ਗੁਰੂ ਤੇਗ ਬਹਾਦਰ ਸਾਹਿਬ ਦੀ ਕਿਰਪਾ ਨਾਲ ਵਸਿਆ ਨਗਰ ਧੁਬੜੀ ਸਾਹਿਬ (ਆਸਾਮ)

4/17/2017 6:00:46 AM

ਸਰਬੱਤ ਦੇ ਭਲੇ ਦੀ ਸਿਧਾਂਤਕ ਅਤੇ ਵਿਹਾਰਕ ਹਾਮੀ ਭਰਨ ਵਾਲੇ ਸਿੱਖ ਧਰਮ ਦੇ ਪ੍ਰਚਾਰ ਅਤੇ ਪ੍ਰਸਾਰ ਲਈ ਸ੍ਰੀ ਗੁਰੂ ਨਾਨਕ ਦੇਵ ਜੀ ਨੇ (ਦੇਸ਼-ਵਿਦੇਸ਼ ਵਿਚ) ਉਦਾਸੀਆਂ ਦਾ ਸਿਲਸਿਲਾ ਆਰੰਭ ਕੀਤਾ ਸੀ, ਜਿਸ ਨੂੰ ਬਾਅਦ ਵਿਚ ਉਨ੍ਹਾਂ ਦੇ ਉੱਤਰਾਧਿਕਾਰੀਆਂ ਨੇ ਵੀ ਜਾਰੀ ਰੱਖਿਆ। ਇਸ ਸਿਲਸਿਲੇ ਦਾ ਮਨੋਰਥ ਜਿਥੇ ਗੁਰੂ ਸਾਹਿਬ ਦੇ ਸਰਬ-ਕਲਿਆਣਕਾਰੀ ਮਿਸ਼ਨ ਦਾ ਫੈਲਾਅ ਕਰਨਾ ਸੀ, ਉਥੇ ਭਟਕਦੀ ਹੋਈ ਲੋਕਾਈ ਨੂੰ ਸੱਚ ਦੇ ਮਾਰਗ ਨਾਲ ਜੋੜ ਕੇ ਰੂਹਾਨੀ ਖੁਸ਼ੀ ਦਾ ਪਾਤਰ ਬਣਾਉਣਾ ਵੀ ਸੀ। ਅਜਿਹੀ ਪਾਤਰਤਾ ਦੀ ਉਸਾਰੀ ਹਿੱਤ ਹੀ 9ਵੇਂ ਨਾਨਕ ਸ੍ਰੀ ਗੁਰੂ ਤੇਗ ਬਹਾਦਰ ਜੀ ਨੇ ਵੀ ਆਪਣੇ ਸਮੇਂ ਵਿਚ ਚੜ੍ਹਦੇ ਸੂਰਜ (ਪਟਨਾ, ਬੰਗਾਲ ਅਤੇ ਆਸਾਮ) ਦੇ ਇਲਾਕਿਆਂ ਵਿਚ ਆਪਣੇ ਮੁਬਾਰਕ ਚਰਨ ਪਾਏ ਸਨ।
ਗੁਰੂ ਤੇਗ ਬਹਾਦਰ ਸਾਹਿਬ ਅਤੇ ਉਨ੍ਹਾਂ ਦੇ ਪਰਿਵਾਰ ਦੀ ਪਟਨਾ ਸਾਹਿਬ ਵਿਚਲੀ ਠਹਿਰ ਸਮੇਂ ਬਹੁਤ ਸਾਰੀਆਂ ਸੰਗਤਾਂ ਗੁਰੂ ਜੀ ਦੇ ਦਰਸ਼ਨ ਕਰਨ ਵਾਸਤੇ ਆਉਂਦੀਆਂ ਅਤੇ ਉਨ੍ਹਾਂ ਦੇ ਮੁਖ਼ਾਰਬਿੰਦ ਤੋਂ ਉਚਾਰਣ ਕੀਤੇ ਪਵਿੱਤਰ ਬਚਨ ਸੁਣ ਕੇ ਨਿਹਾਲ ਹੋ ਜਾਂਦੀਆਂ। ਰੋਜ਼ਾਨਾ ਦੀ ਤਰ੍ਹਾਂ ਇਕ ਦਿਨ ਅੰਮ੍ਰਿਤ ਵੇਲੇ ਗੁਰਬਾਣੀ ਦਾ ਕੀਰਤਨ ਹੋ ਰਿਹਾ ਸੀ ਤਾਂ ਰਾਜਾ ਰਾਮ ਸਿੰਘ ਦਾ ਇਕ ਨੁਮਾਇੰਦਾ ਗੁਰੂ ਤੇਗ ਬਹਾਦਰ ਸਾਹਿਬ ਦੇ ਦਰਸ਼ਨ ਕਰਨ ਲਈ ਆਇਆ। ਬਹੁਤ ਸਾਰੀਆਂ ਭੇਟਾਵਾਂ ਅਤੇ ਸਤਿਕਾਰ ਪੇਸ਼ ਕਰਨ ਤੋਂ ਬਾਅਦ ਉਸ ਨੇ ਗੁਰੂ ਜੀ ਨੂੰ ਬੇਨਤੀ ਕੀਤੀ ਕਿ ''''ਸੱਚੇ ਪਾਤਸ਼ਾਹ! ਹਿੰਦੋਸਤਾਨ ਦੇ ਬਾਦਸ਼ਾਹ ਔਰੰਗਜ਼ੇਬ ਨੇ ਮੇਰੇ ਮਾਲਕ (ਰਾਜਾ ਰਾਮ ਸਿੰਘ) ਨੂੰ ਕਾਮਰੂਪ (ਆਸਾਮ) ''ਤੇ ਹਮਲਾ ਕਰਨ ਦਾ ਹੁਕਮ ਦਿੱਤਾ ਹੋਇਆ ਹੈ। ਕਾਮਰੂਪ ਵਿਚ ਜਾਦੂ-ਮੰਤਰਾਂ ਦਾ ਬੋਲਬਾਲਾ ਹੈ, ਜੋ ਕਿ ਵੱਡੇ ਖ਼ਤਰੇ ਤੋਂ ਖਾਲੀ ਨਹੀਂ, ਕਿਰਪਾ ਕਰਕੇ ਸਾਨੂੰ ਬਚਾ ਲਓ।''''
ਉਸ ਦੀ ਵਿਥਿਆ ਸੁਣ ਕੇ ਗੁਰੂ ਤੇਗ ਬਹਾਦਰ ਸਾਹਿਬ ਕਹਿਣ ਲੱਗੇ ਕਿ ''''ਪ੍ਰਮਾਤਮਾ ਦਾ ਨਿਰੰਤਰ ਜਾਪ ਕਰੋ, ਉਹ ਭਲੀ ਕਰੇਗਾ? ਨਾਲ ਹੀ ਉਨ੍ਹਾਂ ਨੇ ਇਹ ਵੀ ਕਿਹਾ ਕਿ ਉਹ ਕੁਝ ਸਮੇਂ ਬਾਅਦ ਸਿੱਖੀ ਦੇ ਪ੍ਰਚਾਰ ਲਈ ਆਸਾਮ ਆਉਣਗੇ।
ਨੁਮਾਇੰਦੇ ਨੂੰ ਹੌਸਲਾ ਦੇ ਕੇ ਗੁਰੂ ਸਾਹਿਬ ਨੇ ਵਾਪਿਸ ਭੇਜ ਦਿੱਤਾ ਅਤੇ ਆਪਣੇ ਪਰਿਵਾਰ (ਮਾਤਾ ਅਤੇ ਪਤਨੀ) ਨੂੰ ਸਾਲੇ ਕਿਰਪਾਲ ਚੰਦ ਦੇ ਹਵਾਲੇ ਕਰਕੇ ਆਪ ਭਾਗਲਪੁਰ, ਰਾਜਮਹਲ, ਮਾਲਦਾ ਅਤੇ ਢਾਕਾ ਹੁੰਦੇ ਹੋਏ ਕਾਮਰੂਪ (ਅਜੋਕੇ ਆਸਾਮ) ਵਿਖੇ ਪਹੁੰਚ ਗਏ। ਉਨ੍ਹਾਂ ਨੇ ਦਰਿਆ ਬ੍ਰਹਮਪੁੱਤਰ ਦੇ ਕੰਢੇ ''ਤੇ ਸਥਿਤ (ਗੁਰੂ ਨਾਨਕ ਦੇਵ ਜੀ ਦੀ ਚਰਨ ਛੋਹ ਪ੍ਰਾਪਤ) ਗੁਰਦੁਆਰਾ ਦਮਦਮਾ ਸਾਹਿਬ (ਹੁਣ ਧੁਬੜੀ ਸਾਹਿਬ) ਵਿਖੇ ਪੜਾਅ ਕੀਤਾ। ਬਾਦਸ਼ਾਹ ਦਾ ਹੁਕਮ ਵਜਾਉਣ ਲਈ ਰਾਜਾ ਰਾਮ ਸਿੰਘ ਅਤੇ ਉਸ ਦੀ ਫੌਜ ਵੀ ਇਸ ਸਥਾਨ ''ਤੇ ਪਹੁੰਚ ਗਏ।
ਇਧਰ ਜਦੋਂ ਕਾਮਰੂਪ ਦੇਸ਼ ਦੇ ਰਾਜੇ ਚਕਰਧਰ ਨੂੰ ਪਤਾ ਲੱਗਾ ਕਿ ਮੁਗ਼ਲ ਬਾਦਸ਼ਾਹ ਔਰੰਗਜ਼ੇਬ ਦੀ ਸ਼ਹਿ ''ਤੇ ਰਾਜਾ ਰਾਮ ਸਿੰਘ ਉਸ ਉਪਰ ਹਮਲਾ ਕਰਨ ਲਈ ਆ ਰਿਹਾ ਹੈ ਤਾਂ ਉਸ ਨੇ ਉਸ (ਰਾਜਾ ਰਾਮ ਸਿੰਘ) ਦੀ ਫੌਜ ਨੂੰ ਸਬਕ ਸਿਖਾਉਣ ਦੀ ਠਾਣ ਲਈ। ਲੜਾਈ ਵਿਚ ਮਦਦ ਲੈਣ ਲਈ ਉਸ ਨੇ ਆਪਣੇ ਦੇਸ਼ ਦੀਆਂ ਪ੍ਰਸਿੱਧ ਜਾਦੂਗਰਨੀਆਂ ਨੂੰ ਸੁਨੇਹਾ ਭੇਜਿਆ। ਇਨ੍ਹਾਂ ਜਾਦੂਗਰਨੀਆਂ ਵਿਚ ਇਕ ਨੇਤਾਈ ਧੋਬਣ ਵੀ ਸੀ।
ਇਧਰ ਨੌਵੇਂ ਪਾਤਸ਼ਾਹ ਨੇ ਆਉਣ ਵਾਲੇ ਖ਼ਤਰੇ ਨੂੰ ਭਾਂਪਦੇ ਹੋਏ ਰਾਜਾ ਰਾਮ ਸਿੰੰਘ ਨੂੰ ਖ਼ਬਰਦਾਰ ਕੀਤਾ ਕਿ ਉਹ ਆਪਣੀ ਫੌਜ ਨੂੰ ਦਰਿਆ ਦੇ ਕਿਨਾਰੇ ਤੋਂ ਕਿਸੇ ਉੱਚੀ ਥਾਂ ''ਤੇ ਲੈ ਜਾਵੇ ਕਿਉਂਕਿ ਜਾਦੂਈ ਜੁਗਤ ਨਾਲ ਇਸ ਦਰਿਆ ਵਿਚ ਹੜ੍ਹ ਆਉਣ ਵਾਲਾ ਹੈ, ਹੋਇਆ ਵੀ ਇੰਝ ਹੀ। ਕਾਲੇ ਜਾਦੂ ਦੇ ਕਮਾਲ ਨਾਲ ਰਾਤ ਨੂੰ ਦਰਿਆ ਬ੍ਰਹਮਪੁੱਤਰ ਵਿਚ ਹੜ੍ਹ ਆ ਗਿਆ। ਗੁਰੂ ਬਚਨਾਂ ''ਤੇ ਪਹਿਰਾ ਦੇਣ ਵਾਲੀ ਫੌਜ ਤਾਂ ਇਸ ਹੜ੍ਹ ਦੀ ਮਾਰ ਤੋਂ ਬਚ ਗਈ ਪਰ ਦੂਸਰੀ ਫੌਜ ਤੇਜ਼ ਪਾਣੀ ਦੇ ਵਹਾਅ ਵਿਚ ਵਹਿ ਗਈ। ਅਜਿਹਾ ਮੰਜ਼ਰ ਦੇਖ ਕੇ ਰਾਜਾ ਰਾਮ ਸਿੰਘ ਅਤੇ ਉਸ ਦੀ ਫੌਜ ਦੇ ਹੌਸਲੇ ਪਸਤ ਹੋ ਗਏ।
ਗੁਰੂ ਤੇਗ ਬਹਾਦਰ ਸਾਹਿਬ ਨੇ ਉਨ੍ਹਾਂ ਨੂੰ ਹੌਸਲਾ ਦਿੱਤਾ ਅਤੇ ਨਾਲ ਹੀ ਇਹ ਵੀ ਕਿਹਾ ਕਿ ''''ਉਨ੍ਹਾਂ ਦਾ ਹੁਣ ਕੋਈ ਹੋਰ ਨੁਕਸਾਨ ਨਹੀਂ ਹੋਵੇਗਾ, ਉਹ ਅਕਾਲ ਪੁਰਖ ਉਪਰ ਵਿਸ਼ਵਾਸ ਰੱਖਣ। ਗੁਰੂ ਸਾਹਿਬ ਦੀ ਹਾਜ਼ਰੀ ਅਤੇ ਵਿਸ਼ੇਸ਼ ਕਿਰਪਾ ਨਾਲ ਜਦੋਂ ਜਾਦੂਗਰਨੀਆਂ ਦਾ ਜਾਦੂ ਆਪਣਾ ਅਸਰ ਦਿਖਾਉਣੋਂ ਹਟ ਗਿਆ ਤਾਂ ਨੇਤਾਈ ਧੋਬਣ ਗੁੱਸੇ ਵਿਚ ਆ ਗਈ ਅਤੇ ਉਸ ਨੇ ਇਕ ਵੱਡ-ਆਕਾਰੀ ਪੱਥਰ ਗੁਰੂ ਸਾਹਿਬ ਵੱਲ ਚਲਾ ਦਿੱਤਾ। ਵਾਹਿਗੁਰੂ ਦੀ ਕਿਰਪਾ ਨਾਲ ਉਹ ਪੱਥਰ ਗੁਰੂ ਜੀ ਦਾ ਵਾਲ ਵੀ ਵਿੰਗਾ ਨਾ ਕਰ ਸਕਿਆ ਅਤੇ ਦੂਰ ਜਾ ਕੇ ਏਨੀ ਜ਼ੋਰ ਦੀ ਡਿੱਗਿਆ ਕਿ ਉਸ ਦਾ ਅੱਧਾ ਹਿੱਸਾ ਧਰਤੀ ਵਿਚ ਹੀ ਧੱਸ ਗਿਆ। ਆਪਣੀ ਇਸ ਨਾਕਾਮਯਾਬੀ ਤੋਂ ਬਾਅਦ ਉਸ ਧੋਬਣ ਨੇ ਪਿੱਪਲ ਦਾ ਇਕ ਦਰੱਖਤ ਪੁੱਟਿਆ ਅਤੇ ਉਸ ਨਾਲ ਗੁਰੂ ਜੀ ਉਪਰ ਇਕ ਹੋਰ ਵਾਰ ਕਰ ਦਿੱਤਾ ਪਰ ਨੇਤਾਈ ਧੋਬਣ ਦਾ ਇਹ ਵਾਰ ਵੀ ਖਾਲੀ ਹੀ ਗਿਆ ਕਿਉਂਕਿ ਗੁਰੂ ਸਾਹਿਬ ਨੇ ਆਪਣੀ ਆਤਮਿਕ ਢਾਲ ਨਾਲ ਉਸ ਪਿੱਪਲ ਨੂੰ ਹਵਾ ਵਿਚ ਲਟਕਣ ਲਾ ਦਿੱਤਾ। ਆਪਣੀਆਂ ਮਾਰੂ ਕੋਸ਼ਿਸ਼ਾਂ ਨੂੰ ਸਿਰੇ ਨਾ ਚੜ੍ਹਦਿਆਂ ਦੇਖ ਕੇ ਨੇਤਾਈ ਧੋਬਣ ਨੇ ਗੁਰੂ ਤੇਗ ਬਹਾਦਰ ਸਾਹਿਬ ਦੀ ਰੂਹਾਨੀ ਸ਼ਕਤੀ ਅੱਗੇ ਗੋਡੇ ਟੇਕ ਦਿੱਤੇ ਅਤੇ ਚਰਨਾਂ ਉਪਰ ਢਹਿ ਕੇ ਮੁਆਫ਼ੀ ਮੰਗ ਲਈ। ਗੁਰੂ ਜੀ ਅੱਗੇ ਬੇਨਤੀ ਕਰਦਿਆਂ ਉਸ ਧੋਬਣ ਨੇ ਕਿਹਾ ਕਿ ''''ਜੇਕਰ ਤੁਸੀਂ ਕਿਰਪਾ ਕਰ ਦਿਓ ਤਾਂ ਮੇਰਾ ਨਾਂ ਵੀ ਗੁਰੂ ਘਰ ਨਾਲ ਸਦੀਵੀ ਕਾਲ ਲਈ ਜੁੜਿਆ ਰਹੇ।''''
ਉਸ ਦੀ ਬੇਨਤੀ ਉਪਰ ਵਿਚਾਰ ਕਰਦਿਆਂ ਗੁਰੂ ਸਾਹਿਬ ਨੇ ਕਿਹਾ ਕਿ ''''ਜੇਕਰ ਉਹ ਆਪਣੇ ਕਾਲੇ ਕਾਰਨਾਮੇ (ਜਾਦੂਗਰੀ) ਛੱਡ ਦੇਵੇ ਤਾਂ ਆਉਣ ਵਾਲੇ ਸਮੇਂ ਵਿਚ ਇਸ ਸਥਾਨ ਉਪਰ ਇਕ ਬਹੁਤ ਵੱਡਾ ਨਗਰ ਵਸੇਗਾ, ਜਿਸ ਦਾ ਨਾਂ ਤੇਰੇ ਨਾਂ ਨਾਲ ਜਾਣਿਆ ਜਾਵੇਗਾ।
ਨੇਤਾਈ ਧੋਬਣ ਨੇ ਗੁਰੂ ਤੇਗ ਬਹਾਦਰ ਸਾਹਿਬ ਦੇ ਬਚਨ ਨੂੰ ਸਤਿ ਕਰਕੇ ਜਾਣਿਆ ਤੇ ਆਪਣੀ ਬਚਦੀ ਹੋਈ ਜ਼ਿੰਦਗੀ ਨੇਕਨੀਤੀ ਨਾਲ ਗੁਜ਼ਾਰੀ। ਇਧਰ ਗੁਰੂ ਸਾਹਿਬ ਦੇ ਕਹੇ ਹੋਏ ਵਾਕ ਵੀ ਵਰਦਾਨ ਸਾਬਿਤ ਹੋਏ, ਜਿਨ੍ਹਾਂ ਅਨੁਸਾਰ ਦਰਿਆ ਬ੍ਰਹਮਪੁੱਤਰ (ਆਸਾਮ) ਦੇ ਕਿਨਾਰੇ ''ਤੇ ਵਸੇ ਇਸ ਨਗਰ ਦਾ ਨਾਂ ਧੋਬੜੀ/ਧੁਬੜੀ ਸਾਹਿਬ (ਧੋਬਣ ਨਾਲ ਸੰਬੰਧਿਤ) ਪ੍ਰਚੱਲਿਤ ਹੋ ਗਿਆ।
- ਰਮੇਸ਼ ਬੱਗਾ ਚੋਹਲਾ, ਮੋ. 94631-32719