ਗੁਰਦੁਆਰਾ ਨਾਨਕ ਮਤਾ ਸਾਹਿਬ

5/15/2017 7:32:56 AM

ਗੁਰੂ ਨਾਨਕ ਦੇਵ ਜੀ ਆਪਣੀ ਤੀਸਰੀ ਉਦਾਸੀ ਸਮੇਂ ਨਾਨਕ ਮਤਾ ਪਹੁੰਚੇ। ਇਸ ਦਾ ਪਹਿਲਾ ਨਾਂ ਗੋਰਖ ਮਤਾ ਸੀ। ਇਹ ਅਸਥਾਨ ਸਿੱਧਾਂ-ਜੋਗੀਆਂ ਦਾ ਸਿਖਲਾਈ ਕੇਂਦਰ ਸੀ। ਗੁਰੂ ਨਾਨਕ ਜੀਵਾਂ ਦਾ ਉਦਾਰ ਕਰਦੇ ਹੋਏ ਇਸ ਸਥਾਨ ''ਤੇ ਪਹੁੰਚੇ। ਇਥੇ ਇਕ ਬਹੁਤ ਹੀ ਪੁਰਾਣਾ ਸੁੱਕਾ ਪਿੱਪਲ ਸੀ, ਜੋ ਗੁਰੂ ਜੀ ਦੇ ਚਰਨ ਪੈਣ ਨਾਲ ਹਰਾ ਹੋ ਗਿਆ। ਨਾਨਕ ਮਤਾ ਸਾਹਿਬ ਨੈਨੀਤਾਲ ਤੇ ਪੀਲੀਭੀਤ ਦੇ ਨੇੜੇ ਹੈ। ਈਰਖਾਵਸ ਸਿੱਧਾਂ ਨੇ ਇਸ ਪਿੱਪਲ ਨੂੰ ਧਰਤੀ ਤੋਂ 5-6 ਫੁੱਟ ਉੱਚਾ ਉਡਾ ਦਿੱਤਾ। ਮਰਦਾਨੇ ਦੀ ਬੇਨਤੀ ''ਤੇ ਗੁਰੂ ਜੀ ਨੇ ਆਪਣਾ ਪੰਜਾ ਲਗਾ ਕੇ ਇਸ ਨੂੰ ਉੱਡਣ ਤੋਂ ਰੋਕ ਦਿੱਤਾ। ਅੱਜ ਇਸ ਅਸਥਾਨ ਨੂੰ ਪੰਜਾ ਸਾਹਿਬ ਦੇ ਨਾਂ ਨਾਲ ਜਾਣਿਆ ਜਾਂਦਾ ਹੈ।
ਸਿੱਧਾਂ ਦਾ ਤਿਲ ਭੇਟ ਕਰਨਾ
ਸਿੱਧਾਂ ਨੇ ਗੁਰੂ ਜੀ ਅੱਗੇ ਇਕ ਤਿਲ ਦਾ ਦਾਣਾ ਭੇਟ ਕੀਤਾ ਤੇ ਕਿਹਾ ਕਿ ਇਹ ਸਾਰਿਆਂ ਨੂੰ ਵੰਡ ਕੇ ਦਿਓ ਅਤੇ ਸਿੱਧਾਂ ਨੇ ਆਪਣੀ ਯੋਗ ਸ਼ਕਤੀ ਨਾਲ ਸਾਰੇ ਖੂਹਾਂ ਦਾ ਪਾਣੀ ਸੁਕਾ ਦਿੱਤਾ। ਗੁਰੂ ਜੀ ਨੇ ਗੰਗਾ ਨੂੰ ਆਵਾਜ਼ ਦਿੱਤੀ ਤੇ ਉਹ ਤੁਰੰਤ ਹਾਜ਼ਰ ਹੋ ਗਈ। ਉਸ ''ਚੋਂ ਪਾਣੀ ਦਾ ਕਰਮੰਡਲ ਭਰ ਕੇ ਉਸ ''ਚ ਤਿਲ ਘੋਟ ਕੇ ਸਾਰਿਆਂ ਨੂੰ ਪਿਲਾ ਦਿੱਤਾ।
ਬਾਉਲੀ ਸਾਹਿਬ
ਇਹ ਸਥਾਨ ਗੁਰਦੁਆਰਾ ਸਾਹਿਬ ਤੋਂ ਕੁਝ ਦੂਰੀ ''ਤੇ ਹੈ। ਜਦੋਂ ਸਿੱਧਾਂ ਦੇ ਗੁਰੂ ਨਾਨਕ ਸਾਹਿਬ ਨੂੰ ਹਰਾਉਣ ਦੇ ਸਾਰੇ ਯਤਨ ਫੇਲ ਹੋ ਗਏ ਤਾਂ ਸਿੱਧਾਂ ਨੇ ਗੁਰੂ ਜੀ ਨੂੰ ਕਿਹਾ ਕਿ ਪੂਰਬੀ ਦੇ ਦਿਨ ਹਨ, ਸਾਨੂੰ ਗੰਗਾ ਦਾ ਇਸ਼ਨਾਨ ਕਰਾਓ। ਗੁਰੂ ਜੀ ਨੇ ਮਰਦਾਨੇ ਨੂੰ ਇਕ ਫਾਹੁੜੀ ਦੇ ਕੇ ਪਰਬਤ ਵੱਲੋਂ ਗੰਗਾ ਨਦੀ ਲਿਆਉਣ ਲਈ ਭੇਜਿਆ ਤੇ ਹੁਕਮ ਕੀਤਾ ਕਿ ਪਿੱਛੇ ਮੁੜ ਕੇ ਨਹੀਂ ਵੇਖਣਾ। ਭਾਈ ਮਰਦਾਨਾ ਜੀ ਫਾਹੁੜੀ ਨਾਲ ਲਕੀਰ ਖਿੱਚਦੇ ਹੋਏ ਇਸ ਜਗ੍ਹਾ ''ਤੇ ਆ ਗਏ ਤੇ ਪਿੱਛੇ ਮੁੜ ਕੇ ਵੇਖਣ ਲੱਗੇ ਕਿ ਗੰਗਾ ਆ ਵੀ ਰਹੀ ਹੈ ਜਾਂ ਨਹੀਂ। ਗੰਗਾ ਇਥੇ ਹੀ ਰੁਕ ਗਈ। ਗੁਰੂ ਜੀ ਨੇ ਸਿੱਧਾਂ ਨੂੰ ਕਿਹਾ ਕਿ ਅਸੀਂ ਇਥੋਂ ਤੱਕ ਲੈ ਆਏ ਹਾਂ, ਹੁਣ ਅੱਗੇ ਤੁਸੀਂ ਲਿਆਵੋ ਪਰ ਅਨੇਕ ਯਤਨਾਂ ਦੇ ਬਾਵਜੂਦ ਸਿੱਧ ਗੰਗਾ ਨੂੰ ਅੱਗੇ ਨਹੀਂ ਲਿਜਾ ਸਕੇ। ਇਸ ਅਸਥਾਨ ''ਤੇ ਹੁਣ ਬਾਉਲੀ ਸਾਹਿਬ ਗੁਰਦੁਆਰਾ ਸੁਸ਼ੋਭਿਤ ਹੈ।
ਮਰਦਾਨੇ ਤੋਂ ਲੱਕੜਾਂ ਖੋਹਣੀਆਂ
ਗੁਰੂ ਜੀ ਨੇ ਮਰਦਾਨੇ ਨੂੰ ਹੁਕਮ ਕੀਤਾ ਕਿ ਜੰਗਲ ''ਚੋਂ ਧੂਣੀ ਲਈ ਲੱਕੜਾਂ ਲੈ ਆਵੋ। ਸਿੱਧ ਮਰਦਾਨੇ ਨੂੰ ਜੰਗਲ ਵੱਲ ਜਾਂਦਾ ਦੇਖ ਕੇ ਉਸ ਦੇ ਮਗਰ ਦੌੜੇ ਤੇ ਕਹਿਣ ਲੱਗੇ, ਇਹ ਜੰਗਲ ਸਾਡਾ ਹੈ। ਜੇ ਤੁਸੀਂ ਗੋਰਖ ਨਾਥ ਦੇ ਚੇਲੇ ਬਣ ਜਾਵੋ ਤਾਂ ਇਥੋਂ ਲੱਕੜਾਂ ਲੈ ਸਕਦੇ ਹੋ ਅਤੇ ਉਸ ਕੋਲੋਂ ਲੱਕੜਾਂ ਖੋਹ ਲਈਆਂ। ਜਦੋਂ ਗੁਰੂ ਜੀ ਨੇ ਮਰਦਾਨੇ ਨੂੰ ਲੱਕੜਾਂ ਨਾ ਲੈ ਕੇ ਆਉਣ ਬਾਬਤ ਪੁੱਛਿਆ ਤਾਂ ਉਸ ਨੇ ਕਿਹਾ, ਗੁਰੂ ਜੀ ! ਸਿੱਧ ਬੜੇ ਹੰਕਾਰੀ ਹਨ। ਗੁਰੂ ਜੀ ਨੇ ਕਿਹਾ ਕਿ ਵਾਹਿਗੁਰੂ ਦਾ ਨਾਮ ਜਪ ਲੱਕੜਾਂ ਆਪੇ ਆ ਜਾਣਗੀਆਂ। ਇੰਨੇ ''ਚ ਇਕ ਸ਼ਿਕਾਰੀ ਲੱਕੜਾਂ ਦੀ ਪੰਡ ਲੈ ਕੇ ਗੁਰੂ ਜੀ ਕੋਲ ਮੱਥਾ ਟੇਕ ਕੇ ਬੈਠ ਗਿਆ ਤੇ ਕਹਿਣ ਲੱਗਾ ਕਿ ਸਰਦੀ ਦਾ ਮੌਸਮ ਹੈ ਤੇ ਤੁਹਾਡੇ ਪਾਸ ਠੰਡ ਤੋਂ ਬਚਣ ਦਾ ਕੋਈ ਸਾਧਨ ਨਹੀਂ ਹੈ, ਉਹ ਅੱਗ ਬਾਲ ਕੇ ਧੂਣੀ ਬਣਾ ਕੇ ਚਲਾ ਗਿਆ।
ਇਹ ਵੇਖ ਕੇ ਮਰਦਾਨੇ ਨੇ ਕਿਹਾ ਕਿ ਇਸ ਨੇ ਸਾਡੇ ਨਾਲ ਬੜਾ ਪ੍ਰੇਮ ਕੀਤਾ ਹੈ। ਗੁਰੂ ਜੀ ਕਹਿਣ ਲੱਗੇ ਇਸ ਦੇ ਕਰਮ ਚੰਗੇ ਹਨ। ਸਿੱਧ ਅੱਗ ਬਲਦੀ ਵੇਖ ਕੇ ਈਰਖਾ ਕਰਨ ਲੱਗੇ। ਮੀਂਹ ਤੇ ਹਨੇਰੀ ਚੱਲਣ ਨਾਲ ਸਿੱਧਾਂ ਦੀ ਅੱਗ ਬੁਝ ਗਈ ਪਰ ਗੁਰੂ ਜੀ ਦੀ ਅੱਗ ਲਟ-ਲਟ ਬਲ ਰਹੀ ਸੀ। ਸਿੱਧਾਂ ਦਾ ਹੰਕਾਰ ਤੋੜਨ ਲਈ ਗੁਰੂ ਜੀ ਨੇ ਆਪਣੀ ਖੜਾਓਂ ਨੂੰ ਕਿਹਾ ਕਿ ਇਨ੍ਹਾਂ ਦਾ ਹੰਕਾਰ ਤੋੜ ਦੇ। ਖੜਾਓਂ ਆਕਾਸ਼ ਵਲ ਉੱਡੀ ਤੇ ਸਿੱਧਾਂ ਦੇ ਸਿਰ ''ਤੇ ਕਾੜ-ਕਾੜ ਵੱਜਣ ਲੱਗੀ। ਸਿੱਧ ਮਾਰ ਖਾ ਕੇ ਸ਼ਰਮਿੰਦੇ ਹੋ ਕੇ ਹੇਠਾਂ ਆਣ ਉਤਰੇ। ਖੜਾਓਂ ਫਿਰ ਵੀ ਇਨ੍ਹਾਂ ਨੂੰ ਚੋਟਾਂ ਮਾਰੀ ਜਾਵੇ, ਤਾਂ ਸਿੱਧਾਂ ਨੇ ਆਪਣੀ ਭੁੱਲ ਬਖਸ਼ਾਈ ਤੇ ਗੁਰੂ ਜੀ ਨੇ ਖੜਾਓਂ ਨੂੰ ਥੱਲੇ ਉਤਾਰ ਦਿੱਤਾ।
ਗੁਰੂ ਜੀ ਕੋਲੋਂ ਸਿੱਧਾਂ ਨੇ ਅੱਗ ਮੰਗੀ
ਠੰਡ ਤੋਂ ਬਚਣ ਵਾਸਤੇ ਮੰਗਲ, ਗੋਪੀ ਚੰਦ ਤੇ ਭਰਥਰ ਨਾਥ ਸਿੱਧਾਂ ਨੇ ਗੁਰੂ ਜੀ ਤੋਂ ਅੱਗ ਮੰਗੀ ਅਤੇ ਗਲਤੀ ਦੀ ਮਾਫੀ ਮੰਗਣ ਲੱਗੇ। ਗੁਰੂ ਜੀ ਨੇ ਕਿਹਾ ਕਿ ਭਰਥਰ ਨਾਥ ਤੁਸੀਂ ਗੋਰਖ ਨਾਥ ਦੀ ਖੜਾਓਂ ਤੇ ਮੁੰਦਰਾਂ ਲੈ ਕੇ ਸਾਨੂੰ ਦੇ ਦੇਵੋ ਤੇ ਅੱਗ ਲੈ ਜਾਵੋ। ਸਾਰੇ ਸਿੱਧ ਇਕੱਠੇ ਹੋ ਕੇ ਗੁਰੂ ਗੋਰਖ ਨਾਥ ਪਾਸ ਜਾ ਕੇ ਖੜਾਓਂ ਤੇ ਮੁੰਦਰਾਂ ਮੰਗਣ ਲੱਗੇ ਕਿ ਅਸੀਂ ਬਾਬੇ ਕੋਲੋਂ ਅੱਗ ਲੈ ਕੇ ਸਰਦੀ ਦੂਰ ਕਰ ਲਈਏ, ਨਹੀਂ ਤਾਂ ਅਸੀਂ ਠੰਡ ਨਾਲ ਮਰ ਜਾਵਾਂਗੇ ਅਤੇ ਜੇ ਅਸੀਂ ਠੰਡ ਨਾਲ ਮਰ ਗਏ ਤਾਂ ਤੁਸੀਂ ਇਨ੍ਹਾਂ ਵਸਤਾਂ ਦਾ ਕੀ ਕਰੋਗੇ ਪਰ ਗੋਰਖ ਨਾਥ ਦੀ ਸਾਰੀ ਸ਼ਕਤੀ ਇਨ੍ਹਾਂ ਖੜਾਉਂ ਤੇ ਮੁੰਦਰਾਂ ''ਚ ਸੀ, ਇਸ ਲਈ ਉਹ ਇਨਕਾਰ ਕਰ ਰਿਹਾ ਸੀ। ਗੁਰੂ ਜੀ ਨੇ ਕਿਹਾ ਸਾਨੂੰ ਤੁਹਾਡਾ ਕੋਈ ਇਤਬਾਰ ਨਹੀਂ, ਤੁਸੀਂ ਇਕ ਹੱਥ ਖੜਾਓਂ ਤੇ ਮੁੰਦਰਾਂ ਦੇਵੋ ਅਤੇ ਦੂਜੇ ਹੱਥ ਅੱਗ ਲੈ ਜਾਵੋ ਪਰ ਮਰਦਾਨਾ ਜੀ ਨੇ ਗੁਰੂ ਜੀ ਨੂੰ ਕਿਹਾ ਕਿ ਭਾਵੇਂ ਇਹ ਖੜਾਓਂ-ਮੁੰਦਰਾਂ ਲੈ ਆਉਣ ਮੈਂ ਅੱਗ ਨਹੀਂ ਦੇਣੀ, ਬੇਸ਼ੱਕ ਇਹ ਠੰਡ ਨਾਲ ਮਰ ਜਾਣ, ਇਨ੍ਹਾਂ ਮੈਨੂੰ ਬਹੁਤ ਤੰਗ ਕੀਤਾ ਸੀ ਪਰ ਗੁਰੂ ਜੀ ਕਹਿਣ ਲੱਗੇ ਮਰਦਾਨਿਆ ਖੜਾਓਂ-ਮੁੰਦਰਾਂ ਲੈ ਕੇ ਇਨ੍ਹਾਂ ਨੂੰ ਅੱਗ ਦੇ-ਦੇ।
ਦੁੱਧ ਵਾਲਾ ਖੂਹ
ਸ਼ੰਭੂ ਨਾਥ ਗੁਰੂ ਜੀ ਪਾਸ ਹੱਥ ਜੋੜ ਕੇ ਕਹਿਣ ਲੱਗਾ ਕਿ ਮੇਰੀ ਬੇਨਤੀ ਹੈ ਕਿ ਮੇਰਾ ਭਾਂਡਾ ਦੁੱਧ ਨਾਲ ਭਰ ਦੇਵੋ। ਕਿਉਂਕਿ ਉਸ ਨੂੰ ਪਤਾ ਸੀ ਸਿੱਧਾਂ ਨੇ ਆਪਣੀਆਂ ਯੋਗ ਸ਼ਕਤੀਆਂ ਨਾਲ ਇਲਾਕੇ ਦੀਆਂ ਮੱਝਾਂ-ਗਊਆਂ ਦਾ ਦੁੱਧ ਸੁਕਾ ਦਿੱਤਾ ਸੀ, ਤਾਂ ਗੁਰੂ ਜੀ ਨੇ ਮਰਦਾਨੇ ਨੂੰ ਆਖਿਆ, ਖੂਹ ''ਚੋਂ ਦੁੱਧ ਦਾ ਕਟੋਰਾ ਭਰ ਕੇ ਸਿੱਧਾਂ ਨੂੰ ਦਿੱਤਾ ਜਾਵੇ। ਮਰਦਾਨੇ ਨੇ ਗੁਰੂ ਜੀ ਦੇ ਬਚਨ ਨੂੰ ਸੱਤ ਕਰਕੇ ਦੁੱਧ ਦਾ ਕਟੋਰਾ ਭਰਿਆ। ਸਾਰੇ ਸਿੱਧਾਂ ਨੇ ਉਸ ਕਟੋਰੇ ''ਚੋਂ ਰੱਜ ਕੇ ਦੁੱਧ ਛਕਿਆ। ਕਟੋਰਾ ਫਿਰ ਵੀ ਭਰਿਆ ਰਿਹਾ। ਸਿੱਧਾਂ ਨੇ ਹੈਰਾਨ ਹੋ ਕੇ ਜਦੋਂ ਖੂਹ ''ਚ ਵੇਖਿਆ ਤਾਂ ਸਾਰਾ ਖੂਹ ਦੁੱਧ ਨਾਲ ਭਰਿਆ ਹੋਇਆ ਸੀ ਅਤੇ ਸਿੱਧਾਂ ਨੂੰ ਗੁਰੂ ਜੀ ਅੱਗੇ ਝੁਕਣਾ ਪਿਆ।
ਸਿੱਧਾਂ ਵੱਲੋਂ ਭੋਰਾ ਪੁੱਟਣਾ ਤੇ ਧਰਤੀ ''ਚੋਂ ਆਵਾਜ਼ ਆਉਣੀ
ਸਿੱਧਾਂ ਨੇ ਸਲਾਹ ਕਰਕੇ ਇਕ ਭੋਰਾ ਪੁੱਟਿਆ, ਜਿਸ ''ਚ ਇਕ ਬੱਚੇ ਨੂੰ ਬਿਠਾ ਦਿੱਤਾ ਅਤੇ ਕਿਹਾ ਕਿ ਅਸੀਂ ਆਵਾਜ਼ ਦੇਵਾਂਗੇ ਧਰਤੀ ਮਾਤਾ ਤੂੰ ਕਿਸਦੇ ਨਾਲ ਹੈਂ, ਤੂੰ ਕਹੀਂ ਮੈਂ ਸਿੱਧਾਂ ਦੇ ਨਾਲ ਹਾਂ। ਸਿੱਧ ਗੁਰੂ ਨਾਨਕ ਜੀ ਨੂੰ ਕਹਿਣ ਲੱਗੇ ਕਿ ਆਪਾਂ ਧਰਤੀ ਤੋਂ ਨਿਆਂ ਕਰਵਾ ਲਈਏ। ਗੁਰੂ ਜੀ ਨੇ ਆਪਣੀ ਸਹਿਮਤੀ ਦਿੱਤੀ ਕਿ ਧਰਤੀ ਨੂੰ ਆਵਾਜ਼ ਮਾਰ ਕੇ ਪੁੱਛੋ, ਜੇਕਰ ਕਹੇ ਕਿ ਮੈਂ ਸਿੱਧਾਂ ਦੀ ਹਾਂ ਤਾਂ ਸਾਨੂੰ ਕੋਈ ਇਤਰਾਜ਼ ਨਹੀਂ। ਸਿੱਧਾਂ ਨੇ ਆਵਾਜ਼ ਦਿੱਤੀ ਧਰਤੀ ਤੂੰ ਕਿਸ ਦੀ ਹੈਂ ਤਾਂ ਬਾਲਕ ਭੋਰੇ ''ਚੋਂ ਬੋਲਿਆ ਮੈਂ ਸਿੱਧਾਂ ਦੀ ਹਾਂ। ਦੋ ਆਵਾਜ਼ਾਂ ਇਸ ਤਰ੍ਹਾਂ ਦਿੱਤੀਆਂ।
ਤੀਸਰੀ ਆਵਾਜ਼ ਸਿੱਧਾਂ ਨੇ ਫੈਸਲੇ ''ਤੇ ਲਗਾਈ ਤਾਂ ਗੁਰੂ ਜੀ ਨੇ ਕਿਹਾ ਕਿ ਝੂਠ ਬੋਲਣੇ ਵਾਲੇ ਬਾਲਕ ਸ਼ਾਂਤ ਹੋ ਜਾ। ਉਹ ਬਾਲਕ ਭੋਰੇ ''ਚ ਸ਼ਾਂਤ ਹੋ ਗਿਆ ਤੇ ਤੀਸਰੀ ਆਵਾਜ਼ ਨਾ ਦੇ ਸਕਿਆ। ਫਿਰ ਗੁਰੂ ਜੀ ਨੇ ਆਵਾਜ਼ ਦਿੱਤੀ ਧਰਤੀ ਤੂੰ ਕਿਸਦੀ ਹੈਂ, ਧਰਤੀ ਮਾਤਾ ਨੇ ਤਿੰਨ ਵਾਰ ਗੁਰੂ ਨਾਨਕ, ਗੁਰੂ ਨਾਨਕ ਅਨੁਸਾਰ, ਨਾਨਕ ਮਤਾ, ਨਾਨਕ ਮਤਾ, ਨਾਨਕ ਮਤਾ ਬੜੀ ਉੱਚੀ ਆਵਾਜ਼ ''ਚ ਕਿਹਾ। ਸਾਰੇ ਸਿੱਧ ਇਕੱਠੇ ਹੋ ਕੇ ਗੁਰੂ ਜੀ ਦੇ ਚਰਨੀਂ ਡਿਗ ਪਏ ਅਤੇ ਉਨ੍ਹਾਂ ਨੇ ਲੋਕਾਂ ''ਚ ਖੜ੍ਹੇ ਹੋ ਕੇ ਕਹਿ ਦਿੱਤਾ ਕਿ ਅੱਜ ਤੋਂ ਇਸ ਦਾ ਨਾਂ ਨਾਨਕ ਮਤਾ ਹੈ ਅਤੇ ਅੱਜ ਵੀ ਸਰਕਾਰੀ ਕਾਗਜ਼ਾਂ ''ਚ ਇਸ ਦਾ ਨਾਂ ਨਾਨਕ ਮਤਾ ਹੈ।
ਗੁਰਦੁਆਰਾ ਭੰਡਾਰਾ ਸਾਹਿਬ
ਗੁਰੂ ਜੀ ਬੋਹੜ ਦੇ ਦਰੱਖਤ ਥੱਲੇ ਬੈਠੇ ਸਨ। ਸਿੱਧਾਂ ਨੇ ਗੁਰੂ ਜੀ ਪਾਸੋਂ ਛੱਤੀ ਪ੍ਰਕਾਰ ਦੇ ਭੋਜਨ ਦੀ ਮੰਗ ਕੀਤੀ। ਗੁਰੂ ਜੀ ਨੇ ਮਰਦਾਨੇ ਨੂੰ ਕਿਹਾ ਕਿ ਦਰੱਖਤ ਉਪਰ ਚੜ੍ਹ ਕੇ ਇਸ ਨੂੰ ਹਿਲਾ ਦੇ। ਮਰਦਾਨੇ ਨੇ ਦਰੱਖਤ ਹਿਲਾ ਦਿੱਤਾ ਤੇ ਛੱਤੀ ਪ੍ਰਕਾਰ ਦੇ ਪਦਾਰਥ ਬੋਹੜ ਤੋਂ ਡਿੱਗੇ। ਜੋ ਸਿੱਧਾਂ ਨੇ ਛਕੇ ਤੇ ਭੁੱਖ ਮਿਟਾਈ। ਇਥੇ ਗੁਰਦੁਆਰਾ ਭੰਡਾਰਾ ਸਾਹਿਬ ਮੌਜੂਦ ਹੈ।
ਸਿੱਧਾਂ ਵੱਲੋਂ ਪਿੱਪਲ ਨੂੰ ਸਾੜਨਾ
ਗੁਰੂ ਨਾਨਕ ਦੇਵ ਜੀ ਤੋਂ ਬਾਅਦ ਉਨ੍ਹਾਂ ਦੇ ਪੁੱਤਰ ਬਾਬਾ ਸ੍ਰੀਚੰਦ ਜੀ ਨੇ ਸਥਾਨ ਦੀ ਸੇਵਾ ਸੰਭਾਲ ਲਈ ਅਤੇ ਬਾਬਾ ਸ੍ਰੀਚੰਦ ਜੀ ਨੇ ਗੁਰੂ ਹਰਗੋਬਿੰਦ ਸਾਹਿਬ ਦੇ ਸਾਹਿਬਜ਼ਾਦੇ ਬਾਬਾ ਗੁਰਦਿੱਤਾ ਜੀ ਨੂੰ ਸੇਲੀ ਟੋਪੀ ਦੇ ਕੇ ਗੱਦੀ ਦਾ ਵਾਰਿਸ ਬਣਾ ਦਿੱਤਾ। ਬਾਬਾ ਗੁਰਦਿੱਤਾ ਜੀ ਨੇ ਦੇਸ਼ ''ਚ ਪ੍ਰਚਾਰ ਲਈ ਚਾਰ ਧੂਣੀਆਂ ਸਥਾਪਤ ਕੀਤੀਆਂ। ਬਾਬਾ ਅਲਮਸਤ ਜੀ ਗੌੜ ਜਾਤੀ ਦੇ ਬ੍ਰਾਹਮਣ ਸਨ, ਇਹ ਕਸ਼ਮੀਰ ''ਚ ਪੈਦਾ ਹੋਏ। ਇਹ ਦੋ ਭਰਾ ਅਲਮਸਤ ਗੋਂਦਾ ਤੇ ਬਾਲੂ ਰਸਨਾ ਸਨ। ਬਾਬਾ ਅਲਮਸਤ ਜੀ ਨਾਲ ਤਿੰਨ ਹੋਰ ਸਾਧੂ ਸਨ। ਲਾਲ ਗੁਰੂ, ਦਰਿਆਈ ਤੇ ਹਰੀ ਦਾਸ ਜੋ ਬੜੀਆਂ ਬਰਕਤਾਂ ਵਾਲੇ ਸਨ।
ਸਿੱਧਾਂ ਨੇ ਪਿੱਪਲ ਨੂੰ ਕਬਜ਼ੇ ''ਚ ਲੈਣ ਲਈ ਬਾਬਾ ਅਲਮਸਤ ਜੀ ਨੂੰ ਕੁੱਟ-ਮਾਰ ਕੇ ਭਜਾ ਦਿੱਤਾ। ਬਾਬਾ ਅਲਮਸਤ ਜੀ ਨੇ ਛੇਵੇਂ ਗੁਰੂ ਜੀ ਦੇ ਚਰਨਾਂ ''ਚ ਅਰਦਾਸ ਕੀਤੀ ਕਿ ਆਪ ਇਥੇ ਪਹੁੰਚੋ। ਸਿੱਧਾਂ ਨੇ ਗੁਰੂ ਨਾਨਕ ਦੀ ਨਿਸ਼ਾਨੀ ਪਿੱਪਲ ਨੂੰ ਸਾੜ ਦਿੱਤਾ ਹੈ। ਗੁਰੂ ਹਰਗੋਬਿੰਦ ਸਾਹਿਬ ਅਜੇ ਕਸ਼ਮੀਰ ਤੋਂ ਅੰਮ੍ਰਿਤਸਰ ਆਏ ਹੀ ਸਨ ਤੇ ਸੁਨੇਹਾ ਮਿਲਦੇ ਹੀ ਕੁਝ ਸਿੰਘਾਂ ਨੂੰ ਨਾਲ ਲੈ ਕੇ ਨਾਨਕ ਮਤਾ ਪਹੁੰਚੇ ਤੇ ਸਿੱਧਾਂ ਨੂੰ ਇਥੋਂ ਭਜਾ ਕੇ ਸੁੱਕੇ ਪਿੱਪਲ ''ਤੇ ਕੇਸਰ ਦੇ ਛਿੱਟੇ ਮਾਰ ਕੇ ਹਰਾ ਕੀਤਾ। ਸਿੱਧਾਂ ਨੇ ਇਥੋਂ ਭੱਜ ਕੇ ਪੀਲੀਭੀਤ ਦੇ ਰਾਜੇ ਬਾਜ ਬਹਾਦਰ ਕੋਲ ਸ਼ਿਕਾਇਤ ਕੀਤੀ ਕਿ ਇਕ ਸ਼ਸਤਰਧਾਰੀ ਨੇ ਸਾਡੇ ਸਥਾਨ ''ਤੇ ਕਬਜ਼ਾ ਕਰ ਲਿਆ ਹੈ। ਇਹ ਸੁਣ ਕੇ ਬਾਜ ਬਹਾਦਰ ਫੌਜ ਲੈ ਕੇ ਨਾਨਕ ਮਤਾ ਪਹੁੰਚਿਆ ਤਾਂ ਦੇਖਿਆ ਗੁਰੂ ਹਰਗੋਬਿੰਦ ਸਾਹਿਬ ਬੈਠੇ ਸਨ। ਉਨ੍ਹਾਂ ਨੇ ਬਾਜ ਬਹਾਦਰ ਨੂੰ ਗਵਾਲੀਅਰ ਦੇ ਕਿਲੇ ''ਚੋਂ 52 ਰਾਜਿਆਂ ਨਾਲ ਛੁਡਾਇਆ ਸੀ, ਰਾਜੇ ਨੇ ਗੁਰੂ ਜੀ ਨੂੰ ਮੱਥਾ ਟੇਕਿਆ ਤੇ ਬੇਨਤੀ ਕਰਕੇ ਆਪਣੀ ਰਿਆਸਤ ਪੀਲੀਭੀਤ ਲੈ ਗਿਆ।
-ਡਾ. ਰਣਜੀਤ ਸਿੰਘ ਸੋਢੀ, 94170-93702