ਹੱਜ ਹੋ ਸਕਦਾ ਹੈ ਜ਼ਿਆਦਾ ਮਹਿੰਗਾ

2/8/2016 11:36:58 AM

ਜਲੰਧਰ (ਮਜ਼ਹਰ)— ਸਟੇਟ ਹੱਜ ਕਮੇਟੀ ਅਤੇ ਘੱਟ ਗਿਣਤੀ ਕਮਿਸ਼ਨ ਦੇ ਮੈਂਬਰ ਸੀਨੀਅਰ ਮੁਸਲਿਮ ਨੇਤਾ ਹਾਫਿਜ਼ ਮੁਹੰਮਦ ਤਹਿਸੀਨ ਅਹਿਮਦ ਨੇ ਦੱਸਿਆ ਹੈ ਕਿ ਹੱਜ ਮਿਸ਼ਨ 2016 ਬੀਤੇ ਸਾਲ ਦੇ ਮੁਕਾਬਲੇ ਕੁਝ ਮਹਿੰਗਾ ਹੋ ਸਕਦਾ ਹੈ। ਇਸ ਦਾ ਕਾਰਨ ਡਾਲਰ ਦੇ ਰੇਟ ਅਤੇ ਸੁਪਰੀਮ ਕੋਰਟ ਦੇ ਸਬਸਿਡੀ ਨੂੰ ਖਤਮ ਕਰਨ ਦੇ ਹੁਕਮ ਹਨ। ਹਾਫਿਜ਼ ਤਹਿਸੀਨ ਅਹਿਮਦ ਨੇ ਕਿਹਾ ਕਿ ਇਸ ਵਾਰ ਵੀ ਸਾਊਦੀ ਅਰਬ ਸਰਕਾਰ ਵਲੋਂ ਹੱਜ ਦੇ ਕੋਟੇ ਵਿਚ ਕੀਤੀ ਜਾਂਦੀ ਕਟੌਤੀ ਜਾਰੀ ਰਹਿਣ ਦੀ ਸੰਭਾਵਨਾ ਹੈ। ਹਾਲਾਂਕਿ ਆਸ ਕੀਤੀ ਜਾ ਰਹੀ ਸੀ ਕਿ ਐਤਕੀਂ ਸਾਊਦੀ ਅਰਬ ਸਰਕਾਰ ਕਟੌਤੀ ਨਹੀਂ ਕਰੇਗੀ ਪਰ ਪਿਛਲੇ ਸਾਲ ਹੱਜ ਦੇ ਮੌਕੇ ''ਤੇ ਹੋਈ ਦੁਰਘਟਨਾ ਤੋਂ ਸਾਊਦੀ ਅਰਬ ਦੀ ਸਰਕਾਰ ਵੀ ਡਰੀ ਹੋਈ ਹੈ।
ਉਨ੍ਹਾਂ ਕਿਹਾ ਕਿ ਹੱਜ ਕਮੇਟੀ ਆਫ ਇੰਡੀਆ ਦੇ ਵਾਈਸ ਚੇਅਰਮੈਨ ਮਰਗੁਈ ਅਹਿਮਦ ਤੋਂ ਮਿਲੀ ਜਾਣਕਾਰੀ ਮੁਤਾਬਕ ਹੁਣ ਤੱਕ 3.25 ਲੱਖ ਹੱਜ ਦੀਆਂ ਦਰਖਾਸਤਾਂ ਹੱਜ ਕਮੇਟੀ ਆਫ ਇੰਡੀਆ ਨੂੰ ਮਿਲ ਚੁੱਕੀਆਂ ਹਨ। ਉਨ੍ਹਾਂ ਦੀ ਇਹ ਕੋਸ਼ਿਸ਼ ਹੈ ਕਿ ਇਸ ਵਾਰ ਆਜ਼ਮੀਨ ਹੱਜ ਨੂੰ ਵਧੀਆ ਸਹੂਲਤਾਂ ਪ੍ਰਦਾਨ ਕੀਤੀਆਂ ਜਾਣ। ਆਜ਼ਮੀਨ ਨੂੰ ਕਿਸੇ ਤਰ੍ਹਾਂ ਦੀ ਕੋਈ ਪ੍ਰੇਸ਼ਾਨੀ ਨਾ ਹੋਵੇ, ਇਸ ਲਈ ਇਕ ਟੀਮ ਨੂੰ ਸਾਊਦੀ ਅਰਬ ਭੇਜਿਆ ਗਿਆ ਹੈ।