ਨਗਰ , ਮਨਾਲੀ ਵੈਲੀ ਦਾ ਸਵਰਗ

12/5/2016 6:46:27 AM

ਨਗਰ ਬਹੁਤਾ ਵੱਡਾ ਸ਼ਹਿਰ ਨਹੀਂ। ਉਥੇ ਮਨਾਲੀ ਵਾਂਗ ਯਾਤਰੀਆਂ ਦੀ ਭੀੜ ਨਹੀਂ ਹੁੰਦੀ। ਇਥੇ ਬਹੁਤੇ ਵੱਡੇ ਸ਼ੋਅ-ਰੂਮ ਨਹੀਂ ਦਿਸਣਗੇ ਤੇ ਨਾ ਹੀ ਬਹੁਤੇ ਹੋਟਲਾਂ ਦੀ ਭੀੜ ਦਿਸਦੀ ਹੈ। ਕੁੱਲੂ ਤੋਂ ਜਿਹੜਾ ਬਾਈਪਾਸ ਮਨਾਲੀ ਨੂੰ ਜਾਂਦਾ ਹੈ ਉਸ ਨਾਲ ਹੀ ਦਰਿਆ ਬਿਆਸ ਵੱਗਦਾ ਹੈ, ਉਸ ਸੜਕ ਦੇ ਇਕ ਪਾਸੇ ਥੋੜ੍ਹਾ ਹੱਟ ਕੇ ਬਹੁਤ ਉੱਚੇ ਥਾਂ ''ਤੇ ਨਗਰ ਪਿੰਡ ਵਸਿਆ ਹੋਇਆ ਸੀ। ਹੁਣ ਤਾਂ ਛੋਟਾ ਕਸਬਾ ਬਣ ਗਿਆ ਹੈ। ਉਸ ਦੀ ਉੱਚਾਈ ਤੋਂ ਦਰਿਆ ਬਿਆਸ ਇਕ ਨਾਲੀ ਵਾਂਗ ਨਜ਼ਰ ਆਉਂਦਾ ਹੈ। ਇਸ ਦੀ ਉੱਚਾਈ ਤੋਂ ਮਨਾਲੀ ਵੈਲੀ ਦਾ ਬਹੁਤ ਸੋਹਣਾ ਦ੍ਰਿਸ਼ ਦੂਰ ਤੱਕ ਨਜ਼ਰ ਆਉਂਦਾ ਹੈ। ਦੂਰ ਤੱਕ ਖੇਤ ਤੇ ਪਿੰਡ ਨਜ਼ਰ ਆਉਂਦੇ ਹਨ। ਇਹ ਦ੍ਰਿਸ਼ ਤੁਸੀਂ ਕਿਸੇ ਹੋਰ ਥਾਂ ਤੋਂ ਨਹੀਂ ਵੇਖ ਸਕਦੇ।
ਕੁੱਲੂ ਤੋਂ ਜਦੋਂ ਤੁਸੀਂ ਨਗਰ ਦੀ ਸੈਰ ਕਰਨ ਲਈ ਤੁਰਦੇ ਹੋ ਤਾਂ ਰਾਹ ਵਿਚ ਤੁਹਾਨੂੰ ਹਿਮਾਚਲ ਦੀ ਸਾਰੀ ਪੁਰਾਣੀ ਸੱਭਿਅਤਾ ਦੇ ਦਰਸ਼ਨ ਵੀ ਹੋਣਗੇ। ਜਿਹੜੇ ਕਦੀ ਤੁਸੀਂ ਪੁਰਾਣੇ ਮਕਾਨ ਨਹੀਂ ਵੇਖੇ ਜੋ ਸਾਰੇ ਲੱਕੜੀ ਦੇ ਬਣੇ ਹੋਏ ਹਨ, ਉਹ ਵੀ ਤੁਹਾਨੂੰ ਵੇਖਣ ਲਈ ਦਿਸਣਗੇ ਜਦੋਂ ਤੁਸੀਂ ਨਗਰ ਦੀ ਸੈਰ ਕਰਨ ਵਾਸਤੇ ਜਾਵੋਗੇ। ਹਿਮਾਚਲ ਦੇ ਲੋਕਾਂ ਨਾਲ ਵੀ ਤੁਹਾਡਾ ਮਿਲਾਪ ਹੋਵੇਗਾ। ਇਹ ਲੋਕ ਬਹੁਤ ਪਿਆਰੇ ਲੋਕ ਹਨ। ਨਗਰ ਨੂੰ ਜਾਂਦਿਆਂ ਇਕ ਚੈਰੀਟੇਬਲ ਸੰਸਥਾ ਨੇ ਬਹੁਤ ਸੁੰਦਰ ਤੇ ਕਲਾਕਾਰੀ ਦੇ ਗੁਣਾਂ ਨਾਲ ਭਰਪੂਰ ਸ਼ਿਵ ਮੰਦਿਰ ਵੀ ਬਣਾਇਆ ਹੋਇਆ ਹੈ। ਇਹ ਮੰਦਿਰ ਵੀ ਵੇਖਣਯੋਗ ਹੈ।
ਨਗਰ ਪੁਰਾਣਾ ਕਸਬਾ ਹੋਣ ਕਰਕੇ ਇਥੇ ਵੀ ਪੁਰਾਣੇ ਮੰਦਿਰ ਹਨ ਪਰ ਹੁਣ ਤਾਂ ਇਕ ਨਿੱਕਾ ਜਿਹਾ ਬਾਜ਼ਾਰ ਵੀ ਬਣ ਗਿਆ ਹੈ ਤੇ ਕੁਝ ਹੋਟਲ ਵੀ ਬਣ ਗਏ ਹਨ। ਇਕ ਪੁਰਾਣਾ ਕਿਲਾ ਹੁੰਦਾ ਸੀ, ਜਿਸ ਨੂੰ ਹੁਣ ਹਿਮਾਚਲ ਸਰਕਾਰ ਨੇ ਸਰਕਾਰੀ ਹੋਟਲ ਵਿਚ ਬਦਲ ਦਿੱਤਾ ਹੈ। ਉਸ ਅੰਦਰ ਲੱਕੜੀ ਦਾ ਕੰਮ ਬਹੁਤ ਸੁੰਦਰ ਕੀਤਾ ਹੋਇਆ ਹੈ। ਉਸ ਲੱਕੜੀ ਦੇ ਕੀਤੇ ਕੰਮ ਤੋਂ ਹਿਮਾਚਲ ਦੇ ਮਿਸਤਰੀਆਂ ਦੀ ਕਲਾ ਤੇ ਕਲਾਕਾਰੀ ਦੇ ਬਹੁਤ ਸਾਰੇ ਪੁਰਾਣੇ ਨਮੂਨੇ ਵੇਖਣ ਨੂੰ ਮਿਲਦੇ ਹਨ।
ਜਿਸ ਵਕਤ ਰੂਸ ਦੇ ਮਹਾਨ ਕਲਾਕਾਰ ਤੇ ਲੇਖਕ ਨੇ ਇਹ ਥਾਂ ਪਸੰਦ ਕੀਤੀ ਸੀ, ਉਸ ਵਕਤ ਇਹ ਨਗਰ ਪਿੰਡ ਇੰਨਾ ਮਸ਼ਹੂਰ ਨਹੀਂ ਸੀ। ਜਦੋਂ ਉਸ ਨੇ ਇਥੇ ਆਪਣਾ ਘਰ ਬਣਾਇਆ ਫਿਰ ਲੋਕਾਂ ਨੂੰ ਨਗਰ ਆਉਣ ਦੀ ਖਿੱਚ ਹੋਈ ਸੀ ਕਿਉਂਕਿ ਨਿਕੋਲਸ ਰੋਰਿਕ ਬਾਰੇ ਇਕ ਵੱਖਰਾ ਹੀ ਲੇਖ ਪੜ੍ਹ ਕੇ ਗਿਆਨ ਲਿਆ ਜਾ ਸਕਦਾ ਹੈ। ਇਸ ਨੂੰ ਮਨਾਲੀ ਦਾ ਸਵਰਗ ਕਰਕੇ ਬਹੁਤਾ ਯਾਦ ਕੀਤਾ ਜਾਂਦਾ ਹੈ। ਇਹ ਉਨ੍ਹਾਂ ਯਾਤਰੀਆਂ ਲਈ ਹੈ, ਜਿਹੜੇ ਕੁਦਰਤ ਨੂੰ ਮਾਣਨ ਤੇ ਵੇਖਣ ਆਉਂਦੇ ਹਨ। ਇਕ ਤਾਂ ਇਹ ਉੱਚਾਈ ''ਤੇ ਹੈ ਦੂਸਰਾ ਇਥੇ ਯਾਤਰੀਆਂ ਦੀ ਭੀੜ ਨਹੀਂ ਹੁੰਦੀ।
ਇਹ ਥਾਂ ਉਨ੍ਹਾਂ ਲੋਕਾਂ ਲਈ ਹੈ, ਜਿਨ੍ਹਾਂ ਨੇ ਸ਼ਾਂਤ ਮਨ ਨਾਲ ਕੁਦਰਤ ਨੂੰ ਵੇਖਣਾ ਤੇ ਮਾਨਣਾ ਹੋਵੇ। ਇਹ ਉਨ੍ਹਾਂ ਲੋਕਾਂ ਲਈ ਬਹੁਤ ਚੰਗੀ ਥਾਂ ਹੈ, ਜਿਨ੍ਹਾਂ ਭੀੜ ਵਿਚ ਧੱਕੇ ਮਾਰਨੇ ਤੇ ਖਾਣੇ ਹੁੰਦੇ ਹਨ, ਉਨ੍ਹਾਂ ਲਈ ਇਹ ਥਾਂ ਖੁਸ਼ਕ ਹੀ ਲੱਗੇਗੀ।
ਨਗਰ ਦੀ ਉੱਚਾਈ ਉੱਤੇ ਖਲੋ ਕੇ ਡੁੱਬਦੇ ਸੂਰਜ ਦੀ ਖੂਬਸੂਰਤੀ ਵੇਖਣ ਵਾਲੀ ਹੁੰਦੀ ਹੈ। ਉਸ ਦੀ ਰੌਸ਼ਨੀ ਦੀ ਸੋਨੇ ਰੰਗੀ ਚਾਦਰ ਮਨਾਲੀ ਦੀ ਸਾਰੀ ਵੈਲੀ ''ਤੇ ਵਿਛ ਜਾਂਦੀ ਹੈ। ਹੌਲੀ-ਹੌਲੀ ਇਹ ਚਾਦਰ ਬਹੁ-ਰੰਗੀ ਹੋ ਕੇ ਇਕ ਕਸ਼ਮੀਰੀ ਗਲੀਚੇ ਦੇ ਰੂਪ ਵਿਚ ਬਦਲ ਜਾਂਦੀ ਹੈ।
ਰਾਤ ਨੂੰ ਅਸਮਾਨ ''ਤੇ ਕੁਦਰਤ ਦੇ ਤਾਰੇ ਚਮਕਦੇ ਹਨ। ਟਹਿਟਣੇ ਇਸ ਤਰ੍ਹਾਂ ਲੱਗਦੇ ਹਨ, ਜਿਸ ਤਰ੍ਹਾਂ ਜ਼ਮੀਨ ''ਤੇ ਮਨੁੱਖਾਂ ਦੇ ਬੱਲਬ ਜਗਦੇ ਹੋਣ। ਇਹ ਦ੍ਰਿਸ਼ ਕੁਦਰਤ ਦਾ ਵੇਖਣ ਵਾਲਾ ਹੀ ਹੁੰਦਾ ਹੈ। ਇਸੇ ਕਰਕੇ ਨਗਰ ਨੂੰ ਮਨਾਲੀ ਦਾ ਸਵਰਗ ਆਖਦੇ ਹਨ। ਇਸ ਥਾਂ ਦੀ ਯਾਤਰਾ ਜ਼ਰੂਰ ਕਰਨੀ ਚਾਹੀਦੀ ਹੈ।
- ਹਰਭਜਨ ਸਿੰਘ ਬਾਜਵਾ, 98767-41231