ਸੱਚੀ ਸੇਵਾ ''ਚ ਹੀ ਪਰਮ ਸੰਤੋਖ

4/5/2017 12:56:03 PM

ਮਨੁੱਖ ਦਾ ਇਕ ਹੀ ਮਿੱਤਰ ਹੈ-ਧਰਮ। ਦੂਸਰਿਆਂ ਨੂੰ ਈਸ਼ਵਰ ਦਾ ਅੰਸ਼ ਮੰਨਦੇ ਹੋਏ ਉਨ੍ਹਾਂ ਦੀ ਭਲਾਈ ਲਈ ਕੰਮ ਕਰਨਾ ਹੀ ਧਰਮ ਹੈ। ਜੇ ਕੋਈ ਵਿਅਕਤੀ ਸੇਵਕ ਬਣ ਕੇ ਕਿਸੇ ਦੀ ਸੇਵਾ ਕਰਦਾ ਹੈ ਤਾਂ ਉਸ ਨੂੰ ਪਰਮ ਸੰਤੋਖ ਅਤੇ ਵਿਸ਼ੇਸ਼ ਸ਼ਾਂਤੀ ਮਿਲਦੀ ਹੈ।
ਸੇਵਾ ਲਈ ਮਨੁੱਖ ਦੇ ਮਨ ਵਿਚ ਪਹਿਲਾਂ ਇਹੀ ਵਿਚਾਰ ਆਉਣਾ ਚਾਹੀਦਾ ਹੈ ਕਿ ਦੁਖੀ ਵਿਅਕਤੀ ਵੀ ਆਪਣਾ ਹੈ ਅਤੇ ਜੇ ਇਹ ਦੁਖੀ ਰਹੇਗਾ ਤਾਂ ਮੈਂ ਵੀ ਦੁਖੀ ਰਹਾਂਗਾ, ਯਾਨੀ ਕਿ ਜਦੋਂ ਸਾਡੇ ਦਿਲ ''ਚ ਦਇਆ ਅਤੇ ਆਪਣੇਪਣ ਦਾ ਭਾਵ ਹੋਵੇਗਾ, ਤਾਂ ਅਸੀਂ ਸੇਵਾ ਲਈ ਤਤਪਰ ਹੋ ਸਕਾਂਗੇ। ਮਤਲਬ ਕਿਸੇ ਨੂੰ ਠੰਡ ਵਿਚ ਕੰਬਦੇ ਦੇਖਣ ''ਤੇ ਸਾਡਾ ਸਰੀਰ ਵੀ ਜੇ ਉਸ ਠੰਡ ਨੂੰ ਮਹਿਸੂਸ ਕਰੇਗਾ, ਤਾਂ ਉਸ ਵਿਅਕਤੀ ਲਈ ਕੰਬਲ ਦੀ ਵਿਵਸਥਾ ਕਰਨ ਦਾ ਸੇਵਾ ਭਾਵ ਸਾਡੇ ਮਨ ''ਚ ਜਾਗੇਗਾ।
ਮਨੁੱਖ ਇਕ ਸਮਾਜਿਕ ਪ੍ਰਾਣੀ ਹੈ। ਉਸ ਦੇ ਚਾਰੇ ਪਾਸੇ ਉਸ ਦੇ ਸੰਬੰਧੀਆਂ ਅਤੇ ਮਿੱਤਰਾਂ, ਪਸ਼ੂ-ਪੰਛੀਆਂ ਆਦਿ ਦਾ ਭਾਈਚਾਰਾ ਦਿਖਾਈ ਦਿੰਦਾ ਹੈ ਅਤੇ ਉਹ ਇਨ੍ਹਾਂ ਦੇ ਬਿਨਾਂ ਆਪਣੇ ਜੀਵਨ ਦੀ ਕਲਪਨਾ ਵੀ ਨਹੀਂ ਕਰ ਸਕਦਾ। ਅਜਿਹੇ ਵਿਚ ਇਕ-ਦੂਸਰੇ ਦੀ ਮਦਦ ਕਰਨਾ ਹੀ ਉਨ੍ਹਾਂ ਦਾ ਫਰਜ਼, ਧਰਮ ਹੈ। ਖਾਸ ਗੱਲ ਇਹ ਕਿ ਸੇਵਾ ਨਾਲ ਅਹੰਕਾਰ ਦਾ ਵੀ ਨਾਸ਼ ਹੁੰਦਾ ਹੈ, ਜੋ ਈਸ਼ਵਰ ਪ੍ਰਾਪਤੀ ਵਿਚ ਸਭ ਤੋਂ ਵੱਡਾ ਅੜਿੱਕਾ ਹੈ। ਦਰਅਸਲ, ਸੇਵਾ ਦਾ ਮਤਲਬ ਸਮਰਪਣ ਹੈ, ਵਿਸ਼ਵਾਸ ਹੈ।
ਸਮਰਪਣ ਕੀ ਹੈ? ਇਕ ਬੋਹੜ ਨੇ ਸਾਰੀ ਉਮਰ ਲੋਕਾਂ ਦੀ ਸੇਵਾ ਕੀਤੀ। ਧੁੱਪ ਹੋਣ ''ਤੇ ਲੋਕ ਉਸ ਦੀ ਛਾਂ ਹੇਠ ਬੈਠਦੇ, ਤਿਉਹਾਰਾਂ ''ਤੇ ਔਰਤਾਂ ਉਸ ਦੀ ਪੂਜਾ ਕਰਦੀਆਂ। ਜਦੋਂ ੋਬੋਹੜ ਦਾ ਦਰੱਖਤ ਬੁੱਢਾ ਹੋ ਗਿਆ ਤਾਂ ਉਹ ਸੁੱਕਣ ਲੱਗਾ, ਉਸ ਦੀਆਂ ਜੜ੍ਹਾਂ ਵੀ ਕਮਜ਼ੋਰ ਹੋ ਗਈਆਂ। ਲੋਕ ਉਸ ਨੂੰ ਕੱਟਣ ਲਈ ਕੁਹਾੜੀ ਲੈ ਆਏ। ਇਕ ਛੋਟਾ ਦਰੱਖਤ ਬੋਲਿਆ, ''''ਦਾਦਾ ਜੀ, ਇਹ ਕਿਹੋ ਜਿਹੇ ਸਵਾਰਥੀ ਲੋਕ ਹਨ, ਜਿਨ੍ਹਾਂ ਨੇ ਤੁਹਾਡੀ ਛਾਂ ਲਈ, ਉਹੀ ਅੱਜ ਤੁਹਾਨੂੰ ਕੱਟਣ ਆ ਰਹੇ ਹਨ। ਕੀ ਤੁਹਾਨੂੰ ਗੁੱਸਾ ਨਹੀਂ ਆ ਰਿਹਾ?'''' ਬੁੱਢੇ ਬੋਹੜ ਨੇ ਕਿਹਾ, ''''ਗੁੱਸਾ ਕਿਸ ਗੱਲ ਦਾ! ਮੈਂ ਇਹ ਸੋਚ ਕੇ ਖੁਸ਼ ਹਾਂ ਕਿ ਮਰਨ ਤੋਂ ਬਾਅਦ ਵੀ ਇਨ੍ਹਾਂ ਦੇ ਕੰਮ ਆ ਰਿਹਾ ਹਾਂ।''''
ਇਹੀ ਸਮਰਪਣ ਹੈ ਕਿ ਹਰ ਹਾਲ ''ਚ ਆਪਣੇ ਦਿਲ ਵਿਚ ਪਰਉਪਕਾਰ ਦੀ ਭਾਵਨਾ ਰੱਖਣਾ। ਹੁਣ ਸੇਵਾ ਵਿਚ ਵਿਸ਼ਵਾਸ ਕੀ ਹੈ, ਉਸ ਨੂੰ ਸਮਝਦੇ ਹਾਂ। ਅਸਲ ਵਿਚ ਸੇਵਾ ਕਈ ਤਰ੍ਹਾਂ ਦੀ ਹੁੰਦੀ ਹੈ। ਕਈ ਵਾਰ ਵਿਅਕਤੀ ਕਿਸੇ ਮਤਲਬ ਲਈ ਸੇਵਾ ਕਰਦਾ ਹੈ। ਇਹ ਸੇਵਾ ਦੂਸਰਿਆਂ ਤੋਂ ਲਾਭ ਲੈਣ ਜਾਂ ਫਿਰ ਨੁਕਸਾਨ ਪਹੁੰਚਾਉਣ ਲਈ ਕੀਤੀ ਜਾਂਦੀ ਹੈ ਪਰ ਜੋ ਨਿਸ਼ਕਾਮ ਭਾਵ ਨਾਲ ਸੇਵਾ ਕਰਦਾ ਹੈ ਤਾਂ ਉਹ ਸੱਚੀ ਸੇਵਾ ਹੁੰਦੀ ਹੈ, ਜਿਸ ਨਾਲ ਮੁਕਤੀ ਪ੍ਰਾਪਤ ਹੁੰਦੀ ਹੈ।