ਖੁਦ ''ਤੇ ਭਰੋਸਾ ਰੱਖੋ, ਆਤਮਵਿਸ਼ਵਾਸ ਹੋਵੇਗਾ ਮਜ਼ਬੂਤ

11/10/2017 9:25:18 AM

ਅੱਜਕੱਲ ਅਖਬਾਰ ਖੋਲ੍ਹਦਿਆਂ ਹੀ ਕਿਸੇ ਨਾ ਕਿਸੇ ਵਲੋਂ ਆਤਮਹੱਤਿਆ ਕੀਤੇ ਜਾਣ ਦੀ ਖਬਰ ਜ਼ਰੂਰ ਪੜ੍ਹਨ ਨੂੰ ਮਿਲਦੀ ਹੈ। ਇਨ੍ਹਾਂ ਵਿਚੋਂ ਜ਼ਿਆਦਾਤਰ ਲੋਕ ਨੌਜਵਾਨ ਹੁੰਦੇ ਹਨ, ਚੰਗੇ ਪੜ੍ਹੇ-ਲਿਖੇ ਹੁੰਦੇ ਹਨ। ਉਨ੍ਹਾਂ ਦੀ ਆਤਮਹੱਤਿਆ ਦਾ ਪ੍ਰਮੁੱਖ ਕਾਰਨ ਆਧੁਨਿਕ ਜੀਵਨ ਦੇ ਤਣਾਅ ਹੁੰਦੇ ਹਨ।
ਅੱਜ ਦੇ ਸਮੇਂ ਵਿਚ ਸਾਨੂੰ ਸਫਲਤਾ ਦੀ ਉਡੀਕ ਕਰਨ ਦੀ ਆਦਤ ਹੀ ਨਹੀਂ ਰਹੀ। ਸਾਡੇ ਅੰਦਰ ਸਹਿਣਸ਼ੀਲਤਾ ਨਹੀਂ ਰਹੀ। ਕੰਮ ਝੱਟਪੱਟ ਹੋਣਾ ਚਾਹੀਦਾ ਹੈ ਅਤੇ ਤੁਰੰਤ ਉਸ ਦਾ ਫਲ ਵੀ ਮਿਲਣਾ ਚਾਹੀਦਾ ਹੈ। ਇਸੇ ਆਦਤ ਕਾਰਨ ਹਰ ਕੋਈ ਜਲਦੀ ਨਿਰਾਸ਼ ਹੋ ਜਾਂਦਾ ਹੈ। ਅਜਿਹੀ ਸਥਿਤੀ ਵਿਚ ਆਪਣਾ ਜੀਵਨ ਦਾਅ 'ਤੇ ਲਾਉਣ ਵਾਲਿਆਂ ਦੀ ਗਿਣਤੀ ਵਧਦੀ ਜਾ ਰਹੀ ਹੈ।
ਸਾਡੇ ਵਿਚੋਂ ਹਰੇਕ ਨੂੰ ਆਪਣਾ ਜੀਵਨ ਪਿਆਰਾ ਹੈ। ਫਿਰ ਵੀ ਗੁੱਸੇ, ਨਿਰਾਸ਼ਾ ਤੇ ਦੁੱਖ ਵੇਲੇ ਮੌਤ ਦਾ ਵਿਚਾਰ ਸਾਡੇ ਮਨ ਵਿਚ ਵੀ ਕਦੇ ਨਾ ਕਦੇ ਝਲਕ ਹੀ ਜਾਂਦਾ ਹੈ ਪਰ ਦੂਜੇ ਹੀ ਪਲ ਅਸੀਂ ਇਹ ਵਿਚਾਰ ਖੁਦ ਤੋਂ ਦੂਰ ਸੁੱਟ ਦਿੰਦੇ ਹਾਂ। ਕੁਝ ਲੋਕ ਅਜਿਹੇ ਵੀ ਹਨ ਜੋ ਇਸ ਵਿਚਾਰ ਨਾਲ ਥੋੜ੍ਹੀ ਦੇਰ ਤਕ ਖੇਡਦੇ ਰਹਿੰਦੇ ਹਨ ਅਤੇ ਕੁਝ ਅਜਿਹੇ ਹੁੰਦੇ ਹਨ ਜੋ ਇਸ ਵਿਚਾਰ ਦੇ ਅਸਰ ਹੇਠ ਆ ਕੇ ਆਤਮਹੱਤਿਆ ਕਰ ਲੈਂਦੇ ਹਨ।
ਦਿਮਾਗੀ ਤੌਰ 'ਤੇ ਕਮਜ਼ੋਰ ਵਿਅਕਤੀ ਖੁਦ ਨੂੰ ਅਸਫਲ ਤੇ ਅਸਮਰੱਥ ਮੰਨ ਲੈਂਦੇ ਹਨ ਅਤੇ ਨਿਰਾਸ਼ਾ ਤੇ ਅਸਫਲਤਾ ਦਾ ਗੁੱਸਾ ਖੁਦ 'ਤੇ ਹੀ ਉਤਾਰਦੇ ਹਨ। ਜ਼ਿਆਦਾਤਰ ਇਹੋ ਹੁੰਦਾ ਹੈ ਕਿ ਅਜਿਹੇ ਵਿਅਕਤੀ ਦੇ ਪਰਿਵਾਰ ਦੇ ਮੈਂਬਰ, ਨਾਲ ਕੰਮ ਕਰਨ ਵਾਲੇ ਤੇ ਦੋਸਤ ਵੀ ਉਸ ਦੀ ਇਸ ਦਿਮਾਗੀ ਸਥਿਤੀ ਤੋਂ ਜਾਣੂ ਨਹੀਂ ਹੁੰਦੇ। ਆਤਮਹੱਤਿਆ ਤਾਂ ਇਕ ਤਰ੍ਹਾਂ ਆਪਣੇ ਹੀ ਵਿਰੁੱਧ ਹਮਲਾ ਕਰਨਾ ਹੁੰਦਾ ਹੈ।
ਅੱਜ ਦਾ ਜ਼ਮਾਨਾ ਮੁਕਾਬਲੇ ਦਾ ਹੈ। ਇਸ ਕਾਰਨ ਹਰ ਕੋਈ ਖੁਦ ਨੂੰ ਅਸੁਰੱਖਿਅਤ ਮਹਿਸੂਸ ਕਰਦਾ ਹੈ। ਉਸ ਦੇ ਮਨ ਵਿਚ ਪਛੜਣ ਦਾ ਡਰ ਬੈਠ ਜਾਂਦਾ ਹੈ। ਇਸ ਦਾ ਅਸਰ ਇਹ ਹੁੰਦਾ ਹੈ ਕਿ ਛੋਟੀ ਜਿਹੀ ਨਿੱਜੀ ਬੇਇੱਜ਼ਤੀ ਸਾਡੇ ਮਨ 'ਤੇ ਵਾਰ ਕਰਦੀ ਹੈ। ਸਾਡਾ ਆਤਮਵਿਸ਼ਵਾਸ ਕਿਤੇ ਗੁਆਚ ਜਾਂਦਾ ਹੈ। ਦੂਜਿਆਂ ਨੂੰ ਤਕਲੀਫ ਨਾ ਹੋਵੇ, ਇਸ ਲਈ ਅਸੀਂ ਆਪਣਾ ਗੁੱਸਾ ਪ੍ਰਗਟ ਨਹੀਂ ਕਰਦੇ। ਇਸੇ ਗੁੱਸੇ ਦਾ ਨਤੀਜਾ ਆਤਮਹੱਤਿਆ ਦੇ ਰੂਪ ਵਿਚ ਨਿਕਲਦਾ ਹੈ।
ਇਸ ਸਭ ਤੋਂ ਬਚਣ ਲਈ ਸਾਨੂੰ ਆਪਣਾ ਸਰੀਰਕ ਤੇ ਦਿਮਾਗੀ ਸੰਤੁਲਨ ਬਣਾਈ ਰੱਖਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ। ਖੁਦ 'ਤੇ ਹੋਣ ਵਾਲੇ ਭਰੋਸੇ ਨੂੰ ਵਧਾਓ। ਜੀਵਨ ਦੀਆਂ ਛੋਟੀਆਂ-ਛੋਟੀਆਂ ਗੱਲਾਂ ਦਾ ਪੂਰੇ ਮਨ ਨਾਲ ਮਜ਼ਾ ਲਵੋ। ਆਪਣੇ ਪਰਿਵਾਰ ਨਾਲ ਪਿਆਰ ਦਾ ਧਾਗਾ ਮਜ਼ਬੂਤ ਕਰੋ। ਆਪਣੇ ਸਰੀਰ ਦੀ ਮਰਿਆਦਾ ਨੂੰ ਪਛਾਣੋ।