ਕਲਯੁੱਗ ਦਾ ਪਵਿੱਤਰ ਧਾਮ ਜਗਨਨਾਥ ਪੁਰੀ

12/1/2015 6:55:46 AM

ਹਿੰਦੂ ਧਰਮ ਦੀਆਂ ਪੁਰਾਣੀਆਂ ਮਾਨਤਾਵਾਂ ''ਚੋਂ ਚਾਰ ਧਾਮਾਂ ਨੂੰ ਇਕ ਯੁੱਗ ਦਾ ਪ੍ਰਤੀਕ ਮੰਨਿਆ ਜਾਂਦਾ ਹੈ। ਇਸੇ ਤਰ੍ਹਾਂ ਕਲਯੁੱਗ ਦਾ ਪਵਿੱਤਰ ਧਾਮ ਜਗਨਨਾਥ ਪੁਰੀ ਨੂੰ ਮੰਨਿਆ ਗਿਆ ਹੈ। ਇਹ ਭਾਰਤ ਦੇ ਪੂਰਬ ''ਚ ਉੜੀਸਾ ਰਾਜ ''ਚ ਸਥਿਤ ਹੈ ਜਿਸ ਦਾ ਪੁਰਾਣਾ ਨਾਂ ਪੁਰੂਸ਼ੋਤਮ ਪੁਰੀ, ਨੀਲਾਂਚਲ, ਸ਼ੰਖ ਅਤੇ ਸ਼੍ਰੀਕਸ਼ੇਤਰ ਵੀ ਹੈ। ਇਕ ਪੁਰਾਣੀ ਮਾਨਤਾ ਅਨੁਸਾਰ ਇਸ ਜਗ੍ਹਾ ''ਤੇ ਆਦਿ ਸ਼ੰਕਰਾਚਾਰੀਆ ਜੀ ਨੇ ਗੋਵਰਧਨ ਪੀਠ ਸਥਾਪਤ ਕੀਤਾ ਸੀ। ਪ੍ਰਾਚੀਨ ਕਾਲ ਤੋਂ ਹੀ ਪੁਰੀ ਸੰਤਾਂ ਤੇ ਮਹਾਤਮਾਵਾਂ ਕਰਕੇ ਆਪਣਾ ਧਾਰਮਿਕ, ਅਧਿਆਤਮਕ ਮਹੱਤਵ ਰੱਖਦਾ ਹੈ। ਕਈ ਸੰਤਾਂ ਦੇ ਮੱਠ ਇਥੇ ਦੇਖੇ ਜਾ ਸਕਦੇ ਹਨ। ਜਗਨਨਾਥ ਪੁਰੀ ਦੇ ਵਿਸ਼ੇ ''ਚ ਇਹ ਮਾਨਤਾ ਹੈ ਕਿ ਤ੍ਰੇਤਾ ਯੁੱਗ ''ਚ ਰਾਮੇਸ਼ਵਰ ਧਾਮ ਪਾਵਨਕਾਰੀ ਅਰਥਾਤ ਕਲਿਆਣਕਾਰੀ ਰਹੇ, ਦੁਆਪਰ ਯੁੱਗ ''ਚ ਦੁਆਰਕਾ ਅਤੇ ਕਲਯੁੱਗ ''ਚ ਜਗਨਨਾਥ ਪੁਰੀ ਧਾਮ ਹੀ ਕਲਿਆਣਕਾਰੀ ਹੈ। ਪੁਰੀ ਭਾਰਤ ਦੇ ਮੁੱਖ ਚਾਰ ਧਾਮਾਂ ''ਚੋਂ ਇਕ ਧਾਮ ਹੈ।
ਉੜੀਸਾ ਜਾਂ ਉਤਕਲ ਖੇਤਰ ਦੇ ਮੁੱਖ ਦੇਵ ਭਗਵਾਨ ਜਗਨਨਾਥ ਹਨ। ਅਜਿਹੀ ਧਾਰਮਿਕ ਮਾਨਤਾ ਹੈ ਕਿ ਭਗਵਾਨ ਜਗਨਨਾਥ ਦੀ ਮੂਰਤੀ ਰਾਧਾ ਅਤੇ ਸ਼੍ਰੀ ਕ੍ਰਿਸ਼ਨ ਦਾ ਸਾਂਝਾ ਰੂਪ ਹੈ। ਸ਼੍ਰੀ ਕ੍ਰਿਸ਼ਨ ਭਗਵਾਨ ਜਗਨਨਾਥ ਦੇ ਹੀ ਅੰਸ਼ ਸਵਰੂਪ ਹਨ, ਇਸ ਲਈ ਭਗਵਾਨ ਜਗਨਨਾਥ ਨੂੰ ਹੀ ਪੂਰਾ ਈਸ਼ਵਰ ਮੰਨਿਆ ਗਿਆ ਹੈ।
ਜਗਨਨਾਥ ਮੰਦਰ 40,00,000 ਵਰਗ ਫੁੱਟ ''ਚ ਫੈਲਿਆ ਹੈ ਅਤੇ ਚਾਰਦੀਵਾਰੀ ਨਾਲ ਘਿਰਿਆ ਹੈ। ਕਲਿੰਗ ਸ਼ੈਲੀ ਦੇ ਮੰਦਰ ਸਥਾਪਤ ਕਲਾ ਅਤੇ ਸ਼ਿਲਪ ਦੀ ਹੈਰਾਨੀਜਨਕ ਵਰਤੋਂ ਨਾਲ ਇਹ ਮੰਦਰ ਭਾਰਤ ਦੇ ਵਿਸ਼ਾਲ ਸਮਾਰਕ ਥਾਵਾਂ ''ਚੋਂ ਇਕ ਹੈ। ਮੁੱਖ ਮੰਦਰ ਵਕਰ ਰੇਖਾਵਾਂ ਵਰਗੇ ਆਕਾਰ ਦਾ ਹੈ ਜਿਸ ਦੇ ਸਿਖਰ ''ਤੇ ਭਗਵਾਨ ਵਿਸ਼ਨੂੰ ਦਾ ਸੁਦਰਸ਼ਨ ਚੱਕਰ ਜੜਿਆ ਹੈ। ਇਸ ਨੂੰ ਨੀਲ ਚੱਕਰ ਵੀ ਕਹਿੰਦੇ ਹਨ। ਇਹ ਅਸ਼ਟ ਧਾਤੂ ਨਾਲ ਬਣਿਆ ਹੈ ਅਤੇ ਬਹੁਤ ਪਵਿੱਤਰ ਮੰਨਿਆ ਜਾਂਦਾ ਹੈ। ਮੰਦਰ ਦੇ ਅੰਦਰ ਅੰਦਰੂਨੀ ਗਰਭ ਗ੍ਰਹਿ ''ਚ ਮੁੱਖ ਦੇਵਤਾਵਾਂ ਦੀਆਂ ਮੂਰਤੀਆਂ ਸਥਾਪਤ ਹਨ। ਮੁੱਖ ਭਵਨ ਇਕ 20 ਫੁੱਟ ਉੱਚੀ ਦੀਵਾਰ ਨਾਲ ਘਿਰਿਆ ਹੋਇਆ ਹੈ ਅਤੇ ਦੂਜੀ ਦੀਵਾਰ ਮੁੱਖ ਮੰਦਰ ਨੂੰ ਘੇਰਦੀ ਹੈ। ਇਕ ਵਿਸ਼ਾਲ ਸੋਲਾਂ ਕਿਨਾਰਿਆਂ ਵਾਲਾ ਸਤੰਭ, ਮੁੱਖ ਦਰਵਾਜ਼ੇ ਦੇ ਠੀਕ ਸਾਹਮਣੇ ਸਥਿਤ ਹੈ।
ਪੁਰੀ ਦੀ ਮੂਰਤੀ, ਸਥਾਪਤ ਕਲਾ ਅਤੇ ਸਮੁੰਦਰ ਦਾ ਸੁੰਦਰ ਕਿਨਾਰਾ ਸੈਲਾਨੀਆਂ ਨੂੰ ਆਕਰਸ਼ਤ ਕਰਨ ਲਈ ਕਾਫੀ ਹੈ। ਕੋਨਾਰਕ ਦਾ ਅਦਭੁੱਤ ਸੂਰਜ ਮੰਦਰ, ਭਗਵਾਨ ਬੁੱਧ ਦੀਆਂ ਮੂਰਤੀਆਂ ਨਾਲ ਸਜਿਆ ਧੌਲਗਿਰੀ ਅਤੇ ਉਦੇਗਿਰੀ ਦੀਆਂ ਗੁਫਾਵਾਂ, ਜੈਨ ਮੁਨੀਆਂ ਦੀ ਤਪਸਥਲੀ ਖੰਡ ਗਿਰੀ ਦੀਆਂ ਗੁਫਾਵਾਂ-ਲਿੰਗ-ਰਾਜ, ਸਾਕਸ਼ੀ ਗੋਪਾਲ ਅਤੇ ਭਗਵਾਨ ਜਗਨਨਾਥ ਦੇ ਮੰਦਰ ਦੇਖਣ ਵਾਲੇ ਹਨ। ਪੁਰੀ ਅਤੇ ਚੰਦਰਭਾਗਾ ਦਾ ਸੁੰਦਰ ਸਮੁੰਦਰੀ ਕਿਨਾਰਾ, ਚੰਦਨ ਤਾਲਾਬ, ਜਨਕਪੁਰ ਅਤੇ ਨੰਦਨਕਾਨਨ ਅਭਯਾਰਣਯ ਸੁੰਦਰ ਅਤੇ ਵੇਖਣਯੋਗ ਹੈ। ਹਾੜ ਮਹੀਨੇ ਦੇ ਸ਼ੁਕਲ ਪੱਖ ਦੀ ਦੂਜੀ ਤਿਥੀ ਨੂੰ ਜਗਨਨਾਥ ਪੁਰੀ ਦੀ ਰੱਥ ਯਾਤਰਾ ਦਾ ਆਰੰਭ ਹੁੰਦਾ ਹੈ। ਉੜੀਸਾ ''ਚ ਮਨਾਇਆ ਜਾਣ ਵਾਲਾ ਇਹ ਸਭ ਤੋਂ ਵਿਸ਼ਾਲ ਤਿਉਹਾਰ ਹੈ। ਪੁਰੀ ਦੇ ਪਵਿੱਤਰ ਸ਼ਹਿਰ ''ਚ ਇਸ ਜਗਨਨਾਥ ਯਾਤਰਾ ਦੇ ਇਸ ਵਿਸ਼ਾਲ ਸਮਾਰੋਹ ''ਚ ਹਿੱਸਾ ਲੈਣ ਲਈ ਹਰ ਸਾਲ ਦੁਨੀਆ ਭਰ ਤੋਂ ਲੱਖਾਂ ਸ਼ਰਧਾਲੂ ਇਥੇ ਆਉਂਦੇ ਹਨ। ਇਹ ਤਿਉਹਾਰ ਪੂਰੇ ਨੌਂ ਦਿਨ ਤਕ ਚੱਲਦਾ ਹੈ।
ਭਗਵਾਨ ਜਗਨਨਾਥ ਜੀ ਦੀ ਮੂਰਤੀ ਨੂੰ ਉਨ੍ਹਾਂ ਦੇ ਵੱਡੇ ਭਰਾ ਬਲਭਦਰ ਅਤੇ ਭੈਣ ਸੁਭਦਰਾ ਦੀਆਂ ਛੋਟੀਆਂ ਮੂਰਤੀਆਂ ਨੂੰ ਰੱਥ ''ਚ ਲੈ ਜਾਇਆ ਜਾਂਦਾ ਹੈ ਅਤੇ ਧੂਮਧਾਮ ਨਾਲ ਇਹ ਪੂਰੇ ਭਾਰਤ ''ਚ ਮਸ਼ਹੂਰ ਰੱਥ ਯਾਤਰਾ ਆਰੰਭ ਹੁੰਦੀ ਹੈ। ਇਸ ਤਿਉਹਾਰ ''ਤੇ ਤਿੰਨ ਦੇਵਤਾਵਾਂ ਦੀ ਯਾਤਰਾ ਕੱਢੀ ਜਾਂਦੀ ਹੈ। ਇਸ ਮੌਕੇ ''ਤੇ ਜਗਨਨਾਥ ਮੰਦਰ ਤੋਂ ਤਿੰਨੋਂ ਦੇਵਤਾਵਾਂ ਦੇ ਸਜਾਏ ਹੋਏ ਰੱਥ ਖਿੱਚਦੇ ਹੋਏ ਦੋ ਕਿਲੋਮੀਟਰ ਦੀ ਦੂਰੀ ''ਤੇ ਸਥਿਤ ਗੁੰਡਿਚਾ ਮੰਦਰ ਤਕ ਲੈ ਜਾਏ ਜਾਂਦੇ ਹਨ ਅਤੇ ਨੌਵੇਂ ਦਿਨ ਇਨ੍ਹਾਂ ਨੂੰ ਵਾਪਸ ਲਿਆਇਆ ਜਾਂਦਾ ਹੈ। ਇਸ ਮੌਕੇ ''ਤੇ ਸੁਭਦਰਾ, ਬਲਰਾਮ ਅਤੇ ਭਗਵਾਨ ਸ਼੍ਰੀ ਕ੍ਰਿਸ਼ਨ ਦੀ ਪੂਜਾ 9 ਦਿਨਾਂ ਤਕ ਕੀਤੀ ਜਾਂਦੀ ਹੈ। ਇਨ੍ਹਾਂ 9 ਦਿਨਾਂ ''ਚ ਭਗਵਾਨ ਜਗਨਨਾਥ ਦਾ ਗੁਣਗਾਨ ਕੀਤਾ ਜਾਂਦਾ ਹੈ।
ਅਜਿਹੀ ਹੁੰਦੀ ਹੈ ਸ਼੍ਰੀ ਜਗਨਨਾਥ ਰੱਥ ਯਾਤਰਾ
ਜਗਨਨਾਥ ਜੀ ਦਾ ਇਹ ਰੱਥ 45 ਫੁੱਟ ਉੱਚਾ ਹੁੰਦਾ ਹੈ। ਭਗਵਾਨ ਜਗਨਨਾਥ ਦਾ ਰੱਥ ਸਭ ਤੋਂ ਬਾਅਦ ''ਚ ਹੁੰਦਾ ਹੈ ਅਤੇ ਭਗਵਾਨ ਜਗਨਨਾਥ ਕਿਉਂਕਿ ਭਗਵਾਨ ਸ਼੍ਰੀ ਕ੍ਰਿਸ਼ਨ ਦੇ ਅਵਤਾਰ ਹਨ, ਇਸ ਲਈ ਉਨ੍ਹਾਂ ਨੂੰ ਪਿਤਾਂਬਰ ਅਰਥਾਤ ਪੀਲੇ ਰੰਗਾਂ ਨਾਲ ਸਜਾਇਆ ਜਾਂਦਾ ਹੈ। ਪੁਰੀ ਯਾਤਰਾ ਦੀਆਂ ਇਹ ਮੂਰਤੀਆਂ ਭਾਰਤ ਦੇ ਹੋਰ ਦੇਵੀ-ਦੇਵਤਿਆਂ ਦੀ ਤਰ੍ਹਾਂ ਨਹੀਂ ਹੁੰਦੀਆਂ।
ਰੱਥ ਯਾਤਰਾ ''ਚ ਸਭ ਤੋਂ ਅੱਗੇ ਭਾਈ ਬਲਰਾਮ ਦਾ ਰੱਥ ਹੁੰਦਾ ਹੈ ਜਿਸ ਦੀ ਉੱਚਾਈ 44 ਫੁੱਟ ਉੱਚੀ ਰੱਖੀ ਜਾਂਦੀ ਹੈ। ਇਹ ਰੱਥ ਨੀਲੇ ਰੰਗ ਦਾ ਪ੍ਰਯੋਗ ਕਰਦੇ ਹੋਏ ਸਜਾਇਆ ਜਾਂਦਾ ਹੈ। ਇਸ ਦੇ ਬਾਅਦ ਭੈਣ ਸੁਭਦਰਾ ਦਾ ਰੱਥ 43 ਫੁੱਟ ਉੱਚਾ ਹੁੰਦਾ ਹੈ। ਇਸ ਰੱਥ ਨੂੰ ਕਾਲੇ ਰੰਗ ਦਾ ਪ੍ਰਯੋਗ ਕਰਦੇ ਹੋਏ ਸਜਾਇਆ ਜਾਂਦਾ ਹੈ। ਇਸ ਰੱਥ ਨੂੰ ਸਵੇਰ ਤੋਂ ਹੀ ਸਾਰੇ ਨਗਰ ਦੇ ਮੁੱਖ ਮਾਰਗਾਂ ''ਤੇ ਘੁਮਾਇਆ ਜਾਂਦਾ ਹੈ ਅਤੇ ਰੱਥ ਹੌਲੀ ਰਫਤਾਰ ਨਾਲ ਅੱਗੇ ਵਧਦਾ ਹੈ। ਸ਼ਾਮ ਨੂੰ ਇਹ ਰੱਥ ਮੰਦਰ ਪਹੁੰਚਦਾ ਹੈ ਅਤੇ ਮੂਰਤੀਆਂ ਨੂੰ ਮੰਦਰ ''ਚ ਲੈ ਜਾਇਆ ਜਾਂਦਾ ਹੈ।
ਯਾਤਰਾ ਦੇ ਦੂਜੇ ਦਿਨ ਤਿੰਨੋਂ ਮੂਰਤੀਆਂ ਨੂੰ ਸੱਤ ਦਿਨ ਤਕ ਇਥੇ ਮੰਦਰ ''ਚ ਰੱਖਿਆ ਜਾਂਦਾ ਹੈ ਅਤੇ ਸੱਤ ਦਿਨ ਇਨ੍ਹਾਂ ਮੂਰਤੀਆਂ ਦਾ ਦਰਸ਼ਨ ਕਰਨ ਵਾਲੇ ਸ਼ਰਧਾਲੂਆਂ ਦਾ ਤਾਂਤਾ ਇਸ ਮੰਦਰ ''ਚ ਲੱਗਾ ਰਹਿੰਦਾ ਹੈ। ਸਖਤ ਧੁੱਪ ''ਚ ਵੀ ਲੱਖਾਂ ਦੀ ਗਿਣਤੀ ''ਚ ਭਗਤ ਮੰਦਰ ''ਚ ਦਰਸ਼ਨ ਲਈ ਆਉਂਦੇ ਰਹਿੰਦੇ ਹਨ। ਹਰ ਰੋਜ਼ ਭਗਵਾਨ ਨੂੰ ਭੋਗ ਲੱਗਣ ਦੇ ਬਾਅਦ ਪ੍ਰਸ਼ਾਦ ਦੇ ਰੂਪ ''ਚ ਗੋਪਾਲ ਭੋਗ ਸਾਰੇ ਭਗਤਾਂ ''ਚ ਵੰਡਿਆ ਜਾਂਦਾ ਹੈ। ਸੱਤ ਦਿਨਾਂ ਦੇ ਬਾਅਦ ਯਾਤਰਾ ਦੀ ਵਾਪਸੀ ਹੁੰਦੀ ਹੈ। ਇਸ ਰੱਥ ਯਾਤਰਾ ਨੂੰ ਵੱਡੀਆਂ-ਵੱਡੀਆਂ ਰੱਸੀਆਂ ਨਾਲ ਖਿੱਚਦੇ ਹੋਏ ਲੈ ਜਾਇਆ ਜਾਂਦਾ ਹੈ। ਯਾਤਰਾ ਦੀ ਵਾਪਸੀ ਜਗਨਨਾਥ ਦੀ ਆਪਣੀ ਜਨਮ ਭੂਮੀ ਤੋਂ ਵਾਪਸੀ ਕਹਾਉਂਦੀ ਹੈ।
ਜਗਨਨਾਥ ਮੰਦਰ ਦਾ ਇਕ ਵੱਡਾ ਆਕਰਸ਼ਣ ਇਥੋਂ ਦੀ ਰਸੋਈ ਹੈ। ਇਹ ਰਸੋਈ ਵਿਸ਼ਵ ਦੀ ਸਭ ਤੋਂ ਵੱਡੀ ਰਸੋਈ ਦੇ ਰੂਪ ''ਚ ਜਾਣੀ ਜਾਂਦੀ ਹੈ। ਇਸ ਰਸੋਈ ''ਚ ਭਗਵਾਨ ਜਗਨਨਾਥ ਲਈ ਭੋਗ ਤਿਆਰ ਕੀਤਾ ਜਾਂਦਾ ਹੈ।ਰਸੋਈ ਦੇ ਕੋਲ ਦੋ ਖੂਹ ਵੀ ਹਨ ਜਿਨ੍ਹਾਂ ਨੂੰ ਗੰਗਾ ਤੇ ਯਮੁਨਾ ਕਿਹਾ ਜਾਂਦਾ ਹੈ। ਸਿਰਫ ਇਨ੍ਹਾਂ ਤੋਂ ਕੱਢੇ ਪਾਣੀ ਨਾਲ ਹੀ ਭੋਗ ਦਾ ਨਿਰਮਾਣ ਕੀਤਾ ਜਾਂਦਾ ਹੈ। ਮੰਦਰ ''ਚ ਭੋਗ ਪਕਾਉਣ ਲਈ 7 ਮਿੱਟੀ ਦੇ ਭਾਂਡੇ ਇਕ-ਦੂਜੇ ''ਤੇ ਰੱਖੇ ਜਾਂਦੇ ਹਨ ਅਤੇ ਇਹ ਲੱਕੜੀ ''ਤੇ ਪਕਾਇਆ ਜਾਂਦਾ ਹੈ।
- ਪੰਡਿਤ ਵਿਸ਼ਾਲ ਦਯਾਨੰਦ ਸ਼ਾਸਤਰੀ