ਕਾਬੂ ਰੱਖੋ ਆਪਣੀਆਂ ਇੱਛਾਵਾਂ ''ਤੇ

5/29/2017 10:12:20 AM

ਵੱਡੀਆਂ ਇੱਛਾਵਾਂ ਰੱਖਣ ਵਾਲੇ ਲੋਕਾਂ ਨੂੰ ਡਿਪ੍ਰੈਸ਼ਨ ਵਿਚ ਘਿਰ ਕੇ ਆਪਣੀ ਜ਼ਿੰਦਗੀ ਖਤਮ ਕਰਦਿਆਂ ਦੇਖਣਾ ਇਨ੍ਹੀਂ ਦਿਨੀਂ ਆਮ ਹੋ ਗਿਆ ਹੈ। ਅਜਿਹੀਆਂ ਘਟਨਾਵਾਂ ਦਾ ਕੇਂਦਰਬਿੰਦੂ ਇਹੋ ਹੁੰਦਾ ਹੈ ਕਿ ਅਸੀਂ ਅਸਲੀਅਤ ਨੂੰ ਬੇਧਿਆਨ ਕਰ ਦਿੰਦੇ ਹਾਂ। ਇਕ ਕੰਪਨੀ ਦੇ ਸੀ. ਈ. ਓ. ਦੀ ਬੜੀ ਇੱਛਾ ਸੀ ਕਿ ਉਸ ਦਾ ਬੇਟਾ ਫਾਈਨਾਂਸ ਦੀ ਪੜ੍ਹਾਈ ਕਰ ਕੇ ਉਸ ਦਾ ਬਿਜ਼ਨੈੱਸ ਸੰਭਾਲੇ ਪਰ ਉਸ ਦੀ ਆਸ ਤੋਂ ਉਲਟ ਬੇਟੇ ਨੇ ਖੇਡਾਂ ਵਿਚ ਆਪਣਾ ਕੈਰੀਅਰ ਬਣਾ ਲਿਆ ਅਤੇ ਪਿਤਾ ਇਸੇ ਫੈਸਲੇ ਦੇ ਸਦਮੇ ਕਾਰਨ ਡੂੰਘੇ ਡਿਪ੍ਰੈਸ਼ਨ ਵਿਚ ਚਲਾ ਗਿਆ।
ਨਿਰਾਸ਼ਾ ਜਾਂ ਗੁੱਸਾ ਸਾਨੂੰ ਉਸ ਵੇਲੇ ਹੀ ਘੇਰਦੇ ਹਨ ਜਦੋਂ ਦੂਜੇ ਵਿਅਕਤੀ ਤੋਂ ਆਸ ਅਨੁਸਾਰ ਪ੍ਰਤੀਕਰਮ ਨਹੀਂ ਮਿਲਦਾ। ਸੱਚ ਪੁੱਛਿਆ ਜਾਵੇ ਤਾਂ ਸਾਡੀਆਂ ਖੁਸ਼ੀਆਂ ਇੱਛਾਵਾਂ ਦੀਆਂ ਮੁਥਾਜ ਹਨ। ਬੇਟੇ ਦਾ ਆਸ ਅਨੁਸਾਰ ਨਤੀਜਾ ਆਇਆ ਤਾਂ ਖੁਸ਼ੀਆਂ ਦੁੱਗਣੀਆਂ, ਨਹੀਂ ਤਾਂ ਖੁਸ਼ੀਆਂ ਖਤਮ। ਸਮੇਂ ਅਨੁਸਾਰ ਤਰੱਕੀ ਮਿਲੀ ਤਾਂ ਖੁਸ਼, ਨਹੀਂ ਤਾਂ ਉਦਾਸੀ ਹੀ ਉਦਾਸੀ। ਅਸਲੀ ਤੇ ਅੰਦਰੂਨੀ ਖੁਸ਼ੀ ਦਾ ਅਹਿਸਾਸ ਕਰਨਾ ਹੋਵੇ ਤਾਂ ਆਪਣੀਆਂ ਇੱਛਾਵਾਂ ਨੂੰ ਕਾਬੂ ਵਿਚ ਰੱਖਣਾ ਸਿੱਖੋ, ਤਾਂ ਹੀ ਆਪਣੀਆਂ ਅਸਫਲਤਾਵਾਂ ਤੋਂ ਦੁੱਖ ਨਹੀਂ, ਸਗੋਂ ਸਿੱਖਿਆ ਮਿਲੇਗੀ।
ਅਸਲ ਵਿਚ ਅਸੀਂ ਆਪਣਾ ਵਿਸ਼ਲੇਸ਼ਣ ਕਰ ਕੇ ਖੁਦ ਨੂੰ ਹੱਦ ਵਿਚ ਬੰਨ੍ਹ ਲੈਂਦੇ ਹਾਂ ਪਰ ਦੂਜਿਆਂ ਤੋਂ ਅਸੀਂ ਹੱਦੋਂ ਵੱਧ ਆਸ ਰੱਖਣ ਲੱਗਦੇ ਹਾਂ। ਹਾਲਾਂਕਿ ਦੂਜਾ ਪਹਿਲੂ ਇਹ ਵੀ ਹੈ ਕਿ ਆਸਾਂ ਸਾਨੂੰ ਕਰਮ ਦੇ ਰਸਤੇ 'ਤੇ ਅੱਗੇ ਵਧਾਉਂਦੀਆਂ ਹਨ। ਆਸ ਤੇ ਇੱਛਾ ਮਨੋਬਲ ਵਧਾਉਂਦੀ ਹੈ। ਵਿਦਿਆਰਥੀ ਆਪਣੇ ਮਾਪਿਆਂ ਦੀਆਂ ਆਸਾਂ ਅਨੁਸਾਰ ਢਲਣ ਵਿਚ ਊਰਜਾ ਦੇ ਨਾਲ-ਨਾਲ ਪ੍ਰਸੰਨਤਾ ਮਹਿਸੂਸ ਕਰਦੇ ਹਨ। ਕਰਮਚਾਰੀ ਆਪਣੇ ਮਾਲਕ ਦੀਆਂ ਆਸਾਂ ਅਨੁਸਾਰ ਢਲ ਕੇ ਦੇਸ਼ ਦੀ ਤਰੱਕੀ ਵਿਚ ਸਹਾਇਕ ਹੁੰਦੇ ਹਨ। ਬਸ ਇਨ੍ਹਾਂ ਆਸਾਂ ਦੀ ਪੂਰਤੀ ਲਈ ਬਹੁਤ ਜ਼ਿਆਦਾ ਦਬਾਅ ਨਹੀਂ ਬਣਾਉਣਾ ਚਾਹੀਦਾ।
ਆਸ ਕਿਸੇ ਦੀ ਯੋਗਤਾ ਤੋਂ ਉਲਟ ਵੀ ਨਹੀਂ ਰੱਖਣੀ ਚਾਹੀਦੀ। ਇਸ ਲਈ ਜਿਸ ਤੋਂ ਆਸ ਰੱਖਦੇ ਹਾਂ, ਉਸ ਦੀ ਯੋਗਤਾ ਤੇ ਕਾਰਜ-ਸਮਰੱਥਾ ਦੀ ਪਛਾਣ ਕਰ ਲੈਣੀ ਚਾਹੀਦੀ ਹੈ। ਕਿਸੇ ਦੂਜੇ ਲਈ ਟੀਚਾ ਮਿੱਥਣਾ ਵੀ ਗਲਤ ਹੈ। ਕਿਸੇ ਤੋਂ ਸਹਿਯੋਗ ਦੀ ਆਸ ਰੱਖਣੀ ਜਾਂ ਆਪਣੀ ਆਸ ਅਨੁਸਾਰ ਦੂਜਿਆਂ ਨੂੰ ਢਾਲਣ ਨਾਲੋਂ ਚੰਗਾ ਹੈ ਕਿ ਖੁਦ ਨੂੰ ਹੀ ਸਮਰੱਥ ਬਣਾ ਲਈਏ। ਇਕ ਨਿਸ਼ਚਿਤ ਟੀਚੇ ਨੂੰ ਮਿੱਥ ਕੇ ਆਸਾਂ 'ਤੇ ਕਾਬੂ ਪਾ ਕੇ ਸੰਘਰਸ਼ ਦਾ ਸਹਿਜਤਾ ਨਾਲ ਸਾਹਮਣਾ ਕਰੋ, ਉਸ ਨਾਲ ਮਿਲੀ ਸਫਲਤਾ ਜਾਂ ਅਸਫਲਤਾ ਕਦੇ ਰਸਤੇ ਤੋਂ ਨਹੀਂ ਭਟਕਾਏਗੀ।