ਪਵਿੱਤਰਤਾ ਨਾਲ ਹੀ ਸੁੱਖ-ਸ਼ਾਂਤੀ ਮਿਲਦੀ ਹੈ

2/8/2016 12:34:58 PM

ਪੂਰੀ ਤਰ੍ਹਾਂ ਪਵਿੱਤਰ ਬਣਨ ਦਾ ਸੁੱਖ ਹੀ ਪਰਮ ਸੁੱਖ ਹੈ। ਪਵਿੱਤਰਤਾ ਨਾਲ ਹੀ ਸੁੱਖ-ਸ਼ਾਂਤੀ ਮਿਲਦੀ ਹੈ। ਜਿਥੇ ਪਵਿੱਤਰਤਾ ਹੈ, ਉਥੇ ਸੁੱਖ, ਸ਼ਾਂਤੀ, ਆਨੰਦ, ਪ੍ਰੇਮ, ਸੰਤੋਖ ਸਭ ਪਿੱਛੇ-ਪਿੱਛੇ ਚਲੇ ਆਉਂਦੇ ਹਨ। ਪਵਿੱਤਰਤਾ ਦੀ ਕਮੀ ਮਨੁੱਖ ਨੂੰ ਚਿੜਚਿੜਾ ਬਣਾ ਦਿੰਦੀ ਹੈ, ਉਸ ਨੂੰ ਦੁਖੀ ਕਰਦੀ ਹੈ, ਉਸ ਦੇ ਅੰਦਰ ਅਸ਼ਾਂਤੀ ਪੈਦਾ ਕਰਦੀ ਹੈ। ਭਾਵੇਂ ਅਸ਼ਾਂਤੀ ਦਾ ਕੋਈ ਵੀ ਕਾਰਨ ਹੋਵੇ, ਭਾਵੇਂ ਦੁੱਖਾਂ ਦਾ ਕੋਈ ਵੀ ਕਾਰਨ ਹੋਵੇ ਪਰ ਮੂਲ ਵਿਚ ਉਨ੍ਹਾਂ ਦਾ ਕਾਰਨ ਅਪਵਿੱਤਰਤਾ ਹੀ ਹੈ ਭਾਵ ਪਵਿੱਤਰਤਾ ਦੀ ਸ਼ਕਤੀ ਦੀ ਕਮੀ।
ਸਾਡੀ ਪਵਿੱਤਰਤਾ ਤਾਂ ਦੁਨੀਆ ਲਈ ਵਰਦਾਨ ਹੈ। ਸਾਡੀ ਪਵਿੱਤਰਤਾ ਤਾਂ ਕੁਦਰਤ ਲਈ ਸ਼ਕਤੀ ਹੈ, ਇਕ ਖੁਰਾਕ ਹੈ। ਅਸੀਂ ਜਿੰਨੇ ਪਵਿੱਤਰ ਬਣਦੇ ਜਾਂਦੇ ਹਾਂ, ਰੱਬੀ ਕੰਮਾਂ ਵਿਚ ਓਨਾ ਹੀ ਸਹਿਯੋਗ ਮਿਲਦਾ ਜਾਂਦਾ ਹੈ। ਸਾਨੂੰ ਆਪਣੀ ਕਾਮ-ਵਾਸਨਾ ਪੂਰੀ ਤਰ੍ਹਾਂ ਖਤਮ ਕਰ ਦੇਣੀ ਚਾਹੀਦੀ ਹੈ। ਕਾਮ ਦੀ ਜੇ ਜ਼ਰਾ ਵੀ ਇੱਛਾ ਰਹਿ ਗਈ ਹੈ ਤਾਂ ਉਸ ਨੂੰ ਹੁਣੇ ਖਤਮ ਕਰ ਦਿਓ। ਸੋਚੋ ਅਸੀਂ ਪਰਮਧਾਮ ਵਿਚ ਕਿਹੋ ਜਿਹੇ ਸੀ। ਜਦੋਂ ਦੇਵਯੁੱਗ ਵਿਚ ਆਏ ਤਾਂ ਸਾਡੀ ਪਵਿੱਤਰਤਾ ਕਿਹੋ ਜਿਹੀ ਸੀ। ਪਵਿੱਤਰਤਾ ਹੀ ਤਾਂ ਸਭ ਤੋਂ ਵੱਡੀ ਚੀਜ਼ ਹੈ ਜਿਸ ਨੂੰ ਦੁਨੀਆ ਨੇ ਭੁਲਾ ਦਿੱਤਾ ਹੈ।
ਮਨੋਵਿਗਿਆਨੀਆਂ ਨੇ ਜਿਸ ਦੇ ਲਈ ਬਹੁਤ ਗਲਤ ਕੰਮ ਕਰ ਦਿੱਤਾ। ਕਹਿ ਦਿੱਤਾ, ਕਾਮ-ਵਾਸਨਾ ਬੜੀ ਕੁਦਰਤੀ ਹੈ ਅਤੇ ਮਨੁੱਖ ਨੂੰ ਹਨੇਰੇ ਵਿਚ ਡੁਬੋ ਦਿੱਤਾ, ਵਾਸਨਾਵਾਂ ਦੀ ਦਲਦਲ ਵਿਚ ਡੁਬੋ ਦਿੱਤਾ। ਇਸ ਨਾਲ ਮਨੋਵਿਗਿਆਨੀ ਮਨੁੱਖ ਦਾ ਪਤਨ ਹੋ ਗਿਆ। ਤੁਸੀਂ ਪਵਿੱਤਰਤਾ ਦਾ ਸੁੱਖ ਲੈਣਾ ਹੈ ਤਾਂ ਸੰਕਲਪ ਕਰ ਲਵੋ ਕਿ ਹੁਣ ਪਵਿੱਤਰਤਾ ਹੀ ਮੇਰਾ ਜੀਵਨ ਹੈ। ਕੋਈ ਵੀ ਵਿਅਰਥ ਸੰਕਲਪ ਆਉਂਦੇ ਹਨ, ਵਿਅਰਥ ਇੱਛਾਵਾਂ ਪੂਰਨ ਹੁੰਦੀਆਂ ਹਨ, ਭੂਤਕਾਲ ਦੇ ਸੰਸਕਾਰ ਸਾਹਮਣੇ ਆਉਂਦੇ ਹਨ ਜਾਂ ਦੁਨਿਆਵੀ ਵਾਤਾਵਰਣ ਨੂੰ ਦੇਖ ਕੇ ਉਸ ਦੇ ਅਸਰ ਹੇਠ ਆ ਕੇ ਕੁਝ ਗਲਤ ਆਦਤਾਂ ਪੈਦਾ ਹੁੰਦੀਆਂ ਹਨ, ਸੁਪਨਿਆਂ ਵਿਚ ਕੁਝ ਗੰਦਗੀ ਆਉਂਦੀ ਹੈ ਤਾਂ ਇਨ੍ਹਾਂ ਸਭ ਨੂੰ ਖਤਮ ਕਰਦੇ ਜਾਓ। ਇਸ ਦੇ ਲਈ ਯੋਗਾ, ਸਵੈਮਾਣ ਤੇ ਚਿੰਤਨ ਦੀ ਮਦਦ ਲਵੋ।
ਯੋਗਾ ਨਾਲ ਸਾਡੀਆਂ ਸ਼ਕਤੀਆਂ ਸੂਖਮ ਰੂਪ ਲੈ ਲੈਂਦੀਆਂ ਹਨ। ਚਿੰਤਨ ਨਾਲ ਸਾਡੀਆਂ ਸਰੀਰਕ ਸ਼ਕਤੀਆਂ ਦੀ ਵਰਤੋਂ ਹੁੰਦੀ ਹੈ। ਭੋਜਨ ਨਾਲ ਬਣ ਰਹੀਆਂ ਸ਼ਕਤੀਆਂ ਦੀ ਵਰਤੋਂ ਲਗਾਤਾਰ ਹੁੰਦੀ ਰਹੇਗੀ ਤਾਂ ਸਾਡੀ ਪਵਿੱਤਰਤਾ ਓਨੀ ਹੀ ਸਰਲ ਹੁੰਦੀ ਜਾਵੇਗੀ। ਇਸ ਦੇ ਲਈ ਆਪਣੇ ਖਾਣ-ਪੀਣ ਵੱਲ ਵੀ ਬਹੁਤ ਜ਼ਿਆਦਾ ਧਿਆਨ ਦੇਣਾ ਹੈ। ਖਾਣਾ-ਪੀਣਾ ਜੇ ਭਾਰੀ ਹੋਵੇਗਾ ਤਾਂ ਪੇਟ ਨੂੰ ਭਾਰੀ ਕਰੇਗਾ, ਕਬਜ਼ ਲਿਆਏਗਾ, ਗੈਸ ਪੈਦਾ ਕਰੇਗਾ। ਇਸ ਨਾਲ ਪਵਿੱਤਰਤਾ ਵਿਚ ਫਰਕ ਪੈ ਜਾਵੇਗਾ ਅਤੇ ਜੇ ਬਹੁਤ ਜ਼ਿਆਦਾ ਲਾਲ ਮਿਰਚ ਖਾਓਗੇ, ਬਹੁਤ ਜ਼ਿਆਦਾ ਚਾਹ ਪੀਓਗੇ, ਬਹੁਤ ਜ਼ਿਆਦਾ ਤਲਿਆ-ਭੁੱਜਿਆ ਭੋਜਨ ਕਰੋਗੇ ਤਾਂ ਉਸ ਨਾਲ ਵੀ ਸਾਡੀ ਪਵਿੱਤਰਤਾ ਘਟਣੀ ਸੰਭਵ ਹੈ।