ਜਿਊਣ-ਮਰਨ ਦਾ ਸਵਾਲ

5/1/2016 12:32:08 PM

ਇਕ ਵਾਰ 3 ਸਾਧੂ ਗਿਆਨ ਦੀ ਭਾਲ ਵਿਚ ਹਿਮਾਲਿਆ ਪਹੁੰਚੇ। ਉਥੇ ਤਿੰਨਾਂ ਨੂੰ ਜ਼ੋਰਾਂ ਦੀ ਭੁੱਖ ਲੱਗੀ ਪਰ ਉਨ੍ਹਾਂ ਦੇਖਿਆ ਕਿ ਉਨ੍ਹਾਂ ਕੋਲ 2 ਹੀ ਰੋਟੀਆਂ ਬਾਕੀ ਬਚੀਆਂ ਸਨ। ਤਿੰਨਾਂ ਨੇ ਤੈਅ ਕੀਤਾ ਕਿ ਉਹ ਉਸ ਦਿਨ ਭੁੱਖੇ ਹੀ ਸੌਂ ਜਾਣਗੇ। ਰੱਬ ਜਿਸ ਦੇ ਸੁਪਨੇ ਵਿਚ ਆ ਕੇ ਰੋਟੀ ਖਾਣ ਦਾ ਇਸ਼ਾਰਾ ਕਰੇਗਾ, ਉਹੀ ਇਹ ਰੋਟੀਆਂ ਖਾਏਗਾ। ਅਜਿਹਾ ਸੋਚ ਕੇ ਤਿੰਨੋਂ ਸਾਧੂ ਸੌਂ ਗਏ।
ਅੱਧੀ ਰਾਤ ਨੂੰ ਅਚਾਨਕ ਤਿੰਨੋਂ ਸਾਧੂ ਉੱਠੇ ਅਤੇ ਇਕ-ਦੂਜੇ ਨੂੰ ਆਪਣਾ-ਆਪਣਾ ਸੁਪਨਾ ਸੁਣਾਉਣ ਲੱਗੇ। ਪਹਿਲਾ ਸਾਧੂ ਬੋਲਿਆ, ''''ਮੈਂ ਸੁਪਨੇ ਵਿਚ ਇਕ ਅਣਪਛਾਤੀ ਥਾਂ ''ਤੇ ਪਹੁੰਚਿਆ। ਉਥੇ ਬਹੁਤ ਸ਼ਾਂਤੀ ਸੀ ਅਤੇ ਉਥੇ ਮੈਨੂੰ ਰੱਬ ਦੇ ਦਰਸ਼ਨ ਹੋਏ। ਉਸ ਨੇ ਮੈਨੂੰ ਕਿਹਾ ਕਿ ਤੂੰ ਜੀਵਨ ਵਿਚ ਸਦਾ ਤਿਆਗ ਹੀ ਕੀਤਾ ਹੈ, ਇਸ ਲਈ ਇਹ ਰੋਟੀਆਂ ਤੈਨੂੰ ਹੀ ਖਾਣੀਆਂ ਚਾਹੀਦੀਆਂ ਹਨ।''''
ਦੂਜੇ ਸਾਧੂ ਨੇ ਵੀ ਆਪਣਾ ਸੁਪਨਾ ਸੁਣਾਉਣਾ ਸ਼ੁਰੂ ਕੀਤਾ। ਉਹ ਬੋਲਿਆ, ''''ਮੈਂ ਸੁਪਨੇ ਵਿਚ ਦੇਖਿਆ ਕਿ ਭੂਤਕਾਲ ''ਚ ਤਪੱਸਿਆ ਕਰਨ ਕਰ ਕੇ ਮੈਂ ਮਹਾਤਮਾ ਬਣ ਗਿਆ ਹਾਂ ਅਤੇ ਅਚਾਨਕ ਮੇਰੀ ਮੁਲਾਕਾਤ ਰੱਬ ਨਾਲ ਹੁੰਦੀ ਹੈ। ਸੁਪਨੇ ਵਿਚ ਹੀ ਉਹ ਮੈਨੂੰ ਕਹਿੰਦਾ ਹੈ ਕਿ ਲੰਮੇ ਸਮੇਂ ਤੱਕ ਕਠੋਰ ਤਪ ਕਰਨ ਕਾਰਨ ਤੇਰੇ ਕੋਲ ਪੁੰਨ ਦਾ ਅਥਾਹ ਭੰਡਾਰ ਹੈ। ਇਸ ਪੁੰਨ ਦੀ ਬਦੌਲਤ ਰੋਟੀਆਂ ''ਤੇ ਪਹਿਲਾ ਹੱਕ ਤੇਰਾ ਬਣਦਾ ਹੈ, ਤੇਰੇ ਦੋਸਤਾਂ ਦਾ ਨਹੀਂ।''''
ਹੁਣ ਤੀਜੇ ਸਾਧੂ ਦੀ ਵਾਰੀ ਆਈ। ਉਸ ਨੇ ਸਪੱਸ਼ਟ ਸ਼ਬਦਾਂ ਵਿਚ ਕਿਹਾ, ''''ਮੈਂ ਸੁਪਨੇ ਵਿਚ ਕੁਝ ਨਹੀਂ ਦੇਖਿਆ। ਨਾ ਮੇਰੇ ਸੁਪਨੇ ਵਿਚ ਰੱਬ ਆਇਆ ਅਤੇ ਨਾ ਹੀ ਉਸ ਨੇ ਮੈਨੂੰ ਰੋਟੀਆਂ ਖਾਣ ਲਈ ਕਿਹਾ ਪਰ ਮੈਂ ਉਹ ਰੋਟੀਆਂ ਖਾ ਲਈਆਂ।''''
ਇਹ ਸੁਣ ਕੇ ਦੋਵੇਂ ਸਾਧੂ ਗੁੱਸੇ ਵਿਚ ਆ ਗਏ। ਉਨ੍ਹਾਂ ਤੀਜੇ ਸਾਧੂ ਨੂੰ ਕਿਹਾ, ''''ਇਹ ਫੈਸਲਾ ਕਰਨ ਤੋਂ ਪਹਿਲਾਂ ਤੂੰ ਸਾਨੂੰ ਕਿਉਂ ਨਹੀਂ ਜਗਾਇਆ?''''
ਤੀਜਾ ਸਾਧੂ ਬੋਲਿਆ, ''''ਕਿਵੇਂ ਜਗਾਉਂਦਾ? ਤੁਸੀਂ ਦੋਵੇਂ ਤਾਂ ਰੱਬ ਨਾਲ ਗੱਲਾਂ ਕਰਨ ਵਿਚ ਮਸਤ ਸੀ ਪਰ ਰੱਬ ਨੇ ਮੈਨੂੰ ਨੀਂਦ ਤੋਂ ਜਗਾਇਆ ਅਤੇ ਭੁੱਖਾ ਮਰਨ ਤੋਂ ਬਚਾ ਲਿਆ।''''
ਬਿਲਕੁਲ ਸਹੀ ਕਿਹਾ ਗਿਆ ਹੈ ਕਿ ਜਿਊਣ-ਮਰਨ ਦਾ ਸਵਾਲ ਹੋਵੇ ਤਾਂ ਦੋਸਤੀ ਨਿਭਾਅ ਸਕਣਾ ਮੁਸ਼ਕਿਲ ਹੋ ਜਾਂਦਾ ਹੈ। ਵਿਅਕਤੀ ਉਹੀ ਕੰਮ ਕਰਦਾ ਹੈ, ਜਿਸ ਨਾਲ ਉਸ ਦਾ ਜੀਵਨ ਬਚ ਸਕੇ।