ਸ੍ਰਿਸ਼ਟੀ ਦੇ ਪਾਲਣਹਾਰ ਭਗਵਾਨ ਸ਼੍ਰੀ ਕ੍ਰਿਸ਼ਨ

8/14/2017 7:16:31 AM

ਭਾਦੋਂ ਕ੍ਰਿਸ਼ਨ ਪੱਖ ਦੀ ਅਸ਼ਟਮੀ ਦੀ ਅੱਧੀ ਰਾਤ ਵੇਲੇ ਪਿਤਾ ਵਾਸੁਦੇਵ ਤੇ ਮਾਤਾ ਦੇਵਕੀ ਦੇ ਪੁੱਤਰ ਦੇ ਰੂਪ 'ਚ ਕੰਸ ਦੀ ਜੇਲ 'ਚ ਭਗਵਾਨ ਸ਼੍ਰੀ ਕ੍ਰਿਸ਼ਨ ਦਾ ਅਵਤਾਰ ਹੋਇਆ। ਜੇਲ ਦੇ ਦਰਵਾਜ਼ੇ ਆਪਣੇ-ਆਪ ਖੁੱਲ੍ਹ ਗਏ। ਵਾਸੁਦੇਵ ਜੀ ਬਾਲ ਕ੍ਰਿਸ਼ਨ ਭਗਵਾਨ ਨੂੰ ਨੰਦ ਭਵਨ ਛੱਡ ਆਏ ਤੇ ਯੋਗਮਾਇਆ ਰੂਪੀ ਕੰਨਿਆ ਨੂੰ ਉਥੋਂ ਲੈ ਆਏ। ਜਦੋਂ ਕੰਸ ਨੇ ਉਸ ਕੰਨਿਆ ਨੂੰ ਪੱਥਰ 'ਤੇ ਪਟਕਣਾ ਚਾਹਿਆ ਤਾਂ ਉਹ ਕੰਨਿਆ ਆਸਮਾਨ 'ਚ ਅਸ਼ਟਭੁਜਾ ਰੂਪ 'ਚ ਪ੍ਰਗਟ ਹੋਈ ਤੇ ਕੰਸ ਨੂੰ ਇਹ ਕਹਿ ਕੇ ਅੰਤਰਧਿਆਨ ਹੋ ਗਈ ਕਿ ਉਸ ਨੂੰ ਮਾਰਨ ਵਾਲਾ ਤਾਂ ਅਵਤਾਰ ਲੈ ਚੁੱਕਾ ਹੈ।
ਗੋਕੁਲ ਦੀਆਂ ਗਲੀਆਂ ਆਨੰਦਮਈ ਹੋ ਗਈਆਂ ਤੇ ਨੰਦਰਾਣੀ ਯਸ਼ੋਦਾ ਦੀ ਝੋਲੀ ਧੰਨ ਹੋ ਗਈ। ਭਗਵਾਨ ਸ਼੍ਰੀ ਕ੍ਰਿਸ਼ਨ ਨੇ ਆਪਣੀ ਬਾਲ ਲੀਲਾ 'ਚ ਕੰਸ ਵੱਲੋਂ ਭੇਜੇ ਗਏ ਪੂਤਨਾ, ਸ਼ਕਰਾਸੁਰ, ਬਕਾਸੁਰ, ਅਘਾਸੁਰ ਨੂੰ ਮਾਰ ਕੇ ਉਨ੍ਹਾਂ ਨੂੰ ਮੁਕਤੀ ਦਿੱਤੀ। ਕਾਲੀਆ ਨਾਗ ਦੇ ਹੰਕਾਰ ਨੂੰ ਤੋੜ ਕੇ ਉਸ ਦੇ ਫਨ 'ਤੇ ਨ੍ਰਿਤ ਕੀਤਾ। ਬ੍ਰਹਮਾ ਜੀ ਨੂੰ ਆਪਣੇ ਸਰੂਪ ਦਾ ਦਰਸ਼ਨ ਕਰਵਾ ਕੇ ਉਨ੍ਹਾਂ ਦਾ ਮੋਹ ਭੰਗ ਕੀਤਾ ਅਤੇ ਗੋਵਰਧਨ ਨੂੰ ਉਂਗਲੀ 'ਤੇ ਚੁੱਕ ਕੇ ਬ੍ਰਜ ਮੰਡਲ ਦੀ ਇੰਦਰ ਵੱਲੋਂ ਵਰ੍ਹਾਏ ਮੀਂਹ ਦੇ ਪਾਣੀ ਤੋਂ ਨਾ ਸਿਰਫ ਰੱਖਿਆ ਕੀਤੀ, ਸਗੋਂ ਇੰਦਰ ਦਾ ਹੰਕਾਰ ਵੀ ਤੋੜਿਆ। ਆਪਣੇ ਗੁਰੂ ਸਾਂਦੀਪਨੀ ਨੂੰ ਗੁਰੂ ਦੱਖਣਾ 'ਚ ਉਨ੍ਹਾਂ ਦੇ ਮਰ ਚੁੱਕੇ ਪੁੱਤਰ ਨੂੰ ਮੁੜ ਜੀਵਨ ਪ੍ਰਦਾਨ ਕੀਤਾ। ਭਗਵਾਨ ਸ਼੍ਰੀ ਕ੍ਰਿਸ਼ਨ ਜੀ ਦੀਆਂ ਲੀਲਾਵਾਂ ਦੀਆਂ ਕਥਾਵਾਂ ਤਾਂ ਅਨੰਤ ਹਨ।
ਮਹਾਭਾਰਤ ਦੇ ਵਨਪਰਵ 'ਚ ਮਾਰਕੰਡੇਯ ਮੁਨੀ ਜੋ ਚਿਰੰਜੀਵੀ ਹਨ, ਯੁਧਿਸ਼ਠਿਰ ਨੂੰ ਭਗਵਾਨ ਸ਼੍ਰੀ ਕ੍ਰਿਸ਼ਨ ਜੀ ਦੇ ਪ੍ਰਮਾਤਮ ਸਰੂਪ ਦਾ ਤੱਤ ਸਮਝਾਉਂਦੇ ਹੋਏ ਕਹਿੰਦੇ ਹਨ ਕਿ ਇਕ ਵਾਰ ਜਲ ਪ੍ਰਲਯ ਸਮੇਂ ਜਦੋਂ ਸਾਰੀ ਧਰਤੀ ਪਾਣੀ 'ਚ ਡੁੱਬ ਗਈ, ਉਦੋਂ ਸਾਰਾ ਸੰਸਾਰ ਬ੍ਰਹਮਾ ਜੀ ਦੇ ਸੂਖਮ ਸਰੀਰ 'ਚ ਲੀਨ ਹੋ ਗਿਆ। ਭਗਵਾਨ ਸ਼ਿਵ ਦੇ ਵਰਦਾਨ ਦੇ ਪ੍ਰਭਾਵ ਨਾਲ ਕਾਲ ਦਾ ਮੇਰੇ 'ਤੇ ਅਸਰ ਨਾ ਹੋਣ ਕਾਰਨ ਮੈਂ ਜਲ ਦੇ ਇਧਰ-ਉਧਰ ਘੁੰਮਦਾ ਰਿਹਾ। ਜਦੋਂ ਮੇਰੀਆਂ ਇੰਦਰੀਆਂ ਥੱਕਣ ਲੱਗੀਆਂ, ਉਦੋਂ ਮੈਂ ਸਾਰੇ ਪਾਸੇ ਫੈਲੇ ਪਾਣੀ 'ਚ ਇਕ ਵਿਸ਼ਾਲ ਬਰਗਦ ਦਾ ਦਰੱਖਤ ਦੇਖਿਆ। ਮੈਂ ਦੇਖਿਆ ਕਿ ਬਾਲ ਮੁਕੰਦ ਭਗਵਾਨ ਉਸ ਦਰੱਖਤ 'ਤੇ ਲੇਟੇ ਹੋਏ ਸਨ। ਉਦੋਂ ਉਨ੍ਹਾਂ ਮੈਨੂੰ ਕਿਹਾ ਕਿ ਰਿਸ਼ੀ ਮਹਾਰਾਜ! ਤੁਸੀਂ ਥੱਕ ਗਏ ਹੋਵੋਗੇ। ਤੁਸੀਂ ਮੇਰੇ ਪੇਟ 'ਚ ਆਰਾਮ ਕਰ ਲਓ। ਉਦੋਂ ਭਗਵਾਨ ਬਾਲ ਕ੍ਰਿਸ਼ਨ ਨੇ ਆਪਣਾ ਮੂੰਹ ਖੋਲ੍ਹਿਆ ਤਾਂ ਮਾਰਕੰਡੇਯ ਮੁਨੀ ਭਗਵਾਨ ਦੇ ਮੂੰਹ 'ਚ ਪ੍ਰਵੇਸ਼ ਕਰ ਗਏ। ਸਾਰਾ ਬ੍ਰਹਿਮੰਡ ਭਗਵਾਨ ਦੇ ਪੇਟ 'ਚ ਸਥਿਤ ਹੈ। ਅਜਿਹਾ ਸ਼ਰੁਤੀਆਂ ਤੇ ਪੁਰਾਣਾਂ ਦਾ ਕਹਿਣਾ ਹੈ।
ਮਾਰਕੰਡੇਯ ਮੁਨੀ ਯੁਧਿਸ਼ਠਿਰ ਨੂੰ ਦੱਸਦੇ ਹਨ ਕਿ ਕਈ ਦਿੱਵਯ ਸਾਲਾਂ ਤਕ ਮੈਂ ਭਗਵਾਨ ਦੇ ਪੇਟ 'ਚ ਆਰਾਮ ਕੀਤਾ। ਉਥੇ ਮੈਂ ਕਈ ਰਾਸ਼ਟਰ, ਨਦੀਆਂ, ਪਰਬਤ ਤੇ ਬ੍ਰਹਿਮੰਡ ਰਾਸ਼ੀਆਂ ਦੇਖੀਆਂ। ਜਦੋਂ ਮੈਂ ਭਗਵਾਨ ਦੇ ਪੇਟ 'ਚੋਂ ਬਾਹਰ ਆਇਆ ਤਾਂ ਭਗਵਾਨ ਬਾਲਮੁਕੁੰਦ ਨੇ ਆਪਣਾ ਰਹੱਸ ਦੱਸਦੇ ਹੋਏ ਕਿਹਾ ਕਿ ਕਲਪ ਦੇ ਅੰਤ 'ਚ ਜਦੋਂ ਬ੍ਰਹਮਾ ਪ੍ਰਲਯਕਾਲ 'ਚ ਨੀਂਦ 'ਚ ਚਲੇ ਜਾਂਦੇ ਹਨ, ਉਦੋਂ ਮੈਂ ਸ੍ਰਿਸ਼ਟੀ ਦਾ ਨਿਰੀਖਣ ਕਰਦਾ ਹਾਂ। ਉਨ੍ਹਾਂ ਆਪਣੇ ਸਰੂਪ ਦਾ ਗਿਆਨ ਦਿੰਦੇ ਹੋਏ ਕਿਹਾ ਕਿ ਸਾਰਾ ਬ੍ਰਹਿਮੰਡ ਮੇਰੇ 'ਚ ਹੀ ਲੀਨ ਹੈ। ਮਾਰਕੰਡੇਯ ਰਿਸ਼ੀ ਕਹਿਣ ਲੱਗੇ, ''ਹੇ ਕੁੰਤੀਨੰਦਨ! ਭਗਵਾਨ ਸ਼੍ਰੀ ਕ੍ਰਿਸ਼ਨ ਸਰਵਵਿਆਪੀ, ਸਚਿਦਾਨੰਦ, ਪੁਰਾਣ ਪੁਰਸ਼ ਸ਼੍ਰੀ ਹਰੀ ਹਨ। ਭਗਵਾਨ ਗੋਵਿੰਦ ਹੀ ਇਸ ਸ੍ਰਿਸ਼ਟੀ ਦੇ ਪਾਲਣ ਅਤੇ ਵਿਨਾਸ਼ ਕਰਨ ਵਾਲੇ ਸਨਾਤਨ ਪ੍ਰਭੂ ਹਨ। ਇਨ੍ਹਾਂ ਦੇ ਵਰਦਾਨ ਸਰੂਪ ਹੀ ਮੈਨੂੰ ਆਪਣੇ ਪਹਿਲੇ ਜਨਮ ਯਾਦ ਰਹਿੰਦੇ ਹਨ। ਅਸਲ 'ਚ ਬਾਲ ਰੂਪ ਭਗਵਾਨ ਹੀ ਉਨ੍ਹਾਂ ਦਾ ਬ੍ਰਹਮ ਸਰੂਪ ਹੈ।
ਸਾਰਿਆਂ ਦੇ ਆਤਮਰੂਪ, ਅਵਿਨਾਸ਼ੀ, ਸਚਿਦਾਨੰਦ, ਪਰਮਬ੍ਰਹਮ, ਪ੍ਰਮਾਤਮਾ ਭਗਵਾਨ ਸ਼੍ਰੀ ਹਰੀ ਗੋਵਿੰਦ ਜੀ ਦੀ ਮਹਿਮਾ ਤਾਂ ਵੇਦ ਵੀ ਨਹੀਂ ਜਾਣ ਸਕੇ। ਭਗਵਾਨ ਦੇ ਅਨੰਤ ਪ੍ਰਭਾਵ ਦੀ ਮਹਿਮਾ ਨੂੰ ਤਾਂ ਸਿਰਫ ਉਹ ਭਗਤ ਹੀ ਜਾਣਦੇ ਹਨ, ਜਿਨ੍ਹਾਂ 'ਤੇ ਭਗਵਾਨ ਖੁਦ ਕਿਰਪਾ ਕਰਦੇ ਹੋਏ ਉਨ੍ਹਾਂ ਦੇ ਹਿਰਦੇ 'ਚ ਸਥਿਤ ਹੋ ਕੇ ਉਨ੍ਹਾਂ ਦੇ ਅਗਿਆਨ ਤੋਂ ਪੈਦਾ ਹੋਏ ਹਨੇਰੇ ਨੂੰ ਪ੍ਰਕਾਸ਼ਮਈ ਤੱਤਗਿਆਨ ਰੂਪੀ ਦੀਪਕ ਰਾਹੀਂ ਨਸ਼ਟ ਕਰ ਦਿੰਦੇ ਹਨ। ਜਦੋਂ-ਜਦੋਂ ਭਗਵਾਨ ਦੇ ਭਗਤ ਮੁਸੀਬਤ 'ਚ ਹੁੰਦੇ ਹਨ, ਦੁਸ਼ਟ ਪ੍ਰਾਣੀਆਂ ਤੋਂ ਜਦੋਂ ਇਹ ਸੰਸਾਰ ਤ੍ਰਾਹਿ-ਤ੍ਰਾਹਿ ਕਰਦਾ ਹੈ, ਉਦੋਂ ਸ਼੍ਰੀ ਹਰੀਭਗਵਾਨ ਆਪਣੇ ਭਗਤਾਂ ਦੀ ਰੱਖਿਆ ਲਈ ਅਵਤਾਰ ਧਾਰਨ ਕਰਦੇ ਹਨ ਤੇ ਆਪਣੇ ਭਗਤਾਂ ਦਾ ਕਲਿਆਣ ਕਰ ਕੇ ਉਨ੍ਹਾਂ ਨੂੰ ਆਪਣਾ ਨਿਜ ਧਾਮ ਪ੍ਰਦਾਨ ਕਰਦੇ ਹਨ, ਜਿਥੇ ਸੂਰਜ ਅਤੇ ਚੰਦਰਮਾ ਦਾ ਪ੍ਰਕਾਸ਼ ਨਹੀਂ ਪਹੁੰਚਦਾ, ਜਿਸ ਨੂੰ ਅਗਨੀ ਰੌਸ਼ਨ ਨਹੀਂ ਕਰ ਸਕਦੀ। ਉਹ ਭਗਵਾਨ ਦਾ ਪਰਮਧਾਮ ਹੈ। ਭਗਵਾਨ ਦੇ ਜਨਮ ਤੇ ਕਰਮ ਦਿੱਵਯ ਹਨ। ਇਸ ਤਰ੍ਹਾਂ ਜੋ ਮਨੁੱਖ ਤੱਤ ਤੋਂ ਜਾਣ ਲੈਂਦਾ ਹੈ, ਉਸ ਦਾ ਦੁਬਾਰਾ ਜਨਮ ਨਹੀਂ ਹੁੰਦਾ। ਉਹ ਭਗਵਾਨ ਨੂੰ ਪ੍ਰਾਪਤ ਕਰ ਕੇ ਪਰਮਪਦ ਨੂੰ ਹਾਸਲ ਕਰ ਲੈਂਦਾ ਹੈ।''
ਭਗਵਾਨ ਸ਼੍ਰੀ ਕ੍ਰਿਸ਼ਨ ਜੀ ਦੀਆਂ ਬਾਲ ਲੀਲਾਵਾਂ ਬਹੁਤ ਮਨਮੋਹਕ ਹਨ। ਜੋ ਇਨਸਾਨ ਸ਼ਰਧਾਪੂਰਵਕ ਉਨ੍ਹਾਂ ਨੂੰ ਪੜ੍ਹਦਾ ਤੇ ਯਾਦ ਕਰਦਾ ਹੈ, ਉਸ ਦੀ ਬੁੱਧੀ ਸ਼ੁੱਧ ਤੇ ਨਿਰਮਲ ਹੋ ਜਾਂਦੀ ਹੈ। ਉਹ ਪਾਪ ਮੁਕਤ ਹੋ ਕੇ ਭਗਵਾਨ ਸ਼੍ਰੀ ਹਰੀ ਜੀ ਦੀ ਕਿਰਪਾ ਨੂੰ ਪ੍ਰਾਪਤ ਕਰ ਕੇ ਉਨ੍ਹਾਂ ਦਾ ਸਨੇਹ ਹਾਸਲ ਕਰ ਲੈਂਦਾ ਹੈ।
—ਰਵੀ ਸ਼ੰਕਰ ਸ਼ਰਮਾ, ਜਲੰਧਰ