ਭਗਤੀ ਅਤੇ ਸ਼ਕਤੀ ਦੇ ਪ੍ਰਤੀਕ ਭਗਵਾਨ ਪਰਸ਼ੂਰਾਮ

5/2/2016 7:21:18 AM

ਭਗਵਾਨ ਵਿਸ਼ਨੂੰ ਜੀ ਦੇ ਦਸ ਅਵਤਾਰਾਂ ਵਿਚ ਤਿੰਨ ਰਾਮ ਹੋਏ—ਭਾਰਗਵ ਰਾਮ (ਪਰਸ਼ੂਰਾਮ ਜੀ), ਰਘੂਨੰਦਨ ਰਾਮ (ਸ਼੍ਰੀ ਰਾਮਚੰਦਰ ਜੀ) ਅਤੇ ਯਦੁਨੰਦਨ ਰਾਮ (ਬਲਰਾਮ ਜੀ)। ਪਰਸ਼ੂਰਾਮ ਦੇ ਜਨਮ ਦਾ ਨਾਂ ''ਰਾਮ'' ਸੀ। ਰਾਮ ਦੇ ਸ਼ਬਦ ''ਚ ਤਿੰਨ ਅੱਖਰ ਹਨ-ਰ+ਅ+ਮ। ''ਰ'' ਅੱਖਰ ਅਗਨੀ ਦਾ ਬੀਜ ਹੈ, ''ਅ'' ਆਦਿੱਤਯ-ਸੂਰਜ ਦਾ ਅਤੇ ''ਮ'' ਅੱਖਰ ਚੰਦਰਮਾ ਦਾ ਬੀਜ ਹੈ। ਅਗਨੀ ਵੰਸ਼ ''ਚ ਪਰਸ਼ੂਰਾਮ ਜੀ ਹੋਏ, ਸੂਰਯਵੰਸ਼ ''ਚ ਰਾਮਚੰਦਰ ਜੀ ਅਤੇ ਚੰਦਰਵੰਸ਼ ''ਚ ਬਲਰਾਮ ਜੀ ਹੋਏ। ਚਿਰੰਜੀਵੀ ਭਗਵਾਨ ਪਰਸ਼ੂਰਾਮ ਜੀ, ਭਗਵਾਨ ਵਿਸ਼ਨੂੰ ਜੀ ਦੇ ਛੇਵੇਂ ਅਤੇ ਅੰਸ਼ ਅਵਤਾਰ ਹਨ। ਚਾਰ ਵੇਦਾਂ ਦੀ ਜਾਣੂ ਮੂਰਤ, ਪਿੱਠ ਉੱਤੇ ਧਨੁਸ਼ ਅਤੇ ਦੈਵੀ ਬਾਣਾਂ ਨਾਲ ਭਰਿਆ ਤਰਕਸ਼ ਧਾਰਨ ਕੀਤੇ ਹੋਏ ਪਰਸ਼ੂ ਵਾਲੇ ਭਗਵਾਨ ਪਰਸ਼ੂਰਾਮ ਜੀ ਬ੍ਰਹਮ ਗਿਆਨ ਦੇ ਤਪੋਨਿਧੀ (ਖਜ਼ਾਨੇ) ਅਤੇ ਸ਼ਸਤਰ ਵਿੱਦਿਆ ''ਚ ਮਾਹਿਰ ਪ੍ਰਤੱਖ ਰੂਪ ਹਨ, ਜਿਨ੍ਹਾਂ ''ਚ ਸਰਾਪ ਦੇਣ ਦੀ ਅਤੇ ਸ਼ਸਤਰ ਯੁੱਧ ਕਰਨ ਦੀ ਸ਼ਕਤੀ ਬਰਾਬਰ ਹੈ। ਇਹੀ ਭਗਤੀ ਅਤੇ ਸ਼ਕਤੀ ਦੀ ਪਰਿਭਾਸ਼ਾ ਹੈ। ਮਹਾਵਿਸ਼ਨੂੰ ਦੇ ਦਸ ਅਵਤਾਰਾਂ ''ਚੋਂ ਪਰਸ਼ੂਰਾਮ ਸਿਰਫ ਚਿਰੰਜੀਵ ਅਵਤਾਰ ਹਨ। ਪ੍ਰਤੱਖ ਸ਼ਿਵ-ਪਾਰਬਤੀ ਦੇ ਰੂਪ ਵਿਚ ਜਮਦਗਨੀ ਅਤੇ ਰੇਣੁਕਾ ਦੇ ਗਰਭ ''ਚੋਂ ਸੂਰਜ, ਇੰਦਰ, ਅਗਨੀ ਤੇ ਵਾਯੂ ਨੇ ਜਨਮ ਲੈਣ ਦਾ ਵਿਚਾਰ ਕੀਤਾ ਅਤੇ ਦੇਵੀ ਰੇਣੁਕਾ ਦੇ ਚਾਰ ਪੁੱਤਰ ਹੋਏ, ਉਨ੍ਹਾਂ ਦੇ ਨਾਂ ਇਸ ਤਰ੍ਹਾਂ ਸਨ : ਪ੍ਰਥਮ ਪੁੱਤਰ ਵਸੁਮਾਨ ਸੂਰਜ ਦਾ, ਦੂਜਾ ਪੁੱਤਰ ਵਸੁਸ਼ੇਣ ਇੰਦਰ ਦਾ, ਤੀਜਾ ਪੁੱਤਰ ਵਸੁ ਅਗਨੀ ਦਾ ਅਤੇ ਚੌਥਾ ਵਿਸ਼ਵਾਵਸੁ ਵਾਯੂ ਦਾ ਸਰੂਪ ਸੀ। ਰੇਣੁਕਾ ਦੇਵੀ ਦਾ ਛੋਟਾ ਪੁੱਤਰ ਰਾਮ ਭਗਵਾਨ ਸ਼੍ਰੀਮੰਨ ਨਾਰਾਇਣ ਦਾ ਸਰੂਪ ਸੀ। ਭਗਵਾਨ ਨਾਰਾਇਣ ਛੇਵੇਂ ਸਾਖਸ਼ਾਤ ਅਵਤਾਰ ਪਰਸ਼ੂਰਾਮ ਦਾ ਜਨਮ ਵਿਸਾਖ ਸ਼ੁਕਲ ਤੀਜੇ (ਅਕਸ਼ੈ ਤੀਜੇ) ਨੂੰ ਰਾਤ ਦੇ ਪ੍ਰਥਮ ਪਹਿਰ ''ਚ ਕੁਰੂਕਸ਼ੇਤਰ ਦੇ ਨੇੜੇ ਜਮਨੀਆ ਪਿੰਡ ''ਚ ਹੋਇਆ। ਭਗਵਾਨ ਪਰਸ਼ੂਰਾਮ ਜੀ ਦਾ ਜਨਮ ਪਹਿਲੇ ਤ੍ਰੇਤਾ ਯੁੱਗ ਦੇ ਉੱਨੀਵੇਂ ਭਾਰਤ ''ਚ ਸ਼੍ਰੀ ਰਾਮਚੰਦਰ ਜੀ ਤੋਂ ਤਿੰਨ ਹਜ਼ਾਰ ਸਾਲ ਪਹਿਲਾਂ ਹੋਇਆ। ਇਸ ਪਿੱਛੋਂ ਮਾਤਾ-ਪਿਤਾ ਦੀ ਆਗਿਆ ਲੈ ਕੇ ਉਹ ਸ਼ਾਲਗ੍ਰਾਮ ਖੇਤਰ ''ਚ ਜਾ ਕੇ ਗੁਰੂ ਮਹਾਰਿਸ਼ੀ ਕਸ਼ਿਅਪ ਦੇ ਸਾਹਮਣੇ ਹਾਜ਼ਰ ਹੋਏ ਅਤੇ ਉਨ੍ਹਾਂ ਨੂੰ ਸ਼ਸਤਰ ਦਾ ਗਿਆਨ ਪ੍ਰਦਾਨ ਕਰਨ ਲਈ ਪ੍ਰਾਰਥਨਾ ਕੀਤੀ। ਗੁਰੂ ਮਹਾਰਿਸ਼ੀ ਕਸ਼ਿਅਪ ਨੇ ਪਰਸ਼ੂਰਾਮ ਨੂੰ ਵਿਧੀ ਅਨੁਸਾਰ ਦੀਖਿਆ ਦਿੱਤੀ ਅਤੇ ਸ਼ਾਸਤਰ ਤੇ ਸ਼ਸਤਰ ਵਿੱਦਿਆ ਸਿਖਾਉਣੀ ਆਰੰਭ ਕੀਤੀ।
ਆਤਮਾ ਕਸ਼ਿਅਪ ਤੋਂ ਉਪਦੇਸ਼ ਪ੍ਰਾਪਤ ਕਰਕੇ ਭਾਰਗਵ ਰਾਮ ਵਿਧੀਪੂਰਵਕ ਭਗਵਾਨ ਵਿਸ਼ਨੂੰ ਦੀ ਅਰਾਧਨਾ ਕਰਨ ਲੱਗੇ। ਅਨੇਕ ਸਾਲਾਂ ਦੀ ਤਪੱਸਿਆ ਪਿੱਛੋਂ ਭਗਵਾਨ ਵਿਸ਼ਨੂੰ ਨੇ ਉਨ੍ਹਾਂ ਨੂੰ ਪ੍ਰਤੱਖ ਦਰਸ਼ਨ ਦੇ ਕੇ ਪਰਸ਼ੂਰਾਮ ਨੂੰ ਆਪਣਾ ਪਰਸ਼ੂ, ਵੈਸ਼ਣਵ ਧਨੁਸ਼ ਅਤੇ ਅਨੇਕ ਦੈਵੀ ਸ਼ਸਤਰ ਪ੍ਰਦਾਨ ਕਰਦਿਆਂ ਕਿਹਾ ਕਿ ਮੈਂ ਤੁਹਾਨੂੰ ਆਪਣੀ ਉੱਤਮ ਸ਼ਕਤੀ ਪ੍ਰਦਾਨ ਕਰਦਾ ਹਾਂ। ਮੇਰੀ ਸ਼ਕਤੀ ਪ੍ਰਾਪਤ ਕਰਕੇ ਸਮਾਂ ਆਉਣ ''ਤੇ ਤੁਸੀਂ ਪ੍ਰਿਥਵੀ ਦਾ ਭਾਰ ਉਤਾਰਨ ਲਈ ਦੇਵਤਿਆਂ ਦੇ ਹਿੱਤ ਲਈ ਦੁਸ਼ਟ ਰਾਜਿਆਂ ਦਾ ਵਧ ਕਰੋ।
ਸਹਸਤਰਾਜਨ ਕਾਰਤੀਵੀਰਯ ਨੇ ਜਦੋਂ ਪਰਸ਼ੂਰਾਮ ਦੇ ਪਿਤਾ ਜਮਦਗਨੀ ਜੀ ਦਾ ਵਧ ਕਰ ਦਿੱਤਾ ਤਾਂ ਪਰਸ਼ੂਰਾਮ ਦੇ ਪ੍ਰਕੋਪ ਨੇ ਸੰਪੂਰਨ ਕਸ਼ੱਤਰੀ ਵੰਸ਼ ਨੂੰ ਇਕ ਵਾਰ ਨਹੀਂ, ਇੱਕੀ ਵਾਰ ਨਿਰਮੂਲ ਕਰ ਦਿੱਤਾ। ਭਾਰਗਵ ਰਾਮ ਨੇ ਵਿਚਾਰ ਕੀਤਾ ਕਿ ਧਰਮ-ਸਥਾਪਨਾ ਲਈ ਸ਼ਸਤਰ ਉਠਾਉਣ ''ਚ ਵੀ ਕਿਸੇ ਤਰ੍ਹਾਂ ਦਾ ਸੰਕੋਚ ਨਹੀਂ ਕਰਨਾ ਚਾਹੀਦਾ। ਕਦੇ-ਕਦੇ ਅਹਿੰਸਾ ਦੀ ਰੱਖਿਆ ਲਈ ਹਿੰਸਾ ਵੀ ਜ਼ਰੂਰੀ ਹੋ ਜਾਂਦੀ ਹੈ। ਭਗਵਾਨ ਪਰਸ਼ੂਰਾਮ ਨੇ ਨਿਰਬਲਾਂ ਅਤੇ ਗਰੀਬਾਂ ਦੀ ਰੱਖਿਆ ਕੀਤੀ ਅਤੇ ਦਾਸ ਪ੍ਰਥਾ ਖਤਮ ਕਰਕੇ ਲੋਕਰਾਜ ਦੀ ਸਥਾਪਨਾ ਕੀਤੀ। ਦਲਿਤਾਂ ਨੂੰ ਸਮਾਜ ''ਚ ਉਚਿਤ ਸਥਾਨ ਦਿਵਾਇਆ ਤਾਂ ਹੀ ਪਰਸ਼ੂਰਾਮ ਰਿਸ਼ੀਆਂ ਦੇ ਵੰਸ਼ ''ਚ ਜਨਮ ਲੈ ਕੇ ਵੀ ਰਿਸ਼ੀ ਨਹੀਂ ਅਖਵਾਏ।
ਤ੍ਰੇਤਾ ਯੁੱਗ ''ਚ ਰਾਕਸ਼ਸਾਂ ਦੇ ਵਿਨਾਸ਼ ਲਈ ਭਗਵਾਨ ਰਾਮ ਨੂੰ ਆਪਣਾ ਵੈਸ਼ਣਵ ਧਨੁਸ਼ ਦਿੱਤਾ। ਦਵਾਪਰ ਯੁੱਗ ''ਚ ਭਗਵਾਨ ਕ੍ਰਿਸ਼ਨ ਨੂੰ ਸੁਦਰਸ਼ਨ ਚੱਕਰ ਮੁੜ ਯਾਦ ਕਰਵਾਇਆ, ਬਲਰਾਮ ਨੂੰ ਹਲ ਅਤੇ ਮੂਸਲ ਪ੍ਰਦਾਨ ਕੀਤੇ। ਕੰਸ ਦੇ ਦਾਮਾਦ ਜਰਾਸੰਧ ਦਾ ਯੁੱਧ ''ਚ ਮੁਕਾਬਲਾ ਕਰਨ ਲਈ ਭਗਵਾਨ ਪਰਸ਼ੂਰਾਮ ਨੇ ਕ੍ਰਿਸ਼ਨ ਅਤੇ ਬਲਰਾਮ ਨੂੰ ਗੁਰੀਲਾ ਯੁੱਧ (ਛਾਪਾਮਾਰ ਯੁੱਧ) ਦੀ ਸਿਖਲਾਈ ਪ੍ਰਦਾਨ ਕੀਤੀ।
—ਡਾ. ਵਿਕਰਮ ਸ਼ਰਮਾ