''ਪਿੰਜਰਾ'' ਖੋਲ੍ਹੋਗੇ ਤਾਂ ਮਿਲੇਗੀ ਅਸਲ ਆਜ਼ਾਦੀ

12/11/2017 8:52:43 AM

ਕਿਸੇ ਚਿੜੀ ਨੂੰ ਪਿੰਜਰੇ ਵਿਚ ਕੈਦ ਕਰ ਦਿੱਤਾ ਜਾਵੇ ਤਾਂ ਉਹ ਖੂਬ ਖੰਭ ਫੜਫੜਾਏਗੀ, ਤੜਫੇਗੀ। ਵਾਰ-ਵਾਰ ਉਸ ਪਿੰਜਰੇ ਵਿਚੋਂ ਬਾਹਰ ਨਿਕਲਣ ਦੀ ਕੋਸ਼ਿਸ਼ ਕਰੇਗੀ। ਉਸ ਨੂੰ ਪਤਾ ਹੈ ਕਿ ਖੰਭ ਫੈਲਾਅ ਕੇ ਉੱਡਣ ਵਿਚ ਕੀ ਆਨੰਦ ਹੈ, ਉਡਾਣ ਕੀ ਹੁੰਦੀ ਹੈ। ਉਸ ਨੇ ਆਕਾਸ਼ ਦੀ ਸ਼ਾਂਤੀ ਮਹਿਸੂਸ ਕੀਤੀ ਹੈ ਪਰ ਉਹ ਚਿੜੀ, ਜਿਸ ਦਾ ਜਨਮ ਹੀ ਪਿੰਜਰੇ ਵਿਚ ਹੋਇਆ, ਉਹ ਭਲਾ ਕੀ ਜਾਣੇ ਉੱਡਣ ਬਾਰੇ। ਜੇ ਪੰਛੀ ਨੂੰ ਛੋਟੇ ਪਿੰਜਰੇ ਵਿਚੋਂ ਕੱਢ ਕੇ ਵੱਡੇ ਪਿੰਜਰੇ ਵਿਚ ਵੀ ਪਾ ਦਿੱਤਾ ਜਾਵੇ ਤਾਂ ਕੀ ਉਸ ਪੰਛੀ ਨੂੰ ਆਜ਼ਾਦੀ ਮਿਲ ਜਾਵੇਗੀ?
ਅਸੀਂ ਵੀ ਆਪਣੇ ਵਿਚਾਰਾਂ ਦਾ, ਖਿਆਲਾਂ ਦਾ ਪਿੰਜਰਾ ਬਣਾਇਆ ਹੋਇਆ ਹੈ ਅਤੇ ਇਸ ਪਿੰਜਰੇ ਵਿਚ ਦਿਲ ਦਾ ਪੰਛੀ ਕੈਦ ਹੈ। ਵਿਚਾਰਾਂ ਦੇ ਇਕ ਪਿੰਜਰੇ ਵਿਚੋਂ ਕੱਢ ਕੇ ਵਿਚਾਰਾਂ ਦੇ ਦੂਜੇ ਪਿੰਜਰੇ ਵਿਚ ਪਾਉਣ ਨਾਲ ਉਸ ਪੰਛੀ ਨੂੰ ਆਜ਼ਾਦੀ ਨਹੀਂ ਮਿਲੇਗੀ। ਪਿੰਜਰਾ ਵੱਡਾ ਹੋਵੇ ਜਾਂ ਛੋਟਾ, ਪੜ੍ਹੇ-ਲਿਖਿਆਂ ਦਾ ਹੋਵੇ ਜਾਂ ਅਨਪੜ੍ਹਾਂ ਦਾ, ਕੀ ਫਰਕ ਪੈਂਦਾ ਹੈ, ਹੈ ਤਾਂ ਉਹ ਪਿੰਜਰਾ ਹੀ। ਮਨੁੱਖ ਕੋਈ ਵੀ ਹੋਵੇ, ਕਿਸੇ ਥਾਂ ਦਾ ਵੀ ਹੋਵੇ, ਕਿਹੋ ਜਿਹਾ ਵੀ ਹੋਵੇ, ਉਸ ਦਾ ਦਿਲ ਆਜ਼ਾਦੀ ਦਾ ਪਰਮ ਸੁੱਖ ਹਾਸਿਲ ਕਰਨ ਲਈ ਤੜਫਦਾ ਹੈ।
ਇਹ ਦਿਲ ਹੀ ਹੈ ਜੋ ਮਨੁੱਖ ਨੂੰ ਆਜ਼ਾਦੀ ਹਾਸਿਲ ਕਰਨ, ਆਨੰਦ ਲੈਣ, ਪ੍ਰਸ਼ੰਸਾ ਤੇ ਸ਼ਲਾਘਾ ਕਰਨ ਦੀ ਪ੍ਰੇਰਣਾ ਦਿੰਦਾ ਹੈ। ਜਦੋਂ ਦਿਲ ਪਿਆਰ ਨਾਲ ਭਰਿਆ ਹੋਵੇ ਤਾਂ ਉਸ ਦੇ ਲਈ ਸਮੇਂ ਤੇ ਕੁਦਰਤ ਦੀਆਂ ਸਾਰੀਆਂ ਬੇੜੀਆਂ ਖੁੱਲ੍ਹ ਜਾਂਦੀਆਂ ਹਨ। ਆਪਣੇ ਜੀਵਨ ਵਿਚ ਸਿਰਫ ਇਕ ਚੀਜ਼ ਜ਼ਰੂਰ ਕਰੋ ਕਿ ਆਪਣੇ ਦਿਲ ਦੀ ਜਿਸ ਚਿੜੀ ਨੂੰ ਤੁਸੀਂ ਮੋਹ-ਮਾਇਆ, ਹਨੇਰੇ, ਅਗਿਆਨਤਾ ਤੇ ਹੰਕਾਰ ਦੇ ਪਿੰਜਰੇ ਵਿਚ ਜਕੜਿਆ ਹੋਇਆ ਹੈ, ਆਜ਼ਾਦ ਕਰ ਦਿਓ।
ਇਕ-ਇਕ ਇੱਟ ਕਰ ਕੇ ਜਦੋਂ ਇਹ ਪਿੰਜਰਾ ਟੁੱਟੇਗਾ ਤਾਂ ਜਾ ਕੇ ਸਾਨੂੰ ਸਭ ਸਮਝ ਵਿਚ ਆਉਣਾ ਸ਼ੁਰੂ ਹੋਵੇਗਾ। ਫਿਰ ਜਾ ਕੇ ਇਹ ਚਿੜੀ ਉੱਡੇਗੀ। ਜਦੋਂ ਇਹ ਉਡਾਣ ਭਰੇਗੀ ਤਾਂ ਉਹ ਮਿਲੇਗਾ ਜਿਸ ਨੂੰ ਸ਼ਾਂਤੀ ਤੇ ਪਰਮ ਸੁੱਖ ਕਹਿੰਦੇ ਹਨ। ਪਤਾ ਨਹੀਂ ਕਦੋਂ ਤੋਂ ਅਸੀਂ ਸਾਰਿਆਂ ਨੇ ਇਸ ਦਿਲ ਰੂਪੀ ਪੰਛੀ ਨੂੰ ਵਿਚਾਰਾਂ ਦੇ ਪਿੰਜਰੇ ਵਿਚ ਬੰਦ ਕੀਤਾ ਹੋਇਆ ਹੈ। ਇਸ ਪਿੰਜਰੇ ਨੂੰ ਖੋਲ੍ਹ ਕੇ ਜਿਸ ਦਿਨ ਦਿਲ ਨੂੰ ਆਜ਼ਾਦੀ ਮਿਲੇਗੀ, ਉਸ ਦਿਨ ਪਿਆਰ, ਆਨੰਦ ਤੇ ਸ਼ਾਂਤੀ ਛਾ ਜਾਵੇਗੀ।
ਤੁਸੀਂ ਮਨੁੱਖ ਹੋ, ਰੱਬ ਦੀ ਦੇਣ ਹੋ। ਮੋਰ ਨੂੰ ਨੱਚਦੇ ਦੇਖਿਆ ਹੈ, ਉਹ ਵੀ ਰੱਬ ਦੀ ਦੇਣ ਹੈ। ਉਹ ਮਸਤੀ ਵਿਚ ਨੱਚਦਾ ਹੈ ਤਾਂ ਕਿੰਨਾ ਸੋਹਣਾ ਲਗਦਾ ਹੈ। ਜਦੋਂ ਤੁਸੀਂ ਵੀ ਆਪਣੇ ਸ਼ਾਂਤੀ ਰੂਪੀ ਖੰਭ ਫੈਲਾਅ ਕੇ ਉਸ ਪਰਮ ਪਿਤਾ ਪਰਮੇਸ਼ਵਰ ਲਈ ਨੱਚੋਗੇ ਤਾਂ ਤੁਸੀਂ ਵੀ ਇੰਨੇ ਸੋਹਣੇ ਲੱਗੋਗੇ ਕਿ ਪੁੱਛੋ ਨਾ। ਅੱਜਕਲ ਤਾਂ ਲੋਕ ਸੋਹਣੇ ਲੱਗਣ ਲਈ ਤਰ੍ਹਾਂ-ਤਰ੍ਹਾਂ ਦੇ ਸ਼ਿੰਗਾਰ ਕਰਦੇ ਹਨ ਪਰ ਤੁਸੀਂ ਅਸਲ ਰੂਪ ਵਿਚ ਸੋਹਣੇ ਉਸ ਵੇਲੇ ਲਗਦੇ ਹੋ ਜਦੋਂ ਤੁਹਾਡੇ ਚਿਹਰੇ 'ਤੇ ਸ਼ਾਂਤੀ ਦੀ ਝਲਕ ਨਜ਼ਰ ਆਉਂਦੀ ਹੈ।