ਸ਼ਹੀਦਾਂ ਦੇ ਸਿਰਤਾਜ ਸ੍ਰੀ ਗੁਰੂ ਅਰਜਨ ਦੇਵ ਜੀ

5/29/2017 7:59:42 AM

ਸਿੱਖ ਧਰਮ ਦੇ ਇਤਿਹਾਸ ਵਿਚ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਸ਼ਹਾਦਤ ਵਿਸ਼ੇਸ਼ ਮਹੱਤਵ ਰੱਖਦੀ ਹੈ। ਇਹ ਸ਼ਹਾਦਤ ਸਿਰਫ ਸ੍ਰੀ ਗੁਰੂ ਅਰਜਨ ਦੇਵ ਜੀ ਤਕ ਹੀ ਸੀਮਤ ਨਹੀਂ ਸੀ, ਸਗੋਂ ਸਮੁੱਚੇ ਸਿੱਖ ਧਰਮ ਦੇ ਵਿਰੁੱਧ ਸੋਚਿਆ-ਸਮਝਿਆ ਹਮਲਾ ਸੀ। ਇਸ ਸ਼ਹਾਦਤ ਦੇ ਕਾਰਨਾਂ ਨੂੰ ਸਮਝਣ ਲਈ ਸਿੱਖ ਧਰਮ ਦੇ ਸਿਧਾਂਤਾਂ ਦੀ ਵਿਲੱਖਣਤਾ ਤੇ ਉਸ ਸਮੇਂ ਦੀਆਂ ਸਮਾਜਿਕ, ਰਾਜਨੀਤਕ, ਧਾਰਮਿਕ ਅਤੇ ਆਰਥਿਕ ਪ੍ਰਸਥਿਤੀਆਂ ''ਤੇ ਝਾਤੀ ਮਾਰਨੀ ਜ਼ਰੂਰੀ ਹੋਵੇਗੀ।
ਸ੍ਰੀ ਗੁਰੂ ਨਾਨਕ ਦੇਵ ਜੀ ਨੇ ਸੱਚ ਧਰਮ ਦਾ ਜੋ ਨਵਾਂ ਮਾਰਗ ਸੰਸਾਰ ਨੂੰ ਵਿਖਾਇਆ, ਇਹ ਮਾਰਗ ਆਰਥਿਕ, ਸਮਾਜਿਕ, ਧਾਰਮਿਕ ਤੇ ਰਾਜਨੀਤਕ ਪੱਖ ਤੋਂ ਬਹੁਤ ਕ੍ਰਾਂਤੀਕਾਰੀ ਸੀ। ਗੁਰੂ ਜੀ ਦੇ ਸਮੇਂ ਇਨ੍ਹਾਂ ਸਾਰੇ ਖੇਤਰਾਂ ਵਿਚ ਬਹੁਤ ਗਿਰਾਵਟ ਆ ਚੁੱਕੀ ਸੀ। ਸਮਾਜ ਵਿਚ ਅਨਪੜ੍ਹਤਾ ਤੇ ਅਗਿਆਨਤਾ ਸਿਖਰ ''ਤੇ ਸੀ। ਲੋਕਾਈ ਨੂੰ ਕੋਈ ਸੱਚ ਦਾ ਮਾਰਗ ਦਿਖਾਉਣ ਵਾਲਾ ਨਹੀਂ ਸੀ। ਧਰਮ ਦੇ ਖੇਤਰ ਵਿਚ ਚਾਰੇ ਪਾਸੇ ਝੂਠ ਪਸਰਿਆ ਹੋਇਆ ਸੀ। ਧਾਰਮਿਕ ਵਿਅਕਤੀ ਕਪਟੀ ਤੇ ਪਾਖੰਡੀ ਸਨ। ਉਹ ਲੋਕਾਂ ਦਾ ਭਲਾ ਕਰਨ ਦੀ ਥਾਂ ਉਨ੍ਹਾਂ ਦੀ ਲੁੱਟ-ਖਸੁੱਟ ਕਰਨ ਵਿਚ ਲੱਗੇ ਹੋਏ ਸਨ। ਸਾਧਾਰਨ ਤੌਰ ''ਤੇ ਵੀ ਸ਼ਾਸਕ ਵਰਗ ਦਾ ਪਰਜਾ ਪ੍ਰਤੀ ਵਰਤਾਓ ਨਿਖੇਧਾਤਮਕ ਸੀ। ਰਾਜੇ ਤੋਂ ਲੈ ਕੇ ਉੱਪਰ ਤੋਂ ਥੱਲੇ ਤਕ ਸਭ ਅਹਿਲਕਾਰ ਅਤੇ ਅਧਿਕਾਰੀ ਪਰਜਾ ਦਾ ਖੂਨ ਪੀਣ ''ਤੇ ਲੱਗੇ ਹੋਏ ਸਨ। ਸ੍ਰੀ ਗੁਰੂ ਨਾਨਕ ਦੇਵ ਜੀ ਨੇ ਇਨ੍ਹਾਂ ਲੋਕਾਂ ਦੇ ਕਿਰਦਾਰ ਦੀ ਨੀਚਤਾ ਨੂੰ ਬਿਆਨ ਕਰਨ ਵਿਚ ਨਾ ਤਾਂ ਕੋਈ ਕਸਰ ਛੱਡੀ ਹੈ ਤੇ ਨਾ ਕੋਈ ਲੁਕਾਅ ਰੱਖਿਆ ਹੈ।
ਸ੍ਰੀ ਗੁਰੂ ਨਾਨਕ ਦੇਵ ਜੀ ਨੇ ਆਪਣੇ ਸਮੇਂ ਵਿਚ ਨਿਰਭੈ ਹੋ ਕੇ ''ਸੱਚ ਕੀ ਬਾਣੀ'' ਸੁਣਾਈ ਸੀ ਤੇ ਆਖਿਆ ਸੀ; ਸਚੁ ਸੁਣਾਇਸੀ ਸਚ ਕੀ ਬੇਲਾ ਉਸ ਵੇਲੇ ਕੂੜ ਪ੍ਰਧਾਨ ਸੀ। ਗੁਰੂ ਜੀ ਨੂੰ ਇਹ ਪਤਾ ਸੀ ਕਿ ਕੂੜ ਦੀਆਂ ਸ਼ਕਤੀਆਂ ''ਸੱਚ ਕੀ ਬਾਣੀ'' ਨੂੰ ਬਰਦਾਸ਼ਤ ਨਹੀਂ ਕਰ ਸਕਣਗੀਆਂ। ਇਸ ਸੱਚ ਧਰਮ ਨੂੰ ਸਥਾਪਿਤ ਕਰਨ ਲਈ ਸੰਘਰਸ਼ ਕਰਨਾ ਹੋਵੇਗਾ। ਕੂੜ ਸੱਚ ਨੂੰ ਮਿਟਾਉਣ ਲਈ ਹਰ ਸੰਭਵ ਯਤਨ ਕਰੇਗਾ। ਸਿੱਖ ਧਰਮ ਦੇ ਸੁਨਹਿਰੀ ਅਸੂਲਾਂ ਨੂੰ ਵੇਖ ਕੇ ਲੋਕੀਂ ਧੜਾ-ਧੜ ਸਿੱਖ ਧਰਮ ਨੂੰ ਅਪਣਾਉਣ ਲੱਗੇ। ਗੁਰੂ ਸਾਹਿਬਾਨ ਦੀ ਬਾਣੀ ਘਰ-ਘਰ ਪੜ੍ਹੀ ਜਾਣ ਲੱਗੀ। ਲੋਕਾਂ ਦੇ ਮਨਾਂ ਉੱਤੋਂ ਭਰਮ ਉਤਰਨ ਲੱਗਾ। ਗੁਰਬਾਣੀ ਸੁਣਨ ਨਾਲ ਉਨ੍ਹਾਂ ਦੇ ਮਨਾਂ ਵਿਚ ਪ੍ਰਕਾਸ਼ ਹੋਣ ਲੱਗਾ। ਚੌਥੇ ਪਾਤਸ਼ਾਹ ਸ੍ਰੀ ਗੁਰੂ ਰਾਮਦਾਸ ਜੀ ਦੇ ਸਮੇਂ ਤਕ ਸਿੱਖ ਧਰਮ ਦਾ ਕਾਫੀ ਪ੍ਰਚਾਰ ਹੋ ਗਿਆ ਸੀ। ਹਿੰਦੂ-ਮੁਸਲਮਾਨਾਂ ਨੂੰ ਇਸ ਧਰਮ ਦੇ ਨਿਯਮਾਂ ਦੀ ਜਾਣਕਾਰੀ ਹੋ ਚੁੱਕੀ ਸੀ। ਕੁਝ ਲੋਕ ਇਸ ਲਹਿਰ ਤੋਂ ਅੰਦਰੋਂ-ਅੰਦਰ ਕੁਝ ਔਖੇ ਸਨ ਪਰ ਸਿੱਖ ਧਰਮ ਨੂੰ ਅਜੇ ਸੰਤਾਂ-ਮਹਾਤਮਾਵਾਂ ਦਾ ਇਕ ਫਿਰਕਾ ਹੀ ਸਮਝਿਆ ਜਾਂਦਾ ਸੀ। ਇਸ ਲਈ ਰਾਜ ਸ਼ਕਤੀ ਵਲੋਂ ਇਸ ਦਾ ਬਹੁਤਾ ਵਿਰੋਧ ਨਹੀਂ ਸੀ ਕੀਤਾ ਗਿਆ। ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸਮੇਂ ਸਿੱਖ ਧਰਮ ਆਪਣੇ ਵੱਖਰੇ ਤੇ ਪੂਰੇ ਜਲੌਅ ਵਿਚ ਉੱਭਰ ਕੇ ਸਾਹਮਣੇ ਆਇਆ। 1588 ਈ. ਵਿਚ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਸ੍ਰੀ ਅੰਮ੍ਰਿਤਸਰ ਦੀ ਨੀਂਹ ਰੱਖੀ ਗਈ। ਇਸ ਦੇ ਮੁਕੰਮਲ ਹੋਣ ਨਾਲ ਸਿੱਖ ਧਰਮ ਦਾ ਇਕ ਕੇਂਦਰੀ ਅਸਥਾਨ ਬਣ ਚੁੱਕਾ ਸੀ। ਇਥੇ ਸਭ ਨੂੰ ਆਉਣ-ਜਾਣ ਦੀ ਖੁੱਲ੍ਹ ਸੀ। ਇਥੇ ਵੱਡੀ ਗਿਣਤੀ ਵਿਚ ਹਿੰਦੂ-ਮੁਸਲਮਾਨ ਗੁਰੂ ਜੀ ਦੇ ਦਰਸ਼ਨਾਂ ਨੂੰ ਆਉਣ ਲੱਗੇ। ਗੁਰੂ ਜੀ ਨੇ 1604 ਈ. ਵਿਚ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸੰਪਾਦਨ ਕਰ ਦਿੱਤਾ। ਇਸ ਦਾ ਪ੍ਰਕਾਸ਼ ਵੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਸ੍ਰੀ ਦਰਬਾਰ ਸਾਹਿਬ (ਸ੍ਰੀ ਅੰਮ੍ਰਿਤਸਰ) ਵਿਚ ਕੀਤਾ ਗਿਆ। ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਗੁਰੂ ਸਾਹਿਬਾਨ ਤੋਂ ਇਲਾਵਾ ਹਿੰਦੁਸਤਾਨ ਦੇ ਹੋਰ ਸੱਚ ਧਰਮ ਨਾਲ ਜੁੜੇ ਸੰਤਾਂ-ਮਹਾਤਮਾਵਾਂ ਤੇ ਫਕੀਰਾਂ ਦੀ ਬਾਣੀ ਸ਼ਾਮਲ ਕੀਤੀ ਗਈ ਸੀ। ਹੁਣ ਤਕ ਦੇ ਗ੍ਰੰਥਾਂ ਦੀ ਤੁਲਨਾ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਆਪਣੀ ਕਿਸਮ ਦਾ ਇਕ ਵਿਲੱਖਣ ਤੇ ਵੱਡਾ ਕਾਰਜ ਸੀ। ਗੁਰੂ ਜੀ ਦੇ ਇਨ੍ਹਾਂ ਦੋਵਾਂ ਮਹਾਨ ਕਾਰਜਾਂ ਨਾਲ ਸਿੱਖ ਧਰਮ ਹੁਣ ਅਹਿਲ-ਏ-ਮੁਕਾਮ ''ਤੇ ਸੀ। ਇਹ ਇਕ ਨਵੇਂ-ਨਵੇਲੇ ਧਰਮ ਦੇ ਰੂਪ ਵਿਚ ਪ੍ਰਗਟ ਹੋ ਗਿਆ ਸੀ। ਗੁਰਬਾਣੀ ਦਾ ਸਿਧਾਂਤ ਹੁਣ ਲਿਖਤੀ ਰੂਪ ਵਿਚ ਲੋਕਾਂ ਦੇ ਸਾਹਮਣੇ ਪ੍ਰਤੱਖ ਸੀ। ਸਿੱਖ ਧਰਮ ਦੇ ਪ੍ਰਚਾਰ ਨਾਲ ਬ੍ਰਾਹਮਣਾਂ, ਕਾਜ਼ੀਆਂ ਤੇ ਰਾਜਨੀਤਕ ਹਸਤੀਆਂ ਦਾ ਸਾਰਾ ਪਾਜ ਹੀ ਉਘੜ ਗਿਆ ਸੀ। ਲੋਕਾਂ ਦੇ ਮਨਾਂ ''ਚੋਂ ਉਨ੍ਹਾਂ ਦਾ ਸਤਿਕਾਰ ਤੇ ਉੱਚਤਾ ਦੀ ਭਾਵਨਾ ਘੱਟ ਰਹੀ ਸੀ। ਇਸ ਕਰਕੇ ਇਹ ਸਾਰੇ ਵਰਗ ਸਿੱਖ ਧਰਮ ਦੇ ਵਿਕਾਸ ਤੋਂ ਤਿਲਮਿਲਾ ਉੱਠੇ ਸਨ। ਇਨ੍ਹਾਂ ਦੀ ਵੈਰ ਭਾਵਨਾ ਕਰਕੇ ਸ੍ਰੀ ਗੁਰੂ ਅਰਜਨ ਦੇਵ ਜੀ ਨੂੰ ਬਿਨਾਂ ਕਿਸੇ ਦੋਸ਼ ਦੇ ਸ਼ਹੀਦੀ ਦੇਣੀ ਪਈ। 1606 ਈ. ਵਿਚ ਜਹਾਂਗੀਰ ਨੇ ਉਨ੍ਹਾਂ ਨੂੰ ਲਾਹੌਰ ਬੁਲਾਇਆ। ਉਨ੍ਹਾਂ ਨੂੰ 2 ਲੱਖ ਰੁਪਿਆ ਜੁਰਮਾਨਾ ਭਰਨ ਲਈ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਹਜ਼ਰਤ ਮੁਹੰਮਦ ਸਾਹਿਬ ਦੀ ਸਿਫਤ ਸ਼ਾਮਲ ਕਰਨ ਲਈ ਆਖਿਆ ਗਿਆ ਪਰ ਉਨ੍ਹਾਂ ਨੇ ਇਸ ਤੋਂ ਸਾਫ ਇਨਕਾਰ ਕਰ ਦਿੱਤਾ। ਗੁਰੂ ਸਾਹਿਬ ਪੂਰਨ ਸੰਤ ਰੂਪ ਹੋਣ ਦੇ ਨਾਲ ਵੱਡੇ ਸੂਰਮੇ ਵੀ ਸਨ। ਉਨ੍ਹਾਂ ਨੂੰ ਮੌਤ ਦਾ ਭੈਅ ਨਹੀਂ ਸੀ। ਇਸ ਲਈ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਆਪਣੀ ਕੁਰਬਾਨੀ ਦੇਣੀ ਠੀਕ ਸਮਝੀ ਪਰ ਉਹ ਸੱਚ ਦੇ ਮਾਰਗ ਤੋਂ ਪਿੱਛੇ ਨਹੀਂ ਹਟੇ। ਗੁਰੂ ਜੀ ਨੂੰ ਸ਼ਹੀਦ ਕਰਨ ਲਈ ਚੰਦੂ ਨੇ ਵੀ ਬਲਦੀ ''ਤੇ ਤੇਲ ਪਾਇਆ ਸੀ। ਸ੍ਰੀ ਗੁਰੂ ਅਰਜਨ ਦੇਵ ਜੀ ਦੀ ਗ੍ਰਿਫਤਾਰੀ ਦਾ ਹੁਕਮ ਖ਼ੁਦ ਜਹਾਂਗੀਰ ਨੇ ਜਾਰੀ ਕੀਤਾ ਸੀ। ''ਤੁਜ਼ਕਿ ਜਹਾਂਗੀਰੀ'' ਵਿਚ ਦਿੱਤਾ ਹਵਾਲਾ ਜਹਾਂਗੀਰ ਦੀ ਭਾਵਨਾ ਨੂੰ ਪ੍ਰਗਟ ਕਰਦਾ ਹੈ। ਇਸ ਵਿਚ ਦਰਜ ਹੈ, ''''ਉਸ ਨੂੰ ਲੋਕ ਗੁਰੂ ਆਖਦੇ ਸਨ। ਹਰ ਪਾਸਿਓਂ ਮੂਰਖ ਅਤੇ ਮੂਰਖਾਂ ਦੇ ਪੁਜਾਰੀ ਉਸ ਵੱਲ ਧਾਹ ਕੇ ਆਉਂਦੇ ਸਨ ਤੇ ਉਸ ਉੱਤੇ ਪੂਰਾ ਈਮਾਨ ਲਿਆਉਂਦੇ ਸਨ। ਤਿੰਨ-ਚਾਰ ਪੁਸ਼ਤਾਂ ਤੋਂ ਉਨ੍ਹਾਂ ਨੇ ਇਸ ਦੁਕਾਨ ਨੂੰ ਗਰਮ ਕਰ ਰੱਖਿਆ ਸੀ। ਮੁੱਦਤਾਂ ਤੋਂ ਮੇਰੇ ਮਨ ਵਿਚ ਇਹ ਖਿਆਲ ਆਉਂਦਾ ਸੀ ਕਿ ਇਸ ਝੂਠ ਦੀ ਦੁਕਾਨ ਨੂੰ ਬੰਦ ਕਰ ਦਿੱਤਾ ਜਾਵੇ ਜਾਂ ਉਸ ਨੂੰ ਇਸਲਾਮ ਦੇ ਘੇਰੇ ਵਿਚ ਲਿਆਂਦਾ ਜਾਵੇ।''''
ਸ੍ਰੀ ਗੁਰੂ ਅਰਜਨ ਦੇਵ ਜੀ ਦੀ ਸ਼ਖ਼ਸੀਅਤ ਅਤਿ ਸ਼ਾਂਤਮਈ ਸੀ। ਉਨ੍ਹਾਂ ਦੀ ਬਾਣੀ ਵਿਚ ਸੁੱਖ-ਸ਼ਾਂਤੀ ਦੇ ਵਿਸ਼ੇ ਹੀ ਪ੍ਰਧਾਨ ਹਨ। ਇਸ ਦੇ ਬਾਵਜੂਦ ਗੁਰੂ ਜੀ ਨੂੰ ਯਾਸਾ ਦੇ ਅਧੀਨ ਤਸੀਹੇ ਦੇ ਕੇ ਮੌਤ ਦੀ ਸਜ਼ਾ ਦਾ ਹੁਕਮ ਕੀਤਾ ਗਿਆ ਸੀ। ਇਸ ਦਾ ਉਦੇਸ਼ ਸਿੱਖ ਧਰਮ ਦੇ ਵਿਕਾਸ ਨੂੰ ਰੋਕਣਾ ਤੇ ਗੁਰੂ ਸਾਹਿਬਾਨ ਤੋਂ ਲੋਕਾਂ ਦੇ ਵਿਸ਼ਵਾਸ ਨੂੰ ਖਤਮ ਕਰਨਾ ਸੀ। ਇਸ ਹੁਕਮ ਪਿੱਛੇ ਇਸਲਾਮ ਦੇ ਅਖੌਤੀ ਧਾਰਮਿਕ ਲੋਕਾਂ ਦੀ ਸੰਮਤੀ ਵੀ ਨਾਲ ਸੀ। ਇਸ ਵਿਚ ਕਾਜ਼ੀਆਂ, ਮੁੱਲਾਂ ਤੋਂ ਇਲਾਵਾ ਨਕਸ਼ਬੰਦੀ ਫਿਰਕੇ ਦੇ ਮੁਖੀ ਸ਼ੇਖ ਅਹਿਮਦ ਸਰਹੰਦੀ ਵਰਗੀਆਂ ਇਸਲਾਮੀ ਧਾਰਮਿਕ ਹਸਤੀਆਂ ਦਾ ਵੀ ਹੱਥ ਹੋਣ ਦੀ ਸੰਭਾਵਨਾ ਨੂੰ ਰੱਦ ਨਹੀਂ ਕੀਤਾ ਜਾ ਸਕਦਾ।
ਗੁਰੂ ਜੀ ਨੂੰ ਅਤਿ-ਕਸ਼ਟਦਾਇਕ ਤਸੀਹੇ ਦਿੱਤੇ ਗਏ। ਸਾਈਂ ਮੀਆਂ ਮੀਰ ਜੀ ਸ੍ਰੀ ਗੁਰੂ ਅਰਜਨ ਦੇਵ ਜੀ ਨੂੰ ਦਿੱਤੇ ਗਏ ਤਸੀਹਿਆਂ ਨੂੰ ਦੇਖ ਕੇ ਬਹੁਤ ਦੁਖੀ ਹੋਏ। ਉਨ੍ਹਾਂ ਨੇ ਗੁਰੂ ਜੀ ਤੋਂ ਦਿੱਲੀ ਸਰਕਾਰ ਅੱਗੇ ਰੋਸ ਪ੍ਰਗਟ ਕਰਨ ਦੀ ਮੰਗ ਕੀਤੀ। ਗੁਰੂ ਜੀ ਤੱਤੀ ਤਵੀ ''ਤੇ ਬੈਠ ਕੇ ਵੀ ਸ਼ਾਂਤ-ਚਿੱਤ ਅਤੇ ਅਡੋਲ ਸਨ। ਉਨ੍ਹਾਂ ਨੇ ਸਾਈਂ ਮੀਆਂ ਮੀਰ ਜੀ ਨੂੰ ਕਿਹਾ ਕਿ ਇਹ ਸਭ ਕੁਝ ਅਕਾਲ ਪੁਰਖ ਦੇ ਭਾਣੇ ਵਿਚ ਹੈ। ਭਾਣੇ ਵਿਚ ਰਹਿਣਾ ਹੀ ਪ੍ਰਮਾਤਮਾ ਦੀ ਖੁਸ਼ੀ ਹੈ। ਉਨ੍ਹਾਂ ਨੇ ਸੰਸਾਰ ਨੂੰ ਭਾਣੇ ਵਿਚ ਰਹਿਣ ਦਾ ਸੰਦੇਸ਼ ਦਿੱਤਾ ਅਤੇ ਪ੍ਰਤੱਖ ਰੂਪ ਵਿਚ ਭਾਣਾ ਮੰਨ ਕੇ ਗੁਰਮੁਖ ਦੇ ਆਦਰਸ਼ ਨੂੰ ਸਾਕਾਰ ਕੀਤਾ।
ਤੇਰਾ ਕੀਆ ਮੀਠਾ ਲਾਗੈ ਹਰਿ ਨਾਮੁ ਪਦਾਰਥੁ ਨਾਨਕੁ ਮਾਂਗੈ
(ਪੰਨਾ—394)
ਭਾਰਤੀ ਪੰ੍ਰਪਰਾ ਵਿਚ ਇਹ ਪਹਿਲੀ ਸ਼ਹਾਦਤ ਸੀ, ਜੋ ਕਿਸੇ ਮਹਾਪੁਰਖ ਨੇ ਧਰਮ ਦੀ ਖਾਤਰ ਦਿੱਤੀ ਸੀ। ਇਸ ਲਈ ਸ੍ਰੀ ਗੁਰੂ ਅਰਜਨ ਦੇਵ ਜੀ ਨੂੰ ਸ਼ਹੀਦਾਂ ਦੇ ਸਿਰਤਾਜ ਆਖਿਆ ਜਾਂਦਾ ਹੈ। ਪੰਚਮ ਪਾਤਸ਼ਾਹ ਜੀ ਦੀ ਮਹਾਨ ਸ਼ਹਾਦਤ ਨੂੰ ਯਾਦ ਕਰਦਿਆਂ ਮੇਰੀ ਸਮੂਹ ਸੰਗਤ ਨੂੰ ਅਪੀਲ ਹੈ ਕਿ ਆਓ! ਮਨੁੱਖੀ ਅਧਿਕਾਰਾਂ ਦੀ ਆਜ਼ਾਦੀ ਲਈ ਚੇਤੰਨ ਹੋ ਕੇ ਸਿੱਖ ਧਰਮ ਦੇ ਸਿਧਾਂਤਾਂ ਨੂੰ ਵਿਵਹਾਰਕ ਜੀਵਨ ਦਾ ਹਿੱਸਾ ਬਣਾਈਏ ਤੇ ਦਸਮ ਪਿਤਾ ਵਲੋਂ ਬਖਸ਼ਿਸ਼ ਖੰਡੇ-ਬਾਟੇ ਦਾ ਅੰਮ੍ਰਿਤਪਾਨ ਕਰ ਕੇ ਬਾਣੀ ਤੇ ਬਾਣੇ ਦੇ ਧਾਰਨੀ ਬਣੀਏ।