ਸੇਵਕ ਜਥਾ ਇਸ਼ਨਾਨ ਵਲੋਂ 40 ਵਰ੍ਹਿਆਂ ਤੋਂ ਇਸ਼ਨਾਨ ਦੀ ਸੇਵਾ ਜਾਰੀ

4/10/2017 7:04:57 AM

ਗੁਰਮਤਿ ਵਿਚ ਸੇਵਾ ਦਾ ਮਹੱਤਵਪੂਰਨ ਸਥਾਨ ਹੈ। ਵੱਖ-ਵੱਖ ਇਤਿਹਾਸਿਕ ਅਸਥਾਨਾਂ ''ਤੇ ਸੇਵਾ ਕਰਦੇ ਸੇਵਕ ਜਥੇ ਇਸ ਕਾਰਜ ਨੂੰ ਪੰ੍ਰਪਰਾ ਅਤੇ ਮਰਿਆਦਾ ਅਨੁਸਾਰ ਨਿਭਾਉਂਦੇ ਹਨ, ਜੋ ਸਿੱਖ ਮੱਤ ਦੀ ਵਿਲੱਖਣ ਪਛਾਣ ਹਨ। ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਸ੍ਰੀ ਅੰਮ੍ਰਿਤਸਰ ਵਿਖੇ ਮੁੱਢ-ਕਦੀਮਾਂ ਤੋਂ ਬਿਨਾਂ ਨਾਗਾ ਅੰਮ੍ਰਿਤ ਵੇਲੇ ਦੁੱਧ ਅਤੇ ਜਲ ਨਾਲ ਇਸ਼ਨਾਨ ਕਰਵਾਉਣ ਉਪਰੰਤ ਵਿਛਾਈ ਕੀਤੀ ਜਾਂਦੀ ਹੈ। ਇਸੇ ਤਰ੍ਹਾਂ ਚਾਟੀਵਿੰਡ ਗੇਟ ਸਥਿਤ ਗੁਰਦੁਆਰਾ ਬਾਬਾ ਦੀਪ ਸਿੰਘ ਜੀ ਵਿਖੇ ਵੀ ਪੰ੍ਰਪਰਾਵਾਂ ਅਨੁਸਾਰ ਰੋਜ਼ਾਨਾ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਲਿਆਏ ਜਾਣ ਵਾਲੇ ਜਲ ਦੀ ਗਾਗਰ ਅਤੇ ਸੰਗਤਾਂ ਵਲੋਂ ਲਿਆਏ ਜਾਂਦੇ ਦੁੱਧ ਨਾਲ ਇਸ਼ਨਾਨ ਦੀ ਸੇਵਾ ਤਿੰਨ ਪਹਿਰੇ ਅੱਜਕਲ 3:15 ''ਤੇ ਕਰਵਾਈ ਜਾਂਦੀ ਹੈ।
ਭਾਈ ਸੰਤੋਖ ਸਿੰਘ (ਗਾਗਰੀ) ਪਿਛਲੇ 40 ਵਰ੍ਹਿਆਂ ਤੋਂ ਅਤੇ ਉਨ੍ਹਾਂ ਦੇ ਸਪੁੱਤਰ ਮਨਦੀਪ ਸਿੰਘ (ਗਾਗਰੀ) ਅਤੇ ਹੋਰ ਸਿੰਘ-ਸਿੰਘਣੀਆਂ ਦੁੱਖ ਭੰਜਨੀ ਬੇਰੀ ਤੋਂ ਇਸ਼ਨਾਨ ਕਰਨ ਉਪਰੰਤ ਜਲ ਦੀ ਗਾਗਰ ਸਿਰ ''ਤੇ ਰੱਖ ਕੇ ਸਤਿਨਾਮ-ਵਾਹਿਗੁਰੂ ਦਾ ਜਾਪ ਕਰਦੇ ਬਿਨਾਂ ਕਿਸੇ ਮੌਸਮ ਦੀ ਪਰਵਾਹ ਕੀਤੇ ਪੈਦਲ ਹਰ ਰੋਜ਼ ਗੁਰਦੁਆਰਾ ਸ਼ਹੀਦ ਗੰਜ ਸਾਹਿਬ ਪਹੁੰਚਦੇ ਹਨ।
ਅੱਜਕਲ ਕਿਵਾੜ 2:30 ਵਜੇ ਖੁੱਲ੍ਹਦੇ ਹਨ। ਵੱਡੀ ਗਿਣਤੀ ਵਿਚ ਇਸ ਸਮੇਂ ਸੰਗਤਾਂ ਪਹੁੰਚਦੀਆਂ ਹਨ। ਰੋਜ਼ਾਨਾ ਅੰਮ੍ਰਿਤ ਵੇਲੇ 2 ਵਜੇ ਛੋਟਾ ਜੋੜਾਘਰ ਵਾਲੇ ਪਾਸਿਓਂ ਲੈ ਕੇ ਗੁਰਦੁਆਰਾ ਬਾਬਾ ਬੋਤਾ ਸਿੰਘ ਜੀ ਦੇ ਬਾਹਰਵਾਰ ਮੇਨ ਬਾਜ਼ਾਰ ਤਕ ਬੀਬੀਆਂ ਵਲੋਂ ਝਾੜੂ ਨਾਲ ਸਾਫ ਕਰਨ ਪਿੱਛੋਂ ਉਸਨੂੰ ਨਿਰਮਲ ਜਲ ਦੀਆਂ ਬਾਲਟੀਆਂ ਨਾਲ ਸਾਫ਼ ਕੀਤਾ ਜਾਂਦਾ ਹੈ। ਦੂਜਾ ਪੜਾਅ ਗੁਰਦੁਆਰਾ ਸਾਹਿਬ ਅੰਦਰ ਸੰਗਤਾਂ ਨਾਲ-ਨਾਲ ਇਸ਼ਨਾਨ ਕਰਵਾਉਂਦੀਆਂ ਹਨ, ਉਪਰੰਤ ਵਿਛਾਈ ਕੀਤੀ ਜਾਂਦੀ ਹੈ ਅਤੇ ਸ਼ਸਤਰ ਸਜਾਏ ਜਾਂਦੇ ਹਨ, ਉਪਰੰਤ ਨਿਤਨੇਮ ਦੀ ਬਾਣੀ ਦੇ ਪਾਠ ਹੁੰਦੇ ਹਨ। ਪ੍ਰਕਾਸ਼ ਕਰਨ ਉਪਰੰਤ ਹੁਕਮਨਾਮਾ ਲਿਆ ਜਾਂਦਾ ਹੈ। ਫਿਰ ਸਾਰਾ ਦਿਨ ਗੁਰਬਾਣੀ ਕੀਰਤਨ ਦਾ ਪ੍ਰਵਾਹ ਚੱਲਦਾ ਹੈ। ਇਹ ਕਾਰਜ ਮੈਨੇਜਰ ਗੁਰਦੁਆਰਾ ਬਾਬਾ ਦੀਪ ਸਿੰਘ ਸ. ਮਨਜਿੰਦਰ ਸਿੰਘ ਮੰਡ, ਭਾਈ ਅਮਰੀਕ ਸਿੰਘ ਫਰਾਂਸ ਅਤੇ ਸਮੁੱਚੇ ਸਟਾਫ ਦੀ ਨਿਗਰਾਨੀ ਹੇਠ ਨੇਪਰੇ ਚੜ੍ਹਦਾ ਹੈ। ਜ਼ਿਕਰਯੋਗ ਹੈ ਕਿ ਇਹ ਸੇਵਾ ਗੁਰੂਘਰ ਦੀ ਕਈ ਵਰ੍ਹਿਆਂ ਤੋਂ ਸੇਵਕ ਜਥਾ ਇਸ਼ਨਾਨ ਅੰਮ੍ਰਿਤ ਵੇਲਾ ਵਲੋਂ ਕਰਵਾਈ ਜਾਂਦੀ ਹੈ, ਜਿਸ ਨੂੰ ਮੁੱਖ ਸੇਵਾਦਾਰ ਭਾਈ ਸਵਰਨ ਸਿੰਘ ਭਾਟੀਆ ਅਤੇ ਉਨ੍ਹਾਂ ਦੇ ਸਹਿਯੋਗੀ ਭਾਈ ਗੁਰਜੀਤ ਸਿੰਘ ਨਿਭਾਅ ਰਹੇ ਹਨ। ਸੰਸਥਾ ਵਲੋਂ ਹਰ ਸਾਲ ਵੱਖ-ਵੱਖ ਸੇਵਾਵਾਂ ਨਿਭਾਉਣ ਵਾਲੇ ਲੱਗਭਗ 900 ਗੁਰਮੁਖਾਂ ਨੂੰ ਸਨਮਾਨਿਤ ਕੀਤਾ ਜਾਂਦਾ ਹੈ। ਇਸ ਵਾਰ ਵੀ ਇਸ਼ਨਾਨ ਸਮਾਗਮ 10 ਅਪ੍ਰੈਲ ਸ਼ਹੀਦ ਊਧਮ ਸਿੰਘ ਯਾਦਗਾਰੀ ਹਾਲ ਗੇਟ ਭਗਤਾਂਵਾਲਾ ਵਿਖੇ ਕਰਵਾਇਆ ਜਾ ਰਿਹਾ ਹੈ। ਇਸ ਵਿਚ ਸੇਵਾ ਨਿਭਾਉਣ ਵਾਲੇ ਗੁਰਮੁਖਾਂ ਨੂੰ ਗੁਰੂਘਰ ਦੀ ਬਖਸ਼ਿਸ਼ ਸਿਰੋਪਾਓ ਅਤੇ ਬਾਬਾ ਜੀ ਦੀ ਸੁੰਦਰ ਤਸਵੀਰ ਭੇਟ ਕੀਤੀ ਜਾਂਦੀ ਹੈ।
- ਰਜਿੰਦਰ ਸਿੰਘ ਸਾਂਘਾ