ਮਨ ਸ਼ਾਂਤ ਤਾਂ ਤੁਹਾਡਾ ਸਰੀਰ ਵੀ ਸ਼ਾਂਤ ਰਹੇਗਾ

5/19/2017 10:23:24 AM

ਜੀਵਨ ਵਿਚ ਤੁਹਾਡਾ ਟੀਚਾ ਸਹਿਜਤਾ ਵਾਲਾ ਹੋਣਾ ਚਾਹੀਦਾ ਹੈ। ਤਣਾਅਗ੍ਰਸਤ ਸਰੀਰ ਮਨ ਤੇ ਦਿਮਾਗ ਨੂੰ ਵੀ ਤਣਾਅ ਵਿਚ ਲੈ ਆਉਂਦਾ ਹੈ। ਤੁਹਾਡੇ ਪੂਰੇ ਜੀਵਨ ਨੂੰ ਕਈ ਪੱਧਰਾਂ ''ਤੇ ਪ੍ਰਭਾਵਿਤ ਕਰਦਾ ਹੈ। ਜਦੋਂ ਤੁਸੀਂ ਪਿਆਰ ਤੇ ਸ਼ਾਂਤੀ ਨਾਲ ਅੱਗੇ ਵਧਦੇ ਹੋ ਤਾਂ ਨਵੀਆਂ ਉਚਾਈਆਂ ਤਕ ਪਹੁੰਚਦੇ ਹੋ।
ਆਪਣੇ ਜੀਵਨ ਵਿਚ ਸਾਨੂੰ ਅੱਜ ਦੇ ਅਤੇ ਹੁਣੇ ਦੇ ਪਲ ਵਿਚ ਆਨੰਦ ਬਾਰੇ ਸੋਚਣਾ ਚਾਹੀਦਾ ਹੈ। ਇਸੇ ਪਲ ਦੇ ਆਨੰਦ ਨੂੰ ਜਿਊਣਾ ਚਾਹੀਦਾ ਹੈ, ਨਾ ਕਿ ਬੀਤੇ ਕੱਲ ਬਾਰੇ ਸੋਚਦਿਆਂ ਆਪਣਾ ਜੀਵਨ ਚਿੰਤਾ ਵਿਚ ਬਿਤਾਉਣਾ ਚਾਹੀਦਾ ਹੈ। ਸਾਨੂੰ ਹਰ ਛੋਟੀ ਚੀਜ਼ ਜਾਂ ਛੋਟੀ ਗੱਲ ਵਿਚ ਆਨੰਦ ਲੱਭਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ।
ਮੰਨਿਆ ਕਿ ਵਿਰੋਧ ਜਾਂ ਲੜਾਈ ਵੀ ਜੀਵਨ ਦਾ ਹੀ ਹਿੱਸਾ ਹੈ ਪਰ ਜੀਵਨ ਇਸੇ ਵਿਚ ਨਾ ਬੀਤ ਜਾਵੇ। ਉਦਾਹਰਣ ਵਜੋਂ ਜੇ ਤੁਹਾਡਾ ਸਾਹਮਣਾ ਸੱਪ ਨਾਲ ਹੋ ਜਾਂਦਾ ਹੈ ਤਾਂ ਉਸ ਨਾਲ ਉਲਝ ਕੇ ਆਪਣਾ ਨੁਕਸਾਨ ਕਰ ਲੈਂਦੇ ਹੋ ਪਰ ਜੇ ਤੁਸੀਂ ਚੌਕਸ ਤੇ ਸਹਿਜ ਹੋ ਤਾਂ ਤੁਹਾਨੂੰ ਸੱਪ ਨਾਲ ਛੇੜਛਾੜ ਕਰਨ ਜਾਂ ਉਲਝਣ ਦੀ ਲੋੜ ਹੀ ਨਹੀਂ, ਸਗੋਂ ਤੁਸੀਂ ਉਸ ਨੂੰ ਚੁੱਪਚਾਪ ਨਿਕਲ ਜਾਣ ਦਿਓ। ਸਿਰਫ ਉਸ ਵੇਲੇ ਹੀ ਲੜੋ ਜਦੋਂ ਉਸ ਦੀ ਬਹੁਤ ਲੋੜ ਹੋਵੇ।
ਦੂਜਿਆਂ ਪ੍ਰਤੀ ਪਿਆਰ ਤੇ ਸਨੇਹ ਕਿਵੇਂ ਸਾਡੇ ਜੀਵਨ ਨੂੰ ਬਦਲ ਦਿੰਦਾ ਹੈ, ਉਸ ਦੀ ਇਕ ਛੋਟੀ ਜਿਹੀ ਕਹਾਣੀ ਹੈ। ਇਕ ਔਰਤ ਇਕ ਸੰਨਿਆਸੀ ਕੋਲ ਪਹੁੰਚੀ ਅਤੇ ਕਹਿਣ ਲੱਗੀ,''''ਮੇਰੀ ਸੱਸ ਨੇ ਮੇਰਾ ਜੀਵਨ ਨਰਕ ਬਣਾ ਦਿੱਤਾ ਹੈ। ਕੀ ਤੁਸੀਂ ਮੈਨੂੰ ਕੋਈ ਅਜਿਹੀ ਦਵਾਈ ਦੇ ਸਕਦੇ ਹੋ ਜਿਸ ਨਾਲ ਮੈਂ ਉਸ ਨੂੰ ਮਾਰ ਸਕਾਂ?''''
ਸੰਨਿਆਸੀ ਨੇ ਉਸ ਨੂੰ ਇਕ ਦਵਾਈ ਦਿੰਦਿਆਂ ਕਿਹਾ ਕਿ ਉਸ ਨੂੰ ਚਾਹ ਵਿਚ ਮਿਲਾ ਦੇਵੀਂ ਪਰ ਉਸ ਨੂੰ ਦਵਾਈ ਦਿੰਦਿਆਂ ਬਹੁਤ ਸ਼ਾਂਤੀ ਤੇ ਪਿਆਰ ਨਾਲ ਉਸ ਨਾਲ ਵਤੀਰਾ ਕਰੀਂ, ਉਸ ਦੇ ਨਾ ਰਹਿਣ ''ਤੇ ਕੋਈ ਤੇਰੇ ''ਤੇ ਸ਼ੱਕ ਵੀ ਨਹੀਂ ਕਰੇਗਾ। 2 ਮਹੀਨੇ ਬਾਅਦ ਉਹ ਚੁੱਪਚਾਪ ਦੁਨੀਆ ਤੋਂ ਵਿਦਾ ਹੋ ਜਾਵੇਗੀ।
ਉਹ ਔਰਤ ਦਵਾਈ ਲੈ ਕੇ ਆ ਗਈ। ਇਕ ਮਹੀਨੇ ਬਾਅਦ ਉਹ ਮੁੜ ਸੰਨਿਆਸੀ ਕੋਲ ਪਹੁੰਚੀ ਅਤੇ ਬੋਲੀ,''''ਮੈਂ ਨਹੀਂ ਚਾਹੁੰਦੀ ਕਿ ਮੇਰੀ ਸੱਸ ਮਰ ਜਾਵੇ। ਹੁਣ ਉਹ ਬਦਲ ਗਈ ਹੈ, ਮੇਰੇ ਪ੍ਰਤੀ ਬਹੁਤ ਉਦਾਰ ਬਣ ਗਈ ਹੈ।''''
ਸੰਨਿਆਸੀ ਬੋਲੇ,''''ਇਹ ਦਵਾਈ ਹੋਰ ਕੁਝ ਨਹੀਂ, ਬਸ ਹਾਜਮੇ ਦਾ ਚੂਰਨ ਸੀ। ਇਸ ਨਾਲੋਂ ਜ਼ਿਆਦਾ ਤੇਰੇ ਪਿਆਰ ਨੇ ਉਸ ''ਤੇ ਅਸਰ ਕੀਤਾ ਹੈ।''''
ਇਸ ਲਈ ਤੁਸੀਂ ਜੋ ਵੀ ਕਰਦੇ ਹੋ, ਉਹ ਪੂਰੇ ਪਿਆਰ ਨਾਲ ਕਰੋ ਅਤੇ ਫਿਰ ਇਸ ਪਿਆਰ ਦਾ ਅਸਰ ਦੇਖੋ। ਤੁਹਾਡਾ ਸਮਰਪਣ ਤੇ ਪਿਆਰ ਤੁਹਾਨੂੰ ਉਚਾਈ ਦੇਣ ਵਿਚ ਮਦਦ ਕਰੇਗਾ। ਪਿਆਰ ਦੀ ਸ਼ਕਤੀ ਹੀ ਈਸ਼ਵਰ ਹੈ।