ਲਾਹਨਤਾਂ ਪਾਉਣ ਦੀ ਬਜਾਏ ਪਿਆਰ ਕਰੋ

7/15/2017 10:57:40 AM

ਸੂਫੀ ਸੰਤ ਰਾਬੀਆ ਧਰਮ ਗ੍ਰੰਥ ਪੜ੍ਹ ਰਹੀ ਸੀ। ਉਸੇ ਵੇਲੇ ਇਕ ਫਕੀਰ ਉਥੇ ਆਇਆ ਅਤੇ ਉਨ੍ਹਾਂ ਨੂੰ ਮੰਦਾ-ਚੰਗਾ ਬੋਲਣ ਲੱਗਾ। ਰਾਬੀਆ ਨੇ ਉਸ ਵੱਲ ਕੋਈ ਧਿਆਨ ਨਾ ਦਿੱਤਾ ਅਤੇ ਗ੍ਰੰਥ ਪੜ੍ਹਦੀ ਰਹੀ। ਉਤਸੁਕਤਾ ਕਾਰਨ ਫਕੀਰ ਰਾਬੀਆ ਕੋਲ ਇਹ ਦੇਖਣ ਲਈ ਪਹੁੰਚਿਆ ਕਿ ਆਖਰ ਉਹ ਕੀ ਪੜ੍ਹ ਰਹੀ ਹੈ ਜੋ ਇੰਨੀ ਖੁੱਭੀ ਹੋਈ ਹੈ। ਜਦੋਂ ਉਸ ਨੇ ਗ੍ਰੰਥ 'ਤੇ ਨਜ਼ਰ ਮਾਰੀ ਤਾਂ ਇਕ ਵਾਕ ਦੇ ਕੁਝ ਸ਼ਬਦ ਕੱਟੇ ਹੋਏ ਦੇਖੇ।
ਉਸ ਨੇ ਜ਼ੋਰ ਨਾਲ ਬੋਲਦਿਆਂ ਰਾਬੀਆ ਨੂੰ ਪੁੱਛਿਆ,''ਇਹ ਸ਼ਬਦ ਕਿਸ ਨੇ ਕੱਟੇ ਹਨ?''
ਰਾਬੀਆ ਨੇ ਸ਼ਾਂਤੀ ਨਾਲ ਜਵਾਬ ਦਿੱਤਾ,''ਮੈਂ।''
ਫਕੀਰ ਬੋਲਿਆ,''ਕੀ ਕਿਸੇ ਮਨੁੱਖ ਨੂੰ ਧਰਮ ਗ੍ਰੰਥ ਵਿਚ ਲਿਖਿਆ ਕੋਈ ਹਿੱਸਾ ਕੱਟਣ ਦਾ ਹੱਕ ਹੈ?''
ਰਾਬੀਆ ਬੋਲੀ,''ਹਾਂ, ਜਿਵੇਂ-ਜਿਵੇਂ ਧਰਮ ਗ੍ਰੰਥਾਂ ਦੀਆਂ ਨਸੀਹਤਾਂ ਰਾਹੀਂ ਸਾਡਾ ਗਿਆਨ ਵਧਦਾ ਜਾਂਦਾ ਹੈ, ਤਿਵੇਂ-ਤਿਵੇਂ ਸਾਡਾ ਦਿਮਾਗ ਪਰਿਪੱਕ ਹੁੰਦਾ ਜਾਂਦਾ ਹੈ। ਜੇ ਸਾਨੂੰ ਕੋਈ ਹਿੱਸਾ ਗਲਤ ਜਾਪਦਾ ਹੋਵੇ ਤਾਂ ਉਸ ਵਿਚ ਜ਼ਰੂਰੀ ਸੁਧਾਰ ਕਰਨ ਵਿਚ ਕੋਈ ਹਰਜ ਨਹੀਂ।''
ਫਕੀਰ ਨੇ ਪੁੱਛਿਆ,''ਤੂੰ ਕਿਸ ਹਿੱਸੇ ਨੂੰ ਗਲਤ ਮੰਨਿਆ ਹੈ?''
ਰਾਬੀਆ ਬੋਲੀ,''ਇਸ ਵਿਚ ਲਿਖਿਆ ਹੈ ਕਿ ਸ਼ੈਤਾਨ ਨੂੰ ਲਾਹਨਤਾਂ ਪਾਉਣੀਆਂ ਚਾਹੀਦੀਆਂ ਹਨ। ਇਹ ਵਾਕ ਮੈਨੂੰ ਕੁਝ ਠੀਕ ਨਹੀਂ ਲੱਗਾ ਅਤੇ ਮੈਂ ਇਸ ਨੂੰ ਕੱਟ ਕੇ ਲਿਖ ਦਿੱਤਾ ਕਿ ਸ਼ੈਤਾਨ ਨੂੰ ਪਿਆਰ ਕਰਨਾ ਚਾਹੀਦਾ ਹੈ।''
ਫਕੀਰ ਪੁੱਛਣ ਲੱਗਾ,''ਸ਼ੈਤਾਨ ਨੂੰ ਲਾਹਨਤਾਂ ਪਾਉਣ ਵਿਚ ਕੀ ਬੁਰਾਈ ਹੈ?''
ਇਸ 'ਤੇ ਰਾਬੀਆ ਬੋਲੀ,''ਜੇ ਕਿਸੇ ਵਿਅਕਤੀ ਨੂੰ ਲਾਹਨਤਾਂ ਪਾਉਣੀਆਂ ਹੋਣ ਤਾਂ ਉਸ ਪ੍ਰਤੀ ਸਾਡੇ ਦਿਲ ਵਿਚ ਗੁੱਸਾ ਹੋਣਾ ਚਾਹੀਦਾ ਹੈ। ਮੈਂ ਆਪਣੇ ਦਿਲ ਵਿਚ ਗੁੱਸੇ ਤੇ ਨਫਰਤ ਵਰਗੇ ਔਗੁਣਾਂ ਨੂੰ ਭਟਕਣ ਨਹੀਂ ਦਿੰਦੀ ਕਿਉਂਕਿ ਮੇਰੇ ਦਿਲ ਵਿਚ ਖੁਦਾ ਦਾ ਵਾਸ ਹੈ।''
ਰਾਬੀਆ ਅੱਗੇ ਬੋਲੀ,''ਮੇਰੇ ਦਿਲ ਵਿਚ ਜੋ ਖੁਦਾ ਲੁਕਿਆ ਹੋਇਆ ਹੈ, ਉਹ ਮੈਨੂੰ ਦੂਜਿਆਂ ਨਾਲ ਪਿਆਰ ਕਰਨਾ ਸਿਖਾਉਂਦਾ ਹੈ। ਉਸ ਨੂੰ ਪਤਾ ਹੈ ਕਿ ਸ਼ੈਤਾਨ ਨੂੰ ਗੁੱਸੇ ਨਾਲ ਨਹੀਂ, ਸਗੋਂ ਪਿਆਰ ਨਾਲ ਵੱਸ ਵਿਚ ਕੀਤਾ ਜਾ ਸਕਦਾ ਹੈ। ਇਸ ਲਈ ਮੈਂ ਸ਼ੈਤਾਨ ਨੂੰ ਲਾਹਨਤਾਂ ਪਾਉਣ ਸੰਬੰਧੀ ਵਾਕ ਕੱਟ ਕੇ ਉਸ ਦੀ ਥਾਂ 'ਤੇ ਉਸ ਨਾਲ ਪਿਆਰ ਕਰਨ ਦੀ ਗੱਲ ਲਿਖ ਦਿੱਤੀ।''
ਫਕੀਰ ਨੇ ਰਾਬੀਆ ਤੋਂ ਮੁਆਫੀ ਮੰਗੀ ਅਤੇ ਉਥੋਂ ਚੁੱਪਚਾਪ ਚਲਾ ਗਿਆ।