ਗੁਰਦੁਆਰਾ ਦਮਦਮਾ ਸਾਹਿਬ

12/1/2015 6:47:10 AM

ਤਖ਼ਤ ਸ੍ਰੀ ਦਮਦਮਾ ਸਾਹਿਬ ਜੀ ਦੇ ਕੰਪਲੈਕਸ ਵਿਚ ਹੀ ਇਕ ਗੁਰਦੁਆਰਾ ਦਮਦਮਾ ਸਾਹਿਬ ਵੀ ਹੈ। ਇਸੇ ਦੇ ਨਾਂ ''ਤੇ ਹੀ ਇਸ ਤਖ਼ਤ ਸਾਹਿਬ ਦਾ ਨਾਂ ਦਮਦਮਾ ਸਾਹਿਬ ਜੀ ਰੱਖਿਆ ਗਿਆ ਹੈ। ਇਹ ਗੁਰਦੁਆਰਾ ਤਖ਼ਤ ਸਾਹਿਬ ਤੋਂ ਇਕ ਪਾਸੇ ਕਰਕੇ ਸਥਿਤ ਹੈ। ਇਥੇ ਜਦੋਂ ਗੁਰੂ ਜੀ ਸਭ ਤੋਂ ਪਹਿਲਾਂ ਪਧਾਰੇ ਸਨ ਤਾਂ ਜੰਗਾਂ-ਯੁੱਧਾਂ ਤੋਂ ਵਿਹਲੇ ਹੋ ਕੇ ਆਪਣਾ ਕਮਰਕੱਸਾ ਖੋਲ੍ਹਿਆ ਸੀ। ਇਸੇ ਲਈ ਇਸਦਾ ਨਾਂ ਦਮਦਮਾ ਪਿਆ ਕਿਉਂਕਿ ਗੁਰੂ ਜੀ ਨੇ ਜੰਗਾਂ-ਯੁੱਧਾਂ ਤੋਂ ਬਾਅਦ ਚੈਨ ਨਾਲ ਇਥੇ ਆ ਕੇ ਦਮ ਲਿਆ ਸੀ। ਸੂਰਜ ਪ੍ਰਕਾਸ਼ ਵਿਚ ਇਸ ਸੰਬੰਧੀ 21ਵੇਂ ਅੰਸੂ ਵਿਚ ਭਾਈ ਸੰਤੋਖ ਸਿੰਘ ਜੀ ਨੇ ਇਸ ਤਰ੍ਹਾਂ ਵਰਣਨ ਕੀਤਾ ਹੈ:
''ਇਸੀ ਰੀਤ ਪ੍ਰਭੁ ਜੀ ਬਸੇ, ਲਰਨਿ ਹੰਗਾਮਾ ਛੋਰਿ।
ਕਮਰਕਸਾ ਖੋਲਯੋ ਥਿਰੇ, ਸੁਖ ਕੋ ਲਹਿਓ ਓਰ।''

ਭਾਈ ਡੱਲ ਸਿੰਘ ਨੇ ਗੁਰੂ ਜੀ ਤੋਂ ਅੰਮ੍ਰਿਤਪਾਨ ਕੀਤਾ ਤੇ ਸਿੰਘ ਸਜ ਗਏ। ਉਨ੍ਹਾਂ ਨੇ ਦੋ ਹਜ਼ਾਰ ਉਣੱਤਰ ਵਿੱਘੇ ਜ਼ਮੀਨ ਤਖ਼ਤ ਸ੍ਰੀ ਦਮਦਮਾ ਸਾਹਿਬ ਨੂੰ ਭੇਟ ਕੀਤੀ। ਗੁਰੂ ਜੀ ਨੇ ਭਾਈ ਡੱਲ ਸਿੰਘ ਨੂੰ ਬਹੁਤ ਵਰਦਾਨ ਦਿੱਤੇ। ਦਮਦਮਾ ਸਾਹਿਬ ਵਿਖੇ ਗੁਰੂ ਗੋਬਿੰਦ ਸਿੰਘ ਜੀ 15 ਮਹੀਨੇ ਦੇ ਲਗਭਗ ਰਹੇ। ਭਾਵੇਂ ਪ੍ਰੰਪਰਾ ਇਹ ਤੁਰੀ ਆਉਂਦੀ ਹੈ ਕਿ ਇਥੇ ਗੁਰੂ ਜੀ 9 ਮਹੀਨੇ, 9 ਦਿਨ, 9 ਪਹਿਰ , 9 ਪਲ ਰਹੇ। ਅਸਲ ਵਿਚ ਇਹ ਸਮਾਂ ਗੁਰੂ ਜੀ ਦੁਆਰਾ ਗੁਰਬਾਣੀ ਦੇ ਅਰਥ ਬੋਧ ਤੇ ਬੀੜ ਨੂੰ ਮੁੜ ਲਿਖਵਾਏ ਜਾਣ ਦਾ ਹੈ, ਜਿਸ ਦਾ ਜ਼ਿਕਰ ਕੁਝ ਲਿਖਤਾਂ ਵਿਚ ਮਿਲਦਾ ਹੈ। ਇਸ ਬਾਰੇ ਅਸੀਂ ਅਗਲੇ ਅੰਕਾਂ ਵਿਚ ਵਿਸਥਾਰ ਨਾਲ ਦੱਸਾਂਗੇ।
ਪਿਆਰੇ ਪਾਠਕੋ! ਗੁਰੂ ਜੀ ਇਥੇ ਰਹਿੰਦਿਆਂ ਦਮਦਮਾ ਸਾਹਿਬ ਜੀ ਵਿਖੇ ਤਾਂ ਦੀਵਾਨ ਸਜਾਉਂਦੇ ਹੀ ਸਨ ਬਲਕਿ ਆਸ-ਪਾਸ ਦੇ ਪਿੰਡਾਂ ਵਿਚ ਵੀ ਪ੍ਰਚਾਰ ਲਈ ਜਾਂਦੇ ਹੁੰਦੇ ਸਨ। ਨੇੜੇ-ਤੇੜੇ ਦੇ ਪਿੰਡਾਂ ਭਾਗੀ ਬਾਂਦਰ, ਕੋਟ ਸ਼ਮੀਰ, ਜੰਡਾਲੀ ਟਿੱਬਾ, ਟਾਹਲਾ ਸਾਹਿਬ, ਤਿੱਤਰਸਰ, ਮਠਿਆਈਸਰ (ਦਲੀਏ ਵਾਲ) , ਚੱਕ ਫਤਹਿ ਸਿੰਘ, ਲਵੇਰੀਸਰ (ਕੱਚੀ ਭੁੱਚੋ), ਭਾਗੂ, ਹਾਜੀਰਤਨ, ਲੱਖੀ ਜੰਗਲ, ਭੋਖੜੀ, ਹਰਿਰਾਇਪੁਰ ਆਦਿ ਵਿਚ ਗੁਰੂ ਜੀ ਕਈ ਵਾਰ ਧਰਮ ਪ੍ਰਚਾਰ ਹਿੱਤ ਦੌਰੇ ਕਰਦੇ ਰਹੇ। ਹੋਰ ਵੀ ਜਿੱਥੇ ਦੀ ਸੰਗਤ ਗੁਰੂ ਸਾਹਿਬ ਜੀ ਨੂੰ ਬੇਨਤੀ ਕਰਦੀ ਤਾਂ ਗੁਰੂ ਜੀ ਉੱਥੇ ਜਾ ਬਿਰਾਜਦੇ ਤੇ ਧਰਤੀ ਨੂੰ ਭਾਗ ਲੱਗ ਜਾਂਦੇ। ਇਸ ਇਲਾਕੇ ਦੇ ਅਨੇਕਾਂ ਪਿੰਡਾਂ ਵਿਚ ਗੁਰੂ ਸਾਹਿਬ ਜੀ ਦੀ ਆਮਦ ਦੀ ਯਾਦ ਵਿਚ ਸੁੰਦਰ ਗੁਰਦੁਆਰੇ ਬਣੇ ਹੋਏ ਹਨ। ਭਾਵੇਂ ਗੁਰੂ ਜੀ ਧਰਮ ਪ੍ਰਚਾਰ ਲਈ ਆਸ-ਪਾਸ ਦੇ ਇਲਾਕੇ ਵਿਚ ਜਾਂਦੇ ਰਹੇ ਪਰ ਮੁੱਖ ਕੇਂਦਰ ਦਮਦਮਾ ਸਾਹਿਬ ਹੀ ਰਿਹਾ। ਇਸ ਸਥਾਨ ''ਤੇ ਬੈਠ ਕੇ ਗੁਰੂ ਜੀ ਵੱਲੋਂ ਕੀਤੇ ਕੌਤਕਾਂ ਵਿਚੋਂ ਪ੍ਰਸਿੱਧ ਕੌਤਕ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੀੜ ਨੂੰ ਸੰਪੂਰਨ ਕਰਨਾ, ਗੁਰਬਾਣੀ ਦੇ ਅਰਥ-ਬੋਧ ਕਰਵਾਉਣੇ, ਖਾਲਸੇ ਨੂੰ ਗੁਰੂ ਸਪੁੱਤਰ ਹੋਣ ਦਾ ਰੁਤਬਾ ਪ੍ਰਦਾਨ ਕਰਨਾ ਆਦਿ ਪ੍ਰਮੁੱਖ ਹਨ।
ਗੁਰਦੁਆਰਾ ਦਮਦਮਾ ਸਾਹਿਬ ਜੀ ਵਿਖੇ ਹੀ ਗੁਰੂ ਜੀ ਇਹ ਕੌਤਕ ਕਰਦੇ ਰਹੇ। ਇਥੋਂ ਹੀ ਗੁਰੂ ਜੀ ਲੱਖੀ ਜੰਗਲ ਦੇ ਇਲਾਕੇ ਵਿਚ ਗਏ। ਜਦੋਂ ਗੁਰੂ ਜੀ ਲੱਖੀ ਜੰਗਲ ਪਧਾਰੇ ਤਾਂ ਉੱਥੇ ਬਹੁਤ ਸੰਗਤ ਇਕੱਠੀ ਹੋ ਗਈ। ਗੁਰੂ ਜੀ ਨੇ ਇਸ ਮੌਕੇ ਉਚਾਰਿਆ:
''ਲੱਖੀ ਜੰਗਲ ਖ਼ਾਲਸਾ ਆਇ ਦੀਦਾਰ ਲਗੋ ਨੇ।
ਸੁਣ ਕੇ ਸਦ ਮਾਹੀ ਦਾ ਮੇਂਹੀ ਪਾਣੀ ਘਾਹੁ ਮਤੋ ਨੇ।

ਦਮਦਮਾ ਸਾਹਿਬ ਜੀ ਵਿਖੇ ਭਾਈ ਡੱਲ ਸਿੰਘ ਪਾਸ ਰਹਿੰਦਿਆਂ ਗੁਰੂ ਜੀ ਬਾਰੇ ਜਦੋਂ ਸੂਬਾ ਸਰਹਿੰਦ ਵਜੀਦ ਖਾਨ ਨੂੰ ਪਤਾ ਲੱਗਾ ਤਾਂ ਉਸਨੇ ਭਾਈ ਡੱਲ ਸਿੰਘ ਨੂੰ ਪੱਤਰ ਲਿਖਿਆ। ਪੱਤਰ ਵਿਚ ਵਜੀਦ ਖਾਨ ਨੇ ਕਿਹਾ, ''ਤੂੰ ਬਾਦਸ਼ਾਹ ਦੇ ਵਿਰੋਧੀ ਨੂੰ ਆਪਣੇ ਘਰ ਵਿਚ ਪਨਾਹ ਦਿੱਤੀ ਹੋਈ ਹੈ, ਉਸਨੂੰ ਸਾਡੇ ਹਵਾਲੇ ਕਰ ਦੇ ਤੇ ਇਨਾਮ ਹਾਸਲ ਕਰ।'' ਗਿਆਨੀ ਗਿਆਨ ਸਿੰਘ ਤਵਾਰੀਖ ਗੁਰੂ ਖ਼ਾਲਸਾ ਵਿਚ ਇਸ ਤਰ੍ਹਾਂ ਵਰਣਨ ਕਰਦੇ ਹਨ,''ਦੀਵਾਨ ਵਿਚ ਸੂਬੇ ਸਰਹਿੰਦ ਵੱਲੋਂ ਫੁਰਮਾਨ ਡੱਲੇ ਪਾਸ ਲੈ ਕੇ ਅਸਵਾਰ ਆਯਾ। ਓਸ ਵਿਚ ਲਿਖਿਆ ਸੀ ਕਿ ''ਮੈਂ ਸੁਣਿਆ ਹੈ ਤੇਰੇ ਘਰ ਬਾਦਸ਼ਾਹ ਦਾ ਵਿਰੋਧੀ ਜਿਸਨੇ ਬੇਸ਼ੁਮਾਰ ਸੈਨਾ ਖਪਾ ਛੱਡੀ, ਓਹ ਗੁਰੂ ਹੈ। ਏਸ ਨੂੰ ਫੜ ਕੇ ਮੇਰੇ ਪਾਸ ਭੇਜ, ਨਹੀਂ ਤਾਂ ਮੇਰੀ ਚੜ੍ਹਾਈ ਹੋਵੇਗੀ। ਤੇਰੀ ਗੜ੍ਹੀ ਦੀ ਇੱਟ-ਇੱਟ ਕਰਕੇ ਤੈਨੂੰ ਗੁਰੂ ਸਮੇਤ ਫੜ ਲਿਆਵਾਂਗਾ।''
ਫਿਰ ਭਾਈ ਡੱਲ ਸਿੰਘ ਨੇ ਇਸ ਪੱਤਰ ਦਾ ਬੜਾ ਸਖਤ ਉੱਤਰ ਵਜੀਦ ਖ਼ਾਨ ਨੂੰ ਭੇਜ ਕੇ ਕੋਰਾ ਜੁਆਬ ਦੇ ਦਿੱਤਾ। ਗਿਆਨੀ ਗਿਆਨ ਸਿੰਘ ਜੀ ਅਨੁਸਾਰ,''ਏਸ ਦਾ ਉੱਤਰ ਓਥੇ ਹੀ ਬੈਠਿਆਂ ਡੱਲੇ ਨੇ ਲਿਖਵਾ ਭੇਜਿਆ ਕਿ ਵਜੀਦ ਖ਼ਾਂ! ਅੱਗੇ ਤੈਂ ਗੁਰੂ ਤੇ ਕਸਰ ਨਹੀਂ ਰੱਖੀ ਤੇ ਹੁਣ ਰੱਖੀਂ ਨਾ। ਗੁਰੂ ਮੇਰੇ ਪ੍ਰਾਣਾਂ ਨਾਲ ਹੈ। ਤੇਰੇ ਲਸ਼ਕਰ ਨੂੰ ਓਹ ਹੱਥ ਦਿਖਾਵਾਂਗੇ, ਇਕ ਨੂੰ ਜਿਊਂਦਾ ਨਾਂ ਜਾਣ ਦੇਵਾਂਗੇ ਕਿਉਂਕਿ ਏਸ ਦੇਸ਼ ਵਿੱਚ ਸ਼ਾਹ ਫ਼ੌਜ ਆਪੇ ਤ੍ਰਿਹਾਈ ਮਰ ਜਾਊ।''
ਗੁਰੂ ਜੀ ਭਾਈ ਡੱਲ ਸਿੰਘ ਜੀ ਦੇ ਇਸ ਗੁਰੂ ਪ੍ਰੇਮ ਨੂੰ ਵੇਖ ਕੇ ਬਹੁਤ ਖ਼ੁਸ਼ ਹੋਏ ਤੇ ਬੇਅੰਤ ਬਖ਼ਸ਼ਿਸ਼ਾਂ ਕੀਤੀਆਂ। ਅੱਜ ਕੱਲ੍ਹ ਇਸ ਸਥਾਨ ''ਤੇ ਬਹੁਤ ਹੀ ਸ਼ਾਨਦਾਰ ਗੁਰਦੁਆਰਾ ਦਮਦਮਾ ਸਾਹਿਬ ਬਣਿਆ ਹੋਇਆ ਹੈ। ਜਦੋਂ ਅਸੀਂ ਤਖ਼ਤ ਸਾਹਿਬ ਕੰਪਲੈਕਸ ਵਿਚ ਪ੍ਰਵੇਸ਼ ਕਰਦੇ ਹਾਂ ਤਾਂ ਸਾਹਮਣੇ ਤਖ਼ਤ ਸਾਹਿਬ ਜੀ ਦੇ ਦਰਸ਼ਨ ਹੁੰਦੇ ਹਨ। ਤਖ਼ਤ ਸਾਹਿਬ ਦੇ ਸੱਜੇ ਪਾਸੇ ਛੋਟਾ ਜਿਹਾ ਅਸਥਾਨ ਮੰਜੀ ਸਾਹਿਬ ਪਾਤਸ਼ਾਹੀ ਨੌਵੀਂ ਬਣਿਆ ਹੋਇਆ ਹੈ। ਮੰਜੀ ਸਾਹਿਬ ਦੇ ਸੱਜੇ ਪਾਸੇ ਤੇ ਕੰਪਲੈਕਸ ਦੇ ਅਖੀਰ ਵਿਚ ਕਾਫ਼ੀ ਉੱਚਾ ਤੇ ਸ਼ਾਨਦਾਰ ਗੁਰਦੁਆਰਾ ਦਮਦਮਾ ਸਾਹਿਬ ਜੀ ਸੁਸ਼ੋਭਿਤ ਹਨ। ਦਮਦਮਾ ਸਾਹਿਬ ਜੀ ਦੇ ਕੋਲ ਗੁਰੂ ਜੀ ਦੇ ਘੋੜੇ ਬੰਨ੍ਹੇ ਗਏ ਸਨ, ਜਿਨ੍ਹਾਂ ਕਿੱਲਿਆਂ ਤੋਂ ਅੱਜ ਵੀ ਦੋ ਜੰਡ ਬਣੇ ਹੋਏ ਰੁੱਖ ਮੌਜੂਦ ਹਨ। ਸੇਵਾਦਾਰਾਂ ਨੇ ਜੰਡ ਦੇ ਕੀਲੇ ਗੱਡ ਕੇ ਗੁਰੂ ਜੀ ਦੇ ਘੋੜੇ ਉਨ੍ਹਾਂ ਨਾਲ ਬੰਨ੍ਹ ਦਿੱਤੇ ਸਨ।
ਇਹ ਜੰਡ ਦੇ ਪੂਰੇ ਰੁੱਖ ਬਣ ਗਏ ਹਨ। ਇਹ ਦੋਵੇਂ ਰੁੱਖ ਤਖ਼ਤ ਸਾਹਿਬ ਜੀ ਦੇ ਕੰਪਲੈਕਸ ਦੇ ਅੰਦਰ ਹੀ ਮੌਜੂਦ ਹਨ। ਮੰਜੀ ਸਾਹਿਬ ਅਸਥਾਨ ਬਾਰੇ ਦੱਸਿਆ ਜਾਂਦਾ ਹੈ ਕਿ ਸ੍ਰੀ ਗੁਰੂ ਤੇਗ ਬਹਾਦਰ ਜੀ ਜਦੋਂ ਇਥੇ ਪਧਾਰੇ ਸਨ ਤਾਂ ਉਹ ਮੰਜੀ ਸਾਹਿਬ ਜੀ ਵਾਲੀ ਥਾਂ ''ਤੇ ਹੀ ਬਿਰਾਜੇ ਸਨ। ਦਮਦਮਾ ਸਾਹਿਬ ਵਾਲੇ ਟਿੱਬੇ ਵੱਲ ਗੁਰੂ ਤੇਗ਼ ਬਹਾਦਰ ਜੀ ਨੇ ਇਸ਼ਾਰਾ ਕਰਕੇ ਕਿਹਾ ਸੀ ਤੇ ਭਵਿੱਖਬਾਣੀ ਕੀਤੀ ਸੀ ਕਿ ਇਸ ਅਸਥਾਨ ''ਤੇ ਬੈਠਣ ਵਾਲੇ ਤੇਜਸਵੀ ਸਤਿ ਪੁਰਖ, ਮਹਾਬਲੀ (ਸ੍ਰੀ ਗੁਰੂ ਗੋਬਿੰਦ ਸਿੰਘ ਜੀ) ਆਉਣਗੇ । ਤਖ਼ਤ ਸਾਹਿਬ ਦੇ ਕੰਪਲੈਕਸ ਵਿਚ ਨੌਵੇਂ ਸਤਿਗੁਰੂ ਜੀ ਦੀ ਇਹ ਯਾਦਗਾਰ ਅੱਜ ਵੀ ਮੌਜੂਦ ਹੈ।

(ਚਲਦਾ)
- ਗੁਰਪ੍ਰੀਤ ਸਿੰਘ ਨਿਆਮੀਆਂ