ਹਰਿਹਰੇਸ਼ਵਰ ਦਾ ਮੰਦਰ

1/15/2018 7:20:11 AM

ਹਰਿਹਰੇਸ਼ਵਰ ਮਹਾਰਾਸ਼ਟਰ ਦੇ ਰਾਏਗੜ੍ਹ ਜ਼ਿਲੇ ਵਿਚ ਸਥਿਤ ਇਕ ਛੋਟਾ ਜਿਹਾ ਖੂਬਸੂਰਤ ਸ਼ਹਿਰ ਹੈ। ਚਾਰ ਪਹਾੜੀਆਂ ਬ੍ਰਾਹਾਦ੍ਰੀ, ਪੁਸ਼ਪਾਦ੍ਰੀ, ਹਰਿਸ਼ਨਾਚਲ ਅਤੇ ਹਰਿਹਰ ਨਾਲ ਘਿਰਿਆ ਹੋਇਆ ਹਰਿਹਰੇਸ਼ਵਰ ਕੋਂਕਣ ਖੇਤਰ ਵਿਚ ਹੈ ਅਤੇ ਇਕ ਪਾਸਿਓਂ ਹਰੇ-ਭਰੇ ਜੰਗਲਾਂ ਤੇ ਦੂਜੇ ਪਾਸਿਓਂ ਪ੍ਰਾਚੀਨ ਸਮੁੰਦਰੀ ਤੱਟਾਂ ਨਾਲ ਘਿਰਿਆ ਹੋਇਆ ਹੈ। ਇਹ ਸਥਾਨ ਹਰਿਹਰੇਸ਼ਵਰ ਮੰਦਰ ਲਈ ਪ੍ਰਸਿੱਧ ਹੈ, ਜੋ ਭਗਵਾਨ ਸ਼ਿਵ ਨੂੰ ਸਮਰਪਿਤ ਹੈ, ਇਹੀ ਕਾਰਨ ਹੈ ਕਿ ਇਸ ਨੂੰ ਦੇਵਘਰ ਭਾਵ ਹਰਿ (ਭਗਵਾਨ) ਦਾ ਘਰ ਵੀ ਕਿਹਾ ਜਾਂਦਾ ਹੈ, ਜਿੱਥੇ ਸਾਵਿਤਰੀ ਨਦੀ ਅਰਬ ਸਾਗਰ ਵਿਚ ਮਿਲਦੀ ਹੈ।
ਹਰਿਹਰੇਸ਼ਵਰ ਆਪਣੇ ਖੂਬਸੂਰਤ ਸਮੁੰਦਰੀ ਤੱਟਾਂ ਲਈ ਪ੍ਰਸਿੱਧ ਹੈ। ਇਕ ਮੁੱਖ ਧਾਰਮਿਕ ਸਥਾਨ ਹੋਣ ਕਾਰਨ ਇਸ ਨੂੰ ਦੱਖਣ ਕਾਸ਼ੀ ਵੀ ਕਿਹਾ ਜਾਂਦਾ ਹੈ। ਇਹ ਵੱਖ-ਵੱਖ ਦੇਵਤਿਆਂ ਭਗਵਾਨ ਸ਼ਿਵ, ਭਗਵਾਨ ਵਿਸ਼ਨੂੰ ਅਤੇ ਭਗਵਾਨ ਬ੍ਰਹਮਾ ਦੇ ਮੰਦਰਾਂ ਦਾ ਘਰ ਹੈ। ਇਥੇ ਕਾਲ ਭੈਰਵ ਮੰਦਰ ਅਤੇ ਯੋਗੇਸ਼ਵਰੀ ਮੰਦਰ ਹੋਰ ਦੋ ਧਾਰਮਿਕ ਸਥਾਨ ਹਨ। ਹਰਿਹਰੇਸ਼ਵਰ ਦਾ ਉਦੈ ਮਰਾਠਿਆਂ ਦੇ ਸ਼ਾਸਨਕਾਲ ਵਿਚ ਮਹਾਨ ਸ਼ਾਸਕ ਛਤਰਪਤੀ ਸ਼ਿਵਾਜੀ ਮਹਾਰਾਜ ਦੇ ਸਮੇਂ ਹੋਇਆ ਸੀ। ਪਹਿਲੇ ਪੇਸ਼ਵਾ ਸ਼ਾਸਕ ਬਾਜੀਰਾਵ ਸੰਨ 1723 ਵਿਚ ਇਥੇ ਆਏ ਸਨ। ਇਥੋਂ ਦੇ ਅਨੇਕਾਂ ਮੰਦਰਾਂ ਅਤੇ ਸਮਾਰਕਾਂ ਦੀ ਪ੍ਰਾਚੀਨ ਵਾਸਤੂਕਲਾ ਉਸ ਸਮੇਂ ਅਪਣਾਈ ਗਈ ਭਾਰਤੀ ਵਾਸਤੂਕਲਾ ਸ਼ੈਲੀ ਦੇ ਸਬੂਤ ਹਨ। ਹਰੇਕ ਮੰਦਰ ਦੀ ਮੂਰਤੀ ਨਾਲ ਇਕ ਕਹਾਣੀ ਜੁੜੀ ਹੋਈ ਹੈ। ਕਈ ਹਿੰਦੂ ਪ੍ਰਾਚੀਨ ਕਥਾਵਾਂ ਹਨ, ਜੋ ਤੁਹਾਨੂੰ ਮੰਤਰਮੁਗਧ ਕਰ ਦੇਣਗੀਆਂ।
ਮੁੱਖ ਆਕਰਸ਼ਣ
ਗਣੇਸ਼ ਗਲੀ : ਗਣੇਸ਼ ਗਲੀ ਇਕ ਛੋਟੀ ਜਿਹੀ ਪੁਲੀ ਹੈ। ਦੋ ਪਰਬਤਾਂ ਵਿਚਾਲੇ ਸਥਿਤ ਇਕ ਤੰਗ ਜਿਹੀ ਨਹਿਰ। ਹਰਿਹਰੇਸ਼ਵਰ ਸ਼ਹਿਰ ਵਿਚ ਸਥਿਤ ਇਸ ਨਹਿਰ ਦੇ ਅੰਤ ਵਿਚ ਭਗਵਾਨ ਗਣਪਤੀ ਦੀ ਮੂਰਤੀ ਹੈ। ਜਿਸ ਸਥਾਨ 'ਤੇ ਇਹ ਮੂਰਤੀ ਮਿਲੀ ਸੀ, ਉਸ ਨੂੰ ਇਕ ਪਵਿੱਤਰ ਅਤੇ ਅਧਿਆਤਮਕ ਜਗ੍ਹਾ ਮੰਨਿਆ ਜਾਂਦਾ ਹੈ, ਜੋ ਲੱਗਭਗ 30 ਫੁੱਟ ਪਾਣੀ ਦੇ ਅੰਦਰ ਸਥਿਤ ਹੈ।  
ਕਾਲ ਭੈਰਵ ਮੰਦਰ : ਕਾਲ ਭੈਰਵ ਮੰਦਰ ਹਰਿਹਰੇਸ਼ਵਰ ਦਾ ਇਕ ਪ੍ਰਸਿੱਧ ਅਤੇ ਪੁਰਾਣਾ ਮੰਦਰ ਹੈ। ਭਗਤ ਇਥੇ ਸਾਲ ਭਰ ਆਉਂਦੇ ਰਹਿੰਦੇ ਹਨ। ਇਹ ਮੰਦਰ ਭਗਵਾਨ ਸ਼ਿਵ ਨੂੰ ਸਮਰਪਿਤ ਹੈ। ਇਥੇ ਪਾਈਆਂ ਜਾਣ ਵਾਲੀਆਂ ਮੂਰਤੀਆਂ ਵਿਚ ਕਾਲ ਭੈਰਵ ਵੀ ਇਕ ਹੈ, ਜਿਨ੍ਹਾਂ ਨੂੰ ਸਾਰੇ ਮੰਤਰ ਸ਼ਾਸਤਰ ਦਾ ਭਗਵਾਨ ਕਿਹਾ ਜਾਂਦਾ ਹੈ।
ਹਰਿਹਰੇਸ਼ਵਰ ਬੀਚ : ਹਰਿਹਰੇਸ਼ਵਰ ਸਮੁੰਦਰ ਤੱਟ ਹਰਿਹਰੇਸ਼ਵਰ ਸ਼ਹਿਰ ਦਾ ਇਕ ਮੁੱਖ ਆਕਰਸ਼ਣ ਹੈ। ਸਮੁੰਦਰ ਤੱਟ ਬਹੁਤ ਸੁੰਦਰ ਹੈ ਅਤੇ ਕੁਝ ਸਮਾਂ ਰੁਕਣ ਲਈ ਢੁੱਕਵਾਂ ਹੈ। ਇਥੋਂ ਦੀ ਰੇਤ ਨਰਮ, ਸਫੈਦ ਅਤੇ ਸਾਫ ਹੈ ਤੇ ਹਰ ਸਮੇਂ ਇਥੇ ਆਰਾਮਦਾਇਕ ਹਵਾ ਵਗਦੀ ਰਹਿੰਦੀ ਹੈ।
ਕਦੋਂ ਜਾਈਏ : ਹਰਿਹਰੇਸ਼ਵਰ ਦੀ ਜਲਵਾਯੂ ਗਰਮਤਰ ਹੈ। ਇਥੇ ਮਾਰਚ ਤੋਂ ਮਈ ਤਕ ਬਹੁਤ ਜ਼ਿਆਦਾ ਗਰਮੀ ਪੈਂਦੀ ਹੈ, ਉਸ ਸਮੇਂ ਤਾਪਮਾਨ 40 ਡਿਗਰੀ ਸੈਲਸੀਅਸ ਤਕ ਪਹੁੰਚ ਜਾਂਦਾ ਹੈ। ਇਸ ਦੌਰਾਨ ਇਥੇ ਘੁੰਮਣ ਨਹੀਂ ਆਉਣਾ ਚਾਹੀਦਾ। ਹਰਿਹਰੇਸ਼ਵਰ ਵਿਚ ਦੱਖਣੀ, ਪੱਛਮੀ ਮਾਨਸੂਨ ਕਾਰਨ ਜੂਨ ਤੋਂ ਸਤੰਬਰ ਤਕ ਬਰਸਾਤ ਹੁੰਦੀ ਹੈ। ਇਥੇ ਔਸਤ ਦਰਜੇ ਦੀ ਵਰਖਾ ਹੁੰਦੀ ਹੈ। ਮਾਨਸੂਨ ਤੋਂ ਬਾਅਦ ਦਾ ਮੌਸਮ ਇਸ ਸਥਾਨ ਦੀ ਸੈਰ ਲਈ ਢੁੱਕਵਾਂ ਹੈ।
ਕਿਵੇਂ ਪਹੁੰਚੀਏ : ਹਵਾਈ ਮਾਰਗ ਰਾਹੀਂ ਮੁੰਬਈ ਦਾ ਛਤਰਪਤੀ ਸ਼ਿਵਾਜੀ ਹਵਾਈ ਅੱਡਾ ਹਰਿਹਰੇਸ਼ਵਰ ਦਾ ਨੇੜਲਾ ਅੰਤਰਰਾਸ਼ਟਰੀ ਹਵਾਈ ਅੱਡਾ ਹੈ, ਜੋ ਲੱਗਭਗ 220 ਕਿਲੋਮੀਟਰ ਦੀ ਦੂਰੀ 'ਤੇ ਸਥਿਤ ਹੈ। ਘਰੇਲੂ ਯਾਤਰਾ ਲਈ ਪੁਣੇ ਦਾ ਲੋਹਗਾਂਵ ਹਵਾਈ ਅੱਡਾ, ਨਾਸਿਕ ਦਾ ਗਾਂਧੀਨਗਰ ਹਵਾਈ ਅੱਡਾ ਅਤੇ ਕੋਲਹਾਪੁਰ ਹਵਾਈ ਅੱਡਾ ਵੀ ਜੁੜਿਆ ਹੋਇਆ ਹੈ। ਰੇਲਵੇ ਸਟੇਸ਼ਨਾਂ ਵਿਚ ਹਰਿਹਰੇਸ਼ਵਰ ਦਾ ਨੇੜਲਾ ਸਟੇਸ਼ਨ ਮਾਣਗਾਂਵ ਹੈ, ਜੋ ਲੱਗਭਗ 64 ਕਿਲੋਮੀਟਰ ਦੂਰ ਹੈ। ਮਾਣਗਾਂਵ ਕੋਂਕਣ ਰੇਲਵੇ ਲਾਈਨ 'ਤੇ ਸਥਿਤ ਹੈ ਅਤੇ ਪੁਣੇ, ਮੁੰਬਈ ਅਤੇ ਮਹਾਰਾਸ਼ਟਰ ਤੇ ਮਹਾਰਾਸ਼ਟਰ ਤੋਂ ਬਾਹਰ ਦੇ ਹੋਰਨਾਂ ਸ਼ਹਿਰਾਂ ਨਾਲ ਚੰਗੀ ਤਰ੍ਹਾਂ ਨਾਲ ਜੁੜਿਆ ਹੋਇਆ ਹੈ। ਸੜਕ ਮਾਰਗ ਰਾਹੀਂ ਵੀ ਹਰਿਹਰੇਸ਼ਵਰ ਮੁੰਬਈ, ਪੁਣੇ ਸਮੇਤ ਦੇਸ਼ ਦੇ ਸਾਰੇ ਮੁੱਖ ਸ਼ਹਿਰਾਂ ਨਾਲ ਜੁੜਿਆ ਹੋਇਆ ਹੈ।