਾਡੀ ਪੇਸ਼ਕਸ਼ ਸੰਬੰਧੀ ਹਾਂ ਜਾਂ ਨਾਂਹ ਕਹਿਣ ਤੋਂ ਪਹਿਲਾਂ ਤੁਹਾਨੂੰ ਕੁਝ ਪੁੱਛਣਾ ਚਾਹੁੰਦਾ ਹਾਂ।''
ਰਾਜੇ ਨੇ ਖੁਸ਼ ਹੋ ਕੇ ਕਿਹਾ,''ਪੁੱਛੋ।''
ਦਾਰਸ਼ਨਿਕ ਬੋਲੇ,''ਤੁਹਾਡੇ ਮਹੱਲ ਵਿਚ ਜਿਹੜਾ ਇਹ ਕੱਛੂਕੁੰਮੇ ਦਾ ਕਲੇਵਰ ਪਿਆ ਹੈ, ਜੇ ਇਸ ਵਿਚ ਮੁੜ ਜਾਨ ਪੈ ਜਾਵੇ ਤਾਂ ਕੀ ਇਹ ਕੱਛੂਕੁੰਮਾ ਤੁਹਾਡੇ ਇਸ ਸੁੰਦਰ ਮਹੱਲ ਵਿਚ ਰਹਿਣਾ ਪਸੰਦ ਕਰੇਗਾ?''
ਰਾਜਾ ਬੋਲਿਆ,''ਨਹੀਂ। ਇਹ ਤਾਂ ਪਾਣੀ ਦਾ ਜੀਵ ਹੈ, ਪਾਣੀ ਵਿਚ ਹੀ ਰਹਿਣਾ ਚਾਹੇਗਾ।''
ਦਾਰਸ਼ਨਿਕ ਨੇ ਮੁਸਕਰਾ ਕੇ ਕਿਹਾ,''ਤਾਂ ਕੀ ਮੈਂ ਇਸ ਕੱਛੂਕੁੰਮੇ ਤੋਂ ਵੀ ਜ਼ਿਆਦਾ ਮੂਰਖ ਹਾਂ ਜੋ ਆਪਣਾ ਆਨੰਦ ਭਰਿਆ ਜੀਵਨ ਛੱਡ ਕੇ ਇਥੇ ਤੁਹਾਡੇ ਮਹੱਲ ਵਿਚ ਗੁਲਾਮੀ ਤੇ ਜ਼ਿੰਮੇਵਾਰੀਆਂ ਦੇ ਕੰਡਿਆਂ ਦਾ ਤਾਜ ਪਾ ਕੇ ਜਿਊਣ ਲਈ ਤਿਆਰ ਹੋ ਜਾਵਾਂ। ਬੰਧਨ ਵਿਚ ਬੱਝਣ ਵਾਲਾ ਇਹ ਪ੍ਰਧਾਨ ਮੰਤਰੀ ਦਾ ਅਹੁਦਾ ਮੈਨੂੰ ਨਹੀਂ ਚਾਹੀਦਾ।''
ਦਾਰਸ਼ਨਿਕ ਦੇ ਵਿਚਾਰ ਸੁਣ ਕੇ ਰਾਜੇ ਨੇ ਉਨ੍ਹਾਂ ਦਾ ਸਤਿਕਾਰ ਕਰਦਿਆਂ ਕਿਹਾ,''ਤੁਸੀਂ ਵਿਚਾਰਾਂ ਤੋਂ ਹੀ ਨਹੀਂ, ਵਤੀਰੇ ਤੋਂ ਵੀ ਪੂਰਨ ਦਾਰਸ਼ਨਿਕ ਹੋ।''