ਸ਼ਿਵਲਿੰਗ ਦੀ ਅਰਧ-ਪਰਿਕਰਮਾ ਦਾ ਰਹੱਸ

7/17/2017 6:58:18 AM

ਸਾਉਣ ਮਹੀਨੇ 'ਚ ਖਾਸ ਕਰਕੇ ਭੋਲੇਨਾਥ ਭੰਡਾਰੀ ਦੀ ਪੂਜਾ ਕਰਨ ਦਾ ਹੀ ਵਿਧਾਨ ਹੈ। ਉਨ੍ਹਾਂ ਦੇ ਭਗਤ ਉਨ੍ਹਾਂ ਨੂੰ ਨਟਰਾਜ, ਡਮਰੂਵਾਲਾ, ਬਰਫਾਨੀ ਬਾਬਾ ਅਮਰਨਾਥ, ਨੀਲਕੰਠ ਮਹਾਦੇਵ, ਤ੍ਰਿਯੰਬਕੇਸ਼ਵਰ, ਮ੍ਰਿਤਯੂੰਜਯ, ਵਿਸ਼ਵਨਾਥ, ਕੇਦਾਰ ਬਾਬਾ, ਆਸ਼ੂਤੋਸ਼ ਮਹਾਦੇਵ ਅਤੇ ਸੰਸਾਰ ਤੋਂ ਦੂਰ ਇਕ ਫੱਕੜ ਭੋਲੇ ਬਾਬਾ ਵਜੋਂ ਬੁਲਾਉਂਦੇ ਹਨ। ਸੰਸਾਰ 'ਚ ਜੋ ਕੁਝ ਹੈ, ਜੋ ਕੁਝ ਸੀ ਅਤੇ ਜੋ ਕੁਝ ਹੋਣਾ ਹੈ, ਉਸ ਦੇ ਸੰਧੀ ਸੂਤਰ ਸ਼ਿਵ ਹੀ ਹਨ। ਅਨਾਦਿ ਪਰਮੇਸ਼ਵਰ ਭੋਲੇ ਬਾਬਾ ਸ਼ਿਵ ਸਾਰੇ ਦੇਵਾਂ 'ਚ ਮੁੱਖ ਹਨ। ਸ਼ਿਵ ਦਾ ਨਾਂ ਹੀ ਕਲਿਆਣਕਾਰੀ ਹੈ। ਭਗਵਾਨ ਸ਼ਿਵ ਦੀ ਪਰਿਕਰਮਾ  ਲਈ ਸ਼ਾਸਤਰ ਦਾ ਹੁਕਮ ਹੈ ਕਿ ਸ਼ਿਵਲਿੰਗ ਦੀ ਅਰਧ ਪਰਿਕਰਮਾ ਹੀ ਕਰਨੀ ਚਾਹੀਦੀ ਹੈ।
''ਪੁਸ਼ਪ ਦੱਤ ਨੇ ਭਗਵਾਨ ਭੋਲੇ ਨਾਥ ਭੰਡਾਰੀ ਨੂੰ ਖੁਸ਼ ਕਰ ਕੇ ਅਦ੍ਰਿਸ਼ ਹੋਣ ਦੀ ਸ਼ਕਤੀ ਪ੍ਰਾਪਤ ਕੀਤੀ ਹੋਈ ਸੀ। ਉਹ ਫੁੱਲ ਤੋੜਦੇ ਹੋਏ ਵੀ ਦਿਖਾਈ ਨਹੀਂ ਦਿੰਦਾ ਸੀ।''
ਇਸ ਸੰਦਰਭ 'ਚ ਇਕ ਕਥਾ ਹੈ—ਪੁਸ਼ਪ ਦੱਤ ਨਾਂ ਦੇ ਗੰਧਰਵਾਂ ਦਾ ਇਕ ਰਾਜਾ ਸੀ। ਉਹ ਭੋਲੇ ਨਾਥ ਭੰਡਾਰੀ ਦਾ ਭਗਤ ਸੀ। ਭਗਵਾਨ ਭੋਲੇ ਨਾਥ ਭੰਡਾਰੀ ਦੀ ਪੂਜਾ ਲਈ ਸੁਗੰਧ ਵਾਲੇ ਫੁੱਲ ਲਿਆਉਣ ਲਈ ਰਾਜਾ ਕਿਸੇ ਹੋਰ ਰਾਜੇ ਦੀ ਫੁੱਲਾਂ ਦੇ ਬਾਗ 'ਚ ਜਾਂਦਾ ਸੀ ਤੇ ਉਥੋਂ ਰੋਜ਼ਾਨਾ ਸੁੰਦਰ-ਸੁੰਦਰ ਫੁੱਲ ਚੋਰੀ ਕਰ ਲੈਂਦਾ ਸੀ।
ਰੋਜ਼ਾਨਾ ਫੁੱਲਾਂ ਦੀ ਚੋਰੀ ਹੁੰਦੀ ਦੇਖ ਮਾਲੀ ਕਾਫੀ ਪ੍ਰੇਸ਼ਾਨ ਰਹਿੰਦਾ। ਉਸ ਨੂੰ ਬਗੀਚੇ 'ਚ ਕਿਸੇ ਨੂੰ ਆਉਂਦੇ-ਜਾਂਦੇ ਨਾ ਦੇਖ ਕੇ ਹੈਰਾਨੀ ਹੁੰਦੀ। ਉਸ ਨੇ ਇਸ ਸੰਬੰਧ 'ਚ ਰਾਜਾ ਨਾਲ ਗੱਲਬਾਤ ਕੀਤੀ ਅਤੇ ਫੁੱਲਾਂ ਦੀ ਹੋ ਰਹੀ ਰੋਜ਼ਾਨਾ ਚੋਰੀ ਨੂੰ ਰੋਕਣ ਲਈ ਇਕ ਸੂਚਨਾ ਦੇਣ ਵਾਲੇ ਦੀ ਵਿਵਸਥਾ ਕੀਤੀ, ਜੋ ਨਿਗਰਾਨੀ ਰੱਖੇਗਾ ਕਿ ਕੌਣ ਬਾਗ 'ਚੋਂ ਚੰਗੇ-ਚੰਗੇ ਫੁੱਲ ਚੋਰੀ ਕਰਦਾ ਹੈ ਪਰ ਉਸ ਨੂੰ ਨਿਯੁਕਤ ਕਰਨ ਤੋਂ ਬਾਅਦ ਵੀ ਚੋਰੀ ਇੰਝ ਹੀ ਹੁੰਦੀ ਰਹੀ।
ਇਕ ਵਾਰ ਜਦੋਂ ਗੰਧਰਵਰਾਜ ਭਗਵਾਨ ਸ਼ਿਵ ਭੋਲੇ ਨਾਥ ਦੀ ਪੂਜਾ ਕਰ ਰਿਹਾ ਸੀ ਤਾਂ ਉਹ ਭੁੱਲ ਨਾਲ ਸ਼ਿਵਲਿੰਗ ਦੀ ਨਿਰਮਲੀ (ਜਲ ਦੀ ਨਾਲੀ) ਨੂੰ ਲੰਘ ਗਿਆ, ਜਿਸ ਦੇ ਨਤੀਜੇ ਵਜੋਂ ਉਸ ਦੇ ਅਦ੍ਰਿਸ਼ ਹੋਣ ਦੀ ਸ਼ਕਤੀ ਖਤਮ ਹੋ ਗਈ, ਜਿਸ ਦਾ ਉਸ ਨੂੰ ਪਤਾ ਨਹੀਂ ਲੱਗਾ। ਜਦੋਂ ਉਹ ਦੂਜੇ ਦਿਨ ਫੁੱਲਾਂ ਦੇ ਬਾਗ 'ਚ ਫੁੱਲ ਲੈਣ ਗਿਆ ਤਾਂ ਫੁੱਲ ਤੋੜਦਿਆਂ ਮਾਲੀ ਦੇ ਰੱਖੇ ਹੋਏ ਉਸ ਸੂਚਨਾ ਦੇਣ ਵਾਲੇ ਨੇ ਫੜ ਲਿਆ। ਉਸ ਨੇ ਅਦ੍ਰਿਸ਼ ਹੋਣ ਦੀ ਕੋਸ਼ਿਸ਼ ਕੀਤੀ, ਜਿਸ 'ਚ ਉਹ ਸਫਲ ਨਾ ਹੋ ਸਕਿਆ। ਕਿਸੇ ਤਰ੍ਹਾਂ ਉਹ ਉਥੋਂ ਛੁੱਟ ਗਿਆ। ਅਗਲੀ ਸਵੇਰ ਪੂਜਾ 'ਚ ਭਗਵਾਨ ਮ੍ਰਿਤਯੂਜੰਯ ਭੋਲੇ ਨਾਥ ਭੰਡਾਰੀ ਨੇ ਉਸ ਦੀ ਅਦ੍ਰਿਸ਼ ਹੋਣ ਦੀ ਸ਼ਕਤੀ ਖਤਮ ਹੋ ਜਾਣ ਦਾ ਰਹੱਸ ਦੱਸਿਆ।
ਇਸ ਲਈ ਮੁੱਖ 12 ਜਯੋਤਿਰਲਿੰਗਾਂ 'ਚ ਨਿਰਮਲੀ (ਜਿਥੋਂ ਸ਼ਿਵਲਿੰਗ 'ਤੇ ਪਾਣੀ ਚੜ੍ਹ ਕੇ ਹੇਠਾਂ ਵਹਿੰਦਾ ਹੈ) ਦਾ ਪਾਣੀ ਉਥੇ ਟੋਇਆ ਬਣਾ ਕੇ ਇਕੱਠਾ ਕਰ ਲੈਂਦੇ ਹਨ। ਉਥੋਂ ਕੱਢ ਕੇ ਕਿਤੇ ਜ਼ਮੀਨ 'ਚ ਟੋਇਆ ਬਣਾ ਕੇ ਉਸ 'ਚ ਜਾਣ ਦਿੰਦੇ ਹਨ। ਜੇਕਰ ਨਿਰਮਲੀ ਢਕੀ ਹੋਵੇ ਤੇ ਗੁਪਤ ਰੂਪ ਨਾਲ ਬਣੀ ਹੋਵੇ ਤਾਂ ਪੂਰੀ ਪਰਿਕਰਮਾ ਕਰਨ 'ਤੇ ਵੀ ਦੋਸ਼ ਨਹੀਂ ਲੱਗਦਾ। ਤੁਸੀਂ ਸ਼ਿਵ ਮੰਦਿਰ ਦੀ ਚਾਰੇ ਪਾਸੇ ਪਰਿਕਰਮਾ ਕਰ ਸਕਦੇ ਹੋ ਪਰ ਸ਼ਿਵਲਿੰਗ ਦੀ ਨਿਰਮਲੀ ਨਾ ਲੰਘਣ ਕਾਰਨ ਅਰਧ-ਪਰਿਕਰਮਾ ਦਿੱਤੀ ਜਾਂਦੀ ਹੈ। ਜਿਨ੍ਹਾਂ ਸ਼ਿਵਾਲਿਆਂ 'ਚ ਨਿਰਮਲੀ ਦੀ ਸਹੀ  ਵਿਵਸਥਾ ਨਹੀਂ ਹੁੰਦੀ, ਜਲ ਸਾਧਾਰਨ ਖੁੱਲ੍ਹੀਆਂ ਨਾਲੀਆਂ ਦੀ ਤਰ੍ਹਾਂ ਵਹਿੰਦਾ ਹੈ, ਉਸ ਨੂੰ ਕਦੇ ਨਹੀਂ ਲੰਘਣਾ ਚਾਹੀਦਾ, ਦੋਸ਼ ਲੱਗਦਾ ਹੈ।