ਵਿਆਖਿਆ ਸ੍ਰੀ ਜਪੁ ਜੀ ਸਾਹਿਬ

10/9/2017 7:26:12 AM

ਉਨ੍ਹਾਂ ਦੇ ਦਿਵਯ ਸਰੀਰਾਂ ਤੋਂ ਪ੍ਰਕਾਸ਼ਿਤ ਤੇ ਸਭ ਬ੍ਰਹਿਮੰਡਾਂ ਵੱਲ ਫੈਲ ਰਹੀ ਇਸ ਮਹਾਂਸ਼ਕਤੀ ਦੇ ਕਾਰਨ ਹੀ ਗੁਰੂ ਸਾਹਿਬ ਨੇ ਇਨ੍ਹਾਂ ਦਾ ਨਾਮ ਜੋਧ ਮਹਾਬਲ ਸੂਰ ਰੱਖਿਆ ਹੈ, ਇਨ੍ਹਾਂ ਮਹਾਂਸਿੱਧਾਂ ਦੇ ਸਰੀਰਾਂ ਨੂੰ ਕੇਂਦਰ ਕਰਕੇ ਇਹ ਪ੍ਰਮੇਸ਼ਵਰੀ ਸ਼ਕਤੀ ਗਿਆਨ ਖੰਡ ਅਤੇ ਧਰਮ ਖੰਡ 'ਚ ਜ਼ੋਰਾਂ ਨਾਲ ਅਵਤਰਿਤ ਹੁੰਦੀ ਹੋਈ ਅਧਿਕਾਰੀ ਜਿਗਿਆਸੂਆਂ ਵਾਸਤੇ ਉਪਰ ਦਾ ਰਸਤਾ ਖੋਲ੍ਹਦੀ ਹੈ। ਉਨ੍ਹਾਂ ਦੇ ਰਸਤੇ 'ਤੇ ਆ ਰਹੇ ਕਾਮ, ਕ੍ਰੋਧ, ਲੋਭ ਆਦਿ ਵਿਕਾਰਾਂ ਤੇ ਅਗਿਆਨ ਰੂਪੀ ਹਨੇਰੇ ਨੂੰ ਦੂਰ ਕਰਨ 'ਚ ਮਦਦ ਕਰਦੀ ਹੈ। ਮਹਾਂਸ਼ਕਤੀ 'ਚ ਓਤਪ੍ਰੋਤ ਇਨ੍ਹਾਂ ਮਹਾਂਬਲੀਆਂ ਦੀ ਕਿਸੇ ਨਾਲ ਲੜਾਈ ਨਹੀਂ ਪਰ ਜਿੱਥੇ-ਜਿੱਥੇ ਇਨ੍ਹਾਂ ਦੀ ਸ਼ਕਤੀ ਦਾ ਅਵਤਰਣ ਹੁੰਦੈ-ਉਥੋਂ ਨ੍ਹੇਰਾ ਸਹਿਜ ਹੀ ਦੂਰ ਹੁੰਦਾ ਜਾਂਦੈ। ਖਾਸ ਤੌਰ ਨਾਲ ਪ੍ਰਮੇਸ਼ਵਰੀ ਕਿਰਪਾ ਸ਼ਕਤੀ ਕਰਮ ਖੰਡ ਵਾਸੀ ਇਨ੍ਹਾਂ ਸੂਰਬੀਰਾਂ ਦੇ ਦਿਵਿਆ ਸਰੀਰਾਂ ਰਾਹੀਂ, ਸਾਧਕ ਸਿੱਖਾਂ ਵਿਚ ਅਵਤਰਿਤ ਹੁੰਦੀ ਐ ਤੇ ਆਮ ਤੌਰ 'ਤੇ ਸਾਰੇ ਪ੍ਰਾਣੀਆਂ ਤੇ ਹੇਠਲੇ ਸਾਰੇ ਖੰਡਾਂ 'ਚ।
ਤਿਨ ਮਹਿ ਰਾਮੁ ਰਹਿਆ ਭਰਪੂਰ£ ਤਿਥੈ ਸੀਤੋ ਸੀਤਾ ਮਹਿਮਾ ਮਾਹਿ£ ਇਨ੍ਹਾਂ ਮਹਾਂਬਲੀ ਸੂਰਾਂ 'ਚ ਅਕਾਲ ਪੁਰਖ ਦਾ ਸਭ 'ਚ ਰਮਿਆ ਹੋਇਆ ਸਰਗੁਣ ਰੂਪ ਪੂਰਾ ਵਿਆਪਕ ਹੈ। ਅਗਿਆਨ ਜਾਂ ਹਨੇਰੇ ਦਾ ਪਰਦਾ ਰਾਈ ਭਰ ਵੀ ਉਥੇ ਨਹੀਂ ਹੈ। ਐਨਾ ਹੀ ਨਹੀਂ ਰਾਮ ਦੀ ਸ਼ਕਤੀ ਸੀਤਾ ਵੀ ਆਪਣੀ ਮਹਿਮਾ 'ਚ ਪੂਰੀ ਪ੍ਰਚੰਡ ਹੋਈ ਜਾਗਰਿਤ ਹੈ। ਕਰਮ ਖੰਡ 'ਚ 'ਰਾਮ ਅਤੇ ਸੀਤਾ' ਦੇ ਰੂਪ 'ਚ ਅਕਾਲ ਪੁਰਖ ਕਰਤਾ ਹੀ ਆਪਣੇ ਆਪ ਨੂੰ ਸਰਗੁਣ ਸਾਕਾਰ ਰੂਪ 'ਚ ਪ੍ਰਗਟ ਕਰ ਰਿਹੈ। ਕਰਮ ਖੰਡ 'ਚ ਰਾਮ ਅਤੇ ਸੀਤਾ ਦੋਵੇਂ ਬਿਲਕੁੱਲ ਇਕਮਿਕ ਹੋਏ ਹੀ ਹਨ ਅਤੇ ਇਨ੍ਹਾਂ ਤੋਂ ਹੀ ਫਿਰ ਸ੍ਰਿਸ਼ਟੀ ਪਸਾਰਾ ਹੁੰਦੈ-ਰਾਮ ਅਤੇ ਸੀਤਾ ਨੂੰ ਹੀ ਹੋਰ ਥਾਈਂ 'ਸ਼ਿਵ ਅਤੇ ਸਕਤਿ' ਦਾ ਨਾਮ ਦਿੱਤਾ ਗਿਐ। ਜਿਵੇਂ-
ਸਿਵ ਸਕਤਿ ਆਪਿ ਉਪਾਇ ਕੈ, ਕਰਤਾ ਆਪੇ ਹੁਕਮੁ ਵਰਤਾਏ£ (ਅਨੰਦ ਸਾਹਿਬ)
ਅਰਥਾਤ ਕਰਤਾ ਪੁਰਖ-ਸ਼ਿਵ ਅਤੇ ਸ਼ਕਤੀ ਨੂੰ ਆਪ ਹੀ ਪ੍ਰਗਟ ਕਰਕੇ, ਇਨ੍ਹਾਂ ਰਾਹੀਂ ਹੁਕਮ ਵਰਤਾਉਂਦਾ ਹੈ।
ਰਾਮ ਅਤੇ ਸੀਤਾ ਜਾਂ ਸ਼ਿਵ ਅਤੇ ਸ਼ਕਤੀ ਨੂੰ ਦਸਮ ਗੁਰੂ ਨੇ ਮਹਾਂਕਾਲ ਅਤੇ ਉਸਦੀ ਸ਼ਕਤੀ ਕਾਲਿਕਾ ਦਾ ਨਾਮ ਵੀ ਦਿੱਤਾ ਹੈ। ਜਿਵੇਂ ਕਿ ਬਚਿਤ੍ਰ ਨਾਟਕ 'ਚ ਉਨ੍ਹਾਂ ਲਿਖਿਆ ਹੈ-
ਅਬ ਮੈ ਅਪਨੀ ਕਥਾ ਬਖਾਨੋ£ ਤਪ ਸਾਧਤ ਜਿਹ ਬਿਧਿ ਮੁਹਿ ਆਨੋ£
ਹੇਮਕੁੰਟ ਪਰਬਤ ਹੈ ਜਹਾਂ£ ਸਪਤ ਸ੍ਰਿੰਗ ਸੋਭਿਤ ਹੈ ਤਹਾਂ£੧£
ਸਪਤ ਸ੍ਰਿੰਗ ਤਿਹ ਨਾਮੁ ਕਹਾਵਾ£ ਪੰਡੁ ਰਾਜ ਜਹ ਜੋਗ ਕਮਾਵਾ£
ਤਹ ਹਮ ਅਧਿਕ ਤਪੱਸਿਆ ਸਾਧੀ£ ਮਹਾਕਾਲ ਕਾਲਿਕਾ ਅਰਾਧੀ £ ੨£
ਏਕਾ ਮਾਈ, ਜੁਗਤਿ ਵਿਆਈ, ਤਿਨਿ ਚੇਲੇ ਪਰਵਾਣ£ (ਜਪੁਜੀ ਸਾਹਿਬ)

ਏਕਾ ਮਾਈ (ਜਗ ਜਨਨੀ ਮਾਤਾ) ਹੀ ਸਿਵ ਰੂਪ ਸ਼ਿਵ ਦੀ ਸ਼ਕਤੀ ਜਾਂ ਸਭ 'ਚ ਰਮੀ ਹੋਈ ਰਾਮ ਦੀ ਸ਼ਕਤੀ  ਸੀਤਾ ਜਾਂ ਮਹਾਂਕਾਲ ਦੀ ਸ਼ਕਤੀ ਕਾਲਿਕਾ ਜਾਂ ਭਗਵਾਨ ਦੀ ਸ਼ਕਤੀ ਭਗੌਤੀ (ਪ੍ਰਿਥਮ ਭਗੌਤੀ ਸਿਮਰਿ ਕੇ) ਹੈ, ਜਿਸ ਤੋਂ ਉਸ ਨਾਲ ਜੁੜੇ, ਜਿਨ੍ਹਾਂ 'ਚ ਭਗੌਤੀ ਦੀ ਹੀ ਸ਼ਕਤੀ ਕੰਮ ਕਰਦੀ ਹੈ—ਉਨ੍ਹਾਂ ਬ੍ਰਹਮਾ, ਵਿਸ਼ਨੂੰ, ਮਹੇਸ਼-ਤਿੰਨ ਚੇਲਿਆਂ ਦੀ ਉਤਪਤੀ ਹੁੰਦੀ ਹੈ। ਧਿਆਨ ਰਹੇ ਇਹ ਭਗੌਤੀ ਮਾਈ, ਮਾਤਾ ਹੈ ਸਾਰੇ ਬ੍ਰਹਿਮੰਡਾਂ ਦੀ।