ਗੁਰਦੁਆਰਾ ਸ੍ਰੀ ਕਲਗੀਧਰ ਬਾਗੋਰ ਸਾਹਿਬ

9/4/2017 6:10:09 AM

ਬਾਗੋਰ ਜਾਣ ਲਈ ਕਈ ਦਿਹਾਤੀ ਰਸਤਿਆਂ ਤੋਂ ਲੰਘਣਾ ਪੈਂਦਾ ਹੈ। ਟੇਢੇ-ਮੇਢੇ ਘੁਮਾਅਦਾਰ ਰਸਤਿਆਂ ਤੋਂ ਹੁੰਦੇ ਹੋਏ ਬਾਗੋਰ ਸਾਹਿਬ ਦੇ ਗੁਰਦੁਆਰੇ ਦਾ ਨਿਸ਼ਾਨ ਸਾਹਿਬ ਦੂਰੋਂ ਹੀ ਦਿਖਾਈ ਦੇਣ ਲੱਗਦਾ ਹੈ।ਪਹਿਲੀ ਮੰਜ਼ਿਲ ਦੀ ਉਚਾਈ 'ਤੇ ਬਣੇ ਇਸ ਗੁਰਦੁਆਰੇ 'ਚ ਸੰਤ ਨਿਵਾਸ, ਲੰਗਰ ਭਵਨ ਸਮੇਤ ਲੋੜੀਂਦਾ ਸਥਾਨ ਹੈ। ਹਰ ਸਵੇਰ 4 ਤੋਂ 6 ਵਜੇ ਤੱਕ ਤੇ ਸ਼ਾਮ 6.30 ਤੋਂ 7.45 ਵਜੇ ਤੱਕ ਗੁਰਬਾਣੀ ਦਾ ਸ਼ਬਦ ਕੀਰਤਨ ਕੀਤਾ ਜਾਂਦਾ ਹੈ। ਬੇਸ਼ੱਕ ਸਥਾਨਕ ਲੋਕ ਬਹੁਤ ਸਹਿਯੋਗੀ ਹਨ ਪਰ ਉਥੇ ਰੋਜ਼ਾਨਾ ਸੰਗਤ ਦਾ ਆਉਣਾ-ਜਾਣਾ ਬਹੁਤ ਘੱਟ ਹੈ। ਹਰ ਮਹੀਨੇ ਦੇ ਆਖਰੀ ਐਤਵਾਰ ਨੂੰ ਇਥੇ ਵਿਸ਼ੇਸ਼ ਆਯੋਜਨ ਹੁੰਦਾ ਹੈ। ਉਦੋਂ ਭੀਲਵਾੜਾ, ਉਦੈਪੁਰ, ਚਿਤੌੜਗੜ੍ਹ ਸਮੇਤ ਕਈ ਹੋਰ ਜ਼ਿਲਿਆਂ ਤੇ ਦੇਸ਼ ਦੇ ਵੱਖ-ਵੱਖ ਸੂਬਿਆਂ ਦੀ ਸੰਗਤ ਇਥੇ ਮੱਥਾ ਟੇਕਣ ਆਉਂਦੀ ਹੈ।
5 ਜਨਵਰੀ ਨੂੰ ਗੁਰੂ ਜੀ ਦੇ ਪ੍ਰਕਾਸ਼ ਪੁਰਬ ਦੇ ਦਿਨ ਬਾਗੋਰ 'ਚ ਤਿਉਹਾਰ ਵਰਗਾ ਮਾਹੌਲ ਰਹਿੰਦਾ ਹੈ। ਉਦੋਂ ਦੇਸ਼-ਵਿਦੇਸ਼ਾਂ ਤੋਂ ਵੱਡੀ ਗਿਣਤੀ 'ਚ ਸ਼ਰਧਾਲੂ ਵੀ ਇਥੇ ਪਹੁੰਚਦੇ ਹਨ। ਇਸ ਦੌਰਾਨ ਵਿਸ਼ੇਸ਼ ਦੀਵਾਨ ਸਜਾਏ ਜਾਂਦੇ ਹਨ। ਸ਼ਬਦ ਕੀਰਤਨ ਤੇ ਗੁਰੂ ਦਾ ਅਤੁੱਟ ਲੰਗਰ ਵਰਤਾਇਆ ਜਾਂਦਾ ਹੈ। ਇਸ ਦਿਨ ਗੁਰਦੁਆਰਾ ਕਮੇਟੀ ਵੱਲੋਂ ਖੂਨਦਾਨ ਕੈਂਪ ਦਾ ਆਯੋਜਨ ਵੀ ਕੀਤਾ ਜਾਂਦਾ ਹੈ। ਇਸ ਸਥਾਨ ਦੀ ਕਾਰ ਸੇਵਾ ਸੰਤ ਬਾਬਾ ਬਲਵਿੰਦਰ ਸਿੰਘ ਜੀ (ਅਗਮਗੜ੍ਹ ਕੋਟਾ ਵਾਲੇ) ਵੱਲੋਂ ਕੀਤੀ ਗਈ।
ਗੁਰਦੁਆਰਾ ਸਾਹਿਬ ਦੇ ਕੰਪਲੈਕਸ 'ਚ ਲੱਗੇ ਬੋਰਡ ਅਨੁਸਾਰ-'ਸਿੱਖ ਪੰਥ ਦੀਆਂ ਮਹਾਨ ਸ਼ਖਸੀਅਤਾਂ ਵਿਚੋਂ ਭਾਈ ਦਇਆ ਸਿੰਘ ਜੀ, ਭਾਈ ਧਰਮ ਸਿੰਘ ਜੀ (ਪੰਜ ਪਿਆਰਿਆਂ ਵਿਚੋਂ) ਤੇ ਮਾਈ ਭਾਗੋ ਜੀ ਅਤੇ ਬਹੁਤ ਸਾਰੇ ਸੂਰਬੀਰ ਸਿੱਖ ਵੀ ਗੁਰੂ ਜੀ ਦੇ ਨਾਲ ਸਨ। ਇਸ ਇਤਿਹਾਸਕ ਸਥਾਨ ਦਾ ਜ਼ਿਕਰ ਸਿੱਖ ਜਗਤ ਦੇ ਪ੍ਰਸਿੱਧ ਲੇਖਕ ਭਾਈ ਕਾਹਨ ਸਿੰਘ ਜੀ ਨਾਭਾ, ਡਾ. ਭਾਈ ਵੀਰ ਸਿੰਘ ਜੀ ਸੋਢੀ, ਤੇਜ ਸਿੰਘ ਤੇ ਚੂੜਾਮਣੀ ਕਵੀ ਭਾਈ ਸੰਤੋਖ ਸਿੰਘ ਜੀ ਦੀਆਂ ਇਤਿਹਾਸਕ ਪੁਸਤਕਾਂ 'ਚ ਮਿਲਦਾ ਹੈ।' ਸੇਵਾ ਤੇ ਸਿਮਰਨ ਦੇ ਇਸ ਪਵਿੱਤਰ ਸਥਾਨ 'ਤੇ 17੦7 ਈਸਵੀ 'ਚ ਆਪਣੀ ਦੱਖਣੀ ਯਾਤਰਾ ਸਮੇਂ ਸਿੱਖਾਂ ਦੇ 10ਵੇਂ ਗੂਰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ 17 ਦਿਨ ਪ੍ਰਵਾਸ ਕੀਤਾ ਸੀ। ਗੁਰੂ ਜੀ ਦੇ ਪ੍ਰਵਾਸ ਦੀ ਜਾਣਕਾਰੀ ਜਦੋਂ ਬਾਗੋਰ ਦੇ ਤਤਕਾਲੀ ਸ਼ਾਸਕ ਸ਼ਿਵ ਪ੍ਰਤਾਪ ਸਿੰਘ ਜੀ ਨੂੰ ਮਿਲੀ, ਉਹ ਉਨ੍ਹਾਂ ਨੂੰ ਸਨਮਾਨ ਸਹਿਤ ਆਪਣੇ ਰਾਜਮਹੱਲ (ਜਿਸ ਨੂੰ ਸਥਾਨਕ  ਲੋਕ ਗੜ੍ਹ ਕਹਿੰਦੇ ਹਨ) 'ਚ ਲਿਆਏ ਸਨ। ਇਥੇ ਉਹ ਸਥਾਨ ਹੈ, ਜਿਥੇ ਗੁਰੂ ਜੀ ਨੂੰ ਮਾਰਚ 1707 'ਚ ਆਪਣੇ ਪ੍ਰਵਾਸ ਦੌਰਾਨ ਔਰੰਗਜ਼ੇਬ ਦੀ ਮੌਤ ਦੀ ਖਬਰ ਮਿਲੀ ਸੀ। ਉਦੋਂ ਮੁਅੱਜ਼ਮ (ਬਹਾਦੁਰਸ਼ਾਹ ਪਹਿਲੇ) ਨੇ ਗੁਰੂ ਜੀ ਤੋਂ ਉਤਰਾਧਿਕਾਰ ਜੰਗ 'ਚ ਮਦਦ ਮੰਗੀ ਸੀ। ਸਮੇਂ ਦੇ ਨਾਲ-ਨਾਲ ਗੁਰੂ ਜੀ ਦੇ ਇਥੇ ਪ੍ਰਵਾਸ ਦੇ ਠੋਸ ਪ੍ਰਮਾਣ ਮਿਲਣ 'ਤੇ ਪ੍ਰਾਚੀਨ ਗੜ੍ਹ ਦੇ ਸਥਾਨ 'ਤੇ ਧਵਲ ਰੰਗ ਦਾ ਤਿੰਨ ਮੰਜ਼ਿਲਾ ਗੁਰਦੁਆਰਾ ਸ੍ਰੀ ਕਲਗੀਧਰ ਬਾਗੋਰ ਸਾਹਿਬ ਦਾ ਨਿਰਮਾਣ ਕੀਤਾ ਗਿਆ। ਜਿਥੋਂ ਤੱਕ ਬਾਗੋਰ ਦੇ ਇਤਿਹਾਸ-ਭੂਗੋਲ ਦਾ ਸਵਾਲ ਹੈ, ਇਹ ਮੋਹਨਜੋਦੜੋ ਸਿੰਧੂ ਘਾਟੀ ਸੱਭਿਅਤਾ ਨਾਲ ਜੁੜਿਆ ਭੀਲਵਾੜਾ ਜ਼ਿਲੇ ਦਾ ਇਕ ਪ੍ਰਸਿੱਧ ਤੇ ਇਤਿਹਾਸਕ ਕਸਬਾ ਹੈ, ਜੋ ਜ਼ਿਲਾ ਮੁੱਖ ਦਫਤਰ ਭੀਲਵਾੜਾ ਤੋਂ 30 ਕਿਲੋਮੀਟਰ ਦੀ ਦੂਰੀ 'ਤੇ ਪੱਛਮ ਦਿਸ਼ਾ 'ਚ ਕੋਠਾਰੀ ਨਦੀ ਦੇ ਕਿਨਾਰੇ ਵਸਿਆ ਹੋਇਆ ਹੈ। ਕਹਿਣ ਨੂੰ ਕੋਠਾਰੀ ਨਦੀ ਹੈ ਪਰ ਇਹ ਇਕ ਬਰਸਾਤੀ ਨਦੀ ਹੈ। ਸਾਲ ਦੇ ਬਾਕੀ ਦਿਨਾਂ 'ਚ ਪਾਣੀ ਦੀ ਥਾਂ ਰੇਤਾ ਦੇ ਟਿੱਲੇ ਹੀ ਨਜ਼ਰ ਆਉਂਦੇ ਹਨ।
ਜਿਥੋਂ ਤੱਕ ਬਾਗੋਰ ਦੇ ਮੱਧਕਾਲੀ ਇਤਿਹਾਸ ਦਾ ਸਵਾਲ ਹੈ, ਇਹ ਮੇਵਾੜ ਰਿਆਸਤ ਦੇ ਅਧੀਨ ਪਹਿਲੀ ਸ਼੍ਰੇਣੀ ਦਾ ਟਿਕਾਣਾ ਮੰਨਿਆ ਜਾਂਦਾ ਸੀ।ਮੇਵਾੜ ਦੀ ਸਿਆਸਤ 'ਚ ਬਾਗੋਰ ਦੀ ਅਹਿਮ ਭੂਮਿਕਾ ਰਹੀ। ਬਾਹਰਲੇ ਹਮਲਿਆਂ ਦੌਰਾਨ ਬਾਗੋਰ 'ਚ ਰੱਖਿਆ ਚੌਕੀ ਕਾਇਮ ਕੀਤੀ ਜਾਂਦੀ ਸੀ।
18ਵੀਂ ਸਦੀ ਦੀ ਸ਼ੁਰੂਆਤ 'ਚ ਰਾਣਾ ਸੰਗਰਾਮ ਸਿੰਘ ਦੂਜੇ ਦੇ ਪੁੱਤਰ ਨਾਥ ਸਿੰਘ ਨੂੰ ਬਾਗੋਰ ਜਾਗੀਰ ਦੇ ਰੂਪ 'ਚ ਹਾਸਲ ਹੋਇਆ। ਰਾਣਾ ਨਾਥ ਸਿੰਘ ਵੱਲੋਂ ਮੇਵਾੜ ਦੇ ਸਿੰਘਾਸਨ ਦੀ ਦਾਅਵੇਦਾਰੀ ਪੇਸ਼ ਕਰਨ 'ਤੇ 1751 'ਚ ਮਹਾਰਾਣਾ ਪ੍ਰਤਾਪ ਸਿੰਘ ਦੂਜੇ ਵੱਲੋਂ ਇਸ ਦੀ ਹੱਤਿਆ ਕਰਵਾ ਦਿੱਤੀ ਗਈ ਪਰ ਸਮੇਂ ਦੇ ਨਾਲ-ਨਾਲ ਬਾਗੋਰ ਦੀ ਗੋਦ ਤੋਂ ਗਏ ਚਾਰ ਸ਼ਾਸਕਾਂ ਮਹਾਰਾਣਾ ਸਰਦਾਰ ਸਿੰਘ (1838-42), ਮਹਾਰਾਣਾ ਸਵਰੂਪ ਸਿੰਘ (1842-61), ਮਹਾਰਾਣਾ ਸ਼ੰਭੂ ਸਿੰਘ (1861-74) ਅਤੇ ਮਹਾਰਾਣਾ ਸੱਜਣ ਸਿੰਘ (1874-84) ਮੇਵਾੜ ਦੇ ਰਾਜਸਿੰਘਾਸਨ 'ਤੇ ਬਿਰਾਜਮਾਨ ਹੋਏ। ਬਾਗੋਰ ਦੇ ਆਖਰੀ ਸ਼ਾਸਕ ਮਹਾਰਾਜਾ ਸੋਹਨ ਸਿੰਘ ਨੇ 1875 'ਚ ਮੇਵਾੜ ਮਹਾਰਾਣਾ ਵਿਰੁੱਧ ਵਿਦ੍ਰੋਹ ਕੀਤਾ ਤਾਂ ਮੇਵਾੜ ਦੀ ਫੌਜ ਨੇ ਬਾਗੋਰ 'ਤੇ ਹਮਲਾ ਕਰ ਕੇ ਇਥੋਂ ਦੇ ਕਿਲੇ ਨੂੰ ਨਸ਼ਟ ਕਰ ਦਿੱਤਾ ਤੇ ਬਾਗੋਰ ਮੇਵਾੜ 'ਚ ਸ਼ਾਮਲ ਕਰ ਲਿਆ। ਇਸ ਸਾਲ ਗੁਰੂ ਗੋਬਿੰਦ ਸਿੰਘ ਜੀ ਦੀ 350ਵੀਂ ਜਯੰਤੀ ਮਨਾਈ ਜਾ ਰਹੀ ਹੈ, ਇਸ ਲਈ ਗੁਰੂ ਜੀ ਦੀ ਯਾਦ ਨਾਲ ਜੁੜੇ ਇਸ ਪਵਿੱਤਰ ਸਥਾਨ ਦੇ ਦਰਸ਼ਨ ਕਰਨਾ ਸੰਗਤਾਂ ਲਈ ਖੁਸ਼ਕਿਸਮਤੀ ਵਾਲੀ ਗੱਲ ਹੈ।                          

(ਉਰਵਸ਼ੀ)
  —ਡਾ. ਵਿਨੋਦ ਬੱਬਰ