ਸਰਲ ਮਨ ਤੋਂ ਪ੍ਰਸੰਨ ਹੁੰਦਾ ਹੈ ਰੱਬ

5/30/2017 10:19:54 AM

ਕਿਸੇ ਦੇਵੀ-ਦੇਵਤਾ ਨੂੰ ਪ੍ਰਸੰਨ ਕਰਨ ਲਈ ਭਾਰੀ ਦਾਨ ਦੇਣ ਅਤੇ ਮਹਿੰਗੀ ਪੂਜਾ ਕਰਨ ਦੀ ਲੋੜ ਨਹੀਂ ਹੁੰਦੀ। ਸਿਰਫ ਮਨ ਨੂੰ ਇਸ ਦੇਵਤਾ ਵਾਂਗ ਸਰਲ ਬਣਾਉਣ ਦੀ ਲੋੜ ਹੁੰਦੀ ਹੈ। ਅਸੀਂ ਕਿਸੇ ਮਾਤ੍ਰ-ਸ਼ਕਤੀ ਦੀ ਪੂਜਾ ਕਰ ਕੇ ਉਸ ਨੂੰ ਪ੍ਰਸੰਨ ਕਰਨਾ ਚਾਹੁੰਦੇ ਹਾਂ ਤਾਂ ਸਾਨੂੰ ਸਭ ਤੋਂ ਪਹਿਲਾਂ ਆਪਣੀ ਜਨਮ ਦੇਣ ਵਾਲੀ ਮਾਂ ਨੂੰ ਪ੍ਰਸੰਨ ਕਰਨਾ ਚਾਹੀਦਾ ਹੈ। ਉਂਝ ਵੀ ਮਾਂ ਦਾ ਦਰਜਾ ਬਹੁਤ ਉੱਚਾ ਹੁੰਦਾ ਹੈ।
ਧਰਮ ਗ੍ਰੰਥਾਂ ਵਿਚ ਕਿਹਾ ਗਿਆ ਹੈ ਕਿ ਜਨਮ-ਭੂਮੀ ਤੇ ਜਨਮ ਦੇਣ ਵਾਲੀ ਮਾਂ ਸਵਰਗ ਤੋਂ ਵੀ ਜ਼ਿਆਦਾ ਸ੍ਰੇਸ਼ਠ ਹੈ। ਤੱਕੜੀ ਦੇ ਇਕ ਪੱਲੜੇ ''ਤੇ ਸਵਰਗ ਦਾ ਸੁੱਖ ਅਤੇ ਇਕ ਪੱਲੜੇ ''ਤੇ ਮਾਂ ਨੂੰ ਬਿਠਾਇਆ ਜਾਵੇ ਤਾਂ ਮਾਂ ਵਾਲਾ ਪੱਲੜਾ ਭਾਰਾ ਰਹੇਗਾ। ਜੇ ਕੋਈ ਮਾਂ ਨੂੰ ਛੋਟੀਆਂ-ਛੋਟੀਆਂ ਗੱਲਾਂ ''ਤੇ ਬੇਇੱਜ਼ਤ ਕਰ ਕੇ ਦੇਵੀਧਾਮ ਦਾ ਚੱਕਰ ਲਾਏ ਤਾਂ ਇਹ ਕਿਸੇ ਵੀ ਨਜ਼ਰੀਏ ਤੋਂ ਨੈਤਿਕ ਨਹੀਂ। ਅਕਸਰ ਆਪਣੇ ਸਕੇ-ਸੰਬੰਧੀਆਂ ਦਾ ਹੱਕ ਖੋਹ ਕੇ, ਨਾਜਾਇਜ਼ ਢੰਗ ਨਾਲ ਦੂਜੇ ਦਾ ਹਿੱਸਾ ਲੈ ਕੇ ਜੇ ਕੋਈ ਹਵਨ-ਯੱਗ ਕਰੇਗਾ ਤਾਂ ਉਸ ਦਾ ਫਾਇਦਾ ਯਕੀਨੀ ਤੌਰ ''ਤੇ ਉਸ ਨੂੰ ਹੀ ਮਿਲੇਗਾ, ਜਿਸ ਦਾ ਹਿੱਸਾ ਲਿਆ ਗਿਆ ਹੈ।
ਅਕਸਰ ਲੋਕਾਂ ਤੋਂ ਸੁਣਦੇ ਹਾਂ ਕਿ ਬਹੁਤ ਤੀਰਥ ਯਾਤਰਾਵਾਂ ਕੀਤੀਆਂ, ਹਵਨ-ਯੱਗ ਕੀਤੇ ਪਰ ਕੋਈ ਫਾਇਦਾ ਨਹੀਂ ਹੋਇਆ। ਫਾਇਦਾ ਤਾਂ ਮਿਲਿਆ ਕਿਉਂਕਿ ਕਿਸੇ ਵੀ ਨਿਵੇਸ਼ ਦਾ ਰਿਟਰਨ ਤਾਂ ਮਿਲਦਾ ਹੀ ਹੈ। ਹਾਂ, ਫਾਇਦਾ ਉਸ ਨੂੰ ਮਿਲਿਆ, ਜਿਸ ਦੇ ਹਿੱਸੇ ਦੇ ਪੈਸੇ ਨਾਲ ਪੂਜਾ ਕੀਤੀ ਗਈ। ਰੱਬ ਨੂੰ ਪ੍ਰਸੰਨ ਕਰਨਾ ਹੈ ਤਾਂ ਸਿਰਫ ਚੰਗੇ ਵਤੀਰੇ ਨਾਲ, ਨਾ ਕਿ ਲਾਲਚ ਦੇ ਕੇ। ਭਗਵਾਨ ਸ਼ੰਕਰ ਨੂੰ ਤਾਂ ਇਕ ਲੋਟਾ ਜਲ ਨਾਲ ਪ੍ਰਸੰਨ ਕੀਤਾ ਜਾ ਸਕਦਾ ਹੈ। ਕੋਈ ਚਲਾਕੀ ਦਿਖਾਵੇ ਅਤੇ ਲੋਕਾਂ ਤੋਂ ਚਾਹੇ ਕਿ ਉਹ ਉਸ ਪ੍ਰਤੀ ਚੰਗੇ ਰਹਿਣ ਤਾਂ ਇਹ ਸੰਭਵ ਨਹੀਂ।
ਹਵਨ-ਯੱਗ ਅਤੇ ਦਾਨ ਬਦਲੇ ਜੇ ਪਿਆਰ, ਸਹਿਯੋਗ, ਸਦਭਾਵਨਾ ਤੇ ਤਰਸ ਰੂਪੀ ਦਾਨ ਪਰਿਵਾਰ, ਸਮਾਜ ਵਿਚ ਕੀਤਾ ਜਾਵੇ ਤਾਂ ਇਹ ਜ਼ਿਆਦਾ ਅਸਰਦਾਰ ਹੋਵੇਗਾ। ਪੂਜਾ-ਪਾਠ ਤਾਂ ਚੰਗੇ ਸੰਸਕਾਰਾਂ ਪ੍ਰਤੀ ਲਗਾਅ ਲਈ ਕੀਤਾ ਜਾਣਾ ਚਾਹੀਦਾ ਹੈ, ਨਾ ਕਿ ਨੌਕਰੀ, ਜ਼ਮੀਨ-ਜਾਇਦਾਦ, ਮੁਕੱਦਮੇ ਆਦਿ ਵਿਚ ਜਿੱਤ ਲਈ। ਰਾਹ ਵਿਚ ਜਾਂਦੇ ਕੋਈ ਵਿਅਕਤੀ ਜ਼ਖਮੀ ਨਜ਼ਰ ਆਏ ਅਤੇ ਅਸੀਂ ਉਸ ਨੂੰ ਬੇਧਿਆਨ ਕਰ ਕੇ ਮੰਦਰ ਜਾਈਏ ਤਾਂ ਕੋਈ ਫਾਇਦਾ ਨਹੀਂ ਮਿਲੇਗਾ।
ਹੋ ਸਕਦਾ ਹੈ ਕਿ ਰੱਬ ਪ੍ਰੀਖਿਆ ਲੈ ਰਿਹਾ ਹੋਵੇ ਕਿ ਸਾਡੇ ਵਿਚ ਤਰਸ ਦੀ ਭਾਵਨਾ ਹੈ ਜਾਂ ਨਹੀਂ। ਇਸ ਲਈ ਆਪਣੇ ਕੰੰਮਾਂ, ਵਿਚਾਰਾਂ, ਚਾਲ-ਚਲਨ ਨਾਲ ਰੱਬ ਦੀ ਕ੍ਰਿਪਾ ਜਲਦੀ ਹਾਸਿਲ ਕੀਤੀ ਜਾ ਸਕਦੀ ਹੈ, ਨਾ ਕਿ ਪਖੰਡ ਕਰਨ ਨਾਲ। ਵਿਦਵਾਨਾਂ ਦੀ ਨਜ਼ਰ ਵਿਚ ਪਖੰਡ, ਦਿਖਾਵਾ ਆਦਿ ਨਾਂਹ-ਪੱਖੀ ਮਾਰਗ ਹਨ।