ਜੀਵਨ ਦੀ ਦੌੜ ਵਿਚ ਲੁਕਿਆ ਹੈ ਜਿੱਤ-ਹਾਰ ਦਾ ਭੇਤ

7/3/2017 10:25:19 AM

ਇਹ ਅਨੋਖੀ ਤ੍ਰਾਸਦੀ ਹੈ ਕਿ ਹਰ ਆਦਮੀ ਆਪਣੇ ਲਈ ਹੀ ਸੁੱਖ ਦੀ ਕਾਮਨਾ ਕਰਦਾ ਹੈ। ਉਹ ਇਸ ਦੇ ਲਈ ਪ੍ਰਾਰਥਨਾ ਵੀ ਕਰਦਾ ਹੈ ਤਾਂ ਉਸ ਘੇਰੇ ਵਿਚ ਆਪਣੇ ਜਾਂ ਪਰਿਵਾਰ ਤੋਂ ਇਲਾਵਾ ਹੋਰ ਕੋਈ ਨਹੀਂ ਹੁੰਦਾ ਪਰ ਉਹੋ ਆਦਮੀ ਜਦੋਂ ਕਿਸੇ ਹੋਰ ਨੂੰ ਵਧਦਾ-ਫੁੱਲਦਾ ਦੇਖਦਾ ਹੈ ਤਾਂ ਈਰਖਾ ਨਾਲ ਸੜਨ ਲੱਗਦਾ ਹੈ। ਅਜਿਹੀ ਹਾਲਤ 'ਚ ਉਸ ਦੀ ਆਪਣੀ ਮੰਗ ਕਮਜ਼ੋਰ ਹੋ ਜਾਂਦੀ ਹੈ ਅਤੇ ਉਹ ਸਾਹਮਣੇ ਵਾਲੇ ਦੇ ਪਤਨ ਦਾ ਵਰਦਾਨ ਰੱਬ ਤੋਂ ਮੰਗਣ ਲੱਗਦਾ ਹੈ। ਉਹ ਭੁੱਲ ਜਾਂਦਾ ਹੈ ਕਿ ਕਿਸੇ ਦੇ ਗਰੀਬ ਜਾਂ ਭਿਖਾਰੀ ਹੋਣ ਨਾਲ ਉਸ ਦਾ ਕੁਝ ਬਣਨ ਵਾਲਾ ਨਹੀਂ।
ਅਸਲ 'ਚ ਦੁੱਖ ਦਾ ਸਭ ਤੋਂ ਵੱਡਾ ਕਾਰਨ ਇਹੋ ਹੈ। ਆਦਮੀ ਦੇ ਸੁਪਨੇ ਜਦੋਂ ਆਪਣੇ ਨਹੀਂ ਰਹਿ ਜਾਂਦੇ ਜਾਂ ਦੂਜਿਆਂ ਦੇ ਸੁਪਨਿਆਂ ਸਾਹਮਣੇ ਛੋਟੇ ਪੈਣ ਲੱਗਦੇ ਹਨ ਤਾਂ ਮਨ ਵਿਚ ਮਾੜੇ ਵਿਚਾਰ ਆਪਸ 'ਚ ਟਕਰਾਉਣ ਲੱਗਦੇ ਹਨ। ਇਸ ਕਾਰਨ ਉਸ ਦੇ ਉਦੇਸ਼ ਵੀ ਬਦਲਣ ਲੱਗਦੇ ਹਨ। ਉਸ ਦਾ ਵਿਸ਼ਵਾਸ ਹੌਲੀ-ਹੌਲੀ ਖਦਸ਼ੇ ਦਾ ਰੂਪ ਲੈ ਲੈਂਦਾ ਹੈ। ਮਨ ਦੀ ਇਸ ਸਥਿਤੀ ਦਾ ਜੇ ਅਸੀਂ ਵਿਸ਼ਲੇਸ਼ਣ ਕਰੀਏ ਤਾਂ ਦੇਖਾਂਗੇ ਕਿ ਆਪਣੇ ਸੁੱਖ ਵਿਚ ਸਾਨੂੰ ਜਿੰਨਾ ਸੁੱਖ ਮਿਲਦਾ ਹੈ, ਉਸ ਨਾਲੋਂ ਜ਼ਿਆਦਾ ਸੁੱਖ ਗੁਆਂਢੀ ਨੂੰ ਦੁੱਖ ਵਿਚ ਦੇਖ ਕੇ ਮਿਲਦਾ ਹੈ।
ਸਾਨੂੰ ਯਾਦ ਰੱਖਣਾ ਚਾਹੀਦਾ ਹੈ ਕਿ ਜੀਵਨ ਇਕ ਮੈਦਾਨ ਹੈ, ਜਿਥੇ ਹਰ ਕਿਸੇ ਨੂੰ ਦੌੜਨਾ ਪੈਂਦਾ ਹੈ। ਉਹ ਕਿਵੇਂ ਦੌੜੇ, ਇਸੇ ਵਿਚ ਜਿੱਤ-ਹਾਰ ਦਾ ਭੇਤ ਲੁਕਿਆ ਹੋਇਆ ਹੈ। ਦੂਜਿਆਂ ਦੀ ਦੌੜ 'ਤੇ ਨਜ਼ਰ ਗਈ ਤਾਂ ਆਪਣੀ ਦੌੜ ਰੁਕਣ ਲੱਗਦੀ ਹੈ। ਜਿਸ ਨੇ ਇਹ ਭੇਤ ਜਾਣ ਲਿਆ, ਉਹ ਹਾਰ ਕੇ ਵੀ ਜਿੱਤ ਜਾਂਦਾ ਹੈ। ਇਸ ਦੌੜ ਦਾ ਹੀ ਦੂਜਾ ਨਾਂ ਕੋਸ਼ਿਸ਼ ਹੈ, ਜਿਸ ਨੂੰ ਤੁਸੀਂ ਗਤੀਸ਼ੀਲਤਾ ਵੀ ਕਹਿ ਸਕਦੇ ਹੋ। ਜੇ ਤੁਸੀਂ ਲਗਾਤਾਰ ਅੱਗੇ ਵਧਦੇ ਰਹਿੰਦੇ ਹੋ ਤਾਂ ਤੈਅ ਮੰਨੋ ਕਿ ਜੀਵਨ ਵਿਚ ਕਈ ਵਾਰ ਉਹ ਮਿਲ ਜਾਂਦਾ ਹੈ, ਜਿਸ ਦੀ ਅਸੀਂ ਕਲਪਨਾ ਤਕ ਨਹੀਂ ਕੀਤੀ ਹੁੰਦੀ। ਕੋਸ਼ਿਸ਼ ਅਸਫਲਤਾ ਦੇ ਡਰ ਤੋਂ ਵੀ ਦੂਰ ਲੈ ਜਾਂਦੀ ਹੈ।
ਇਹ ਜਜ਼ਬਾ ਹੀ ਸੀ ਕਿ ਦਸ਼ਰਥ ਮਾਂਝੀ ਨੇ ਇਕੱਲਿਆਂ ਛੈਣੀ-ਹਥੌੜੀ ਸਹਾਰੇ ਪਹਾੜ ਵਿਚੋਂ ਰਸਤਾ ਬਣਾ ਲਿਆ। ਅੱਜ ਉਸ ਸੜਕ 'ਤੇ ਰੋਜ਼ਾਨਾ ਲੱਖਾਂ ਲੋਕ ਆਰਾਮ ਨਾਲ ਆ-ਜਾ ਰਹੇ ਹਨ। ਜੇ ਉਸ ਨੇ ਸਿਰਫ ਆਪਣੇ ਲਈ ਸੋਚਿਆ ਹੁੰਦਾ ਤਾਂ ਉਹ ਇਤਿਹਾਸ ਦਾ ਅਮਰ ਪਾਤਰ ਨਹੀਂ ਬਣ ਸਕਦਾ ਸੀ।
ਚੀਨ ਦੇ ਸਭ ਤੋਂ ਅਮੀਰ ਜੈਕ ਹੋਣ ਜਾਂ ਅਮਰੀਕੀ ਉਦਯੋਗਪਤੀ ਸਟੀਵ ਜਾਬਸ, ਇਨ੍ਹਾਂ ਦੀ ਸਫਲਤਾ ਦਾ ਭੇਤ ਇਹੋ ਹੈ ਕਿ ਇਨ੍ਹਾਂ ਕਦੇ ਹਾਰ ਨਹੀਂ ਮੰਨੀ। ਜੈਕ ਦਾ ਕਹਿਣਾ ਹੈ ਕਿ ਜੇ ਤੁਸੀਂ ਹਾਰ ਨਹੀਂ ਮੰਨਦੇ ਤਾਂ ਤੁਹਾਡੇ ਕੋਲ ਇਕ ਹੋਰ ਮੌਕਾ ਹੁੰਦਾ ਹੈ। ਕੋਸ਼ਿਸ਼ ਹੀ ਇਹ ਮੌਕਾ ਹੈ, ਜੋ ਤੁਹਾਨੂੰ ਕਮਜ਼ੋਰ ਵਿਚਾਰਾਂ ਤੋਂ ਬਚਾਉਂਦਾ ਹੈ।